ਗੂਜਰੀ ਮਹਲਾ ੩ ॥
Goojaree, Third Mehl:
ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥
ਹੇ ਭਾਈ! ਸਿਰਫ਼ ਪਰਮਾਤਮਾ ਦੀ ਸੇਵਾ-ਭਗਤੀ ਕਰੋ ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ ਸੇਵਾ-ਪੂਜਾ ਨਾਹ ਕਰੋ ।
Serve the Lord; do not serve anyone else.
ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ ॥੧॥
ਪਰਮਾਤਮਾ ਦੀ ਸੇਵਾ ਭਗਤੀ ਕੀਤਿਆਂ ਮਨ-ਇੱਛਤ ਫਲ ਪਾ ਲਈਦਾ ਹੈ, ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ ਪੂਜਾ ਨਾਲ ਆਪਣੀ ਜ਼ਿੰਦਗੀ ਹੀ ਵਿਅਰਥ ਚਲੀ ਜਾਂਦੀ ਹੈ ।੧।
Serving the Lord, you shall obtain the fruits of your heart's desires; serving another, your life shall pass away in vain. ||1||
ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇਰੀ ਕਥਾ ਕਹਾਨੀ ਜੀ ॥
ਹੇ ਭਾਈ! ਪਰਮਾਤਮਾ ਨਾਲ ਪਿਆਰ ਮੇਰੀ ਜੀਵਨ-ਜੁਗਤਿ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੇਰੇ ਵਾਸਤੇ ਮਨ-ਪਰਚਾਵੇ ਦੀਆਂ ਗੱਲਾਂ ਹਨ ।
The Lord is my Love, the Lord is my way of life, the Lord is my speech and conversation.
ਗੁਰ ਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ ॥੧॥ ਰਹਾਉ ॥
ਬੱਸ! ਮੈਨੂੰ ਇਹੀ ਸੇਵਾ-ਭਗਤੀ ਚੰਗੀ ਲੱਗਦੀ ਹੈ ਕਿ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਪਰਮਾਤਮਾ ਦੀ ਯਾਦ ਵਿਚ ਗਿੱਝ ਜਾਏ ।੧।ਰਹਾਉ।
By Guru's Grace, my mind is saturated with the Lord's Love; this is what makes up my service. ||1||Pause||
ਹਰਿ ਮੇਰਾ ਸਿਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪੁ ਹਰਿ ਮੇਰਾ ਭਾਈ ॥
ਹੇ ਭਾਈ! ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਸਿਮ੍ਰਿਤੀਆਂ ਦੀ ਮਰਯਾਦਾ ਹੈ ਤੇ ਸ਼ਾਸਤ੍ਰਾਂ ਦੀ ਵਿਚਾਰ ਹੈ, ਪਰਮਾਤਮਾ ਹੀ ਮੇਰਾ ਰਿਸ਼ਤੇਦਾਰ ਹੈ, ਪਰਮਾਤਮਾ ਹੀ ਮੇਰਾ ਭਰਾ-ਭਾਈ ਹੈ ।
The Lord is my Simritees, the Lord is my Shaastras; the Lord is my relative and the Lord is my brother.
ਹਰਿ ਕੀ ਮੈ ਭੂਖ ਲਾਗੈ ਹਰਿ ਨਾਮਿ ਮੇਰਾ ਮਨੁ ਤ੍ਰਿਪਤੈ ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ ॥੨॥
ਪਰਮਾਤਮਾ ਦੇ ਸਿਮਰਨ ਦੀ ਮੈਨੂੰ ਭੁੱਖ ਲੱਗਦੀ ਹੈ (ਮੇਰੀ ਆਤਮਕ ਜ਼ਿੰਦਗੀ ਦੇ ਕਾਇਮ ਰਹਿਣ ਵਾਸਤੇ ਮੈਨੂੰ ਸਿਮਰਨ ਦੀ ਖ਼ੁਰਾਕ ਦੀ ਲੋੜ ਪੈਂਦੀ ਹੈ), ਪਰਮਾਤਮਾ ਦੇ ਨਾਮ ਵਿਚ ਜੁੜਿਆਂ ਮੇਰਾ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ । ਪਰਮਾਤਮਾ ਮੇਰਾ ਸੰਬੰਧੀ ਹੈ, ਪਰਮਾਤਮਾ ਹੀ ਮੇਰਾ ਅੰਤ ਵੇਲੇ ਦਾ ਸਾਥੀ ਹੈ ।੧।
I am hungry for the Lord; my mind is satisfied with the Name of the Lord. The Lord is my relation, my helper in the end. ||2||
ਹਰਿ ਬਿਨੁ ਹੋਰ ਰਾਸਿ ਕੂੜੀ ਹੈ ਚਲਦਿਆ ਨਾਲਿ ਨ ਜਾਈ ॥
(ਹੇ ਭਾਈ! ਦੁਨੀਆ ਦੇ ਧਨ ਪਦਾਰਥ ਦਾ ਕੀਹ ਮਾਣ? ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਰਮਾਇਆ ਝੂਠਾ ਹੈ, (ਜਗਤ ਤੋਂ) ਤੁਰਨ ਵੇਲੇ (ਮਨੁੱਖ ਦੇ) ਨਾਲ ਨਹੀਂ ਜਾਂਦਾ ।
Without the Lord, other assets are false. They do not go with the mortal when he departs.
ਹਰਿ ਮੇਰਾ ਧਨੁ ਮੇਰੈ ਸਾਥਿ ਚਾਲੈ ਜਹਾ ਹਉ ਜਾਉ ਤਹ ਜਾਈ ॥੩॥
(ਸੋ,) ਪਰਮਾਤਮਾ ਦਾ ਨਾਮ ਹੀ ਮੇਰਾ ਧਨ ਹੈ, ਇਹ ਧਨ ਮੇਰੇ ਨਾਲ ਸਾਥ ਕਰਦਾ ਹੈ, ਮੈਂ ਜਿਥੇ ਭੀ ਜਾਂਦਾ ਹਾਂ ਇਹ ਧਨ ਮੇਰੇ ਨਾਲ ਜਾਂਦਾ ਹੈ ।੩।
The Lord is my wealth, which shall go with me; wherever I go, it will go. ||3||
ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ॥
ਹੇ ਭਾਈ! ਜੇਹੜਾ ਮਨੁੱਖ ਨਾਲ ਨਾਹ ਨਿਭਣ ਵਾਲੇ ਪਦਾਰਥਾਂ ਵਿਚ ਪ੍ਰੀਤਿ ਪਾਈ ਰੱਖਦਾ ਹੈ, ਉਸ ਦਾ ਜੀਵਨ ਹੀ ਉਹਨਾਂ ਪਦਾਰਥਾਂ ਨਾਲ ਇਕ-ਮਿਕ ਹੋ ਜਾਂਦਾ ਹੈ, ਉਹ ਨਿਤ ਉਹਨਾਂ ਨਾਸਵੰਤ ਪਦਾਰਥਾਂ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ ।
One who is attached to falsehood is false; false are the deeds he does.
ਕਹੈ ਨਾਨਕੁ ਹਰਿ ਕਾ ਭਾਣਾ ਹੋਆ ਕਹਣਾ ਕਛੂ ਨ ਜਾਈ ॥੪॥੨॥੪॥
(ਪਰ) ਨਾਨਕ ਆਖਦੇ ਹਨ—ਇਹ ਪਰਮਾਤਮਾ ਦੀ ਰਜ਼ਾ ਹੀ ਹੈ (ਕਿ ਕੋਈ ਹਰਿ-ਨਾਮ ਵਿਚ ਮਸਤ ਹੈ ਤੇ ਕੋਈ ਝੂਠੇ ਪਦਾਰਥਾਂ ਵਿਚ ਲੱਗਾ ਪਿਆ ਹੈ), ਇਸ ਰਜ਼ਾ ਨੂੰ ਚੰਗਾ ਜਾਂ ਮੰਦਾ ਨਹੀਂ ਆਖਿਆ ਜਾ ਸਕਦਾ ।੪।੨।੪।
Says Nanak, everything happens according to the Will of the Lord; no one has any say in this at all. ||4||2||4||