ਸਿਰੀਰਾਗੁ ਮਹਲਾ ੩ ॥
Siree Raag, Third Mehl:
ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ॥
ਜੇਹੜਾ ਜੀਵ-ਪੰਛੀ ਇਸ ਸਰੀਰ-ਰੁੱਖ ਵਿਚ ਬੈਠਾ ਹੋਇਆ ਗੁਰੂ ਦੇ ਪ੍ਰੇਮ ਵਿਚ ਰਹਿ ਕੇ ਸਦਾ-ਥਿਰ ਪ੍ਰਭੂ ਦਾ ਨਾਮ‑ਚੋਗਾ ਚੁਗਦਾ ਹੈ, ਉਹ ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ
The soul-bird in the beautiful tree of the body pecks at Truth, with love for the Guru.
ਹਰਿ ਰਸੁ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ ॥
ਉਹ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ (ਮਾਇਕ ਪਦਾਰਥਾਂ ਦੇ ਚੋਗੇ ਵਲ) ਭਟਕਦਾ ਨਹੀਂ ਫਿਰਦਾ, (ਇਸ ਵਾਸਤੇ) ਜਨਮ ਮਰਨ ਦੇ ਗੇੜ ਤੋਂ ਬਚਿਆ ਰਹਿੰਦਾ ਹੈ
She drinks in the Sublime Essence of the Lord, and abides in intuitive ease; she does not fly around coming and going.
ਨਿਜ ਘਰਿ ਵਾਸਾ ਪਾਇਆ ਹਰਿ ਹਰਿ ਨਾਮਿ ਸਮਾਇ ॥੧॥
ਉਸ ਨੂੰ ਆਪਣੇ (ਅਸਲ) ਘਰ ਵਿਚ (ਪ੍ਰਭੂ-ਚਰਨਾਂ ਵਿਚ) ਨਿਵਾਸ ਮਿਲਿਆ ਰਹਿੰਦਾ ਹੈ, ਉਹ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ।੧।
She obtains her home within her own heart; she is absorbed into the Name of the Lord, Har, Har. ||1||
ਮਨ ਰੇ ਗੁਰ ਕੀ ਕਾਰ ਕਮਾਇ ॥
ਹੇ ਮੇਰੇ ਮਨ ! ਗੁਰੂ ਦੀ ਦੱਸੀ ਕਾਰ ਕਰ
O mind, work to serve the Guru.
ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥੧॥ ਰਹਾਉ ॥
ਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ, ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੇਂਗਾ ।੧।ਰਹਾਉ।
If you walk in harmony with the Guru's Will, you shall remain immersed in the Lord's Name, night and day. ||1||Pause||
ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥
ਜੇਹੜੇ ਜੀਵ-ਪੰਛੀ (ਆਪੋ ਆਪਣੇ) ਸਰੀਰ ਰੁੱਖਾਂ ਉੱਤੇ (ਬੈਠੇ ਵੇਖਣ ਨੂੰ ਤਾਂ) ਸੋਹਣੇ ਲੱਗਦੇ ਹਨ (ਪਰ ਮਾਇਕ ਪਦਾਰਥਾਂ ਦੇ ਚੋਗੇ ਪਿੱਛੇ) ਉੱਡਦੇ ਫਿਰਦੇ ਹਨ, ਚੌਹੀਂ ਪਾਸੀਂ ਭਟਕਦੇ ਹਨ,
The birds in the beautiful trees fly around in all four directions.
ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥
ਉਹ ਜਿਤਨਾ ਹੀ (ਚੋਗੇ ਪਿੱਛੇ) ਉੱਡਦੇ ਹਨ, ਉਤਨਾ ਹੀ ਵਧੀਕ ਦੁੱਖ ਸਹਾਰਦੇ ਹਨ, ਸਦਾ ਖਿੱਝਦੇ ਹਨ ਤੇ ਵਿਲਕਦੇ ਹਨ
The more they fly around, the more they suffer; they burn and cry out in pain.
ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥੨॥
ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ (ਪਰਮਾਤਮਾ ਦਾ) ਟਿਕਾਣਾ ਦਿੱਸਦਾ ਨਹੀਂ, ਨਾਹ ਹੀ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਸਕਦੇ ਹਨ ।੨।
Without the Guru, they do not find the Mansion of the Lord's Presence, and they do not obtain the Ambrosial Fruit. ||2||
ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਉਹ, ਮਾਨੋ, ਇਕ ਹਰਾ-ਭਰਾ ਰੁੱਖ ਹੈ । (ਉਹ ਵਡਭਾਗੀ ਮਨੁੱਖ) ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ
The Gurmukh is like God's tree, always green, blessed with the Sublime Love of the True One, with intuitive peace and poise.
ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਸੁਰਤਿ ਜੋੜ ਕੇ (ਮਾਇਆ ਦੇ ਤਿੰਨ ਰੂਪ) ਤਿੰਨ ਟਹਣੀਆਂ ਉਸ ਨੇ ਦੂਰ ਕਰ ਲਈਆਂ ਹੋਈਆਂ ਹਨ
He cuts off the three branches of the three qualities, and embraces love for the One Word of the Shabad.
ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ ॥੩॥
ਉਸ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਇਕ ਨਾਮ-ਫਲ ਲੱਗਦਾ ਹੈ । (ਪ੍ਰਭੂ ਮਿਹਰ ਕਰ ਕੇ) ਆਪ ਹੀ (ਉਸ ਨੂੰ ਇਹ ਫਲ) ਚਖਾ ਦੇਂਦਾ ਹੈ ।੩।
The Lord alone is the Ambrosial Fruit; He Himself gives it to us to eat. ||3||
ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ ॥
(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੱੁਖ, ਮਾਨੋ, ਉਹ ਰੁੱਖ ਹਨ ਜੋ ਖਲੋਤੇ ਖਲੋਤੇ ਹੀ ਸੁੱਕ ਗਏ ਹਨ, ਉਹਨਾਂ ਨੂੰ ਨਾਹ ਹੀ ਫਲ ਲਗਦਾ ਹੈ, ਨਾਹ ਹੀ ਉਹਨਾਂ ਦੀ ਛਾਂ ਹੁੰਦੀ ਹੈ, (ਭਾਵ, ਨਾਹ ਹੀ ਉਹਨਾਂ ਪਾਸ ਪ੍ਰਭੂ ਦਾ ਨਾਮ ਹੈ, ਤੇ ਨਾਹ ਹੀ ਉਹ ਕਿਸੇ ਦੀ ਸੇਵਾ ਕਰਦੇ ਹਨ)
The self-willed manmukhs stand there and dry up; they do not bear any fruit, and they do not provide any shade.
ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ ॥
ਉਹਨਾਂ ਦੇ ਪਾਸ ਬੈਠਣਾ ਨਹੀਂ ਚਾਹੀਦਾ, ਉਹਨਾਂ ਦਾ ਕੋਈ ਘਰ-ਘਾਟ ਨਹੀਂ ਹੈ (ਉਹਨਾਂ ਨੂੰ ਕੋਈ ਆਤਮਕ ਸਹਾਰਾ ਨਹੀਂ ਮਿਲਦਾ)
Don't even bother to sit near them-they have no home or village.
ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥੪॥
ਉਹ (ਮਨਮੁਖ ਰੁੱਖ) ਸਦਾ ਕੱਟੀਦੇ ਹਨ ਤੇ ਸਾੜੀਦੇ ਹਨ (ਭਾਵ, ਮਾਇਆ ਦੇ ਮੋਹ ਦੇ ਕਾਰਨ ਉਹ ਨਿੱਤ ਦੁਖੀ ਰਹਿੰਦੇ ਹਨ), ਉਹਨਾਂ ਪਾਸ ਨਾਹ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ ਨਾਹ ਪ੍ਰਭੂ ਦਾ ਨਾਮ ਹੈ ।੪।
They are cut down and burnt each day; they have neither the Shabad, nor the Lord's Name. ||4||
ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ ॥
(ਪਰ ਹੇ ਪ੍ਰਭੂ ! ਜੀਵਾਂ ਦੇ ਕੀਹ ਵੱਸ ? ਤੇਰੇ) ਹੁਕਮ ਵਿਚ ਹੀ (ਜੀਵ) ਕਰਮ ਕਮਾਂਦੇ ਹਨ, (ਤੇਰੇ ਹੁਕਮ ਵਿਚ ਹੀ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹਨਾਂ ਨੂੰ ਜਨਮ ਮਰਨ ਦਾ ਫੇਰ ਪਿਆ ਰਹਿੰਦਾ ਹੈ
According to the Lord's Command, people perform their actions; they wander around, driven by the karma of their past actions.
ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ ॥
ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਨੰੂ ਤੇਰਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ, ਜਿੱਧਰ ਤੂੰ ਭੇਜਦਾ ਹੈਂ ਉਧਰ ਜੀਵਾਂ ਨੂੰ ਜਾਣਾ ਪੈਂਦਾ ਹੈ
By the Lord's Command, they behold the Blessed Vision of His Darshan. Wherever He sends them, there they go.
ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥੫॥
ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਦੇ ਮਨ ਵਿਚ ਤੇਰਾ ਹਰਿ ਨਾਮ ਵੱਸਦਾ ਹੈ, ਤੇਰੇ ਹੁਕਮ ਵਿਚ ਹੀ ਤੇਰੇ ਸਦਾ-ਥਿਰ ਸਰੂਪ ਵਿਚ ਉਹਨਾਂ ਦੀ ਲੀਨਤਾ ਰਹਿੰਦੀ ਹੈ ।੫।
By His Command, the Lord, Har, Har, abides within our minds; by His Command we merge in Truth. ||5||
ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥
ਕਈ ਐਸੇ ਵਿਚਾਰੇ ਮੂਰਖ ਹਨ ਜੋ ਪਰਮਾਤਮਾ ਦਾ ਹੁਕਮ ਨਹੀਂ ਸਮਝਦੇ, ਉਹ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਭਟਕਦੇ ਫਿਰਦੇ ਹਨ
The wretched fools do not know the Lord's Will; they wander around making mistakes.
ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥
ਉਹ (ਗੁਰੂ ਦਾ ਆਸਰਾ ਛੱਡ ਕੇ ਆਪਣੇ) ਮਨ ਦੇ ਹਠ ਨਾਲ (ਕਈ ਕਿਸਮ ਦੇ ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਵਿਕਾਰਾਂ ਵਿਚ ਫਸੇ ਹੋਏ) ਸਦਾ ਖ਼ੁਆਰ ਹੁੰਦੇ ਰਹਿੰਦੇ ਹਨ
They go about their business stubborn-mindedly; they are disgraced forever and ever.
ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥੬॥
ਉਹਨਾਂ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ, ਨਾਹ ਹੀ ਉਹਨਾਂ ਦਾ ਸਦਾ-ਥਿਰ ਪ੍ਰਭੂ ਵਿਚ ਪਿਆਰ ਬਣਦਾ ਹੈ ।੬
Inner peace does not come to them; they do not embrace love for the True Lord. ||6||
ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ ॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੱੁਖਾਂ ਦੇ ਮੂੰਹ (ਨਾਮ ਦੀ ਲਾਲਗੀ ਨਾਲ) ਸੋਹਣੇ ਲੱਗਦੇ ਹਨ, ਕਿਉਂਕਿ ਉਹ ਗੁਰੂ ਦੇ ਪ੍ਰੇਮ ਵਿਚ ਗੁਰੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ
Beautiful are the faces of the Gurmukhs, who bear love and affection for the Guru.
ਸਚੀ ਭਗਤੀ ਸਚਿ ਰਤੇ ਦਰਿ ਸਚੈ ਸਚਿਆਰ ॥
ਉਹ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਭਗਤੀ ਕਰਦੇ ਹਨ, ਉਹ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ, (ਇਸ ਵਾਸਤੇ ਉਹ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ
Through true devotional worship, they are attuned to Truth; at the True Door, they are found to be true.
ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥੭॥
ਉਹਨਾਂ ਬੰਦਿਆਂ ਦਾ ਹੀ ਜਗਤ ਵਿਚ ਆਉਣਾ ਕਬੂਲ ਹੈ, ਉਹ ਆਪਣੀ ਸਾਰੀ ਕੁਲ ਦਾ ਭੀ ਪਾਰ‑ਉਤਾਰਾ ਕਰ ਲੈਂਦੇ ਹਨ ।੭।
Blessed is their coming into being; they redeem all their ancestors. ||7||
ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥
(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਸਾਰੇ ਜੀਵ ਪਰਮਾਤਮਾ ਦੀ ਨਿਗਾਹ ਅਨੁਸਾਰ ਹੀ ਕਰਮ ਕਰਦੇ ਹਨ, ਉਸ ਦੀ ਨਿਗਾਹ ਤੋਂ ਬਾਹਰ ਕੋਈ ਜੀਵ ਨਹੀਂ (ਭਾਵ, ਕੋਈ ਜੀਵ ਪਰਮਾਤਮਾ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ)
All do their deeds under the Lord's Glance of Grace; no one is beyond His Vision.
ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ ॥
ਸਦਾ‑ਥਿਰ ਰਹਿਣ ਵਾਲਾ ਪ੍ਰਭੂ ਜਿਹੋ ਜਿਹੀ ਨਿਗਾਹ ਕਰ ਕੇ ਕਿਸੇ ਜੀਵ ਵਲ ਵੇਖਦਾ ਹੈ, ਉਹ ਜੀਵ ਉਹੋ ਜਿਹਾ ਬਣ ਜਾਂਦਾ ਹੈ ।
According to the Glance of Grace with which the True Lord beholds us, so do we become.
ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ॥੮॥੩॥੨੦॥
ਹੇ ਨਾਨਕ ! (ਉਸ ਦੀ ਮਿਹਰ ਦੀ ਨਜ਼ਰ ਨਾਲ ਜੇਹੜਾ ਮਨੁੱਖ ਉਸ ਦੇ ਨਾਮ ਵਿਚ (ਜੁੜਦਾ ਹੈ, ਉਸ ਨੂੰ) ਵਡਿਆਈਆਂ ਮਿਲਦੀਆਂ ਹਨ । ਪਰ ਉਸ ਦਾ ਨਾਮ ਉਸ ਦੀ ਬਖ਼ਸ਼ਸ਼ ਨਾਲ ਹੀ ਮਿਲਦਾ ਹੈ ।੮।੩।੨੦।
O Nanak, the Glorious Greatness of the Naam, the Name of the Lord, is received only by His Mercy. ||8||3||20||