ਪ੍ਰਭ ਕੀ ਆਗਿਆ ਆਤਮ ਹਿਤਾਵੈ ॥
ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿਚ ਮਿੱਠੀ ਕਰ ਕੇ ਮੰਨਦਾ ਹੈ,
One who, in his soul, loves the Will of God,
ਜੀਵਨ ਮੁਕਤਿ ਸੋਊ ਕਹਾਵੈ ॥
ਉਹੀ ਜੀਊਂਦਾ ਮੁਕਤ ਅਖਵਾਉਂਦਾ ਹੈ;
is said to be Jivan Mukta - liberated while yet alive.
ਤੈਸਾ ਹਰਖੁ ਤੈਸਾ ਉਸੁ ਸੋਗੁ ॥
ਉਸ ਨੂੰ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ,
As is joy, so is sorrow to him.
ਸਦਾ ਅਨੰਦੁ ਤਹ ਨਹੀ ਬਿਓਗੁ ॥
ਉਸ ਨੂੰ ਸਦਾ ਆਨੰਦ ਹੈ (ਕਿਉਂਕਿ) ਓਥੇ (ਭਾਵ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਤੋਂ) ਵਿਛੋੜਾ ਨਹੀਂ ਹੈ ।
He is in eternal bliss, and is not separated from God.
ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥
ਸੋਨਾ ਤੇ ਮਿੱਟੀ (ਭੀ ਉਸ ਮਨੱੁਖ ਵਾਸਤੇ) ਬਰਾਬਰ ਹੈ (ਭਾਵ, ਸੋਨਾ ਵੇਖ ਕੇ ਉਹ ਲੋਭ ਵਿਚ ਨਹੀਂ ਫਸਦਾ),
As is gold, so is dust to him.
ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥
ਅੰਮ੍ਰਿਤ ਤੇ ਕਉੜੀ ਵਿਹੁ ਭੀ ਉਸ ਲਈ ਇਕ ਜੈਸੀ ਹੈ ।
As is ambrosial nectar, so is bitter poison to him.
ਤੈਸਾ ਮਾਨੁ ਤੈਸਾ ਅਭਿਮਾਨੁ ॥
(ਕਿਸੇ ਵਲੋਂ) ਆਦਰ (ਦਾ ਵਰਤਾਉ ਹੋਵੇ) ਜਾਂ ਅਹੰਕਾਰ (ਦਾ) (ਉਸ ਮਨੁੱਖ ਵਾਸਤੇ) ਇਕ ਸਮਾਨ ਹੈ,
As is honor, so is dishonor.
ਤੈਸਾ ਰੰਕੁ ਤੈਸਾ ਰਾਜਾਨੁ ॥
ਕੰਗਾਲ ਤੇ ਸ਼ਹਨਸ਼ਾਹ ਭੀ ਉਸ ਦੀ ਨਜ਼ਰ ਵਿਚ ਬਰਾਬਰ ਹੈ ।
As is the beggar, so is the king.
ਜੋ ਵਰਤਾਏ ਸਾਈ ਜੁਗਤਿ ॥
ਜੋ (ਰਜ਼ਾ ਪ੍ਰਭੂ) ਵਰਤਾਉਂਦਾ ਹੈ, ਉਹੀ (ਉਸ ਵਾਸਤੇ) ਜ਼ਿੰਦਗੀ ਦਾ ਗਾਡੀ-ਰਾਹ ਹੈ;
Whatever God ordains, that is his way.
ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥੭॥
ਹੇ ਨਾਨਕ! ਉਹ ਮਨੁੱਖ ਜੀਊਂਦਾ ਮੁਕਤ ਕਿਹਾ ਜਾ ਸਕਦਾ ਹੈ ।੭।
O Nanak, that being is known as Jivan Mukta. ||7||