ਆਸਾ ਮਹਲਾ ੫ ॥
Aasaa, Fifth Mehl:
ਮਤਾ ਕਰਉ ਸੋ ਪਕਨਿ ਨ ਦੇਈ ॥
(ਆਤਮਕ ਅਡੋਲਤਾ ਵਾਸਤੇ) ਮੈਂ ਜੇਹੜੀ ਭੀ ਸਲਾਹ ਕਰਦਾ ਹਾਂ ਉਸ ਨੂੰ (ਇਹ ਮਾਇਆ) ਸਿਰੇ ਨਹੀਂ ਚੜ੍ਹਨ ਦੇਂਦੀ,
Whatever I resolve, she does not allow it to come to pass.
ਸੀਲ ਸੰਜਮ ਕੈ ਨਿਕਟਿ ਖਲੋਈ ॥
ਮਿੱਠੇ ਸੁਭਾਉ ਅਤੇ ਸੰਜਮ ਦੇ ਇਹ ਹਰ ਵੇਲੇ ਨੇੜੇ (ਰਾਖੀ ਬਣ ਕੇ) ਖਲੋਤੀ ਰਹਿੰਦੀ ਹੈ (ਇਸ ਵਾਸਤੇ ਮੈਂ ਨਾਹ ਸੀਲ ਹਾਸਲ ਕਰ ਸਕਦਾ ਹਾਂ, ਨਾਹ ਸੰਜਮ) ।
She stands blocking the way of goodness and self-discipline.
ਵੇਸ ਕਰੇ ਬਹੁ ਰੂਪ ਦਿਖਾਵੈ ॥
(ਇਹ ਮਾਇਆ) ਅਨੇਕਾਂ ਵੇਸ ਕਰਦੀ ਹੈ ਅਨੇਕਾਂ ਰੂਪ ਵਿਖਾਂਦੀ ਹੈ,
She wears many disguises, and assumes many forms,
ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ ॥੧॥
ਹਿਰਦੇ-ਘਰ ਵਿਚ ਇਹ ਮੈਨੂੰ ਟਿਕਣ ਨਹੀਂ ਦੇਂਦੀ, ਕਈ ਤਰੀਕਿਆਂ ਨਾਲ ਭਟਕਾਂਦੀ ਫਿਰਦੀ ਹੈ ।੧।
and she does not allow me to dwell in my own home. She forces me to wander around in different directions. ||1||
ਘਰ ਕੀ ਨਾਇਕਿ ਘਰ ਵਾਸੁ ਨ ਦੇਵੈ ॥
ਇਹ ਮਾਇਆ ਮੇਰੇ) ਹਿਰਦੇ-ਘਰ ਦੀ ਮਾਲਕ ਬਣ ਬੈਠੀ ਹੈ, ਮੈਨੂੰ ਘਰ ਦਾ ਵਸੇਬਾ ਦੇਂਦੀ ਹੀ ਨਹੀਂ (ਮੈਨੂੰ ਆਤਮਕ ਅਡੋਲਤਾ ਨਹੀਂ ਮਿਲਣ ਦੇਂਦੀ) ।
She has become the mistress of my home, and she does not allow me to live in it.
ਜਤਨ ਕਰਉ ਉਰਝਾਇ ਪਰੇਵੈ ॥੧॥ ਰਹਾਉ ॥
ਜੇ ਮੈਂ (ਆਤਮਕ ਅਡੋਲਤਾ ਲਈ) ਜਤਨ ਕਰਦਾ ਹਾਂ, ਤਾਂ ਸਗੋਂ ਵਧੀਕ ਉਲਝਣਾਂ ਪਾ ਦੇਂਦੀ ਹੈ ।੧।ਰਹਾਉ।
If I try, she fights with me. ||1||Pause||
ਧੁਰ ਕੀ ਭੇਜੀ ਆਈ ਆਮਰਿ ॥
(ਇਹ ਮਾਇਆ) ਧੁਰ ਦਰਗਾਹ ਤੋਂ ਤਾਂ ਸੇਵਕਾ ਬਣਾ ਕੇ ਭੇਜੀ ਹੋਈ (ਜਗਤ ਵਿਚ) ਆਈ ਹੈ,
In the beginning, she was sent as a helper,
ਨਉ ਖੰਡ ਜੀਤੇ ਸਭਿ ਥਾਨ ਥਨੰਤਰ ॥
(ਪਰ ਇਥੇ ਆ ਕੇ ਇਸ ਨੇ) ਨੌ ਖੰਡਾਂ ਵਾਲੀ ਸਾਰੀ ਧਰਤੀ ਜਿੱਤ ਲਈ ਹੈ, ਸਾਰੇ ਹੀ ਥਾਂ ਜਿੱਤ ਲਏ ਹਨ,
but she has overwhelmed the nine continents, all places and interspaces.
ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ ॥
ਨਦੀਆਂ ਦੇ ਕੰਢੇ ਉਤੇ ਹਰੇਕ ਤੀਰਥ ਉਤੇ ਬੈਠੇ ਜੋਗ-ਸਾਧਨ ਕਰਨ ਵਾਲੇ ਤੇ ਸੰਨਿਆਸ ਧਾਰਨ ਵਾਲੇ ਭੀ (ਇਸ ਮਾਇਆ ਨੇ) ਨਹੀਂ ਛੱਡੇ ।
She has not spared even the river banks, the sacred shrines of pilgrimage, the Yogis and Sannyaasees,
ਪੜਿ ਥਾਕੇ ਸਿੰਮ੍ਰਿਤਿ ਬੇਦ ਅਭਿਆਸ ॥੨॥
ਸਿੰਮ੍ਰਿਤੀਆਂ ਪੜ੍ਹ ਪੜ੍ਹ ਕੇ, ਤੇ ਵੇਦਾਂ ਦੇ (ਪਾਠਾਂ ਦੇ) ਅਭਿਆਸ ਕਰ ਕਰ ਕੇ ਪੰਡਿਤ ਲੋਕ ਭੀ (ਇਸ ਦੇ ਸਾਹਮਣੇ) ਹਾਰ ਗਏ ਹਨ ।੧।
or those who tirelessly read the Simritees and study the Vedas. ||2||
ਜਹ ਬੈਸਉ ਤਹ ਨਾਲੇ ਬੈਸੈ ॥
ਮੈਂ ਜਿਥੇ ਭੀ (ਜਾ ਕੇ) ਬੈਠਦਾ ਹਾਂ (ਇਹ ਮਾਇਆ) ਮੇਰੇ ਨਾਲ ਹੀ ਆ ਬੈਠਦੀ ਹੈ,
Wherever I sit, she sits there with me.
ਸਗਲ ਭਵਨ ਮਹਿ ਸਬਲ ਪ੍ਰਵੇਸੈ ॥
ਇਹ ਬੜੇ ਬਲ ਵਾਲੀ ਹੈ, ਸਾਰੇ ਹੀ ਭਵਨਾਂ ਵਿਚ ਜਾ ਪਹੁੰਚਦੀ ਹੈ,
She has imposed her power upon the whole world.
ਹੋਛੀ ਸਰਣਿ ਪਇਆ ਰਹਣੁ ਨ ਪਾਈ ॥
ਕਿਸੇ ਕਮਜ਼ੋਰ ਦੀ ਸਰਨ ਪਿਆਂ ਇਹ ਮੈਥੋਂ ਪਰੇ ਨਹੀਂ ਹਟਦੀ ।
Seeking meager protection, I am not protected from her.
ਕਹੁ ਮੀਤਾ ਹਉ ਕੈ ਪਹਿ ਜਾਈ ॥੩॥
ਸੋ, ਹੇ ਮਿੱਤਰ! ਦੱਸ, (ਇਸ ਮਾਇਆ ਤੋਂ ਖਹਿੜਾ ਛੁਡਾਣ ਲਈ) ਮੈਂ ਕਿਸ ਦੇ ਜਾਵਾਂ ।੩।
Tell me, O my friend: unto whom should I turn for protection? ||3||
ਸੁਣਿ ਉਪਦੇਸੁ ਸਤਿਗੁਰ ਪਹਿ ਆਇਆ ॥
(ਸਤਸੰਗੀ ਮਿੱਤਰ ਪਾਸੋਂ) ਉਪਦੇਸ਼ ਸੁਣ ਕੇ ਮੈਂ ਗੁਰੂ ਦੇ ਪਾਸ ਆਇਆ,
I heard of His Teachings, and so I have come to the True Guru.
ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰੁ ਦ੍ਰਿੜਾਇਆ ॥
ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਮੈਨੂੰ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਦੇ ਦਿੱਤਾ ।
The Guru has implanted the Mantra of the Lord's Name, Har, Har, within me.
ਨਿਜ ਘਰਿ ਵਸਿਆ ਗੁਣ ਗਾਇ ਅਨੰਤਾ ॥
(ਉਸ ਨਾਮ-ਮੰਤ੍ਰ ਦੀ ਬਰਕਤਿ ਨਾਲ) ਬੇਅੰਤ ਪਰਮਾਤਮਾ ਦੇ ਗੁਣ ਗਾ ਗਾ ਕੇ ਮੈਂ ਹੁਣ ਆਪਣੇ ਹਿਰਦੇ ਵਿਚ ਆ ਵੱਸਿਆ ਹਾਂ ।
And now, I dwell in the home of my own inner self; I sing the Glorious Praises of the Infinite Lord.
ਪ੍ਰਭੁ ਮਿਲਿਓ ਨਾਨਕ ਭਏ ਅਚਿੰਤਾ ॥੪॥
ਹੇ ਨਾਨਕ! (ਆਖ—ਹੁਣ ਮੈਨੂੰ) ਪਰਮਾਤਮਾ ਮਿਲ ਪਿਆ ਹੈ, ਤੇ ਮੈਂ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹੋ ਗਿਆ ਹਾਂ ।੪।
I have met God, O Nanak, and I have become care-free. ||4||
ਘਰੁ ਮੇਰਾ ਇਹ ਨਾਇਕਿ ਹਮਾਰੀ ॥
(ਹੁਣ ਇਹ ਹਿਰਦਾ-ਘਰ) ਮੇਰਾ ਆਪਣਾ ਘਰ ਬਣ ਗਿਆ ਹੈ (ਇਹ ਮਾਇਆ) ਮਾਲਕਾ ਭੀ ਮੇਰੀ (ਦਾਸੀ) ਬਣ ਗਈ ਹੈ,
My home is now my own, and she is now my mistress.
ਇਹ ਆਮਰਿ ਹਮ ਗੁਰਿ ਕੀਏ ਦਰਬਾਰੀ ॥੧॥ ਰਹਾਉ ਦੂਜਾ ॥੪॥੪॥
ਗੁਰੂ ਨੇ ਇਸ ਨੂੰ ਮੇਰੀ ਸੇਵਕਾ ਬਣਾ ਦਿੱਤਾ ਹੈ ਤੇ ਮੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਰਹਿਣ ਵਾਲਾ ਬਣਾ ਦਿੱਤਾ ਹੈ ।੧। ਰਹਾਉ ਦੂਜਾ ।੪।੪।
She is now my servant, and the Guru has made me intimate with the Lord. ||1||Second Pause||4||4||