ਭੈਰਉ ਮਹਲਾ ੩ ॥
Bhairao, Third Mehl:
ਸਬਦੁ ਬੀਚਾਰੇ ਸੋ ਜਨੁ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ, ਉਹ ਮਨੁੱਖ (ਮਾਇਆ ਦੇ ਹੱਲਿਆਂ ਵੱਲੋਂ) ਅਡੋਲ-ਚਿੱਤ ਹੋ ਜਾਂਦਾ ਹੈ । ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵੱਸ ਪੈਂਦਾ ਹੈ,
That humble being who contemplates the Word of the Shabad is true; the True Lord is within his heart.
ਸਾਚੀ ਭਗਤਿ ਕਰਹਿ ਦਿਨੁ ਰਾਤੀ ਤਾਂ ਤਨਿ ਦੂਖੁ ਨ ਹੋਈ ॥੧॥
ਜਿਹੜੇ ਮਨੁੱਖ ਦਿਨ ਰਾਤ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ, ਉਹਨਾਂ ਦੇ ਸਰੀਰ ਵਿਚ ਕੋਈ (ਵਿਕਾਰ-) ਦੁੱਖ ਪੈਦਾ ਨਹੀਂ ਹੁੰਦਾ ।੧।
If someone performs true devotional worship day and night, then his body will not feel pain. ||1||
ਭਗਤੁ ਭਗਤੁ ਕਹੈ ਸਭੁ ਕੋਈ ॥
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ।
Everyone calls him, "Devotee, devotee."
ਬਿਨੁ ਸਤਿਗੁਰ ਸੇਵੇ ਭਗਤਿ ਨ ਪਾਈਐ ਪੂਰੈ ਭਾਗਿ ਮਿਲੈ ਪ੍ਰਭੁ ਸੋਈ ॥੧॥ ਰਹਾਉ ॥
ਹੇ ਭਾਈ! ਪੂਰੀ ਕਿਸਮਤ ਨਾਲ ਹੀ (ਕਿਸੇ ਮਨੁੱਖ ਨੂੰ) ਉਹ ਪਰਮਾਤਮਾ ਮਿਲਦਾ ਹੈ, (ਜਿਸ ਮਨੁੱਖ ਨੂੰ ਮਿਲ ਪੈਂਦਾ ਹੈ, ਉਸ ਬਾਰੇ) ਹਰ ਕੋਈ ਆਖਦਾ ਹੈ ਕਿ ਇਹ ਭਗਤ ਹੈ ਭਗਤ ਹੈ ।੧।ਰਹਾਉ।
But without serving the True Guru, devotional worship is not obtained. Only through perfect destiny does one meet God. ||1||Pause||
ਮਨਮੁਖ ਮੂਲੁ ਗਵਾਵਹਿ ਲਾਭੁ ਮਾਗਹਿ ਲਾਹਾ ਲਾਭੁ ਕਿਦੂ ਹੋਈ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਆਪਣਾ) ਸਰਮਾਇਆ (ਹੀ) ਗਵਾ ਲੈਂਦੇ ਹਨ, ਪਰ ਮੰਗਦੇ ਹਨ (ਆਤਮਕ) ਲਾਭ । (ਦੱਸੋ, ਉਹਨਾਂ ਨੂੰ) ਖੱਟੀ ਕਿਵੇਂ ਹੋ ਸਕਦੀ ਹੈ? ਲਾਭ ਕਿਥੋਂ ਮਿਲੇ?
The self-willed manmukhs lose their capital, and still, they demand profits. How can they earn any profit?
ਜਮਕਾਲੁ ਸਦਾ ਹੈ ਸਿਰ ਊਪਰਿ ਦੂਜੈ ਭਾਇ ਪਤਿ ਖੋਈ ॥੨॥
ਆਤਮਕ ਮੌਤ ਸਦਾ ਉਹਨਾਂ ਦੇ ਸਿਰ ਉੱਤੇ ਸਵਾਰ ਰਹਿੰਦੀ ਹੈ । ਮਾਇਆ ਦੇ ਪਿਆਰ ਵਿਚ (ਫਸ ਕੇ ਉਹਨਾਂ ਨੇ ਲੋਕ ਪਰਲੋਕ ਦੀ) ਇੱਜ਼ਤ ਗਵਾ ਲਈ ਹੁੰਦੀ ਹੈ ।੨।
The Messenger of Death is always hovering above their heads. In the love of duality, they lose their honor. ||2||
ਬਹਲੇ ਭੇਖ ਭਵਹਿ ਦਿਨੁ ਰਾਤੀ ਹਉਮੈ ਰੋਗੁ ਨ ਜਾਈ ॥
ਹੇ ਭਾਈ! ਜਿਹੜੇ ਮਨੁੱਖ ਕਈ (ਧਾਰਮਿਕ) ਭੇਖ ਕਰ ਕੇ ਦਿਨ ਰਾਤ (ਥਾਂ ਥਾਂ) ਭੌਂਦੇ ਫਿਰਦੇ ਹਨ (ਉਹਨਾਂ ਨੂੰ ਆਪਣੇ ਇਸ ਤਿਆਗ ਦੀ ਹਉਮੈ ਹੋ ਜਾਂਦੀ ਹੈ, ਉਹਨਾਂ ਦਾ ਇਹ) ਹਉਮੈ ਦਾ ਰੋਗ ਦੂਰ ਨਹੀਂ ਹੁੰਦਾ ।
Trying on all sorts of religious robes, they wander around day and night, but the disease of their egotism is not cured.
ਪੜਿ ਪੜਿ ਲੂਝਹਿ ਬਾਦੁ ਵਖਾਣਹਿ ਮਿਲਿ ਮਾਇਆ ਸੁਰਤਿ ਗਵਾਈ ॥੩॥
(ਤੇ, ਜਿਹੜੇ ਪੰਡਿਤ ਆਦਿਕ ਲੋਕ ਵੇਦ ਸ਼ਾਸਤ੍ਰ ਆਦਿਕ) ਪੜ੍ਹ ਪੜ੍ਹ ਕੇ (ਫਿਰ ਆਪੋ ਵਿਚ) ਮਿਲ ਕੇ ਬਹਸ ਕਰਦੇ ਹਨ ਚਰਚਾ ਕਰਦੇ ਹਨ ਉਹਨਾਂ ਨੇ ਭੀ ਮਾਇਆ ਦੇ ਮੋਹ ਦੇ ਕਾਰਨ (ਆਤਮਕ ਜੀਵਨ ਵਲੋਂ ਆਪਣੀ) ਹੋਸ਼ ਗਵਾ ਲਈ ਹੁੰਦੀ ਹੈ ।੩।
Reading and studying, they argue and debate; attached to Maya, they lose their awareness. ||3||
ਸਤਿਗੁਰੁ ਸੇਵਹਿ ਪਰਮ ਗਤਿ ਪਾਵਹਿ ਨਾਮਿ ਮਿਲੈ ਵਡਿਆਈ ॥
ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, (ਪਰਮਾਤਮਾ ਦੇ) ਨਾਮ ਵਿਚ ਜੁੜੇ ਰਹਿਣ ਕਰਕੇ ਉਹਨਾਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ ।
Those who serve the True Guru are blessed with the supreme status; through the Naam, they are blessed with glorious greatness.
ਨਾਨਕ ਨਾਮੁ ਜਿਨਾ ਮਨਿ ਵਸਿਆ ਦਰਿ ਸਾਚੈ ਪਤਿ ਪਾਈ ॥੪॥੪॥੧੪॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਿਆ, ਉਹਨਾਂ ਨੇ ਸਦਾ-ਥਿਰ ਪ੍ਰਭੂ ਦੇ ਦਰ ਤੇ ਇੱਜ਼ਤ ਖੱਟ ਲਈ ।੪।੪।੧੪।
O Nanak, those whose minds are filled with the Naam, are honored in the Court of the True Lord. ||4||4||14||