ਮਃ ੪ ॥
Fourth Mehl:
ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥
ਗੁਰਸਿੱਖਾਂ ਦੇ ਮਨ ਵਿਚ ਆਪਣੇ ਸਤਿਗੁਰੂ ਦੀ ਵਡਿਆਈ ਪਿਆਰੀ ਲੱਗਦੀ ਹੈ
The glorious greatness of the Guru, the True Guru, is pleasing to the GurSikh's mind.
ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥
ਹੇ ਪ੍ਰਭੂ! ਤੂੰ ਸਤਿਗੁਰੂ ਦੀ ਪੈਜ ਰੱਖਦਾ ਹੈਂ, ਤੇ ਸਤਿਗੁਰੂ ਦੀ ਵਡਿਆਈ ਦਿਨੋ ਦਿਨ ਵਧਦੀ ਹੈ ।
The Lord preserves the honor of the True Guru, which increases day by day.
ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥
ਜੋ ਪਾਰਬ੍ਰਹਮ (ਸਭ ਜੀਵਾਂ ਨੂੰ ਵਿਕਾਰ ਆਦਿਕਾਂ ਤੋਂ) ਬਚਾ ਲੈਂਦਾ ਹੈ, ਉਹ ਪਾਰਬ੍ਰਹਮ ਗੁਰੂ ਸਤਿਗੁਰੂ ਦੇ ਮਨ ਵਿਚ (ਸਦਾ ਵੱਸਦਾ ਹੈ)
The Supreme Lord God is in the Mind of the Guru, the True Guru; the Supreme Lord God saves Him.
ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥
ਪ੍ਰਭੂ ਹੀ ਸਤਿਗੁਰੂ ਦਾ ਬਲ ਤੇ ਆਸਰਾ ਹੈ, ਉਸ ਪ੍ਰਭੂ ਨੇ ਹੀ ਸਾਰੇ ਜੀਵ ਸਤਿਗੁਰੂ ਅੱਗੇ ਲਿਆ ਨਿਵਾਏ ਹਨ ।
The Lord is the Power and Support of the Guru, the True Guru; all come to bow before Him.
ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥
ਜਿਨ੍ਹਾਂ ਨੇ (ਹਿਰਦੇ ਵਿਚ) ਪਿਆਰ ਰੱਖ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ, ਸਤਿਗੁਰੂ ਉਹਨਾਂ ਦੇ ਸਾਰੇ ਪਾਪ ਦੂਰ ਕਰ ਦੇਂਦਾ ਹੈ
Those who have gazed lovingly upon my True Guru - all their sins are taken away.
ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥
ਹਰੀ ਦੀ ਦਰਗਾਹ ਵਿਚ ਉਹ ਖਿੜੇ ਮੱਥੇ ਜਾਂਦੇ ਹਨ, ਤੇ ਉਹਨਾਂ ਦੀ ਬੜੀ ਸੋਭਾ ਹੁੰਦੀ ਹੈ
Their faces are radiant in the Court of the Lord, and they obtain great glory.
ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥੨॥
ਜੋ ਮੇਰੇ ਵੀਰ ਸਤਿਗੁਰੂ ਦੇ (ਇਹੋ ਜਿਹੇ) ਸਿੱਖ ਹਨ, ਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ।੨।
Servant Nanak begs for the dust of the feet of those GurSikhs, O my Siblings of Destiny. ||2||