ਭੈਰਉ ਮਹਲਾ ੧ ॥
Bhairao, First Mehl:
ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ ॥
ਹੇ ਪ੍ਰਾਣੀ! ਤੇਰੀਆਂ ਅੱਖਾਂ ਵਿਚ ਵੇਖਣ ਦੀ (ਪੂਰੀ) ਤਾਕਤ ਨਹੀਂ ਰਹੀ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਬੁਢੇਪੇ ਨੇ ਤੈਨੂੰ ਜਿੱਤ ਲਿਆ ਹੈ (ਬੁਢੇਪੇ ਨੇ ਜ਼ੋਰ ਪਾ ਦਿੱਤਾ ਹੈ) । ਤੇਰੇ ਸਿਰ ਉਤੇ ਹੁਣ ਮੌਤ ਕੂਕ ਰਹੀ ਹੈ ।
The eyes lose their sight, and the body withers away; old age overtakes the mortal, and death hangs over his head.
ਰੂਪੁ ਰੰਗੁ ਰਹਸੁ ਨਹੀ ਸਾਚਾ ਕਿਉ ਛੋਡੈ ਜਮ ਜਾਲੋ ॥੧॥
ਨਾਹ ਤੇਰਾ ਰੱਬੀ ਰੂਪ ਬਣਿਆ, ਨਾਹ ਤੈਨੂੰ ਰੱਬੀ ਰੰਗ ਚੜ੍ਹਿਆ, ਨਾਹ ਤੇਰੇ ਅੰਦਰ ਰੱਬੀ ਖੇੜਾ ਆਇਆ, (ਦੱਸ) ਜਮ ਦਾ ਜਾਲ ਤੈਨੂੰ ਕਿਵੇਂ ਛੱਡੇਗਾ? ।੧।
Beauty, loving attachment and the pleasures of life are not permanent. How can anyone escape from the noose of death? ||1||
ਪ੍ਰਾਣੀ ਹਰਿ ਜਪਿ ਜਨਮੁ ਗਇਓ ॥
ਹੇ ਪ੍ਰਾਣੀ! ਪਰਮਾਤਮਾ ਦਾ ਸਿਮਰਨ ਕਰ । ਜ਼ਿੰਦਗੀ ਬੀਤਦੀ ਜਾ ਰਹੀ ਹੈ ।
O mortal, meditate on the Lord - your life is passing away!
ਸਾਚ ਸਬਦ ਬਿਨੁ ਕਬਹੁ ਨ ਛੂਟਸਿ ਬਿਰਥਾ ਜਨਮੁ ਭਇਓ ॥੧॥ ਰਹਾਉ ॥
ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਵਾਂਜਿਆ ਰਹਿ ਕੇ (ਮਾਇਆ ਦੇ ਮੋਹ ਤੋਂ, ਜਮ ਦੇ ਜਾਲ ਤੋਂ) ਤੂੰ ਕਦੇ ਭੀ ਬਚਿਆ ਨਹੀਂ ਰਹਿ ਸਕੇਂਗਾ । ਤੇਰੀ ਜ਼ਿੰਦਗੀ ਵਿਅਰਥ ਹੀ ਚਲੀ ਜਾਇਗੀ ।੧।ਰਹਾਉ।
Without the True Word of the Shabad, you shall never be released, and your life shall be totally useless. ||1||Pause||
ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ ਕਠਿਨ ਪੀਰ ਅਤਿ ਭਾਰੀ ॥
ਹੇ ਪ੍ਰਾਣੀ! ਤੇਰੇ ਸਰੀਰ ਵਿਚ ਕਾਮ (ਜ਼ੋਰ ਪਾ ਰਿਹਾ) ਹੈ, ਕੋ੍ਰਧ (ਪ੍ਰਬਲ) ਹੈ, ਹਉਮੈ ਹੈ, ਮਲਕੀਅਤਾਂ ਦੀ ਤਾਂਘ ਹੈ, ਇਹਨਾਂ ਸਭਨਾਂ ਦੀ ਵੱਡੀ ਔਖੀ ਪੀੜ ਉਠ ਰਹੀ ਹੈ (ਇਹਨਾਂ ਵਿਕਾਰਾਂ ਵਿਚ ਡੁੱਬਣੋਂ ਤੇਰਾ ਬਚਾ ਕਿਵੇਂ ਹੋਵੇ?) ।
Within the body are sexual desire, anger, egotism and attachment. This pain is so great, and so difficult to endure.
ਗੁਰਮੁਖਿ ਰਾਮ ਜਪਹੁ ਰਸੁ ਰਸਨਾ ਇਨ ਬਿਧਿ ਤਰੁ ਤੂ ਤਾਰੀ ॥੨॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਭਜਨ ਕਰ, ਜੀਭ ਨਾਲ (ਸਿਮਰਨ ਦਾ) ਸੁਆਦ ਲੈ । ਇਹਨਾਂ ਤਰੀਕਿਆਂ ਨਾਲ (ਇਹਨਾਂ ਵਿਕਾਰਾਂ ਦੇ ਡੂੰਘੇ ਪਾਣੀਆਂ ਵਿਚੋਂ ਸਿਮਰਨ ਦੀ) ਤਾਰੀ ਲਾ ਕੇ ਪਾਰ ਲੰਘ ।੨।
As Gurmukh, chant the Lord's Name, and savor it with your tongue; in this way, you shall cross over to the other side. ||2||
ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ ਨਹੀ ਬੂਝਿਆ ॥
ਹੇ ਪ੍ਰਾਣੀ! (ਸਿਫ਼ਤਿ-ਸਾਲਾਹ ਵਲੋਂ) ਤੇਰੇ ਕੰਨ ਬੋਲੇ (ਹੀ ਰਹੇ), ਤੇਰੀ ਮਤਿ ਥੋੜ੍ਹ-ਵਿਤੀ ਹੋ ਗਈ ਹੈ (ਰਤਾ ਰਤਾ ਗੱਲ ਤੇ ਛਿੱਥਾ ਪੈਣ ਦਾ ਤੇਰਾ ਸੁਭਾਉ ਬਣ ਗਿਆ ਹੈ), ਸਿਫ਼ਤਿ-ਸਾਲਾਹ ਦਾ ਸ਼ਾਂਤ-ਰਸ ਤੂੰ ਸਮਝ ਨਹੀਂ ਸਕਿਆ ।
Your ears are deaf, and your intellect is worthless, and still, you do not intuitively understand the Word of the Shabad.
ਜਨਮੁ ਪਦਾਰਥੁ ਮਨਮੁਖਿ ਹਾਰਿਆ ਬਿਨੁ ਗੁਰ ਅੰਧੁ ਨ ਸੂਝਿਆ ॥੩॥
ਆਪਣੇ ਮਨ ਦੇ ਪਿੱਛੇ ਲੱਗ ਕੇ ਤੂੰ ਕੀਮਤੀ ਮਨੁੱਖਾ ਜਨਮ ਗਵਾ ਲਿਆ ਹੈ । ਗੁਰੂ ਦੀ ਸਰਨ ਨਾਹ ਆਉਣ ਕਰ ਕੇ ਤੂੰ (ਆਤਮਕ ਜੀਵਨ ਵਲੋਂ) ਅੰਨ੍ਹਾ ਹੀ ਰਿਹਾ, ਤੈਨੂੰ (ਆਤਮਕ ਜੀਵਨ ਦੀ) ਸਮਝ ਨਾਹ ਆਈ ।੩।
The self-willed manmukh wastes this priceless human life and loses it. Without the Guru, the blind person cannot see. ||3||
ਰਹੈ ਉਦਾਸੁ ਆਸ ਨਿਰਾਸਾ ਸਹਜ ਧਿਆਨਿ ਬੈਰਾਗੀ ॥
(ਹੇ ਪ੍ਰਾਣੀ!) ਨਾਨਕ ਬੇਨਤੀ ਕਰਦਾ ਹੈ (ਤੇ ਤੈਨੂੰ ਸਮਝਾਂਦਾ ਹੈ ਕਿ) ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਉਹ (ਵਿਕਾਰਾਂ ਦੀ ਫਾਹੀ ਤੋਂ) ਖ਼ਲਾਸੀ ਪਾ ਲੈਂਦਾ ਹੈ,
Whoever remains detached and free of desire in the midst of desire - and whoever, unattached, intuitively meditates on the Celestial Lord
ਪ੍ਰਣਵਤਿ ਨਾਨਕ ਗੁਰਮੁਖਿ ਛੂਟਸਿ ਰਾਮ ਨਾਮਿ ਲਿਵ ਲਾਗੀ ॥੪॥੨॥੩॥
ਪ੍ਰਭੂ ਦੇ ਨਾਮ ਵਿਚ ਉਸ ਦੀ ਸੁਰਤਿ ਟਿਕੀ ਰਹਿੰਦੀ ਹੈ, ਉਹ (ਦੁਨੀਆ ਵਿਚ ਵਰਤਦਾ ਹੋਇਆ ਭੀ ਦੁਨੀਆ ਵਲੋਂ) ਉਪਰਾਮ ਰਹਿੰਦਾ ਹੈ, ਆਸਾਂ ਤੋਂ ਨਿਰਲੇਪ ਰਹਿੰਦਾ ਹੈ, ਅਡੋਲਤਾ ਦੀ ਸਮਾਧੀ ਵਿਚ ਟਿਕਿਆ ਰਹਿ ਕੇ ਉਹ (ਦੁਨੀਆ ਤੋਂ) ਨਿਰਮੋਹ ਰਹਿੰਦਾ ਹੈ ।੪।੨।੩।
- prays Nanak, as Gurmukh, he is released. He is lovingly attuned to the Naam, the Name of the Lord. ||4||||2||3||