ਭੈਰਉ ਮਹਲਾ ੩ ॥
Bhairao, Third Mehl:
ਮਨਮੁਖ ਆਸਾ ਨਹੀ ਉਤਰੈ ਦੂਜੈ ਭਾਇ ਖੁਆਏ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰੋਂ (ਹੋਰ ਹੋਰ ਮਾਇਆ ਜੋੜਨ ਦੀ) ਲਾਲਸਾ ਦੂਰ ਨਹੀਂ ਹੁੰਦੀ । ਮਾਇਆ ਦੇ ਪਿਆਰ ਵਿਚ ਉਹ ਸਹੀ ਜੀਵਨ-ਰਾਹ ਤੋਂ ਖੁੰਝੇ ਰਹਿੰਦੇ ਹਨ ।
The self-willed manmukh cannot escape false hope. In the love of duality, he is ruined.
ਉਦਰੁ ਨੈ ਸਾਣੁ ਨ ਭਰੀਐ ਕਬਹੂ ਤ੍ਰਿਸਨਾ ਅਗਨਿ ਪਚਾਏ ॥੧॥
ਨਦੀ ਵਾਂਗ ਉਹਨਾਂ ਦਾ ਪੇਟ (ਮਾਇਆ ਨਾਲ) ਕਦੇ ਰੱਜਦਾ ਨਹੀਂ । ਤ੍ਰਿਸ਼ਨਾ ਦੀ ਅੱਗ ਉਹਨਾਂ ਨੂੰ ਸਾੜਦੀ ਰਹਿੰਦੀ ਹੈ ।੧।
His belly is like a river - it is never filled up. He is consumed by the fire of desire. ||1||
ਸਦਾ ਅਨੰਦੁ ਰਾਮ ਰਸਿ ਰਾਤੇ ॥
ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ
Eternally blissful are those who are imbued with the sublime essence of the Lord.
ਹਿਰਦੈ ਨਾਮੁ ਦੁਬਿਧਾ ਮਨਿ ਭਾਗੀ ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਤੇ ॥੧॥ ਰਹਾਉ ॥
(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੇ) ਮਨ ਵਿਚ ਮੇਰ-ਤੇਰ ਟਿਕੀ ਰਹਿੰਦੀ ਹੈ, ਪਰ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹਨਾਂ ਦੀ ਮੇਰ-ਤੇਰ ਦੂਰ ਹੋ ਜਾਂਦੀ ਹੈ । ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਕੇ ਉਹ (ਮਾਇਆ ਵਲੋਂ ਸਦਾ) ਰੱਜੇ ਰਹਿੰਦੇ ਹਨ ।੧।ਰਹਾਉ।
The Naam, the Name of the Lord, fills their hearts, and duality runs away from their minds. Drinking in the Ambrosial Nectar of the Lord, Har, Har, they are satisfied. ||1||Pause||
ਆਪੇ ਪਾਰਬ੍ਰਹਮੁ ਸ੍ਰਿਸਟਿ ਜਿਨਿ ਸਾਜੀ ਸਿਰਿ ਸਿਰਿ ਧੰਧੈ ਲਾਏ ॥
ਪਰ, ਹੇ ਭਾਈ! (ਜੀਵਾਂ ਦੇ ਕੀਹ ਵੱਸ?) ਜਿਸ (ਪਰਮਾਤਮਾ) ਨੇ ਜਗਤ ਰਚਿਆ ਹੈ ਉਹ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਪਿਛਲੀ ਕੀਤੀ ਕਮਾਈ ਅਨੁਸਾਰ ਮਾਇਆ ਦੀ ਦੌੜ-ਭੱਜ ਵਿਚ ਲਾਈ ਰੱਖਦਾ ਹੈ ।
The Supreme Lord God Himself created the Universe; He links each and every person to their tasks.
ਮਾਇਆ ਮੋਹੁ ਕੀਆ ਜਿਨਿ ਆਪੇ ਆਪੇ ਦੂਜੈ ਲਾਏ ॥੨॥
ਜਿਸ ਪ੍ਰਭੂ ਨੇ ਮਾਇਆ ਦਾ ਮੋਹ ਬਣਾਇਆ ਹੈ, ਉਹ ਆਪ ਹੀ (ਜੀਵਾਂ ਨੂੰ) ਮਾਇਆ ਦੇ ਮੋਹ ਵਿਚ ਜੋੜੀ ਰੱਖਦਾ ਹੈ ।੨।
He Himself created love and attachment to Maya; He Himself attaches the mortals to duality. ||2||
ਤਿਸ ਨੋ ਕਿਹੁ ਕਹੀਐ ਜੇ ਦੂਜਾ ਹੋਵੈ ਸਭਿ ਤੁਧੈ ਮਾਹਿ ਸਮਾਏ ॥
ਹੇ ਭਾਈ! (ਮਾਇਆ ਦੇ ਮੋਹ ਬਾਰੇ) ਉਸ ਪਰਮਾਤਮਾ ਨੂੰ ਕੁਝ ਤਾਂ ਹੀ ਕਿਹਾ ਜਾ ਸਕਦਾ ਹੈ ਜੇ ਉਹ ਸਾਥੋਂ ਓਪਰਾ ਹੋਵੇ । ਹੇ ਪ੍ਰਭੂ! ਸਾਰੇ ਜੀਵ ਤੇਰੇ ਵਿਚ ਹੀ ਲੀਨ ਹਨ (ਜਿਵੇਂ ਦਰੀਆ ਦੀਆਂ ਲਹਿਰਾਂ ਦਰੀਆ ਵਿਚ) ।
If there were any other, then I would speak to him; all will be merged in You.
ਗੁਰਮੁਖਿ ਗਿਆਨੁ ਤਤੁ ਬੀਚਾਰਾ ਜੋਤੀ ਜੋਤਿ ਮਿਲਾਏ ॥੩॥
ਹੇ ਭਾਈ! ਜਿਸ ਮਨੁੱਖ ਨੇ ਆਤਮਕ ਜੀਵਨ ਦੀ ਅਸਲ ਸੂਝ ਨੂੰ ਵਿਚਾਰਿਆ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਜੁੜੀ ਰਹਿੰਦੀ ਹੈ ।੩।
The Gurmukh contemplates the essence of spiritual wisdom; his light merges into the Light. ||3||
ਸੋ ਪ੍ਰਭੁ ਸਾਚਾ ਸਦ ਹੀ ਸਾਚਾ ਸਾਚਾ ਸਭੁ ਆਕਾਰਾ ॥
ਹੇ ਭਾਈ! ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਹੋਂਦ ਵਾਲਾ ਹੈ । ਇਹ ਸਾਰਾ ਜਗਤ ਭੀ ਸਦਾ ਹੋਂਦ ਵਾਲਾ ਹੈ (ਕਿਉਂਕਿ ਇਸ ਵਿਚ ਪਰਮਾਤਮਾ ਹੀ ਸਭ ਥਾਂ ਵਿਆਪਕ ਹੈ) ।
God is True, Forever True, and all His Creation is True.
ਨਾਨਕ ਸਤਿਗੁਰਿ ਸੋਝੀ ਪਾਈ ਸਚਿ ਨਾਮਿ ਨਿਸਤਾਰਾ ॥੪॥੫॥੧੫॥
ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ (ਆਤਮਕ ਜੀਵਨ ਦੀ) ਸਮਝ ਬਖ਼ਸ਼ੀ ਹੈ, ਉਸ ਨੂੰ ਉਸ ਨੇ ਪਰਮਾਤਮਾ ਦੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ ।੪।੫।੧੫।
O Nanak, the True Guru has given me this understanding; the True Name brings emancipation. ||4||5||15||