ਬਸੰਤੁ ਹਿੰਡੋਲ ਮਹਲਾ ੪ ਘਰੁ ੨
Basant Hindol, Fourth Mehl, Second House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ ॥
ਹੇ ਭਾਈ! ਪਰਮਾਤਮਾ ਦਾ ਨਾਮ ਸੇ੍ਰਸ਼ਟ ਆਤਮਕ ਗੁਣਾਂ ਦਾ ਸੋਹਣਾ ਜਿਹਾ ਖ਼ਜ਼ਾਨਾ ਹੈ, ਇਹ ਖ਼ਜ਼ਾਨਾ ਸਰੀਰ-ਕਿਲ੍ਹੇ ਵਿਚ ਸਰੀਰ-ਮੰਦਰ ਵਿਚ ਗੁਪਤ ਪਿਆ ਰਹਿੰਦਾ ਹੈ ।
The Lord's Name is a jewel, hidden in a chamber of the palace of the body-fortress.
ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ ॥੧॥
ਜਦੋਂ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ (ਉਸ ਖ਼ਜ਼ਾਨੇ ਦੀ) ਭਾਲ ਕੀਤੀ ਜਾ ਸਕਦੀ ਹੈ । (ਗੁਰੂ ਨੂੰ) ਮਿਲ ਕੇ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ।੧।
When one meets the True Guru, then he searches and finds it, and his light merges with the Divine Light. ||1||
ਮਾਧੋ ਸਾਧੂ ਜਨ ਦੇਹੁ ਮਿਲਾਇ ॥
ਹੇ ਮਾਇਆ ਦੇ ਖਸਮ ਪ੍ਰਭੂ! (ਮੈਨੂੰ) ਦਾਸ ਨੂੰ ਗੁਰੂ ਮਿਲਾ ਦੇ । ਗੁਰੂ ਦਾ ਦਰਸਨ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ ।
O Lord, lead me to meet with the Holy Person, the Guru.
ਦੇਖਤ ਦਰਸੁ ਪਾਪ ਸਭਿ ਨਾਸਹਿ ਪਵਿਤ੍ਰ ਪਰਮ ਪਦੁ ਪਾਇ ॥੧॥ ਰਹਾਉ ॥
(ਜਿਹੜਾ ਮਨੁੱਖ ਗੁਰੂ ਦਾ ਦਰਸਨ ਕਰਦਾ ਹੈ, ਉਹ) ਪਵਿੱਤਰ ਅਤੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ।੧।ਰਹਾਉ।
Gazing upon the Blessed Vision of His Darshan, all my sins are erased, and I obtain the supreme, sublime, sanctified status. ||1||Pause||
ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ ਧਨੁ ਹਿਰਿਆ ॥
ਹੇ ਭਾਈ! (ਮਨੁੱਖ ਦੇ ਇਸ ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਮਿਲ ਕੇ ਸੰਨ੍ਹ ਲਾਈ ਰੱਖਦੇ ਹਨ, ਅਤੇ (ਮਨੁੱਖ ਦੇ ਅੰਦਰੋਂ) ਪਰਮਾਤਮਾ ਦਾ ਨਾਮ-ਧਨ ਚੁਰਾ ਲੈਂਦੇ ਹਨ ।
The five thieves join together and plunder the body-village, stealing the wealth of the Lord's Name.
ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ ॥੨॥
ਜਦੋਂ ਕੋਈ ਮਨੁੱਖ ਗੁਰੂ ਦੀ ਮਤਿ ਲੈ ਕੇ ਇਹਨਾਂ ਦਾ ਖੁਰਾ ਨਿਸ਼ਾਨ ਲੱਭਦਾ ਹੈ ਤਦੋਂ (ਇਹ ਚੋਰ) ਫੜੇ ਜਾਂਦੇ ਹਨ, ਅਤੇ ਉਸ ਮਨੁੱਖ ਦਾ ਨਾਮ-ਧਨ ਨਾਮ-ਸਰਮਾਇਆ ਸਾਰੇ ਦਾ ਸਾਰਾ ਬਚ ਜਾਂਦਾ ਹੈ ।੨।
But through the Guru's Teachings, they are traced and caught, and this wealth is recovered intact. ||2||
ਪਾਖੰਡ ਭਰਮ ਉਪਾਵ ਕਰਿ ਥਾਕੇ ਰਿਦ ਅੰਤਰਿ ਮਾਇਆ ਮਾਇਆ ॥
ਹੇ ਭਾਈ! ਧਰਮ ਦੇ ਵਿਖਾਵੇ ਵਾਲੇ ਅਤੇ ਭਰਮਾਂ-ਵਹਿਮਾਂ ਵਾਲੇ ਹੀਲੇ ਕਰ ਕੇ (ਮਨੁੱਖ) ਥੱਕ ਜਾਂਦੇ ਹਨ ਉਹਨਾਂ ਦੇ ਹਿਰਦੇ ਵਿਚ ਸਦਾ ਮਾਇਆ (ਦੀ ਤ੍ਰਿਸ਼ਨਾ ਹੀ ਟਿਕੀ ਰਹਿੰਦੀ ਹੈ) ।
Practicing hypocrisy and superstition, people have grown weary of the effort, but still, deep within their hearts, they yearn for Maya, Maya.
ਸਾਧੂ ਪੁਰਖੁ ਪੁਰਖਪਤਿ ਪਾਇਆ ਅਗਿਆਨ ਅੰਧੇਰੁ ਗਵਾਇਆ ॥੩॥
ਪਰ ਜਿਸ ਮਨੁੱਖ ਨੂੰ ਸੇ੍ਰਸ਼ਟ ਪੁਰਖ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਆਪਣੇ ਅੰਦਰੋਂ ਆਤਮਕ ਜੀਵਨ ਵੱਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ ।੩।
By the Grace of the Holy Person, I have met with the Lord, the Primal Being, and the darkness of ignorance is dispelled. ||3||
ਜਗੰਨਾਥ ਜਗਦੀਸ ਗੁਸਾਈ ਕਰਿ ਕਿਰਪਾ ਸਾਧੁ ਮਿਲਾਵੈ ॥
ਹੇ ਨਾਨਕ! ਜਗਤ ਦਾ ਨਾਥ, ਜਗਤ ਦਾ ਮਾਲਕ, ਜਗਤ ਦਾ ਖਸਮ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ,
The Lord, the Lord of the Earth, the Lord of the Universe, in His Mercy, leads me to meet the Holy Person, the Guru.
ਨਾਨਕ ਸਾਂਤਿ ਹੋਵੈ ਮਨ ਅੰਤਰਿ ਨਿਤ ਹਿਰਦੈ ਹਰਿ ਗੁਣ ਗਾਵੈ ॥੪॥੧॥੩॥
ਉਸ ਮਨੁੱਖ ਦੇ ਮਨ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਹ ਮਨੁੱਖ ਆਪਣੇ ਹਿਰਦੇ ਵਿਚ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ।੪।੧।੩।
O Nanak, peace then comes to abide deep within my mind, and I constantly sing the Glorious Praises of the Lord within my heart. ||4||1||3||