ਮਾਝ ਮਹਲਾ ੫ ॥
Maajh, Fifth Mehl:
ਆਉ ਸਾਜਨ ਸੰਤ ਮੀਤ ਪਿਆਰੇ ॥
ਹੇ ਮੇਰੇ ਪਿਆਰੇ ਮਿੱਤ੍ਰੋ ! ਹੇ ਸੰਤ ਜਨੋ ! ਹੇ ਮੇਰੇ ਸੱਜਣੋ !
Come, dear friends, Saints and companions:
ਮਿਲਿ ਗਾਵਹ ਗੁਣ ਅਗਮ ਅਪਾਰੇ ॥
ਆਓ, ਅਸੀ ਰਲ ਕੇ ਅਪਹੁੰਚ ਤੇ ਬੇਅੰਤ ਪ੍ਰਭੂ ਦੇ ਗੁਣ ਗਾਵੀਏ ।
let us join together and sing the Glorious Praises of the Inaccessible and Infinite Lord.
ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨਿ ਹਮ ਕੀਏ ਜੀਉ ॥੧॥
ਪ੍ਰਭੂ ਦੇ ਗੁਣ ਗਾਵਿਆਂ ਤੇ ਸੁਣਿਆਂ ਸਾਰੇ ਹੀ ਜੀਵ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਂਦੇ ਹਨ । (ਹੇ ਸੰਤ ਜਨੋ !) ਉਸ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਜਿਸ ਨੇ ਸਾਨੂੰ ਪੈਦਾ ਕੀਤਾ ਹੈ ।੧।
Those who sing and hear these praises are liberated, so let us meditate on the One who created us. ||1||
ਜਨਮ ਜਨਮ ਕੇ ਕਿਲਬਿਖ ਜਾਵਹਿ ॥
(ਜੇਹੜੇ ਬੰਦੇ ਪਰਮਾਤਮਾ ਦਾ ਧਿਆਨ ਧਰਦੇ ਹਨ, ਉਹਨਾਂ ਦੇ) ਜਨਮਾਂ ਜਨਮਾਂਤਰਾਂ ਦੇ (ਕੀਤੇ ਹੋਏ) ਪਾਪ ਦੂਰ ਹੋ ਜਾਂਦੇ ਹਨ ।
The sins of countless incarnations depart,
ਮਨਿ ਚਿੰਦੇ ਸੇਈ ਫਲ ਪਾਵਹਿ ॥
ਜੇਹੜੇ ਫਲ ਉਹ ਆਪਣੇ ਮਨ ਵਿਚ ਚਿਤਵਦੇ ਹਨ, ਉੇਹੀ ਫਲ ਉਹ ਪ੍ਰਾਪਤ ਕਰ ਲੈਂਦੇ ਹਨ ।
and we receive the fruits of the mind's desires.
ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ ॥੨॥
(ਹੇ ਭਾਈ !) ਉਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੂੰ ਸੁਆਮੀ ਨੂੰ ਸਿਮਰ, ਜੇਹੜਾ ਸਭ ਜੀਵਾਂ ਨੂੰ ਰਿਜ਼ਕ ਦੇਂਦਾ ਹੈ ।੨।
So meditate on that Lord, our True Lord and Master, who gives sustenance to all. ||2||
ਨਾਮੁ ਜਪਤ ਸਰਬ ਸੁਖੁ ਪਾਈਐ ॥
(ਹੇ ਭਾਈ !) ਪਰਮਾਤਮਾ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ ।
Chanting the Naam, all pleasures are obtained.
ਸਭੁ ਭਉ ਬਿਨਸੈ ਹਰਿ ਹਰਿ ਧਿਆਈਐ ॥
(ਹੇ ਭਾਈ !) ਸਦਾ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ ਦੁਨੀਆ ਵਾਲਾ) ਸਾਰਾ ਡਰ ਨਾਸ ਹੋ ਜਾਂਦਾ ਹੈ ।
All fears are erased, meditating on the Name of the Lord, Har, Har.
ਜਿਨਿ ਸੇਵਿਆ ਸੋ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ ॥੩॥
ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਸੰਸਾਰ-ਸਮੁੰਦਰ ਦੇ ਪਾਰਲੇ ਪਾਸੇ ਪਹੁੰਚਣ ਜੋਗਾ ਹੋ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ।੩।
One who serves the Lord swims across to the other side, and all his affairs are resolved. ||3||
ਆਇ ਪਇਆ ਤੇਰੀ ਸਰਣਾਈ ॥
ਹੇ ਪ੍ਰਭੂ ! ਮੈਂ ਆ ਕੇ ਤੇਰੀ ਸਰਨ ਪਿਆ ਹਾਂ ।
I have come to Your Sanctuary;
ਜਿਉ ਭਾਵੈ ਤਿਉ ਲੈਹਿ ਮਿਲਾਈ ॥
ਜਿਵੇਂ ਹੋ ਸਕੇ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ ।
if it pleases You, unite me with You.
ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥੪॥੨੮॥੩੫॥
ਹੇ ਨਾਨਕ ! ਆਖ । ਹੇ ਪ੍ਰਭੂ ! ਜਿਸ ਮਨੁੱਖ ਨੂੰ ਤੂੰ ਕਿਰਪਾ ਕਰ ਕੇ ਆਪਣੀ ਭਗਤੀ ਵਿਚ ਜੋੜਦਾ ਹੈਂ, ਉਹ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ ।੪।੨੮।੩੫।
Shower Your Mercy upon me, God; let me be committed to devotional worship. Nanak drinks in the Ambrosial Nectar of Truth. ||4||28||35||