ਗਉੜੀ ਮਹਲਾ ੧ ॥
Gauree, First Mehl:
ਬ੍ਰਹਮੈ ਗਰਬੁ ਕੀਆ ਨਹੀ ਜਾਨਿਆ ॥
ਬ੍ਰਹਮਾ ਨੇ ਅਹੰਕਾਰ ਕੀਤਾ (ਕਿ ਮੈਂ ਇਤਨਾ ਵੱਡਾ ਹਾਂ, ਮੈਂ ਕਵਲ ਦੀ ਨਾਭੀ ਵਿਚੋਂ ਕਿਵੇਂ ਜੰਮ ਸਕਦਾ ਹਾਂ?) ਉਸ ਨੇ ਪਰਮਾਤਮਾ ਦੀ ਬੇਅੰਤਤਾ ਨੂੰ ਨਹੀਂ ਸਮਝਿਆ ।
Brahma acted in pride, and did not understand.
ਬੇਦ ਕੀ ਬਿਪਤਿ ਪੜੀ ਪਛੁਤਾਨਿਆ ॥
(ਜਦੋਂ ਉਸ ਦਾ ਮਾਣ ਤੋੜਨ ਵਾਸਤੇ ਉਸ ਦੇ) ਵੇਦਾਂ ਦੇ ਚੁਰਾਏ ਜਾਣ ਦੀ ਬਿਪਤਾ ਉਸ ਉਤੇ ਆ ਪਈ ਤਾਂ ਉਹ ਪਛਤਾਇਆ (ਕਿ ਮੈਂ ਆਪਣੇ ਆਪ ਨੂੰ ਵਿਅਰਥ ਹੀ ਇਤਨਾ ਵੱਡਾ ਸਮਝਿਆ) ।
Only when he was faced with the downfall of the Vedas did he repent.
ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ ॥੧॥
ਜਦੋਂ (ਉਸ ਬਿਪਤਾ ਵੇਲੇ) ਉਸ ਨੇ ਪਰਮਾਤਮਾ ਨੂੰ ਸਿਮਰਿਆ (ਤੇ ਪਰਮਾਤਮਾ ਨੇ ਉਸ ਦੀ ਸਹਾਇਤਾ ਕੀਤੀ) ਤਦੋਂ ਉਸ ਨੂੰ ਯਕੀਨ ਆਇਆ (ਕਿ ਪਰਮਾਤਮਾ ਹੀ ਸਭ ਤੋਂ ਵੱਡਾ ਹੈ) ।੧।
Remembering God in meditation, the mind is conciliated. ||1||
ਐਸਾ ਗਰਬੁ ਬੁਰਾ ਸੰਸਾਰੈ ॥
ਜਗਤ ਵਿਚ ਅਹੰਕਾਰ ਇਕ ਐਸਾ ਵਿਕਾਰ ਹੈ, ਜੋ ਬਹੁਤ ਭੈੜਾ ਹੈ, (ਵੱਡੇ ਵੱਡੇ ਅਖਵਾਣ ਵਾਲੇ ਭੀ ਜਦੋਂ ਅਹੰਕਾਰ ਦੇ ਢਹੇ ਚੜ੍ਹੇ ਤਾਂ ਬਹੁਤ ਖ਼ੁਆਰ ਹੋਏ) ।
Such is the horrible pride of the world.
ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ ॥੧॥ ਰਹਾਉ ॥
ਜਿਸ (ਭਾਗਾਂ ਵਾਲੇ ਮਨੁੱਖ) ਨੂੰ ਗੁਰੂ ਮਿਲ ਪੈਂਦਾ ਹੈ (ਗੁਰੂ) ਉਸ ਦਾ ਅਹੰਕਾਰ ਦੂਰ ਕਰ ਦੇਂਦਾ ਹੈ ।੧।ਰਹਾਉ।
The Guru eliminates the pride of those who meet Him. ||1||Pause||
ਬਲਿ ਰਾਜਾ ਮਾਇਆ ਅਹੰਕਾਰੀ ॥
ਰਾਜੇ ਬਲਿ ਨੂੰ ਮਾਇਆ ਦਾ ਮਾਣ ਹੋ ਗਿਆ । ਉਸ ਨੇ ਬੜੇ ਜੱਗ ਕੀਤੇ ।
Bal the King, in Maya and egotism,
ਜਗਨ ਕਰੈ ਬਹੁ ਭਾਰ ਅਫਾਰੀ ॥
(ਇੰਦਰ ਦਾ ਸਿੰਘਾਸਨ ਖੋਹਣ ਲਈ ਉਸ ਨੇ ਇਕੋਤ੍ਰ-ਸੌ ਜੱਗ ਕੀਤੇ । ਜੇ ਅਖ਼ੀਰਲਾ ਜੱਗ ਨਿਰਵਿਘਨ ਸਿਰੇ ਚੜ੍ਹ ਜਾਂਦਾ, ਤਾਂ ਇੰਦਰ ਦਾ ਰਾਜ ਖੋਹ ਲੈਂਦਾ । ਇੰਦਰ ਨੇ ਵਿਸ਼ਨੂੰ ਦੀ ਸਹਾਇਤਾ ਮੰਗੀ । ਵਿਸ਼ਨੂੰ ਬ੍ਰਾਹਮਣ ਦਾ ਰੂਪ ਧਾਰ ਕੇ ਦਾਨ ਮੰਗਣ ਆ ਗਿਆ । ਬਲਿ ਦੇ ਗੁਰੂ ਸ਼ੁੱਕਰ ਨੇ ਬਲਿ ਨੂੰ ਸਮਝਾਇਆ ਕਿ ਇਹ ਛਲ ਹੈ, ਇਸ ਵਿਚ ਨਾਹ ਫਸੀਂ,
held his ceremonial feasts, but he was puffed up with pride.
ਬਿਨੁ ਗੁਰ ਪੂਛੇ ਜਾਇ ਪਇਆਰੀ ॥੨॥
ਪਰ (ਮਾਇਆ ਦੇ ਮਾਣ ਵਿਚ) ਆਪਣੇ ਗੁਰੂ ਦੀ ਸਲਾਹ ਲੈਣ ਤੋਂ ਬਿਨਾ (ਉਸ ਨੇ ਬ੍ਰਾਹਮਣ ਰੂਪ-ਧਾਰੀ ਵਿਸ਼ਨੂੰ ਨੂੰ ਦਾਨ ਦੇਣਾ ਮੰਨ ਲਿਆ ਤੇ) ਪਾਤਾਲ ਵਿਚ ਚਲਾ ਗਿਆ ।੨।
Without the Guru's advice, he had to go to the underworld. ||2||
ਹਰੀਚੰਦੁ ਦਾਨੁ ਕਰੈ ਜਸੁ ਲੇਵੈ ॥
(ਰਾਜਾ) ਹਰੀਚੰਦ (ਭੀ) ਦਾਨ ਕਰਦਾ ਸੀ, (ਦਾਨ ਦੀ ਸੋਭਾ ਵਿਚ ਹੀ ਮਸਤ ਰਿਹਾ) ।
Hari Chand gave in charity, and earned public praise.
ਬਿਨੁ ਗੁਰ ਅੰਤੁ ਨ ਪਾਇ ਅਭੇਵੈ ॥
ਗੁਰੂ ਤੋਂ ਬਿਨਾ ਉਹ ਭੀ ਇਹ ਨਾਹ ਸਮਝ ਸਕਿਆ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ,
But without the Guru, he did not find the limits of the Mysterious Lord.
ਆਪਿ ਭੁਲਾਇ ਆਪੇ ਮਤਿ ਦੇਵੈ ॥੩॥
ਉਸ ਦਾ ਭੇਤ ਨਹੀਂ ਪਾਇਆ ਜਾ ਸਕਦਾ (ਉਸ ਦੀ ਸ੍ਰਿਸ਼ਟੀ ਵਿਚ ਬੇਅੰਤ ਦਾਨੀ ਹਨ), (ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਅਕਲ ਦੇਂਦਾ ਹੈ ।੩।
The Lord Himself misleads people, and He Himself imparts understanding. ||3||
ਦੁਰਮਤਿ ਹਰਣਾਖਸੁ ਦੁਰਾਚਾਰੀ ॥
ਭੈੜੀ ਮਤਿ ਦੇ ਕਾਰਨ ਹਰਣਾਖਸ ਦੁਰਾਚਾਰੀ ਹੋ ਗਿਆ (ਅੱਤਿਆਚਾਰ ਕਰਨ ਲੱਗ ਪਿਆ) ।
The evil-minded Harnaakhash committed evil deeds.
ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ ॥
ਪਰ ਨਾਰਾਇਣ ਪ੍ਰਭੂ ਆਪ ਹੀ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈ ।
God, the Lord of all, is the Destroyer of pride.
ਪ੍ਰਹਲਾਦ ਉਧਾਰੇ ਕਿਰਪਾ ਧਾਰੀ ॥੪॥
ਉਸ ਨੇ ਮਿਹਰ ਕੀਤੀ ਤੇ ਪ੍ਰਹਿਲਾਦ ਦੀ ਰੱਖਿਆ ਕੀਤੀ (ਹਰਣਾਖਸ ਦਾ ਮਾਣ ਤੋੜਿਆ) ।੪।
He bestowed His Mercy, and saved Prahlaad. ||4||
ਭੂਲੋ ਰਾਵਣੁ ਮੁਗਧੁ ਅਚੇਤਿ ॥
ਮੂਰਖ ਰਾਵਣ ਬੇ-ਸਮਝੀ ਵਿਚ ਕੁਰਾਹੇ ਪੈ ਗਿਆ ।
Raawan was deluded, foolish and unwise.
ਲੂਟੀ ਲੰਕਾ ਸੀਸ ਸਮੇਤਿ ॥
(ਸਿੱਟਾ ਇਹ ਨਿਕਲਿਆ ਕਿ) ਉਸ ਦੀ ਲੰਕਾ ਲੱੁਟੀ ਗਈ, ਤੇ ਉਸ ਦਾ ਸਿਰ ਭੀ ਕੱਟਿਆ ਗਿਆ ।
Sri Lanka was plundered, and he lost his head.
ਗਰਬਿ ਗਇਆ ਬਿਨੁ ਸਤਿਗੁਰ ਹੇਤਿ ॥੫॥
ਅਹੰਕਾਰ ਦੇ ਕਾਰਨ, ਗੁਰੂ ਦੀ ਸਰਨ ਪੈਣ ਤੋਂ ਬਿਨਾ ਅਹੰਕਾਰ ਦੇ ਮਦ ਵਿਚ ਹੀ ਰਾਵਣ ਤਬਾਹ ਹੋਇਆ ।੫।
He indulged in ego, and lacked the love of the True Guru. ||5||
ਸਹਸਬਾਹੁ ਮਧੁ ਕੀਟ ਮਹਿਖਾਸਾ ॥
ਸਹਸਬਾਹੂ (ਨੂੰ ਪਰਸ ਰਾਮ ਨੇ ਮਾਰਿਆ,) ਮਧੁ ਤੇ ਕੈਟਭ (ਨੂੰ ਵਿਸ਼ਨੂੰ ਨੇ ਮਾਰ ਦਿੱਤਾ,)
The Lord killed the thousand-armed Arjun, and the demons Madhu-keetab and Meh-khaasaa.
ਹਰਣਾਖਸੁ ਲੇ ਨਖਹੁ ਬਿਧਾਸਾ ॥
ਮਹਿਖਾਸੁਰ (ਦੁਰਗਾ ਦੇ ਹੱਥੋਂ ਮਰਿਆ) ਹਰਣਾਖਸ ਨੂੰ (ਨਰ ਸਿੰਘ ਨੇ) ਨਹੰੁਆਂ ਨਾਲ ਮਾਰ ਦਿੱਤਾ ।
He seized Harnaakhash and tore him apart with his nails.
ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ ॥੬॥
ਇਹ ਸਾਰੇ ਦੈਂਤ ਪ੍ਰਭੂ ਦੀ ਭਗਤੀ ਦੇ ਅੱਭਿਆਸ ਤੋਂ ਵਾਂਜੇ ਰਹਿਣ ਕਰਕੇ (ਆਪਣੀ ਮੂਰਖਤਾ ਦੀ ਸਜ਼ਾ ਭੁਗਤਦੇ) ਮਾਰੇ ਗਏ ।੬।
The demons were slain; they did not practice devotional worship. ||6||
ਜਰਾਸੰਧਿ ਕਾਲਜਮੁਨ ਸੰਘਾਰੇ ॥
ਜਰਾਸੰਧਿ ਤੇ ਕਾਲਜਮੁਨ (ਕ੍ਰਿਸ਼ਨ ਜੀ ਦੇ ਹੱਥੋਂ) ਮਾਰੇ ਗਏ ।
The demons Jaraa-sandh and Kaal-jamun were destroyed.
ਰਕਤਬੀਜੁ ਕਾਲੁਨੇਮੁ ਬਿਦਾਰੇ ॥
ਰਕਤ ਬੀਜ (ਦੁਰਗਾ ਦੇ ਹੱਥੋਂ) ਮਾਰਿਆ, ਕਾਲਨੇਮ (ਵਿਸ਼ਨੂੰ ਦੇ ਤ੍ਰਿਸ਼ੂਲ ਨਾਲ) ਚੀਰਿਆ ਗਿਆ (ਇਹਨਾਂ ਅਹੰਕਾਰੀਆਂ ਨੂੰ ਇਹਨਾਂ ਦੇ ਅਹੰਕਾਰ ਨੇ ਹੀ ਲਿਆ)
Rakat-beej and Kaal-naym were annihilated.
ਦੈਤ ਸੰਘਾਰਿ ਸੰਤ ਨਿਸਤਾਰੇ ॥੭॥
ਪਰਮਾਤਮਾ ਨੇ ਦੈਂਤ ਮਾਰ ਕੇ ਸੰਤਾਂ ਦੀ ਰੱਖਿਆ ਕੀਤੀ ।੭।
Slaying the demons, the Lord saved His Saints. ||7||
ਆਪੇ ਸਤਿਗੁਰੁ ਸਬਦੁ ਬੀਚਾਰੇ ॥
(ਇਸ ਸਾਰੀ ਖੇਡ ਦਾ ਮਾਲਕ ਪਰਮਾਤਮਾ) ਆਪ ਹੀ ਗੁਰੂ-ਰੂਪ ਹੋ ਕੇ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ
He Himself, as the True Guru, contemplates the Shabad.
ਦੂਜੈ ਭਾਇ ਦੈਤ ਸੰਘਾਰੇ ॥
ਆਪ ਹੀ ਦੈਂਤਾਂ ਨੂੰ ਮਾਇਆ ਦੇ ਮੋਹ ਵਿਚ ਫਸਾ ਕੇ ਮਾਰਦਾ ਹੈ,
Because of the love of duality, God killed the demons.
ਗੁਰਮੁਖਿ ਸਾਚਿ ਭਗਤਿ ਨਿਸਤਾਰੇ ॥੮॥
ਆਪ ਹੀ ਗੁਰੂ ਦੀ ਸਰਨ ਪਏ ਬੰਦਿਆਂ ਨੂੰ ਆਪਣੇ ਸਿਮਰਨ ਵਿਚ ਆਪਣੀ ਭਗਤੀ ਵਿੱਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ।੮।
By their true devotion, the Gurmukhs have been saved. ||8||
ਬੂਡਾ ਦੁਰਜੋਧਨੁ ਪਤਿ ਖੋਈ ॥
ਦੁਰਜੋਧਨ (ਅਹੰਕਾਰ ਵਿਚ) ਡੁੱਬਿਆ, ਤੇ ਆਪਣੀ ਇੱਜ਼ਤ ਗਵਾ ਬੈਠਾ ।
Sinking down, Durodhan lost his honor.
ਰਾਮੁ ਨ ਜਾਨਿਆ ਕਰਤਾ ਸੋਈ ॥
(ਅਹੰਕਾਰ ਵਿਚ ਆ ਕੇ) ਉਸ ਨੇ ਪਰਮਾਤਮਾ ਨੂੰ ਕਰਤਾਰ ਨੂੰ ਚੇਤੇ ਨਾਹ ਰੱਖਿਆ (ਇਥੋਂ ਤਕ ਨਿੱਘਰਿਆ ਕਿ ਅਨਾਥ ਦੋ੍ਰਪਤੀ ਦੀ ਬੇ-ਪਤੀ ਕਰਨ ਉਤਰ ਆਇਆ) ।
He did not know the Creator Lord.
ਜਨ ਕਉ ਦੂਖਿ ਪਚੈ ਦੁਖੁ ਹੋਈ ॥੯॥
ਪਰ ਜੇਹੜਾ ਪਰਮਾਤਮਾ ਦੇ ਦਾਸ ਨੂੰ (ਦੁੱਖ ਦੇਂਦਾ ਹੈ ਉਹ ਉਸ) ਦੁੱਖ ਦੇ ਕਾਰਨ ਆਪ ਹੀ ਖ਼ੁਆਰ ਹੁੰਦਾ ਹੈ, ਉਸ ਨੂੰ ਆਪ ਨੂੰ ਹੀ ਉਹ ਦੁੱਖ (ਮਾਰੂ ਹੋ ਢੁਕਦਾ) ਹੈ ।੯।
One who makes the Lord's humble servant suffer, shall himself suffer and rot. ||9||
ਜਨਮੇਜੈ ਗੁਰ ਸਬਦੁ ਨ ਜਾਨਿਆ ॥
ਰਾਜਾ ਜਨਮੇਜੈ ਨੇ ਆਪਣੇ ਗੁਰੂ ਦੀ ਸਿੱਖਿਆ ਨੂੰ ਨਾ ਸਮਝਿਆ (ਆਪਣੇ ਧਨ ਤੇ ਅਕਲ ਦਾ ਮਾਣ ਕੀਤਾ ।
Janameja did not know the Word of the Guru's Shabad.
ਕਿਉ ਸੁਖੁ ਪਾਵੈ ਭਰਮਿ ਭੁਲਾਨਿਆ ॥
ਅਹੰਕਾਰ ਕੇ ਕਾਰਨ) ਭੁਲੇਖੇ ਵਿਚ ਪੈ ਕੇ ਕੁਰਾਹੇ ਪੈ ਗਿਆ, ਫਿਰ ਸੁਖ ਕਿਥੋਂ ਮਿਲੇ ਸੁ?
Deluded by doubt, how could he find peace?
ਇਕੁ ਤਿਲੁ ਭੂਲੇ ਬਹੁਰਿ ਪਛੁਤਾਨਿਆ ॥੧੦॥
(ਗੁਰੂ ਨੇ ਸਮਝਾ ਕੇ ਕੋੜ੍ਹ ਦੀ ਭਾਰੀ ਬਿਪਤਾ ਤੋਂ ਬਚਾਣ ਦਾ ਉੱਦਮ ਕੀਤਾ, ਪਰ ਫਿਰ ਭੀ) ਥੋੜਾ ਜਿਤਨਾ ਖੁੰਝ ਗਿਆ, ਤੇ ਮੁੜ ਪਛੁਤਾਇਆ (ਅਹੰਕਾਰ ਬੜੇ ਬੜੇ ਸਿਆਣਿਆਂ ਦੀ ਅਕਲ ਨੂੰ ਚੱਕਰ ਵਿੱਚ ਪਾ ਦੇਂਦਾ ਹੈ) ।੧੦।
Making a mistake, for even an instant, you shall regret and repent later on. ||10||
ਕੰਸੁ ਕੇਸੁ ਚਾਂਡੂਰੁ ਨ ਕੋਈ ॥
ਕੰਸ, ਕੇਸੀ, ਤੇ ਚਾਂਡੂਰ (ਬੜੇ ਬੜੇ ਸੂਰਮੇ ਸਨ, ਸੂਰਮਤਾ ਵਿਚ ਇਹਨਾਂ ਦੇ ਬਰਾਬਰ ਦਾ) ਕੋਈ ਨਹੀਂ ਸੀ ।
Kansa the King and his warriors Kays and Chandoor had no equals.
ਰਾਮੁ ਨ ਚੀਨਿਆ ਅਪਨੀ ਪਤਿ ਖੋਈ ॥
(ਪਰ ਆਪਣੀ ਤਾਕਤ ਦੇ ਅਹੰਕਾਰ ਵਿਚ) ਇਹਨਾਂ ਪਰਮਾਤਮਾ ਦੀ ਲੀਲਾ ਨੂੰ ਨਾਹ ਸਮਝਿਆ ਤੇ ਆਪਣੀ ਇੱਜ਼ਤ ਗਵਾ ਲਈ ।
But they did not remember the Lord, and they lost their honor.
ਬਿਨੁ ਜਗਦੀਸ ਨ ਰਾਖੈ ਕੋਈ ॥੧੧॥
(ਆਪਣੀ ਤਾਕਤ ਦਾ ਮਾਣ ਕੂੜਾ ਹੈ । ਇਹ ਤਾਕਤ ਕੋਈ ਮਦਦ ਨਹੀਂ ਕਰਦੀ) ਕਰਤਾਰ ਤੋਂ ਬਿਨਾ ਹੋਰ ਕੋਈ (ਕਿਸੇ ਦੀ) ਰੱਖਿਆ ਨਹੀਂ ਕਰ ਸਕਦਾ ।੧੧।
Without the Lord of the Universe, no one can be saved. ||11||
ਬਿਨੁ ਗੁਰ ਗਰਬੁ ਨ ਮੇਟਿਆ ਜਾਇ ॥
(ਅਹੰਕਾਰ ਬੜਾ ਬਲੀ ਹੈ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਅਹੰਕਾਰ ਨੂੰ (ਅੰਦਰੋਂ) ਮਿਟਾਇਆ ਨਹੀਂ ਜਾ ਸਕਦਾ ।
Without the Guru, pride cannot be eradicated.
ਗੁਰਮਤਿ ਧਰਮੁ ਧੀਰਜੁ ਹਰਿ ਨਾਇ ॥
ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਧਾਰਨ ਕਰਦਾ ਹੈ ਉਹ (ਅਹੰਕਾਰ ਮਿਟਾ ਕੇ) ਧੀਰਜ ਧਾਰਦਾ ਹੈ (ਧੀਰਜ ਬੜਾ ਉੱਚਾ) ਧਰਮ ਹੈ ।
Following the Guru's Teachings, one obtains Dharmic faith, composure and the Lord's Name.
ਨਾਨਕ ਨਾਮੁ ਮਿਲੈ ਗੁਣ ਗਾਇ ॥੧੨॥੯॥
ਹੇ ਨਾਨਕ! ਗੁਰੂ ਦੀ ਸਿੱਖਿਆ ਤੇ ਤੁਰਿਆਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ, ਤੇ ਜੀਵ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ।੧੨।੯।
O Nanak, singing the Glories of God, His Name is received. ||12||9||