ਸਿਰੀਰਾਗੁ ਮਹਲਾ ੩ ॥
Siree Raag, Third Mehl:
ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਨ ਪਾਇ ॥
ਗੁਰੂ ਦੀ ਸਰਨ ਪਿਆਂ (ਹੀ) ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਆਪਣੇ ਮਨ ਦੇ ਪਿੱਛੇ ਤੁਰਿਆਂ (ਸਿਮਰਨ ਦੀ) ਸੂਝ ਨਹੀਂ ਪੈਂਦੀ
The Gurmukhs meditate on the Naam; the self-willed manmukhs do not understand.
ਗੁਰਮੁਖਿ ਸਦਾ ਮੁਖ ਊਜਲੇ ਹਰਿ ਵਸਿਆ ਮਨਿ ਆਇ ॥
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ (ਲੋਕ ਪਰਲੋਕ ਵਿਚ) ਸਦਾ ਸੁਰਖ਼ਰੂ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ (ਤੇ ਉਹਨਾਂ ਦੇ ਅੰਦਰ ਆਤਮਕ ਅਡੋਲਤਾ ਬਣ ਜਾਂਦੀ ਹੈ)
The faces of the Gurmukhs are always radiant; the Lord has come to dwell within their minds.
ਸਹਜੇ ਹੀ ਸੁਖੁ ਪਾਈਐ ਸਹਜੇ ਰਹੈ ਸਮਾਇ ॥੧॥
ਆਤਮਕ ਅਡੋਲਤਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ । (ਗੁਰੂ ਦੀ ਸਰਨ ਪਿਆਂ ਮਨੁੱਖ ਸਦਾ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ।੧।
Through intuitive understanding they are at peace, and through intuitive understanding they remain absorbed in the Lord. ||1||
ਭਾਈ ਰੇ ਦਾਸਨਿ ਦਾਸਾ ਹੋਇ ॥
ਹੇ ਭਾਈ ! ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ
O Siblings of Destiny, be the slaves of the Lord's slaves.
ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ ॥੧॥ ਰਹਾਉ ॥
ਇਹੀ ਹੈ ਗੁਰੂ ਦੀ (ਦੱਸੀ) ਸੇਵਾ, ਇਹ ਹੈ ਗੁਰੂ ਦੀ (ਦੱਸੀ) ਭਗਤੀ । (ਇਹ ਦਾਤਿ) ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਮਿਲਦੀ ਹੈ ।੧।ਰਹਾਉ।
Service to the Guru is worship of the Guru. How rare are those who obtain it! ||1||Pause||
ਸਦਾ ਸੁਹਾਗੁ ਸੁਹਾਗਣੀ ਜੇ ਚਲਹਿ ਸਤਿਗੁਰ ਭਾਇ ॥
ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿਚ (ਟਿਕ ਕੇ ਜੀਵਨ-ਰਾਹ ਤੇ) ਤੁਰਦੀਆਂ ਹਨ, ਉਹ ਪਰਮਾਤਮਾ-ਪਤੀ ਦੀ ਪ੍ਰਸੰਨਤਾ ਦੀ ਸੁਭਾਗਤਾ ਵਾਲੀਆਂ ਬਣ ਜਾਂਦੀਆਂ ਹਨ, ਉਹਨਾਂ ਦੀ ਇਹ ਸੁਭਾਗਤਾ ਸਦਾ ਕਾਇਮ ਰਹਿੰਦੀ
The happy soul-bride is always with her Husband Lord, if she walks in harmony with the Will of the True Guru.
ਸਦਾ ਪਿਰੁ ਨਿਹਚਲੁ ਪਾਈਐ ਨਾ ਓਹੁ ਮਰੈ ਨ ਜਾਇ ॥
(ਗੁਰੂ ਦੀ ਸਰਨ ਪਿਆਂ) ਉਹ ਪਤੀ-ਪ੍ਰਭੂ ਮਿਲ ਪੈਂਦਾ ਹੈ ਜੋ ਸਦਾ ਅਟੱਲ ਹੈ, ਜੋ ਨਾਹ ਮਰਦਾ ਹੈ ਨਾਹ ਕਦੇ ਜੰਮਦਾ ਹੈ
She attains her Eternal, Ever-stable Husband, who never dies or goes away.
ਸਬਦਿ ਮਿਲੀ ਨਾ ਵੀਛੁੜੈ ਪਿਰ ਕੈ ਅੰਕਿ ਸਮਾਇ ॥੨॥
ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਵਿਚ ਮਿਲਦੀ ਹੈ, ਉਹ ਮੁੜ ਉਸ ਤੋਂ ਵਿੱਛੁੜਦੀ ਨਹੀਂ, ਉਹ ਸਦਾ ਪ੍ਰਭੂ-ਪਤੀ ਦੀ ਗੋਦ ਵਿਚ ਸਮਾਈ ਰਹਿੰਦੀ ਹੈ ।੨।
United with the Word of the Shabad, she shall not be separated again. She is immersed in the Lap of her Beloved. ||2||
ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ ॥
ਪਰਮਾਤਮਾ ਪਵਿਤ੍ਰ-ਸਰੂਪ ਹੈ, ਬਹੁਤ ਹੀ ਪਵਿਤ੍ਰ-ਸਰੂਪ ਹੈ, ਗੁਰੂ ਦੀ ਸਰਨ ਤੋਂ ਬਿਨਾ ਉਸ ਨਾਲ ਮਿਲਾਪ ਨਹੀਂ ਹੋ ਸਕਦਾ
The Lord is Immaculate and Radiantly Bright; without the Guru, He cannot be found.
ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥
(ਜੇਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ) ਨਿਰਾ ਪਾਠ (ਹੀ) ਪੜ੍ਹਦਾ ਹੈ, (ਉਹ ਇਸ ਭੇਤ ਨੂੰ) ਨਹੀਂ ਸਮਝਦਾ, (ਨਿਰੇ) ਧਾਰਮਿਕ ਭੇਖਾਂ ਨਾਲ (ਸਗੋਂ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ
He cannot be understood by reading scriptures; the deceitful pretenders are deluded by doubt.
ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ ॥੩॥
ਗੁਰੂ ਦੀ ਮਤਿ ਤੇ ਤੁਰ ਕੇ ਹੀ ਸਦਾ ਪਰਮਾਤਮਾ ਮਿਲਦਾ ਹੈ, ਤੇ (ਮਨੁੱਖ ਦੀ) ਜੀਭ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕਿਆ ਰਹਿੰਦਾ ਹੈ ।੩।
Through the Guru's Teachings, the Lord is always found, and the tongue is permeated with the Sublime Essence of the Lord. ||3||
ਮਾਇਆ ਮੋਹੁ ਚੁਕਾਇਆ ਗੁਰਮਤੀ ਸਹਜਿ ਸੁਭਾਇ ॥
(ਜੇਹੜਾ ਮਨੁੱਖ) ਗੁਰੂ ਦੀ ਮਤਿ ਅਨੁਸਾਰ (ਤੁਰਦਾ ਹੈ ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਮੁਕਾ ਲੈਂਦਾ ਹੈ (ਉਹ) ਆਤਮਕ ਅਡੋਲਤਾ ਵਿਚ (ਟਿਕ ਜਾਂਦਾ ਹੈ, ਉਹ ਪ੍ਰਭੂ ਦੇ) ਪ੍ਰੇਮ ਵਿਚ (ਲੀਨ ਰਹਿਂਦਾ ਹੈ)
Emotional attachment to Maya is shed with intuitive ease, through the Guru's Teachings.
ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੋ ਗਈ ਖਾਇ ॥
ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਮਾਇਆ ਦੇ ਮੋਹ ਦੇ ਕਾਰਨ) ਦੁਖੀ ਫਿਰਦਾ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਗ੍ਰਸੀ ਰੱਖਦੀ ਹੈ ।
Without the Shabad, the world wanders lost in pain. The self-willed manmukh is consumed.
ਸਬਦੇ ਨਾਮੁ ਧਿਆਈਐ ਸਬਦੇ ਸਚਿ ਸਮਾਇ ॥੪॥
(ਹੇ ਭਾਈ !) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕੀਦਾ ਹੈ ।੪।
Through the Shabad, meditate on the Naam; through the Shabad, you shall merge in Truth. ||4||
ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ ॥
(ਸਾਧਾਰਨ ਬੰਦੇ ਤਾਂ ਕਿਤੇ ਰਹੇ, ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਭੀ ਮਾਇਆ ਦੇ ਪ੍ਰਭਾਵ ਹੇਠ ਕੁਰਾਹੇ ਪਏ ਭਟਕਦੇ ਫਿਰਦੇ ਹਨ, ਪ੍ਰਭੂ-ਪ੍ਰੇਮ ਵਿਚ ਉਹਨਾਂ ਦੀ ਸੁਰਤਿ ਨਹੀਂ ਜੁੜਦੀ
The Siddhas wander around, deluded by Maya; they are not absorbed in the Samaadhi of the Lord's Sublime Love.
ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ ॥
ਇਹ ਮਾਇਆ ਤਿੰਨਾਂ ਭਵਨਾਂ ਵਿਚ ਹੀ ਗ਼ਲਬਾ ਪਾ ਰਹੀ ਹੈ, (ਸਭ ਜੀਵਾਂ ਨੂੰ ਹੀ) ਬਹੁਤ ਚੰਬੜੀ ਹੋਈ ਹੈ
The three worlds are permeated by Maya; they are totally covered by it.
ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ ॥੫॥
(ਹੇ ਭਾਈ !) ਗੁਰੂ ਦੀ ਸਰਨ ਤੋਂ ਬਿਨਾਂ (ਮਾਇਆ ਤੋਂ) ਖਲਾਸੀ ਨਹੀਂ ਮਿਲ ਸਕਦੀ, ਮਾਇਆ ਦੇ ਪ੍ਰਭਾਵ ਦੇ ਕਾਰਨ ਪੈਦਾ ਹੋਇਆ ਵਿਤਕਰਾ ਭੀ ਦੂਰ ਨਹੀਂ ਹੁੰਦਾ ।੫।
Without the Guru, liberation is not attained, and the double-mindedness of Maya does not go away. ||5||
ਮਾਇਆ ਕਿਸ ਨੋ ਆਖੀਐ ਕਿਆ ਮਾਇਆ ਕਰਮ ਕਮਾਇ ॥
(ਜੇ ਪੁੱਛੋ ਕਿ) ਮਾਇਆ ਕਿਸ ਚੀਜ਼ ਦਾ ਨਾਮ ਹੈ ? (ਮਾਇਆ ਦਾ ਕੀਹ ਸਰੂਪ ਹੈ ? ਜੀਵਾਂ ਉੱਤੇ ਪ੍ਰਭਾਵ ਪਾ ਕੇ ਉਹਨਾਂ ਦੀ ਰਾਹੀਂ) ਮਾਇਆ ਕੇਹੜੇ ਕੰਮ ਕਰਦੀ ਹੈ ?
What is called Maya? What does Maya do?
ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ ॥
(ਤਾਂ ਉੱਤਰ ਇਹ ਹੈ ਕਿ ਮਾਇਆ ਦੇ ਪ੍ਰਭਾਵ ਹੇਠ) ਇਹ ਜੀਵ ਦੁੱਖ (ਦੀ ਨਿਵਿਰਤੀ) ਵਿਚ ਤੇ ਸੁਖ (ਦੀ ਲਾਲਸਾ) ਵਿਚ ਬੱਝਾ ਰਹਿੰਦਾ ਹੈ, ਤੇ ‘ਮੈਂ ਵੱਡਾ ਹਾਂ ਮੈਂ ਵੱਡਾ ਬਣ ਜਾਵਾਂ’ ਦੀ ਪ੍ਰੇਰਨਾ ਵਿਚ ਹੀ ਸਾਰੇ ਕੰਮ ਕਰਦਾ ਹੈ
These beings are bound by pleasure and pain; they do their deeds in egotism.
ਬਿਨੁ ਸਬਦੈ ਭਰਮੁ ਨ ਚੂਕਈ ਨਾ ਵਿਚਹੁ ਹਉਮੈ ਜਾਇ ॥੬॥
ਗੁਰੂ ਦੇ ਸ਼ਬਦ ਤੋਂ ਬਿਨਾ ਜੀਵ ਦੀ ਇਹ ਭਟਕਣਾ ਮੁੱਕਦੀ ਨਹੀਂ, ਨਾਹ ਹੀ ਇਸ ਦੇ ਅੰਦਰੋਂ ਮੈਂ-ਮੇਰੀ ਦੀ ਪ੍ਰੇਰਨਾ ਦੂਰ ਹੁੰਦੀ ਹੈ ।੬।
Without the Shabad, doubt is not dispelled, and egotism is not eliminated from within. ||6||
ਬਿਨੁ ਪ੍ਰੀਤੀ ਭਗਤਿ ਨ ਹੋਵਈ ਬਿਨੁ ਸਬਦੈ ਥਾਇ ਨ ਪਾਇ ॥
ਗੁਰੂ ਦੇ ਸ਼ਬਦ ਤੋਂ ਬਿਨਾ (ਮਨੁੱਖ ਦੇ ਅੰਦਰ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਨਹੀਂ ਹੁੰਦੀ, ਤੇ) ਪ੍ਰੀਤਿ ਤੋਂ ਬਿਨਾ (ਜੀਵ ਪਾਸੋਂ) ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ ਦਰ ਤੇ) ਜੀਵ ਕਬੂਲ ਨਹੀਂ ਹੁੰਦਾ
Without love, there is no devotional worship. Without the Shabad, no one finds acceptance.
ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ ॥
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ (ਮਨ ਵਿਚੋਂ) ਮਾਰੀ ਜਾ ਸਕਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ ਦੂਰ ਹੁੰਦੀ ਹੈ
Through the Shabad, egotism is conquered and subdued, and the illusion of Maya is dispelled.
ਨਾਮੁ ਪਦਾਰਥੁ ਪਾਈਐ ਗੁਰਮੁਖਿ ਸਹਜਿ ਸੁਭਾਇ ॥੭॥
ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ (ਕੀਮਤੀ ਪਦਾਰਥ) ਮਿਲਦਾ ਹੈ, ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਸਮਾਈ ਹੁੰਦੀ ਹੈ ।੭।
The Gurmukh obtains the Treasure of the Naam with intuitive ease. ||7||
ਬਿਨੁ ਗੁਰ ਗੁਣ ਨ ਜਾਪਨੀ ਬਿਨੁ ਗੁਣ ਭਗਤਿ ਨ ਹੋਇ ॥
ਗੁਰੂ ਦੀ ਸਰਨ ਤੋਂ ਬਿਨਾ ਉੱਚੇ ਆਤਮਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ, ਤੇ, ਆਤਮਕ ਜੀਵਨ ਵਾਲੇ ਗੁਣਾਂ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ
Without the Guru, one's virtues do not shine forth; without virtue, there is no devotional worship.
ਭਗਤਿ ਵਛਲੁ ਹਰਿ ਮਨਿ ਵਸਿਆ ਸਹਜਿ ਮਿਲਿਆ ਪ੍ਰਭੁ ਸੋਇ ॥
(ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ) ਆਤਮਕ ਅਡੋਲਤਾ ਵਿਚ ਟਿਕਿਆਂ ਉਹ ਪ੍ਰਭੂ ਮਿਲ ਪੈਂਦਾ ਹੈ
The Lord is the Lover of His devotees; He abides within their minds. They meet that God with intuitive ease.
ਨਾਨਕ ਸਬਦੇ ਹਰਿ ਸਾਲਾਹੀਐ ਕਰਮਿ ਪਰਾਪਤਿ ਹੋਇ ॥੮॥੪॥੨੧॥
ਹੇ ਨਾਨਕ ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤਿ ਸਾਲਾਹ ਕੀਤੀ ਜਾ ਸਕਦੀ ਹੈ । (ਪਰ ਇਹ ਦਾਤਿ) ਉਸ ਦੀ ਮਿਹਰ ਨਾਲ ਹੀ ਮਿਲਦੀ ਹੈ ।੮।੪।੨੧।
O Nanak, through the Shabad, praise the Lord. By His Grace, He is obtained. ||8||4||21||