ਪਉੜੀ ॥
Pauree:
ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ ॥
ਹੇ ਭਾਈ! ਪਰਮਾਤਮਾ ਦਾ ਨਾਮ-ਧਨ ਰਤਨ ਹੀਰੇ ਹਨ । ਇਹ ਹਰਿ-ਨਾਮ-ਧਨ (ਜਿਸ ਨੂੰ) ਪਰਮਾਤਮਾ ਪਾਸੋਂ ਦਿਵਾਇਆ ਹੈ ਗੁਰੂ ਨੇ (ਹੀ) ਦਿਵਾਇਆ ਹੈ ।
The wealth of the Lord is a jewel, a gem; the Guru has caused the Lord to grant that wealth of the Lord.
ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ ॥
ਜੇ ਕਿਸੇ ਮਨੁੱਖ ਨੂੰ (ਗੁਰੂ ਤੋਂ ਬਿਨਾ ਕਿਸੇ ਹੋਰ ਕੋਲ) ਕੁਝ ਦਿੱਸ ਪਏ ਤਾਂ (ਉਸ ਪਾਸੋਂ ਕੋਈ) ਕੁਝ ਮੰਗ ਭੀ ਲਏ, ਜਾਂ, ਕੋਈ ਕੁਝ ਦਿਵਾ ਦੇਵੇ । ਪਰ ਇਹ ਨਾਮ-ਧਨ ਧੱਕਾ ਕਰ ਕੇ (ਭੀ) ਕਿਸੇ ਨਾਲ ਵੰਡਾਇਆ ਨਹੀਂ ਜਾ ਸਕਦਾ (ਇਹ ਤਾਂ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਰਾਹੀਂ ਹੀ ਮਿਲਦਾ ਹੈ) ।
If someone sees something, he may ask for it; or, someone may cause it to be given to him. But no one can take a share of this wealth of the Lord by force.
ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥
ਹੇ ਭਾਈ! ਪਰਮਾਤਮਾ ਨੇ ਧੁਰੋਂ ਜਿਸ ਮਨੁੱਖ ਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ, ਪਰਮਾਤਮਾ ਉਸ ਮਨੁੱਖ ਦੀ ਗੁਰੂ ਵਿਚ ਸਰਧਾ ਬਣਾਂਦਾ ਹੈ, ਤੇ (ਗੁਰੂ ਦੀ ਰਾਹੀਂ) ਉਸ ਮਨੁੱਖ ਨੂੰ ਨਾਮ-ਧਨ ਦਾ ਹਿੱਸਾ ਮਿਲਦਾ ਹੈ ।
He alone obtains a share of the wealth of the Lord, who is blessed by the Creator with faith and devotion to the True Guru, according to his pre-ordained destiny.
ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥
ਹੇ ਭਾਈ! ਇਹ ਨਾਮ-ਧਨ (ਐਸੀ ਜਾਇਦਾਦ ਹੈ ਕਿ) ਇਸ ਦਾ ਕੋਈ ਸ਼ਰੀਕ ਨਹੀਂ ਬਣ ਸਕਦਾ (ਇਸ ਉਤੇ) ਕੋਈ ਜੱਦੀ ਹੱਕ ਨਹੀਂ ਬਣਾ ਸਕਦਾ, ਕਿਸੇ ਕੋਲ ਇਸ ਦੀ ਮਲਕੀਅਤ ਦਾ ਪਟਾ ਭੀ ਨਹੀਂ ਹੋ ਸਕਦਾ । (ਜਿਵੇਂ ਜ਼ਿਮੀਂਦਾਰਾਂ ਦਾ ਜ਼ਮੀਨ ਦੇ) ਵੱਟੇ-ਬੰਨੇ ਦਾ ਰੌਲਾ (ਪੈ ਸਕਦਾ ਹੈ), ਇਸ ਹਰਿ-ਧਨ ਦਾ ਕੋਈ ਅਜਿਹਾ ਰੌਲਾ ਭੀ ਨਹੀਂ ਹੋ ਸਕਦਾ । (ਕਿਸੇ ਗੁਰਮੁਖ ਨੂੰ ਵੇਖ ਕੇ) ਜੇ ਕੋਈ ਮਨੁੱਖ ਇਸ ਨਾਮ-ਧਨ ਦੀ (ਖ਼ਾਤਰ) ਈਰਖਾ ਕਰਦਾ ਹੈ, ਉਸ ਨੂੰ ਸਗੋਂ ਹਰ ਪਾਸੇ ਫਿਟਕਾਰ ਹੀ ਪੈਂਦੀ ਹੈ ।
No one is a share-holder in this wealth of the Lord, and no one owns any of it. It has no boundaries or borders to be disputed. If anyone speaks ill of the wealth of the Lord, his face will be blackened in the four directions.
ਹਰਿ ਕੇ ਦਿਤੇ ਨਾਲਿ ਕਿਸੈ ਜੋਰੁ ਬਖੀਲੀ ਨ ਚਲਈ ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥੯॥
(ਹੇ ਭਾਈ! ਇਹ ਨਾਮ-ਧਨ ਪਰਮਾਤਮਾ ਆਪ ਹੀ ਗੁਰੂ ਦੀ ਰਾਹੀਂ ਦੇਂਦਾ ਹੈ, ਤੇ) ਜੇ ਪਰਮਾਤਮਾ ਕਿਸੇ ਨੂੰ ਇਹ ਨਾਮ-ਧਨ ਦੇਵੇ ਤਾਂ ਕਿਸੇ ਹੋਰ ਦਾ ਜ਼ੋਰ ਨਹੀਂ ਚੜ੍ਹ ਸਕਦਾ, ਕਿਸੇ ਦੀ ਈਰਖਾ ਕੁਝ ਵਿਗਾੜ ਨਹੀਂ ਸਕਦੀ (ਇਹ ਐਸੀ ਦਾਤਿ ਹੈ ਕਿ) ਇਹ ਹਰ ਰੋਜ਼ ਸਦਾ ਵਧਦੀ ਹੀ ਜਾਂਦੀ ਹੈ ।੯।
No one's power or slander can prevail against the gifts of the Lord; day by day they continually, continuously increase. ||9||