ਭੈਰਉ ਅਸਟਪਦੀਆ ਮਹਲਾ ੧ ਘਰੁ ੨
Bhairao, Ashtapadees, First Mehl, Second House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ ॥
(ਜਿਸ ਮਨੁੱਖ ਉਤੇ ਪ੍ਰਭੂ ਧੁਰੋਂ ਬਖ਼ਸ਼ਸ਼ ਕਰਦਾ ਹੈ ਉਹ) ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਇਹ ਪਛਾਣ ਲੈਂਦਾ ਹੈ ਕਿ ਹਰੇਕ ਜੀਵਾਤਮਾ ਵਿਚ ਪਰਮਾਤਮਾ ਮੌਜੂਦ ਹੈ, ਪਰਮਾਤਮਾ ਵਿਚ ਹੀ ਹਰੇਕ ਜੀਵ (ਜੀਉਂਦਾ) ਹੈ ।
The Lord is in the soul, and the soul is in the Lord. This is realized through the Guru's Teachings.
ਅੰਮ੍ਰਿਤ ਬਾਣੀ ਸਬਦਿ ਪਛਾਣੀ ਦੁਖ ਕਾਟੈ ਹਉ ਮਾਰਾ ॥੧॥
ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਕਦਰ ਸਮਝ ਲੈਂਦਾ ਹੈ, ਉਹ (ਆਪਣੇ ਅੰਦਰੋਂ) ਹਉਮੈ ਨੂੰ ਮੁਕਾ ਲੈਂਦਾ ਹੈ (ਤੇ ਹਉਮੈ ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਕਰ ਲੈਂਦਾ ਹੈ ।੧।
The Ambrosial Word of the Guru's Bani is realized through the Word of the Shabad. Sorrow is dispelled, and egotism is eliminated. ||1||
ਨਾਨਕ ਹਉਮੈ ਰੋਗ ਬੁਰੇ ॥
ਹੇ ਨਾਨਕ! ਹਉਮੈ ਤੋਂ ਪੈਦਾ ਹੋਣ ਵਾਲੇ (ਆਤਮਕ) ਰੋਗ ਬਹੁਤ ਚੰਦਰੇ ਹਨ ।
O Nanak, the disease of egotism is so very deadly.
ਜਹ ਦੇਖਾਂ ਤਹ ਏਕਾ ਬੇਦਨ ਆਪੇ ਬਖਸੈ ਸਬਦਿ ਧੁਰੇ ॥੧॥ ਰਹਾਉ ॥
ਮੈਂ ਤਾਂ (ਜਗਤ ਵਿਚ) ਜਿਧਰ ਵੇਖਦਾ ਹਾਂ ਉਧਰ ਇਹ ਹਉਮੈ ਦੀ ਪੀੜਾ ਹੀ ਵੇਖਦਾ ਹਾਂ । ਧੁਰੋਂ ਜਿਸ ਨੂੰ ਆਪ ਹੀ ਬਖ਼ਸ਼ਦਾ ਹੈ ਉਸ ਨੂੰ ਗੁਰੂ ਦੇ ਸ਼ਬਦ ਵਿਚ (ਜੋੜਦਾ ਹੈ) ।੧।ਰਹਾਉ।
Wherever I look, I see the pain of the same disease. The Primal Lord Himself bestows the Shabad of His Word. ||1||Pause||
ਆਪੇ ਪਰਖੇ ਪਰਖਣਹਾਰੈ ਬਹੁਰਿ ਸੂਲਾਕੁ ਨ ਹੋਈ ॥
ਪਰਖਣ ਦੀ ਤਾਕਤ ਰੱਖਣ ਵਾਲੇ ਪਰਮਾਤਮਾ ਨੇ ਆਪ ਹੀ ਜਿਨ੍ਹਾਂ ਨੂੰ ਪਰਖ (ਕੇ ਪਰਵਾਨ ਕਰ) ਲਿਆ ਹੈ, ਉਹਨਾਂ ਨੂੰ ਮੁੜ (ਹਉਮੈ ਦਾ) ਕਸ਼ਟ ਨਹੀਂ ਹੁੰਦਾ ।
When the Appraiser Himself appraises the mortal, then he is not tested again.
ਜਿਨ ਕਉ ਨਦਰਿ ਭਈ ਗੁਰਿ ਮੇਲੇ ਪ੍ਰਭ ਭਾਣਾ ਸਚੁ ਸੋਈ ॥੨॥
ਜਿਨ੍ਹਾਂ ਉਤੇ ਪਰਮਾਤਮਾ ਦੀ ਮੇਹਰ ਦੀ ਨਿਗਾਹ ਹੋ ਗਈ, ਉਹਨਾਂ ਨੂੰ ਗੁਰੂ ਨੇ (ਪ੍ਰਭੂ-ਚਰਨਾਂ ਵਿਚ) ਜੋੜ ਲਿਆ । ਜੇਹੜਾ ਮਨੁੱਖ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ ।੨।
Those who are blessed with His Grace meet with the Guru. They alone are true, who are pleasing to God. ||2||
ਪਉਣੁ ਪਾਣੀ ਬੈਸੰਤਰੁ ਰੋਗੀ ਰੋਗੀ ਧਰਤਿ ਸਭੋਗੀ ॥
(ਹਉਮੈ ਦਾ ਰੋਗ ਇਤਨਾ ਬਲੀ ਹੈ ਕਿ) ਹਵਾ, ਪਾਣੀ, ਅੱਗ (ਆਦਿਕ ਤੱਤ ਭੀ) ਇਸ ਰੋਗ ਵਿਚ ਗ੍ਰਸੇ ਹੋਏ ਹਨ, ਇਹ ਧਰਤੀ ਭੀ ਹਉਮੈ-ਰੋਗ ਦਾ ਸ਼ਿਕਾਰ ਹੈ ਜਿਸ ਵਿਚੋਂ ਵਰਤਣ ਵਾਲੇ ਬੇਅੰਤ ਪਦਾਰਥ ਪੈਦਾ ਹੁੰਦੇ ਹਨ ।
Air, water and fire are diseased; the world with its enjoyments is diseased.
ਮਾਤ ਪਿਤਾ ਮਾਇਆ ਦੇਹ ਸਿ ਰੋਗੀ ਰੋਗੀ ਕੁਟੰਬ ਸੰਜੋਗੀ ॥੩॥
(ਆਪੋ ਆਪਣੇ) ਪਰਵਾਰਾਂ ਦੇ ਸੰਬੰਧ ਦੇ ਕਾਰਨ ਮਾਂ ਪਿਉ, ਮਾਇਆ, ਸਰੀਰ—ਇਹ ਸਾਰੇ ਹੀ ਹਉਮੈ ਦੇ ਰੋਗ ਵਿਚ ਫਸੇ ਹੋਏ ਹਨ ।੩।
Mother, father, Maya and the body are diseased; those united with their relatives are diseased. ||3||
ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ਰੋਗੀ ਸਗਲ ਸੰਸਾਰਾ ॥
(ਸਾਧਾਰਨ ਜੀਵਾਂ ਦੀ ਗੱਲ ਹੀ ਕੀਹ ਹੈ? ਵੱਡੇ ਵੱਡੇ ਅਖਵਾਣ ਵਾਲੇ ਦੇਵਤੇ) ਬ੍ਰਹਮਾ, ਵਿਸ਼ਨੂ ਤੇ ਸ਼ਿਵ ਭੀ ਹਉਮੈ ਦੇ ਰੋਗ ਵਿਚ ਹਨ, ਸਾਰਾ ਸੰਸਾਰ ਹੀ ਇਸ ਰੋਗ ਵਿਚ ਗ੍ਰਸਿਆ ਹੋਇਆ ਹੈ ।
Brahma, Vishnu and Shiva are diseased; the whole world is diseased.
ਹਰਿ ਪਦੁ ਚੀਨਿ ਭਏ ਸੇ ਮੁਕਤੇ ਗੁਰ ਕਾ ਸਬਦੁ ਵੀਚਾਰਾ ॥੪॥
ਇਸ ਰੋਗ ਤੋਂ ਉਹੀ ਸੁਤੰਤਰ ਹੁੰਦੇ ਹਨ ਜਿਨ੍ਹਾਂ ਨੇ ਪਰਮਾਤਮਾ ਨਾਲ ਮਿਲਾਪ-ਅਵਸਥਾ ਦੀ ਕਦਰ ਪਛਾਣ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਇਆ ਹੈ ।੪।
Those who remember the Lord's Feet and contemplate the Word of the Guru's Shabad are liberated. ||4||
ਰੋਗੀ ਸਾਤ ਸਮੁੰਦ ਸਨਦੀਆ ਖੰਡ ਪਤਾਲ ਸਿ ਰੋਗਿ ਭਰੇ ॥
ਸਾਰੀਆਂ ਨਦੀਆਂ ਸਮੇਤ ਸੱਤੇ ਸਮੁੰਦਰ (ਹਉਮੈ ਦੇ) ਰੋਗੀ ਹਨ, ਸਾਰੀਆਂ ਧਰਤੀਆਂ ਤੇ ਪਾਤਾਲ—ਇਹ ਭੀ (ਹਉਮੈ-) ਰੋਗ ਨਾਲ ਭਰੇ ਹੋਏ ਹਨ ।
The seven seas are diseased, along with the rivers; the continents and the nether regions of the underworlds are full of disease.
ਹਰਿ ਕੇ ਲੋਕ ਸਿ ਸਾਚਿ ਸੁਹੇਲੇ ਸਰਬੀ ਥਾਈ ਨਦਰਿ ਕਰੇ ॥੫॥
ਜੇਹੜੇ ਬੰਦੇ ਪਰਮਾਤਮਾ ਦੇ ਹੋ ਜਾਂਦੇ ਹਨ ਉਹ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ਤੇ ਸੁਖੀ ਜੀਵਨ ਗੁਜ਼ਾਰਦੇ ਹਨ, ਪ੍ਰਭੂ ਹਰ ਥਾਂ ਉਹਨਾਂ ਉਤੇ ਮੇਹਰ ਦੀ ਨਜ਼ਰ ਕਰਦਾ ਹੈ ।੫।
The people of the Lord dwell in Truth and peace; He blesses them with His Grace everywhere. ||5||
ਰੋਗੀ ਖਟ ਦਰਸਨ ਭੇਖਧਾਰੀ ਨਾਨਾ ਹਠੀ ਅਨੇਕਾ ॥
ਛੇ ਹੀ ਭੇਖਾਂ ਦੇ ਧਾਰਨੀ (ਜੋਗੀ ਜੰਗਮ ਆਦਿਕ) ਅਤੇ ਹੋਰ ਅਨੇਕਾਂ ਕਿਸਮਾਂ ਦੇ ਹਠ-ਸਾਧਨ ਕਰਨ ਵਾਲੇ ਭੀ ਹਉਮੈ-ਰੋਗ ਵਿਚ ਫਸੇ ਹੋਏ ਹਨ ।
The six Shaastras are diseased, as are the many who follow the different religious orders.
ਬੇਦ ਕਤੇਬ ਕਰਹਿ ਕਹ ਬਪੁਰੇ ਨਹ ਬੂਝਹਿ ਇਕ ਏਕਾ ॥੬॥
ਵੇਦ ਤੇ ਕੁਰਾਨ ਆਦਿਕ ਧਰਮ-ਪੁਸਤਕ ਭੀ ਉਹਨਾਂ ਦੀ ਸਹੈਤਾ ਕਰਨ ਤੋਂ ਅਸਮਰਥ ਹੋ ਜਾਂਦੇ ਹਨ, ਕਿਉਂਕਿ ਉਹ ਉਸ ਪਰਮਾਤਮਾ ਨੂੰ ਨਹੀਂ ਪਛਾਣਦੇ ਜੋ ਇਕ ਆਪ ਹੀ ਆਪ (ਸਾਰੀ ਸ੍ਰਿਸ਼ਟੀ ਦਾ ਕਰਤਾ ਤੇ ਇਸ ਵਿਚ ਵਿਆਪਕ) ਹੈ ।੬।
What can the poor Vedas and Bibles do? People do not understand the One and Only Lord. ||6||
ਮਿਠ ਰਸੁ ਖਾਇ ਸੁ ਰੋਗਿ ਭਰੀਜੈ ਕੰਦ ਮੂਲਿ ਸੁਖੁ ਨਾਹੀ ॥
ਜੇਹੜਾ ਮਨੁੱਖ (ਗ੍ਰਿਹਸਤ ਵਿਚ ਰਹਿ ਕੇ) ਹਰੇਕ ਕਿਸਮ ਦਾ ਸੁਆਦਲਾ ਪਦਾਰਥ ਖਾਂਦਾ ਹੈ ਉਹ (ਭੀ ਹਉਮੈ-) ਰੋਗ ਵਿਚ ਲਿੱਬੜਿਆ ਪਿਆ ਹੈ, ਜੇਹੜਾ ਮਨੁੱਖ (ਜਗਤ ਤਿਆਗ ਕੇ ਜੰਗਲ ਵਿਚ ਜਾ ਬੈਠਦਾ ਹੈ ਉਸ ਨੂੰ ਭੀ ਨਿਰੇ) ਗਾਜਰ ਮੂਲੀ (ਖਾ ਲੈਣ) ਨਾਲ ਆਤਮਕ ਸੁਖ ਨਹੀਂ ਮਿਲ ਜਾਂਦਾ ।
Eating sweet treats, the mortal is filled with disease; he finds no peace at all.
ਨਾਮੁ ਵਿਸਾਰਿ ਚਲਹਿ ਅਨ ਮਾਰਗਿ ਅੰਤ ਕਾਲਿ ਪਛੁਤਾਹੀ ॥੭॥
(ਗ੍ਰਿਹਸਤੀ ਹੋਣ, ਚਾਹੇ ਤਿਆਗੀ) ਪਰਮਾਤਮਾ ਦਾ ਨਾਮ ਭੁਲਾ ਕੇ ਜੇਹੜੇ ਜੇਹੜੇ ਭੀ ਹੋਰ ਹੋਰ ਰਸਤੇ ਤੇ ਤੁਰਦੇ ਹਨ ਉਹ ਆਖ਼ਰ ਪਛੁਤਾਂਦੇ ਹੀ ਹਨ ।੭।
Forgetting the Naam, the Name of the Lord, they walk on other paths, and at the very last moment, they regret and repent. ||7||
ਤੀਰਥਿ ਭਰਮੈ ਰੋਗੁ ਨ ਛੂਟਸਿ ਪੜਿਆ ਬਾਦੁ ਬਿਬਾਦੁ ਭਇਆ ॥
ਜੇਹੜਾ ਮਨੁੱਖ ਤੀਰਥ ਉਤੇ ਭਟਕਦਾ ਫਿਰਦਾ ਹੈ ਉਸ ਦਾ ਭੀ (ਹਉਮੈ-) ਰੋਗ ਨਹੀਂ ਮੁੱਕਦਾ, ਪੜ੍ਹਿਆ ਹੋਇਆ ਮਨੁੱਖ ਭੀ ਇਸ ਤੋਂ ਨਹੀਂ ਬਚਿਆ, ਉਸ ਨੂੰ ਝਗੜਾ-ਬਹਸ (ਰੂਪ ਹੋ ਕੇ ਹਉਮੈ-ਰੋਗ) ਚੰਬੜਿਆ ਹੋਇਆ ਹੈ ।
Wandering around at sacred shrines of pilgrimage, the mortal is not cured of his disease. Reading scripture, he gets involved in useless arguments.
ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜੁ ਭਇਆ ॥੮॥
ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਇਕ ਬੜਾ ਭਾਰਾ ਰੋਗ ਹੈ, ਇਸ ਵਿਚ ਫਸਿਆ ਮਨੁੱਖ ਸਦਾ ਮਾਇਆ ਦਾ ਮੁਥਾਜ ਬਣਿਆ ਰਹਿੰਦਾ ਹੈ ।੮।
The disease of duality is so very deadly; it causes dependence on Maya. ||8||
ਗੁਰਮੁਖਿ ਸਾਚਾ ਸਬਦਿ ਸਲਾਹੈ ਮਨਿ ਸਾਚਾ ਤਿਸੁ ਰੋਗੁ ਗਇਆ ॥
ਜੇਹੜਾ (ਵੱਡ-ਭਾਗੀ) ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਦੇ ਮਨ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਦਾ ਵੱਸਦਾ ਹੈ, ਇਸ ਵਾਸਤੇ ਉਸ ਦਾ (ਹਉਮੈ-) ਰੋਗ ਦੂਰ ਹੋ ਜਾਂਦਾ ਹੈ ।
One who becomes Gurmukh and praises the True Shabad with the True Lord in his mind is cured of his disease.
ਨਾਨਕ ਹਰਿ ਜਨ ਅਨਦਿਨੁ ਨਿਰਮਲ ਜਿਨ ਕਉ ਕਰਮਿ ਨੀਸਾਣੁ ਪਇਆ ॥੯॥੧॥
ਹੇ ਨਾਨਕ! ਪਰਮਾਤਮਾ ਦੇ ਭਗਤ ਸਦਾ ਪਵਿਤ੍ਰ ਜੀਵਨ ਵਾਲੇ ਹੁੰਦੇ ਹਨ, ਕਿਉਂਕਿ ਪ੍ਰਭੂ ਦੀ ਮੇਹਰ ਨਾਲ ਉਹਨਾਂ ਦੇ ਮੱਥੇ ਤੇ ਨਾਮ-ਸਿਮਰਨ ਦਾ ਨਿਸ਼ਾਨ (ਚਮਕਾਂ ਮਾਰਦਾ) ਹੈ ।੯।੧।
O Nanak, the humble servant of the Lord is immaculate, night and day; he bears the insignia of the Lord's Grace. ||9||1||