ਮਾਰੂ ਮਹਲਾ ੧ ॥
Maaroo, First Mehl:
ਦਰਸਨੁ ਪਾਵਾ ਜੇ ਤੁਧੁ ਭਾਵਾ ॥
ਸਦਾ-ਥਿਰ ਪ੍ਰਭੂ! ਜੇ ਮੈਂ ਤੈਨੂੰ ਚੰਗਾ ਲੱਗਾਂ, ਤਾਂ ਹੀ ਤੇਰਾ ਦਰਸਨ ਕਰ ਸਕਦਾ ਹਾਂ,
If I am pleasing to You, Lord, then I obtain the Blessed Vision of Your Darshan.
ਭਾਇ ਭਗਤਿ ਸਾਚੇ ਗੁਣ ਗਾਵਾ ॥
ਤੇ ਤੇਰੇ ਪ੍ਰੇਮ ਵਿਚ (ਜੁੜ ਕੇ) ਤੇਰੀ ਭਗਤੀ (ਕਰ ਸਕਦਾ ਹਾਂ, ਤੇ) ਤੇਰੇ ਗੁਣ ਗਾ ਸਕਦਾ ਹਾਂ ।
In loving devotional worship, O True Lord, I sing Your Glorious Praises.
ਤੁਧੁ ਭਾਣੇ ਤੂ ਭਾਵਹਿ ਕਰਤੇ ਆਪੇ ਰਸਨ ਰਸਾਇਦਾ ॥੧॥
ਹੇ ਕਰਤਾਰ! ਜੇਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਤੂੰ ਉਹਨਾਂ ਨੂੰ ਪਿਆਰਾ ਲੱਗਦਾ ਹੈਂ । ਤੂੰ ਆਪ ਹੀ ਉਹਨਾਂ ਦੀ ਜੀਭ ਵਿਚ (ਆਪਣੇ ਨਾਮ ਦਾ) ਰਸ ਪੈਦਾ ਕਰਦਾ ਹੈਂ ।੧।
By Your Will, O Creator Lord, You have become pleasing to me, and so sweet to my tongue. ||1||
ਸੋਹਨਿ ਭਗਤ ਪ੍ਰਭੂ ਦਰਬਾਰੇ ॥
ਹੇ ਪ੍ਰਭੂ! ਤੇਰੇ ਭਗਤ ਤੇਰੇ ਦਰਬਾਰ ਵਿਚ ਸੋਹਣੇ ਲੱਗਦੇ ਹਨ ।
The devotees look beautiful in the Darbaar, the Court of God.
ਮੁਕਤੁ ਭਏ ਹਰਿ ਦਾਸ ਤੁਮਾਰੇ ॥
ਹੇ ਹਰੀ! ਤੇਰੇ ਦਾਸ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਂਦੇ ਹਨ ।
Your slaves, Lord, are liberated.
ਆਪੁ ਗਵਾਇ ਤੇਰੈ ਰੰਗਿ ਰਾਤੇ ਅਨਦਿਨੁ ਨਾਮੁ ਧਿਆਇਦਾ ॥੨॥
ਉਹ ਆਪਾ-ਭਾਵ ਮਿਟਾ ਕੇ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਹਰ ਰੋਜ਼ (ਭਾਵ, ਹਰ ਵੇਲੇ) ਤੇਰਾ ਨਾਮ ਸਿਮਰਦੇ ਹਨ ।੨।
Eradicating self-conceit, they are attuned to Your Love; night and day, they meditate on the Naam, the Name of the Lord. ||2||
ਈਸਰੁ ਬ੍ਰਹਮਾ ਦੇਵੀ ਦੇਵਾ ॥
ਸ਼ਿਵ, ਬ੍ਰਹਮਾ, ਅਨੇਕਾਂ ਦੇਵੀਆਂ ਤੇ ਦੇਵਤੇ, ਇੰਦਰ ਦੇਵਤਾ,
Shiva, Brahma, gods and goddesses,
ਇੰਦ੍ਰ ਤਪੇ ਮੁਨਿ ਤੇਰੀ ਸੇਵਾ ॥
ਤਪੀ ਲੋਕ, ਰਿਸ਼ੀ ਮੁਨੀ—ਇਹ ਸਭ ਤੇਰੀ ਹੀ ਸੇਵਾ-ਭਗਤੀ ਕਰਦੇ ਹਨ (ਭਾਵ, ਭਾਵੇਂ ਇਹ ਕਿਤਨੇ ਹੀ ਵੱਡੇ ਮਿਥੇ ਜਾਣ, ਪਰ ਤੇਰੇ ਸਾਹਮਣੇ ਇਹ ਤੇਰੇ ਸਾਧਾਰਨ ਸੇਵਕ ਹਨ) ।
Indra, ascetics and silent sages serve You.
ਜਤੀ ਸਤੀ ਕੇਤੇ ਬਨਵਾਸੀ ਅੰਤੁ ਨ ਕੋਈ ਪਾਇਦਾ ॥੩॥
ਅਨੇਕਾਂ ਜਤਧਾਰੀ, ਅਨੇਕਾਂ ਉੱਚ-ਆਚਰਨੀ, ਤੇ ਅਨੇਕਾਂ ਹੀ ਬਨਾਂ ਵਿਚ ਰਹਿਣ ਵਾਲੇ ਤਿਆਗੀ (ਤੇਰੇ ਗੁਣ ਗਾਂਦੇ ਹਨ, ਪਰ ਤੇਰੇ ਗੁਣਾਂ ਦਾ) ਕੋਈ ਭੀ ਅੰਤ ਨਹੀਂ ਲੱਭ ਸਕਦਾ ।੩।
Celibates, givers of charity and the many forest-dwellers have not found the Lord's limits. ||3||
ਵਿਣੁ ਜਾਣਾਏ ਕੋਇ ਨ ਜਾਣੈ ॥
ਜਦ ਤਕ ਪਰਮਾਤਮਾ ਆਪ ਸੂਝ ਨਾਹ ਬਖ਼ਸ਼ੇ ਕੋਈ ਜੀਵ (ਪਰਮਾਤਮਾ ਦੀ ਭਗਤੀ ਕਰਨ ਦੀ) ਸੂਝ ਪ੍ਰਾਪਤ ਨਹੀਂ ਕਰ ਸਕਦਾ ।
No one knows You, unless You let them know You.
ਜੋ ਕਿਛੁ ਕਰੇ ਸੁ ਆਪਣ ਭਾਣੈ ॥
ਪਰਮਾਤਮਾ ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ (ਆਪਣੀ ਮਰਜ਼ੀ ਨਾਲ) ਕਰਦਾ ਹੈ ।
Whatever is done, is by Your Will.
ਲਖ ਚਉਰਾਸੀਹ ਜੀਅ ਉਪਾਏ ਭਾਣੈ ਸਾਹ ਲਵਾਇਦਾ ॥੪॥
ਪਰਮਾਤਮਾ ਨੇ ਚੁਰਾਸੀ ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ, ਉਹ ਆਪਣੀ ਮਰਜ਼ੀ ਨਾਲ ਹੀ ਇਹਨਾਂ ਜੀਵਾਂ ਨੂੰ ਸਾਹ ਲੈਣ ਦੇਂਦਾ ਹੈ (ਇਹਨਾਂ ਨੂੰ ਜਿਵਾਲੀ ਰੱਖਦਾ ਹੈ) ।੪।
You created the 8.4 million species of beings; by Your Will, they draw their breath. ||4||
ਜੋ ਤਿਸੁ ਭਾਵੈ ਸੋ ਨਿਹਚਉ ਹੋਵੈ ॥
(ਜਗਤ ਵਿਚ) ਜ਼ਰੂਰ ਉਹੀ ਕੁਝ ਹੁੰਦਾ ਹੈ ਜੋ ਉਸ ਕਰਤਾਰ ਨੂੰ ਚੰਗਾ ਲਗਦਾ ਹੈ,
Whatever is pleasing to Your Will, undoubtedly comes to pass.
ਮਨਮੁਖੁ ਆਪੁ ਗਣਾਏ ਰੋਵੈ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਅਸਲੀਅਤ ਨੂੰ ਨਹੀਂ ਸਮਝਦਾ, ਉਹ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ (ਤੇ ਹਉਮੈ ਵਿਚ ਹੀ) ਦੁਖੀ ਭੀ ਹੁੰਦਾ ਹੈ ।
The self-willed manmukh shows off, and comes to grief.
ਨਾਵਹੁ ਭੁਲਾ ਠਉਰ ਨ ਪਾਏ ਆਇ ਜਾਇ ਦੁਖੁ ਪਾਇਦਾ ॥੫॥
ਪਰਮਾਤਮਾ ਦੇ ਨਾਮ ਤੋਂ ਖੁੰਝਾ ਹੋਇਆ (ਮਨਮੁਖ) ਕਿਤੇ ਆਤਮਕ ਸ਼ਾਂਤੀ ਦਾ ਟਿਕਾਣਾ ਨਹੀਂ ਲੱਭ ਸਕਦਾ, ਜੰਮਦਾ ਤੇ ਮਰਦਾ ਹੈ, ਜੰਮਦਾ ਤੇ ਮਰਦਾ ਹੈ, ਤੇ (ਇਸ ਗੇੜ ਵਿਚ ਹੀ) ਦੁੱਖ ਪਾਂਦਾ ਹੈ ।੫।
Forgetting the Name, he finds no place of rest; coming and going in reincarnation, he suffers in pain. ||5||
ਨਿਰਮਲ ਕਾਇਆ ਊਜਲ ਹੰਸਾ ॥
ਉਹ ਸਰੀਰ ਪਵਿੱਤ੍ਰ ਹੈ ਜਿਸ ਵਿਚ ਪਵਿੱਤ੍ਰ (ਜੀਵਨ ਵਾਲਾ) ਜੀਵਾਤਮਾ ਵੱਸਦਾ ਹੈ (ਕਿਉਂਕਿ) ਉਸ (ਸਰੀਰ) ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ,
Pure is the body, and immaculate is the swan-soul;
ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ॥
(ਉਹ ਜੀਵਾਤਮਾ ਸਹੀ ਅਰਥਾਂ ਵਿਚ) ਮਾਇਆ-ਰਹਿਤ ਪ੍ਰਭੂ ਦਾ ਅੰਸ ਹੈ ।
within it is the immaculate essence of the Naam.
ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੂਖੁ ਨ ਪਾਇਦਾ ॥੬॥
ਪ੍ਰਭੂ ਦੇ ਨਾਮ-ਅੰਮ੍ਰਿਤ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਸਾਰੇ ਦੁੱਖ ਮੁਕਾ ਲੈਂਦਾ ਹੈ, ਤੇ ਮੁੜ ਉਹ ਕਦੇ ਦੁੱਖ ਨਹੀਂ ਪਾਂਦਾ ।੬।
Such a being drinks in all his pains like Ambrosial Nectar; he never suffers sorrow again. ||6||
ਬਹੁ ਸਾਦਹੁ ਦੂਖੁ ਪਰਾਪਤਿ ਹੋਵੈ ॥
ਬਹੁਤੇ (ਭੋਗਾਂ ਦੇ) ਸੁਆਦਾਂ ਤੋਂ ਦੁੱਖ ਹੀ ਮਿਲਦਾ ਹੈ (ਕਿਉਂਕਿ)
For his excessive indulgences, he receives only pain;
ਭੋਗਹੁ ਰੋਗ ਸੁ ਅੰਤਿ ਵਿਗੋਵੈ ॥
ਭੋਗਾਂ ਤੋਂ (ਆਖ਼ਿਰ) ਰੋਗ ਪੈਦਾ ਹੁੰਦੇ ਹਨ ਤੇ ਮਨੁੱਖ ਅੰਤ ਨੂੰ ਖ਼ੁਆਰ ਹੁੰਦਾ ਹੈ ।
from his enjoyments, he contracts diseases, and in the end, he wastes away.
ਹਰਖਹੁ ਸੋਗੁ ਨ ਮਿਟਈ ਕਬਹੂ ਵਿਣੁ ਭਾਣੇ ਭਰਮਾਇਦਾ ॥੭॥
(ਮਾਇਆ ਦੀਆਂ) ਖ਼ੁਸ਼ੀਆਂ ਤੋਂ ਭੀ ਚਿੰਤਾ ਹੀ ਪੈਦਾ ਹੁੰਦੀ ਹੈ ਜੋ) ਕਦੇ ਮਿਟਦੀ ਹੀ ਨਹੀਂ । ਪਰਮਾਤਮਾ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ ਮਨੁੱਖ ਭਟਕਣਾ ਵਿਚ ਪਿਆ ਰਹਿੰਦਾ ਹੈ ।੭।
His pleasure can never erase his pain; without accepting the Lord's Will, he wanders lost and confused. ||7||
ਗਿਆਨ ਵਿਹੂਣੀ ਭਵੈ ਸਬਾਈ ॥
ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਗੁਪਤ ਵਿਆਪਕ ਹੈ, ਪਰ ਇਸ ਗੱਲ ਦੀ ਸਮਝ ਤੋਂ ਵਾਂਜੀ ਰਹਿ ਕੇ ਸਾਰੀ ਲੁਕਾਈ ਭਟਕ ਰਹੀ ਹੈ ।
Without spiritual wisdom, they all just wander around.
ਸਾਚਾ ਰਵਿ ਰਹਿਆ ਲਿਵ ਲਾਈ ॥
ਜਿਸ ਮਨੁੱਖ ਨੇ ਗੁਰੂ ਦਾ ਸ਼ਬਦ, ਜੋ ਨਿਰਭੈਤਾ ਦੇਣ ਵਾਲਾ ਹੈ, ਆਪਣੇ ਹਿਰਦੇ ਵਿਚ ਵਸਾਇਆ ਹੈ ਉਸ ਨੇ ਸਦਾ-ਥਿਰ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿਚ ਵੱਸਦਾ ਪਛਾਣ ਲਿਆ ਹੈ ।
The True Lord is pervading and permeating everywhere, lovingly engaged.
ਨਿਰਭਉ ਸਬਦੁ ਗੁਰੂ ਸਚੁ ਜਾਤਾ ਜੋਤੀ ਜੋਤਿ ਮਿਲਾਇਦਾ ॥੮॥
ਗੁਰੂ ਦਾ ਸ਼ਬਦ ਉਸ ਦੀ ਸੁਰਤਿ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾ ਦੇਂਦਾ ਹੈ ।੮।
The Fearless Lord is known through the Shabad, the Word of the True Guru; one's light merges into the Light. ||8||
ਅਟਲੁ ਅਡੋਲੁ ਅਤੋਲੁ ਮੁਰਾਰੇ ॥
ਮੁਰ (ਆਦਿਕ ਦੈਂਤਾਂ) ਦਾ ਵੈਰੀ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਮਾਇਆ ਦੇ ਮੋਹ ਵਿਚ ਕਦੇ ਡੋਲਣ ਵਾਲਾ ਨਹੀਂ,
He is the eternal, unchanging, immeasurable Lord.
ਖਿਨ ਮਹਿ ਢਾਹਿ ਫੇਰਿ ਉਸਾਰੇ ॥
ਉਸ ਦਾ ਸਰੂਪ ਕਦੇ ਤੋੋਲਿਆ ਮਿਣਿਆ ਨਹੀਂ ਜਾ ਸਕਦਾ । ਉਹ (ਆਪਣੇ ਰਚੇ ਹੋਏ ਜਗਤ ਨੂੰ) ਇਕ ਖਿਨ ਵਿਚ ਢਾਹ ਸਕਦਾ ਹੈ ਤੇ ਮੁੜ ਪੈਦਾ ਕਰ ਸਕਦਾ ਹੈ ।
In an instant, He destroys, ang then reconstructs.
ਰੂਪੁ ਨ ਰੇਖਿਆ ਮਿਤਿ ਨਹੀ ਕੀਮਤਿ ਸਬਦਿ ਭੇਦਿ ਪਤੀਆਇਦਾ ॥੯॥
ਉਸ ਦਾ ਕੋਈ ਖ਼ਾਸ ਰੂਪ ਨਹੀਂ ਦੱਸਿਆ ਜਾ ਸਕਦਾ ਹੈ, ਉਸ ਦੇ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ਦੱਸੇ ਜਾ ਸਕਦੇ, ਉਹ ਕੇਡਾ ਵੱਡਾ ਹੈ ਤੇ ਕਿਹੋ ਜੇਹਾ ਹੈ—ਇਹ ਭੀ ਨਹੀਂ ਦੱਸਿਆ ਜਾ ਸਕਦਾ । ਜੇਹੜਾ ਮਨੁੱਖ (ਆਪਣੇ ਮਨ ਨੂੰ ਗੁਰੂ ਦੇ) ਸ਼ਬਦ ਵਿਚ ਵਿੰਨ੍ਹ ਲੈਂਦਾ ਹੈ ਉਹ ਉਸ ਪਰਮਾਤਮਾ (ਦੀ ਯਾਦ) ਵਿਚ ਪਤੀਜ ਜਾਂਦਾ ਹੈ ।੯।
He has no form or shape, no limit or value. Pierced by the Shabad, one is satisfied. ||9||
ਹਮ ਦਾਸਨ ਕੇ ਦਾਸ ਪਿਆਰੇ ॥
ਮੈਂ ਪਿਆਰੇ ਪ੍ਰਭੂ ਦੇ ਉਹਨਾਂ ਦਾਸਾਂ ਦਾ ਦਾਸ ਹਾਂ ਜੋ ਉਸ ਨੂੰ ਮਿਲਣ ਲਈ ਜਤਨ ਕਰਦੇ ਰਹਿੰਦੇ ਹਨ
I am the slave of Your slaves, O my Beloved.
ਸਾਧਿਕ ਸਾਚ ਭਲੇ ਵੀਚਾਰੇ ॥
ਜੋ ਉਸ ਸਦਾ-ਥਿਰ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਹਨ ।
The seekers of Truth and goodness contemplate You.
ਮੰਨੇ ਨਾਉ ਸੋਈ ਜਿਣਿ ਜਾਸੀ ਆਪੇ ਸਾਚੁ ਦ੍ਰਿੜਾਇਦਾ ॥੧੦॥
ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਣਾ ਮੰਨ ਲੈਂਦਾ ਹੈ (ਭਾਵ, ਨਾਮ ਜਪਣ ਨੂੰ ਜੀਵਨ-ਮਨੋਰਥ ਨਿਸ਼ਚੇ ਕਰ ਲੈਂਦਾ ਹੈ) ਉਹ (ਜਗਤ ਵਿਚੋਂ ਜੀਵਨ-ਬਾਜ਼ੀ) ਜਿੱਤ ਕੇ ਜਾਂਦਾ ਹੈ । (ਪਰ ਇਹ ਖੇਡ ਜੀਵਾਂ ਦੇ ਆਪਣੇ ਵੱਸ ਦੀ ਨਹੀਂ) ਪਰਮਾਤਮਾ ਆਪ ਹੀ ਆਪਣਾ ਸਦਾ-ਥਿਰ ਨਾਮ ਜੀਵਾਂ ਦੇ ਹਿਰਦੇ ਵਿਚ ਦ੍ਰਿੜ੍ਹ ਕਰਾਂਦਾ ਹੈ ।੧੦।
Whoever believes in the Name, wins; He Himself implants Truth within. ||10||
ਪਲੈ ਸਾਚੁ ਸਚੇ ਸਚਿਆਰਾ ॥
ਜਿਨ੍ਹਾਂ ਮਨੁੱਖਾਂ ਦੇ ਪਾਸ ਥਿਰ ਰਹਿਣ ਵਾਲਾ ਨਾਮ ਹੈ, ਉਹ ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹ ਸਦਾ-ਥਿਰ ਨਾਮ ਦੇ ਵਣਜਾਰੇ ਹਨ ।
The Truest of the True has the Truth is His lap.
ਸਾਚੇ ਭਾਵੈ ਸਬਦੁ ਪਿਆਰਾ ॥
ਜਿਸ ਮਨੁੱਖ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਪਿਆਰਾ ਲੱਗਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਚੰਗਾ ਲੱਗਦਾ ਹੈ ।
The True Lord is pleased with those who love the Shabad.
ਤ੍ਰਿਭਵਣਿ ਸਾਚੁ ਕਲਾ ਧਰਿ ਥਾਪੀ ਸਾਚੇ ਹੀ ਪਤੀਆਇਦਾ ॥੧੧॥
ਉਹ ਸਦਾ-ਥਿਰ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ (ਵਿਆਪਕ ਹੈ), ਉਸ ਨੇ ਆਪਣੀ ਸੱਤਿਆ ਦੇ ਕੇ ਸ੍ਰਿਸ਼ਟੀ ਰਚੀ ਹੈ । (ਸਦਾ-ਥਿਰ ਨਾਮ ਦਾ ਵਣਜ ਕਰਨ ਵਾਲਾ ਮਨੁੱਖ) ਉਸ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਹੀ ਖ਼ੁਸ਼ ਰਹਿੰਦਾ ਹੈ ।੧੧।
Exerting His power, the Lord has established Truth throughout the three worlds; with Truth He is pleased. ||11||
ਵਡਾ ਵਡਾ ਆਖੈ ਸਭੁ ਕੋਈ ॥
(ਉਂਞ ਤਾਂ) ਹਰੇਕ ਜੀਵ ਆਖਦਾ ਹੈ ਕਿ ਪਰਮਾਤਮਾ ਸਭ ਤੋਂ ਵੱਡਾ ਹੈ ਸਭ ਤੋਂ ਵੱਡਾ ਹੈ
Everyone calls Him the greatest of the great.
ਗੁਰ ਬਿਨੁ ਸੋਝੀ ਕਿਨੈ ਨ ਹੋਈ ॥
ਪਰ ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੂੰ ਸਹੀ ਸਮਝ ਨਹੀਂ ਪੈਂਦੀ ।
Without the Guru, no one understands Him.
ਸਾਚਿ ਮਿਲੈ ਸੋ ਸਾਚੇ ਭਾਏ ਨਾ ਵੀਛੁੜਿ ਦੁਖੁ ਪਾਇਦਾ ॥੧੨॥
ਜੇਹੜਾ ਮਨੁੱਖ (ਗੁਰੂ ਦੀ ਰਾਹੀਂ) ਸਦਾ-ਥਿਰ ਪ੍ਰਭੂ ਵਿਚ ਜੁੜਦਾ ਹੈ ਉਹ ਉਸ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ । ਉਹ (ਉਸ ਦੇ ਚਰਨਾਂ ਤੋਂ ਵਿਛੁੜਦਾ ਨਹੀਂ) ਵਿਛੁੜ ਕੇ ਦੁੱਖ ਨਹੀਂ ਪਾਂਦਾ ਹੈ ।੧੨।
The True Lord is pleased with those who merge in Truth; they are not separated again, and they do not suffer. ||12||
ਧੁਰਹੁ ਵਿਛੁੰਨੇ ਧਾਹੀ ਰੁੰਨੇ ॥
ਪਰ ਜੇਹੜੇ ਬੰਦੇ ਮੁੱਢ ਤੋਂ ਹੀ ਪ੍ਰਭੂ ਤੋਂ ਵਿੱਛੁੜੇ ਚਲੇ ਆ ਰਹੇ ਹਨ ਉਹ ਢਾਹਾਂ ਮਾਰ ਮਾਰ ਕੇ ਰੋਂਦੇ ਆ ਰਹੇ ਹਨ ।
Separated from the Primal Lord, they loudly weep and wail.
ਮਰਿ ਮਰਿ ਜਨਮਹਿ ਮੁਹਲਤਿ ਪੁੰਨੇ ॥
ਜਦੋਂ ਜਦੋਂ ਜ਼ਿੰਦਗੀ ਦਾ ਸਮਾ ਮੁੱਕ ਜਾਂਦਾ ਹੈ ਉਹ ਮਰਦੇ ਹਨ ਜੰਮਦੇ ਹਨ, ਮਰਦੇ ਹਨ ਜੰਮਦੇ ਹਨ (ਇਸੇ ਗੇੜ ਵਿਚ ਪਏ ਰਹਿੰਦੇ ਹਨ) ।
They die and die, only to be reborn, when their time has passed.
ਜਿਸੁ ਬਖਸੇ ਤਿਸੁ ਦੇ ਵਡਿਆਈ ਮੇਲਿ ਨ ਪਛੋਤਾਇਦਾ ॥੧੩॥
ਜਿਸ ਮਨੁੱਖ ਉੱਤੇ ਪ੍ਰਭੂ ਮੇਹਰ ਕਰਦਾ ਹੈ ਉਸ ਨੂੰ (ਆਪਣਾ ਨਾਮ ਬਖ਼ਸ਼ ਕੇ) ਵਡਿਆਈ ਦੇਂਦਾ ਹੈ, ਉਸ ਨੂੰ ਆਪਣੇ ਚਰਨਾਂ ਵਿਚ ਮੇਲ ਲੈਂਦਾ ਹੈ, ਉਹ ਮਨੁੱਖ (ਮੁੜ ਕਦੇ ਨਾਹ ਵਿਛੁੜਦਾ ਹੈ) ਨਾਹ ਪਛੁਤਾਂਦਾ ਹੈ ।੧੩।
He blesses those whom He forgives with glorious greatness; united with Him, they do not regret or repent. ||13 |
ਆਪੇ ਕਰਤਾ ਆਪੇ ਭੁਗਤਾ ॥
ਪ੍ਰਭੂ ਆਪ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਸਾਰੇ ਪਦਾਰਥਾਂ ਨੂੰ ਭੋਗਣ ਵਾਲਾ ਹੈ,
| He Himself is the Creator, and He Himself is the Enjoyer.
ਆਪੇ ਤ੍ਰਿਪਤਾ ਆਪੇ ਮੁਕਤਾ ॥
ਫਿਰ ਆਪ ਹੀ ਇਹਨਾਂ ਭੋਗਾਂ ਤੋਂ ਰੱਜ ਜਾਣ ਵਾਲਾ ਹੈ ਤੇ ਆਪ ਹੀ ਪਦਾਰਥਾਂ ਦੇ ਮੋਹ ਤੋਂ ਸੁਤੰਤਰ ਹੋ ਜਾਣ ਵਾਲਾ ਹੈ ।
He Himself is satisfied, and He Himself is liberated.
ਆਪੇ ਮੁਕਤਿ ਦਾਨੁ ਮੁਕਤੀਸਰੁ ਮਮਤਾ ਮੋਹੁ ਚੁਕਾਇਦਾ ॥੧੪॥
ਪ੍ਰਭੂ ਆਪ ਹੀ ਮੁਕਤੀ ਦਾ ਮਾਲਕ ਹੈ, ਆਪ ਹੀ ਵਿਕਾਰਾਂ ਤੋਂ ਖ਼ਲਾਸੀ ਦੀ ਦਾਤਿ ਦੇਂਦਾ ਹੈ, ਆਪ ਹੀ ਜੀਵਾਂ ਦੇ ਅੰਦਰੋਂ ਮਾਇਆ ਦੀ ਮਮਤਾ ਤੇ ਮਾਇਆ ਦਾ ਮੋਹ ਦੂਰ ਕਰਦਾ ਹੈ ।੧੪।
The Lord of liberation Himself grants liberation; He eradicates possessiveness and attachment. ||14||
ਦਾਨਾ ਕੈ ਸਿਰਿ ਦਾਨੁ ਵੀਚਾਰਾ ॥
ਪਰਮਾਤਮਾ ਇਸ ਜਗਤ ਦਾ ਰਚਣ ਵਾਲਾ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਬੇਅੰਤ ਹੈ
I consider Your gifts to be the most wonderful gifts.
ਕਰਣ ਕਾਰਣ ਸਮਰਥੁ ਅਪਾਰਾ ॥
ਉਹ ਜੀਵਾਂ ਨੂੰ ਆਪਣੇ ਗੁਣਾਂ ਦੀ ਵਿਚਾਰ ਬਖ਼ਸ਼ਦਾ ਹੈ ਤੇ ਉਸ ਦੀ ਇਹ ਦਾਤਿ ਉਸ ਦੀਆਂ ਹੋਰ ਸਭ ਦਾਤਾਂ ਤੋਂ ਸ੍ਰੇਸ਼ਟ ਹੈ ।
You are the Cause of causes, Almighty Infinite Lord.
ਕਰਿ ਕਰਿ ਵੇਖੈ ਕੀਤਾ ਅਪਣਾ ਕਰਣੀ ਕਾਰ ਕਰਾਇਦਾ ॥੧੫॥
ਸਾਰੀ ਸ੍ਰਿਸ਼ਟੀ ਪੈਦਾ ਕਰ ਕੇ ਉਹ ਆਪ ਹੀ ਇਸ ਦੀ ਸੰਭਾਲ ਕਰਦਾ ਹੈ, ਤੇ ਜੀਵਾਂ ਪਾਸੋਂ ਉਹ ਕਾਰ ਕਰਾਂਦਾ ਹੈ ਜੋ ਕਰਨ-ਜੋਗ ਹੋਵੇ ।੧੫।
Creating the creation, You gaze upon what You have created; You cause all to do their deeds. ||15||
ਸੇ ਗੁਣ ਗਾਵਹਿ ਸਾਚੇ ਭਾਵਹਿ ॥
ਜੇਹੜੇ ਜੀਵ ਸਦਾ-ਥਿਰ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹ ਉਸ ਦੇ ਗੁਣ ਗਾਂਦੇ ਹਨ ।
They alone sing Your Glorious Praises, who are pleasing to You, O True Lord.
ਤੁਝ ਤੇ ਉਪਜਹਿ ਤੁਝ ਮਾਹਿ ਸਮਾਵਹਿ ॥
ਹੇ ਪ੍ਰਭੂ! ਸਾਰੇ ਜੀਅ ਜੰਤ ਤੈਥੋਂ ਪੈਦਾ ਹੁੰਦੇ ਹਨ ਤੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ।
They issue forth from You, and merge again into You.
ਨਾਨਕੁ ਸਾਚੁ ਕਹੈ ਬੇਨੰਤੀ ਮਿਲਿ ਸਾਚੇ ਸੁਖੁ ਪਾਇਦਾ ॥੧੬॥੨॥੧੪॥
ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ (ਉਸ ਦੇ ਦਰ ਤੇ) ਬੇਨਤੀਆਂ ਕਰਦਾ ਹੈ, ਉਹ ਉਸ ਸਦਾ-ਥਿਰ ਪਰਮਾਤਮਾ ਨੂੰ ਮਿਲ ਕੇ ਆਤਮਕ ਅਨੰਦ ਮਾਣਦਾ ਹੈ ।੧੬।੨।੧੪।
Nanak offers this true prayer; meeting with the True Lord, peace is obtained. ||16||2||14||