ਪਉੜੀ ॥
Pauree:
ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ ॥
ਮਨੁੱਖ ਨਾ-ਸ਼ੁਕਰਾ ਹੈ, ਗੁਨਹਗਾਰ ਹੈ, ਹੋਛੀ ਮਤ ਵਾਲਾ ਹੈ ਪਰਮਾਤਮਾ ਨਾਲੋਂ ਓਪਰਾ ਹੀ ਰਹਿੰਦਾ ਹੈ,
The sinner is unfaithful to himself; he is ignorant, with shallow understanding.
ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ ॥
ਜਿਸ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤੇ ਹਨ, ਉਸ ਅਸਲੇ ਨੂੰ ਪਛਾਣਦਾ ਹੀ ਨਹੀਂ ।
He does not know the essence of all, the One who gave him body, soul and peace.
ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ ॥
ਮਾਇਆ ਖੱਟਣ ਦੀ ਖ਼ਾਤਰ ਦਸੀਂ ਪਾਸੀਂ ਭਾਲ ਕਰਨ ਤੁਰਿਆ ਫਿਰਦਾ ਹੈ,
For the sake of personal profit and Maya, he goes out, searching in the ten directions.
ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ ॥
ਪਰ ਜੇਹੜਾ ਪ੍ਰਭੂ ਦਾਤਾਰ ਸਭ ਕੁਝ ਦੇਣ ਜੋਗਾ ਹੈ, ਉਸ ਨੂੰ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਆਪਣੇ ਮਨ ਵਿਚ ਨਹੀਂ ਵਸਾਂਦਾ ।
He does not enshrine the Generous Lord God, the Great Giver, in his mind, even for an instant.
ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥
ਲਾਲਚ, ਝੂਠ, ਵਿਕਾਰ ਤੇ ਮਾਇਆ ਦਾ ਮੋਹ—ਬੱਸ! ਇਹੀ ਧਨ ਮਨੁੱਖ ਆਪਣੇ ਮਨ ਵਿਚ ਸਾਂਭੀ ਬੈਠਾ ਹੈ ।
Greed, falsehood, corruption and emotional attachment - these are what he collects within his mind.
ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥
ਜੋ ਵਿਸ਼ਈ ਹਨ, ਚੋਰ ਹਨ, ਮਹਾ ਨਿੰਦਕ ਹਨ, ਉਹਨਾਂ ਦੇ ਸਾਥ ਵਿਚ ਇਸ ਦੀ ਉਮਰ ਬੀਤਦੀ ਹੈ ।
The worst perverts, thieves and slanderers - he passes his time with them.
ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ॥
(ਪਰ, ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਆਪ ਹੀ ਖੋਟਿਆਂ ਨੂੰ ਖਰਿਆਂ ਦੀ ਸੰਗਤਿ ਵਿਚ ਰੱਖ ਕੇ ਬਖ਼ਸ਼ ਲੈਂਦਾ ਹੈਂ ।
But if it pleases You, Lord, then You forgive the counterfeit along with the genuine.
ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥੫੨॥
ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਉਹ (ਵਿਚਾਰਾਂ ਵਿਚ) ਪੱਥਰ-ਦਿਲ ਹੋ ਚੁੱਕੇ ਬੰਦਿਆਂ ਨੂੰ ਨਾਮ-ਅੰਮ੍ਰਿਤ ਦੀ ਦਾਤਿ ਦੇ ਕੇ (ਵਿਕਾਰਾਂ ਦੀਆਂ ਲਹਿਰਾਂ ਵਿਚ ਡੁਬਣੋਂ) ਬਚਾ ਲੈਂਦਾ ਹੈ ।੫੨।
O Nanak, if it pleases the Supreme Lord God, then even a stone will float on water. ||52||