ਬਿਲਾਵਲੁ ਮਹਲਾ ੫ ॥
Bilaaval, Fifth Mehl:
ਹਰਿ ਭਗਤਾ ਕਾ ਆਸਰਾ ਅਨ ਨਾਹੀ ਠਾਉ ॥
ਹੇ ਹਰੀ! (ਤੂੰ ਆਪਣੇ ਭਗਤਾਂ ਦੀ ਰਾਖੀ ਕੀਤੀ ਹੈ, ਕਿਉਂਕਿ) ਤੇਰੇ ਭਗਤਾਂ ਨੂੰ ਤੇਰਾ ਹੀ ਆਸਰਾ ਰਹਿੰਦਾ ਹੈ, (ਉਹਨਾਂ ਨੂੰ ਸਹਾਇਤਾ ਵਾਸਤੇ) ਹੋਰ ਕੋਈ ਥਾਂ ਨਹੀਂ ਸੁੱਝਦਾ ।
The Lord is the Hope and Support of His devotees; there is nowhere else for them to go.
ਤਾਣੁ ਦੀਬਾਣੁ ਪਰਵਾਰ ਧਨੁ ਪ੍ਰਭ ਤੇਰਾ ਨਾਉ ॥੧॥
ਹੇ ਪ੍ਰਭੂ! ਤੇਰਾ ਨਾਮ ਹੀ (ਤੇਰੇ ਭਗਤਾਂ ਵਾਸਤੇ) ਤਾਣ ਹੈ, ਸਹਾਰਾ ਹੈ, ਪਰਵਾਰ ਹੈ ਅਤੇ ਧਨ ਹੈ ।੧।
O God, Your Name is my power, realm, relatives and riches. ||1||
ਕਰਿ ਕਿਰਪਾ ਪ੍ਰਭਿ ਆਪਣੀ ਅਪਨੇ ਦਾਸ ਰਖਿ ਲੀਏ ॥
ਹੇ ਭਾਈ! ਪਰਮਾਤਮਾ ਨੇ ਮੇਹਰ ਕਰ ਕੇ ਆਪਣੇ ਸੇਵਕਾਂ ਦੀ ਸਦਾ ਹੀ ਆਪ ਰੱਖਿਆ ਕੀਤੀ ਹੈ ।
God has granted His Mercy, and saved His slaves.
ਨਿੰਦਕ ਨਿੰਦਾ ਕਰਿ ਪਚੇ ਜਮਕਾਲਿ ਗ੍ਰਸੀਏ ॥੧॥ ਰਹਾਉ ॥
ਨਿੰਦਕ (ਸੇਵਕਾਂ ਦੀ) ਨਿੰਦਾ ਕਰ ਕਰ ਕੇ (ਸਦਾ) ਸੜਦੇ-ਭੁੱਜਦੇ ਰਹੇ, ਉਹਨਾਂ ਨੂੰ (ਸਗੋਂ) ਆਤਮਕ ਮੌਤ ਨੇ ਹੜੱਪ ਕੀਤੀ ਰੱਖਿਆ ।੧।ਰਹਾਉ।
The slanderers rot in their slander; they are seized by the Messenger of Death. ||1||Pause||
ਸੰਤਾ ਏਕੁ ਧਿਆਵਨਾ ਦੂਸਰ ਕੋ ਨਾਹਿ ॥
(ਹੇ ਭਾਈ! ਪ੍ਰਭੂ ਆਪਣੇ ਸੰਤ ਜਨਾਂ ਦੀ ਸਦਾ ਰਾਖੀ ਕਰਦਾ ਹੈ, ਕਿਉਂਕਿ) ਸੰਤ ਜਨ ਸਦਾ ਇਕ ਪ੍ਰਭੂ ਦਾ ਹੀ ਧਿਆਨ ਧਰਦੇ ਹਨ, ਕਿਸੇ ਹੋਰ ਦਾ ਨਹੀਂ ।
The Saints meditate on the One Lord, and no other.
ਏਕਸੁ ਆਗੈ ਬੇਨਤੀ ਰਵਿਆ ਸ੍ਰਬ ਥਾਇ ॥੨॥
ਜੇਹੜਾ ਪ੍ਰਭੂ ਸਭ ਥਾਂਵਾਂ ਵਿਚ ਵਿਆਪਕ ਹੈ, ਸੰਤ ਜਨ ਸਿਰਫ਼ ਉਸ ਦੇ ਦਰ ਤੇ ਹੀ ਅਰਜ਼ੋਈ ਕਰਦੇ ਹਨ ।੨।
They offer their prayers to the One Lord, who is pervading and permeating all places. ||2||
ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਨੀ ॥
ਹੇ ਭਾਈ! ਭਗਤ ਜਨਾਂ ਦੀ ਆਪਣੀ ਬਾਣੀ ਦੀ ਰਾਹੀਂ ਹੀ ਪੁਰਾਣੇ ਸਮੇ ਦੀ ਹੀ ਕਥਾ ਇਉਂ ਸੁਣੀ ਜਾ ਰਹੀ ਹੈ, ਕਿ ਪਰਮਾਤਮਾ ਨੇ (ਹਰ ਸਮੇ) ਆਪਣੇ ਸੇਵਕਾਂ ਦਾ ਆਦਰ ਕੀਤਾ,
I have heard this old story, spoken by the devotees,
ਸਗਲ ਦੁਸਟ ਖੰਡ ਖੰਡ ਕੀਏ ਜਨ ਲੀਏ ਮਾਨੀ ॥੩॥
ਅਤੇ (ਉਹਨਾਂ ਦੇ) ਸਾਰੇ ਵੈਰੀਆਂ ਨੂੰ ਟੋਟੇ ਟੋਟੇ ਕਰ ਦਿੱਤਾ ।੩।
that all the wicked are cut apart into pieces, while His humble servants are blessed with honor. ||3||
ਸਤਿ ਬਚਨ ਨਾਨਕੁ ਕਹੈ ਪਰਗਟ ਸਭ ਮਾਹਿ ॥
ਹੇ ਭਾਈ! ਨਾਨਕ ਆਖਦੇ ਹਨ—ਇਹ ਬਚਨ ਸਾਰੀ ਸ੍ਰਿਸ਼ਟੀ ਵਿਚ ਹੀ ਪ੍ਰਤੱਖ ਤੌਰ ਤੇ ਅਟੱਲ ਹਨ
Nanak speaks the true words, which are obvious to all.
ਪ੍ਰਭ ਕੇ ਸੇਵਕ ਸਰਣਿ ਪ੍ਰਭ ਤਿਨ ਕਉ ਭਉ ਨਾਹਿ ॥੪॥੨੬॥੫੬॥
ਕਿ ਪ੍ਰਭੂ ਦੇ ਸੇਵਕ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, (ਇਸ ਵਾਸਤੇ) ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ ।੪।੨੬।੫੬।
God's servants are under God's Protection; they have absolutely no fear. ||4||26||56||