ਮਃ ੩ ॥
Third Mehl:
ਕਾਲੁ ਮਾਰਿ ਮਨਸਾ ਮਨਹਿ ਸਮਾਣੀ ਅੰਤਰਿ ਨਿਰਮਲੁ ਨਾਉ ॥
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਵਿੱਤਰ ਨਾਮ ਵੱਸਦਾ ਹੈ ਉਹ ਆਤਮਕ ਮੌਤ ਨੂੰ ਮੁਕਾ ਕੇ ਮਨ ਦੇ ਮਾਇਕ ਫੁਰਨੇ ਨੂੰ ਮਨ ਵਿਚ ਹੀ ਦੱਬ ਦੇਂਦਾ ਹੈ ।
He conquers death, and subdues the desires of his mind; the Immaculate Name abides deep within him.
ਅਨਦਿਨੁ ਜਾਗੈ ਕਦੇ ਨ ਸੋਵੈ ਸਹਜੇ ਅੰਮ੍ਰਿਤੁ ਪਿਆਉ ॥
ਉਹ ਮਨੁੱਖ (ਮਾਇਆ ਦੇ ਹੱਲਿਆਂ ਵਲੋਂ) ਹਰ ਵੇਲੇ ਸੁਚੇਤ ਰਹਿੰਦਾ ਹੈ, ਕਦੇ ਉਹ (ਗ਼ਫ਼ਲਤ ਦੀ ਨੀਂਦ ਵਿਚ) ਨਹੀਂ ਸੌਂਦਾ । ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਨਾਮ-ਅੰਮ੍ਰਿਤ (ਉਸ ਦੀ) ਖ਼ੁਰਾਕ ਹੁੰਦਾ ਹੈ ।
Night and day, he remains awake and aware; he never sleeps, and he intuitively drinks in the Ambrosial Nectar.
ਮੀਠਾ ਬੋਲੇ ਅੰਮ੍ਰਿਤ ਬਾਣੀ ਅਨਦਿਨੁ ਹਰਿ ਗੁਣ ਗਾਉ ॥
ਉਹ ਮਨੁੱਖ (ਸਦਾ) ਮਿੱਠਾ ਬੋਲਦਾ ਹੈ, (ਸਤਿਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਹੈ ।
His speech is sweet, and his words are nectar; night and day, he sings the Glorious Praises of the Lord.
ਨਿਜ ਘਰਿ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖੁ ਪਾਉ ॥੨॥
ਇਹੋ ਜਿਹੇ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ । ਹੇ ਨਾਨਕ! (ਆਖ—ਹੇ ਭਾਈ!) ਇਹੋ ਜਿਹੇ ਮਨੁੱਖਾਂ ਨੂੰ ਮਿਲ ਕੇ ਮੈਂ ਭੀ ਆਤਮਕ ਆਨੰਦ ਮਾਣਦਾ ਹਾਂ ।੨।
He dwells in the home of his own self, and appears beautiful forever; meeting him, Nanak finds peace. ||2||