ਸਿਰੀਰਾਗੁ ਮਹਲਾ ੪ ਘਰੁ ੨ ਛੰਤ
Siree Raag, Fourth Mehl, Second House, Chhant:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ ॥
ਜੇ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਅੰਞਾਣ ਹੀ ਟਿਕੀ ਰਹੇ, ਤਾਂ ਉਹ ਪਤੀ-ਪ੍ਰਭੂ ਦਾ ਦਰਸਨ ਕਿਵੇਂ ਕਰ ਸਕਦੀ ਹੈ ? (ਦਰਸਨ ਨਹੀਂ ਕਰ ਸਕਦੀ)
How can the ignorant soul-bride obtain the Blessed Vision of the Lord's Darshan, while she is in this world of her father's home?
ਹਰਿ ਹਰਿ ਅਪਨੀ ਕਿਰਪਾ ਕਰੇ ਗੁਰਮੁਖਿ ਸਾਹੁਰੜੈ ਕੰਮ ਸਿਖੈ ॥
ਜਦੋਂ ਪਰਮਾਤਮਾ ਆਪਣੀ ਮਿਹਰ ਕਰਦਾ ਹੈ, ਤਾਂ (ਜੀਵ-ਇਸਤ੍ਰੀ) ਗੁਰੂ ਦੇ ਸਨਮੁਖ ਹੋ ਕੇ ਪ੍ਰਭੂ-ਪਤੀ ਦੇ ਚਰਨਾਂ ਵਿਚ ਪਹੁੰਚਣ ਵਾਲੇ ਕੰਮ (ਕਰਨੇ) ਸਿੱਖਦੀ ਹੈ
When the Lord Himself grants His Grace, the Gurmukh learns the duties of her Husband's Celestial Home.
ਸਾਹੁਰੜੈ ਕੰਮ ਸਿਖੈ ਗੁਰਮੁਖਿ ਹਰਿ ਹਰਿ ਸਦਾ ਧਿਆਏ ॥
ਗੁਰੂ ਦੀ ਸਰਨ ਪੈ ਕੇ (ਜੀਵ-ਇਸਤ੍ਰੀ) ਉਹ ਕੰਮ ਸਿੱਖਦੀ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਪਤੀ-ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਸਕੇ (ਉਹ ਕੰਮ ਇਹ ਹਨ ਕਿ ਜੀਵ-ਇਸਤ੍ਰੀ) ਸਦਾ ਪਰਮਾਤਮਾ ਦਾ ਨਾਮ ਸਿਮਰਦੀ ਹੈ,
The Gurmukh learns the duties of her Husband's Celestial Home; she meditates forever on the Lord, Har, Har.
ਸਹੀਆ ਵਿਚਿ ਫਿਰੈ ਸੁਹੇਲੀ ਹਰਿ ਦਰਗਹ ਬਾਹ ਲੁਡਾਏ ॥
ਸਹੇਲੀਆਂ ਵਿਚ (ਸਤ-ਸੰਗੀਆਂ ਵਿਚ ਰਹਿ ਕੇ ਇਸ ਲੋਕ ਵਿਚ) ਸੌਖੀ ਤੁਰੀ ਫਿਰਦੀ ਹੈ (ਸੌਖਾ ਜੀਵਨ ਬਿਤਾਂਦੀ ਹੈ, ਤੇ) ਪਰਮਾਤਮਾ ਦੀ ਹਜ਼ੂਰੀ ਵਿਚ ਬੇ-ਫ਼ਿਕਰ ਹੋ ਕੇ ਪਹੁੰਚਦੀ ਹੈ
She walks happily among her companions, and in the Lord's Court, she swings her arms joyfully.
ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ ॥
ਉਹ ਜੀਵ-ਇਸਤ੍ਰੀ ਪਰਮਾਤਮਾ ਦਾ ਨਾਮ ਸਦਾ ਜਪ ਕੇ ਧਰਮਰਾਜ ਦਾ ਲੇਖਾ, ਧਰਮਰਾਜ ਦੇ ਲੇਖੇ ਦੀ ਬਾਕੀ, ਮੁਕਾ ਲੈਂਦੀ ਹੈ
Her account is cleared by the Righteous Judge of Dharma, when she chants the Name of the Lord, Har, Har.
ਮੁੰਧ ਇਆਣੀ ਪੇਈਅੜੈ ਗੁਰਮੁਖਿ ਹਰਿ ਦਰਸਨੁ ਦਿਖੈ ॥੧॥
ਭੋਲੀ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਗੁਰੂ ਦੀ ਸਰਨ ਪੈ ਕੇ ਪਰਮਾਤਮਾ-ਪਤੀ ਦਾ ਦਰਸਨ ਕਰ ਲੈਂਦੀ ਹੈ ।੧।
The ignorant soul-bride becomes Gurmukh, and gains the Blessed Vision of the Lord's Darshan, while she is still in her father's house. ||1||
ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ॥
ਹੇ ਮੇਰੇ ਪਿਤਾ ! (ਪ੍ਰਭੂ-ਪਤੀ ਨਾਲ) ਮੇਰਾ ਵਿਆਹ ਹੋ ਗਿਆ ਹੈ, ਗੁਰੂ ਦੀ ਸਰਨ ਪੈ ਕੇ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ
My marriage has been performed, O my father. As Gurmukh, I have found the Lord.
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ ॥
ਗੁਰੂ ਦਾ ਬਖ਼ਸ਼ਿਆ ਹੋਇਆ ਗਿਆਨ (-ਰੂਪ ਸੂਰਜ ਇਤਨਾ) ਤੇਜ਼ ਜਗ-ਮਗ ਕਰ ਉਠਿਆ ਹੈ ਕਿ (ਮੇਰੇ ਅੰਦਰੋਂ) ਬੇ-ਸਮਝੀ ਦਾ ਹਨੇਰਾ ਦੂਰ ਹੋ ਗਿਆ ਹੈ
The darkness of ignorance has been dispelled. The Guru has revealed the blazing light of spiritual wisdom.
ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ ॥
ਗੁਰੂ ਦਾ ਦਿੱਤਾ ਗਿਆਨ (ਮੇਰੇ ਅੰਦਰ) ਚਮਕ ਪਿਆ ਹੈ (ਮਾਇਆ-ਮੋਹ ਦਾ) ਹਨੇਰਾ ਦੂਰ ਹੋ ਗਿਆ ਹੈ (ਉਸ ਚਾਨਣੀ ਦੀ ਬਰਕਤਿ ਨਾਲ ਮੈਨੂੰ) ਪਰਮਾਤਮਾ ਦਾ ਨਾਮ (-ਰੂਪ) ਕੀਮਤੀ ਰਤਨ ਲੱਭ ਪਿਆ ਹੈ
This spiritual wisdom given by the Guru shines forth, and the darkness has been dispelled. I have found the Priceless Jewel of the Lord.
ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ ॥
ਗੁਰੂ ਦੀ ਮਤਿ ਤੇ ਤੁਰਿਆਂ ਮੇਰਾ ਹਉਮੈ ਦਾ ਰੋਗ ਦੂਰ ਹੋ ਗਿਆ ਹੈ, ਹਉਮੈ ਦਾ ਦੁਖ ਮੁੱਕ ਗਿਆ ਹੈ, ਆਪੇ ਦੇ ਗਿਆਨ ਨਾਲ ਮੇਰਾ ਆਪਾ-ਭਾਵ ਖ਼ਤਮ ਹੋ ਗਿਆ ਹੈ
The sickness of my ego has been dispelled, and my pain is over and done. Through the Guru's Teachings, my identity has consumed my identical identity.
ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥
(ਗੁਰੂ ਦੀ ਸਰਨ ਪਿਆਂ) ਮੈਨੂੰ ਉਹ ਖਸਮ ਮਿਲ ਗਿਆ ਹੈ, ਜਿਸ ਦੀ ਹਸਤੀ ਨੂੰ ਕਦੇ ਕਾਲ ਪੋਹ ਨਹੀਂ ਸਕਦਾ, ਜੋ ਨਾਸ-ਰਹਿਤ ਹੈ, ਜੋ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ
I have obtained my Husband Lord, the Akaal Moorat, the Undying Form. He is Imperishable; He shall never die, and He shall never ever leave.
ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ ॥੨॥
ਹੇ ਮੇਰੇ ਪਿਤਾ ! ਗੁਰੂ ਦੀ ਸਰਨ ਪੈ ਕੇ ਮੇਰਾ (ਪਰਮਾਤਮਾ-ਪਤੀ ਨਾਲ) ਵਿਆਹ ਹੋ ਗਿਆ ਹੈ, ਮੈਨੂੰ ਪਰਮਾਤਮਾ ਮਿਲ ਗਿਆ ਹੈ ।੨।
My marriage has been performed, O my father. As Gurmukh, I have found the Lord. ||2||
ਹਰਿ ਸਤਿ ਸਤੇ ਮੇਰੇ ਬਾਬੁਲਾ ਹਰਿ ਜਨ ਮਿਲਿ ਜੰਞ ਸੁਹੰਦੀ ॥
ਹੇ ਮੇਰੇ ਪਿਤਾ ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ
The Lord is the Truest of the True, O my father. Meeting with the humble servants of the Lord, the marriage procession looks beautiful.
ਪੇਵਕੜੈ ਹਰਿ ਜਪਿ ਸੁਹੇਲੀ ਵਿਚਿ ਸਾਹੁਰੜੈ ਖਰੀ ਸੋਹੰਦੀ ॥
(ਜੀਵ-ਇਸਤ੍ਰੀ ਇਹਨਾਂ ਸਤਸੰਗੀਆਂ ਵਿਚ ਰਹਿ ਕੇ) ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਪਰਮਾਤਮਾ ਦਾ ਨਾਮ ਜਪ ਕੇ ਸੁਖੀ ਜੀਵਨ ਬਤੀਤ ਕਰਦੀ ਹੈ, ਤੇ ਪਰਲੋਕ ਵਿਚ ਭੀ ਬਹੁਤ ਸੋਭਾ ਪਾਂਦੀ ਹੈ
She who chants the Lord's Name is happy in this world of her father's home, and in the next world of her Husband Lord, she shall be very beautiful.
ਸਾਹੁਰੜੈ ਵਿਚਿ ਖਰੀ ਸੋਹੰਦੀ ਜਿਨਿ ਪੇਵਕੜੈ ਨਾਮੁ ਸਮਾਲਿਆ ॥
ਇਹ ਯਕੀਨ ਜਾਣੋ ਕਿ) ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹ ਪਰਲੋਕ ਵਿਚ (ਜ਼ਰੂਰ) ਸੋਭਾ ਖੱਟਦੀ ਹੈ
In her Husband Lord's Celestial Home, she shall be most beautiful, if she has remembered the Naam in this world.
ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ ਜਿਨਾ ਮਨੁ ਜਿਣਿ ਪਾਸਾ ਢਾਲਿਆ ॥
ਗੁਰੂ ਦੀ ਸਰਨ ਪੈ ਕੇ ਉਹਨਾਂ ਜੀਵ-ਇਸਤ੍ਰੀਆਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਮਨ ਜਿੱਤ ਕੇ (ਵੱਸ ਵਿਚ ਲਿਆ ਕੇ) ਚੌਪੜ-ਰੂਪ ਇਹ ਜੀਵਨ-ਖੇਡ ਖੇਡੀ ਹੈ ।
Fruitful are the lives of those who, as Gurmukh, have conquered their minds-they have won the game of life.
ਹਰਿ ਸੰਤ ਜਨਾ ਮਿਲਿ ਕਾਰਜੁ ਸੋਹਿਆ ਵਰੁ ਪਾਇਆ ਪੁਰਖੁ ਅਨੰਦੀ ॥
ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਨਾਲ ਮਿਲ ਕੇ ਪਰਮਾਤਮਾ-ਪਤੀ ਨਾਲ ਸੋਹਣਾ ਮਿਲਾਪ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਤੇ ਆਨੰਦ ਦਾ ਸੋਮਾ ਖਸਮ-ਪ੍ਰਭੂ ਮਿਲ ਪੈਂਦਾ ਹੈ
Joining with the humble Saints of the Lord, my actions bring prosperity, and I have obtained the Lord of Bliss as my Husband.
ਹਰਿ ਸਤਿ ਸਤਿ ਮੇਰੇ ਬਾਬੋਲਾ ਹਰਿ ਜਨ ਮਿਲਿ ਜੰਞ ਸੋੁਹੰਦੀ ॥੩॥
ਹੇ ਮੇਰੇ ਪਿਤਾ ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ ।੩।
The Lord is the Truest of the True, O my father. Joining with the humble servants of the Lord, the marriage party has been embellished. ||3||
ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥
ਹੇ ਮੇਰੇ ਪਿਤਾ ! (ਮੈਂ ਤੈਥੋਂ ਦਾਜ ਮੰਗਦੀ ਹਾਂ) ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ
O my father, give me the Name of the Lord God as my wedding gift and dowry.
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥
ਮੈਨੂੰ ਹਰੀ ਦਾ ਨਾਮ ਹੀ (ਦਾਜ ਦੇ) ਕੱਪੜੇ ਦੇਹ, ਮੈਨੂੰ ਹਰੀ ਦਾ ਨਾਮ ਹੀ (ਦਾਜ ਦੇ ਗਹਿਣੇ ਆਦਿਕ) ਧਨ ਦੇਹ, ਇਸੇ ਦਾਜ ਨਾਲ ਮੇਰਾ (ਪ੍ਰਭੂ-ਪਤੀ ਨਾਲ) ਵਿਆਹ ਸੋਹਣਾ ਲੱਗਣ ਲੱਗ ਪਏ ।
Give me the Lord as my wedding gown, and the Lord as my glory, to accomplish my works.
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥
ਪਰਮਾਤਮਾ ਦੀ ਭਗਤੀ ਨਾਲ ਹੀ (ਪਰਮਾਤਮਾ ਨਾਲ) ਵਿਆਹ ਦਾ ਉੱਦਮ ਸੁਖਦਾਈ ਬਣਦਾ ਹੈ । (ਜਿਸ ਜੀਵ-ਮੁਟਿਆਰ ਨੂੰ) ਗੁਰੂ ਨੇ ਸਤਿਗੁਰੂ ਨੇ ਇਹ ਦਾਨ (ਇਹ ਦਾਜ) ਦਿਵਾਇਆ ਹੈ
Through devotional worship to the Lord, this ceremony is made blissful and beautiful; the Guru, the True Guru, has given this gift.
ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥
ਹਰੀ-ਨਾਮ ਦੇ ਦਾਜ ਨਾਲ ਉਸ ਦੀ ਸੋਭਾ (ਉਸ ਦੇ) ਦੇਸ ਵਿਚ ਸੰਸਾਰ ਵਿਚ ਹੋ ਜਾਂਦੀ ਹੈ । ਇਹ ਦਾਜ ਐਸਾ ਹੈ ਕਿ ਇਸ ਨਾਲ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ
Across the continents, and throughout the Universe, the Lord's Glory is pervading. This gift is not diminished by being diffused among all.
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੋਰ ਬੰਦੇ ਜਿਹੜਾ ਦਾਜ ਰੱਖ ਕੇ ਵਿਖਾਲਦੇ ਹਨ (ਵਿਖਾਲਾ ਪਾਂਦੇ ਹਨ) ਉਹ ਝੂਠਾ ਅਹੰਕਾਰ (ਪੈਦਾ ਕਰਨ ਵਾਲਾ) ਹੈ ਉਹ ਕੱਚ (ਸਮਾਨ) ਹੈ, ਉਹ (ਨਿਰਾ) ਵਿਖਾਵਾ ਹੀ ਹੈ
Any other dowry, which the self-willed manmukhs offer for show, is only false egotism and a worthless display.
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥੪॥
ਹੇ ਮੇਰੇ ਪਿਤਾ ! ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ ।੪।
O my father, please give me the Name of the Lord God as my wedding gift and dowry. ||4||
ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ ॥
ਹੇ ਮੇਰੇ ਪਿਤਾ ! ਹਰੀ-ਪਤੀ ਨਾਲ ਰਾਮ ਪਤੀ ਨਾਲ ਮਿਲ ਕੇ ਜੀਵ-ਇਸਤ੍ਰੀ ਦੀ ਪੀੜ੍ਹੀ ਚੱਲ ਪੈਂਦੀ ਹੈ
The Lord, Raam, Raam, is All-pervading, O my father. Meeting her Husband Lord, the soul-bride blossoms forth like the flourishing vine.
ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ ਸਦ ਪੀੜੀ ਗੁਰੂ ਚਲੰਦੀ ॥
ਅਨੇਕਾਂ ਜੁਗਾਂ ਤੋਂ ਸਦਾ ਤੋਂ ਹੀ ਗੁਰੂ ਦੀ ਪ੍ਰਭੂ-ਪਤੀ ਦੀ ਪੀੜ੍ਹੀ ਚਲੀ ਆਉਂਦੀ ਹੈ । ਹਰੇਕ ਜੁਗ ਵਿਚ ਸਤਿਗੁਰੂ ਦੀ ਪੀੜ੍ਹੀ (ਨਾਦੀ ਸੰਤਾਨ) ਚੱਲ ਪੈਂਦੀ ਹੈ
In age after age, through all the ages, forever and ever, those who belong to the Guru's Family shall prosper and increase.
ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ ॥
ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ (ਉਹ ਗੁਰੂ ਦੀ ਪੀੜ੍ਹੀ ਹਨ, ਉਹ ਗੁਰੂ ਦੀ ਨਾਦੀ ਸੰਤਾਨ ਹਨ)
Age after age, the Family of the True Guru shall increase. As Gurmukh, they meditate on the Naam, the Name of the Lord.
ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ ॥
ਪਰਮਾਤਮਾ ਐਸਾ ਪਤੀ ਹੈ, ਜੋ ਕਦੇ ਭੀ ਨਾਸ਼ ਨਹੀਂ ਹੰੁਦਾ, ਜੋ ਕਦੇ ਭੀ ਨਹੀਂ ਮਰਦਾ । ਉਹ ਸਦਾ ਦਾਤਾਂ ਬਖ਼ਸ਼ਦਾ ਹੈ, ਉਸ ਦੀ ਦਾਤਿ ਸਦਾ ਵਧਦੀ ਰਹਿੰਦੀ ਹੈ
The Almighty Lord never dies or goes away. Whatever He gives, keeps on increasing.
ਨਾਨਕ ਸੰਤ ਸੰਤ ਹਰਿ ਏਕੋ ਜਪਿ ਹਰਿ ਹਰਿ ਨਾਮੁ ਸੋਹੰਦੀ ॥
ਹੇ ਨਾਨਕ ! ਭਗਤ ਜਨ ਤੇ ਭਗਤਾਂ ਦਾ (ਪਿਆਰਾ) ਪ੍ਰਭੂ ਇਕ-ਰੂਪ ਹਨ । ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ-ਇਸਤ੍ਰੀ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ
O Nanak, the One Lord is the Saint of Saints. Chanting the Name of the Lord, Har, Har, the soul-bride is bountiful and beautiful.
ਹਰਿ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲਿ ਧਨ ਵੇਲ ਵਧੰਦੀ ॥੫॥੧॥
ਹੇ ਮੇਰੇ ਪਿਤਾ ! ਹਰੀ-ਪਤੀ ਨਾਲ ਰਾਮ ਪਤੀ ਨਾਲ ਮਿਲਕੇ ਜੀਵ-ਇਸਤ੍ਰੀ ਦੀ ਪੀੜ੍ਹੀ ਚੱਲ ਪੈਂਦੀ ਹੈ (ਭਾਵ, ਉਸ ਦੀ ਸੰਗਤਿ ਵਿਚ ਰਹਿ ਕੇ ਹੋਰ ਅਨੇਕਾਂ ਜੀਵ ਸਿਮਰਨ ਦੇ ਰਾਹੇ ਪੈ ਜਾਂਦੇ ਹਨ) ।੫।੧।
The Lord, Raam, Raam, is All-pervading, O my father. Meeting her Husband Lord, the soul-bride blossoms forth like the flourishing vine. ||5||1||