ਰਾਗੁ ਗਉੜੀ ਮਾਝ ਮਹਲਾ ੫
Raag Gauree Maajh, Fifth Mehl:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ ॥
ਅਣਗਿਣਤ ਜੀਵ ਢੂੰੰਢਦੇ ਫਿਰੇ ਹਨ, ਪਰ ਕਿਸੇ ਨੇ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ ।
Countless are those who wander around searching for You, but they do not find Your limits.
ਸੇਈ ਹੋਏ ਭਗਤ ਜਿਨਾ ਕਿਰਪਾਰੀਆ ॥੧॥
ਉਹੀ ਮਨੁੱਖ ਪਰਮਾਤਮਾ ਦੇ ਭਗਤ ਬਣ ਸਕਦੇ ਹਨ, ਜਿਨ੍ਹਾਂ ਉਤੇ ਉਸ ਦੀ ਕਿਰਪਾ ਹੁੰਦੀ ਹੈ ।੧।
They alone are Your devotees, who are blessed by Your Grace. ||1||
ਹਉ ਵਾਰੀਆ ਹਰਿ ਵਾਰੀਆ ॥੧॥ ਰਹਾਉ ॥
ਮੈਂ ਕੁਰਬਾਨ ਹਾਂ, ਹਰੀ ਤੋਂ ਕੁਰਬਾਨ ਹਾਂ ।੧।ਰਹਾਉ।
I am a sacrifice, I am a sacrifice to You. ||1||Pause||
ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ ॥
ਮੁੜ ਮੁੜ ਇਹ ਸੁਣ ਕੇ ਕਿ ਜਗਤ-ਜੀਵਨ ਦਾ ਰਸਤਾ ਡਰਾਉਣਾ ਹੈ ਮੈਂ ਬਹੁਤ ਸਹਮਿਆ ਹੋਇਆ ਸਾਂ (ਕਿ ਮੈਂ ਕਿਵੇਂ ਇਹ ਸਫ਼ਰ ਤੈ ਕਰਾਂਗਾ);
Continually hearing of the terrifying path, I am so afraid.
ਮੈ ਤਕੀ ਓਟ ਸੰਤਾਹ ਲੇਹੁ ਉਬਾਰੀਆ ॥੨॥
ਆਖ਼ਰ ਮੈਂ ਸੰਤਾਂ ਦਾ ਆਸਰਾ ਤੱਕਿਆ ਹੈ, (ਮੈਂ ਸੰਤ ਜਨਾਂ ਅੱਗੇ ਅਰਦਾਸ ਕਰਦਾ ਹਾਂ ਕਿ ਆਤਮਕ ਜੀਵਨ ਦੇ ਰਸਤੇ ਦੇ ਖ਼ਤਰਿਆਂ ਤੋਂ) ਮੈਨੂੰ ਬਚਾ ਲਵੋ ।੨।
I have sought the Protection of the Saints; please, save me! ||2||
ਮੋਹਨ ਲਾਲ ਅਨੂਪ ਸਰਬ ਸਾਧਾਰੀਆ ॥
ਹੇ ਮਨ ਨੂੰ ਮੋਹ ਲੈਣ ਵਾਲੇ ਸੋਹਣੇ ਲਾਲ! ਹੇ ਸਭ ਜੀਵਾਂ ਦੇ ਆਸਰੇ ਪ੍ਰਭੂ!
The Fascinating and Beauteous Beloved is the Giver of support to all.
ਗੁਰ ਨਿਵਿ ਨਿਵਿ ਲਾਗਉ ਪਾਇ ਦੇਹੁ ਦਿਖਾਰੀਆ ॥੩॥
ਮੈਂ ਨਿਊਂ ਨਿਊਂ ਕੇ ਗੁਰੂ ਦੀ ਪੈਰੀਂ ਲੱਗਦਾ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਤੇਰਾ) ਦਰਸਨ ਕਰਾ ਦੇਵੇ ।੩।
I bow low and fall at the Feet of the Guru; if only I could see the Lord! ||3||
ਮੈ ਕੀਏ ਮਿਤ੍ਰ ਅਨੇਕ ਇਕਸੁ ਬਲਿਹਾਰੀਆ ॥
ਮੈਂ ਅਨੇਕਾਂ ਸਾਕ-ਸਨਬੰਧੀਆਂ ਨੂੰ ਆਪਣਾ ਮਿੱਤਰ ਬਣਾਇਆ (ਪਰ ਕਿਸੇ ਨਾਲ ਭੀ ਤੋੜ ਦਾ ਸਾਥ ਨਹੀਂ ਨਿਭਦਾ, ਹੁਣ ਮੈਂ) ਇਕ ਪਰਮਾਤਮਾ ਤੋਂ ਹੀ ਕੁਰਬਾਨ ਜਾਂਦਾ ਹਾਂ (ਉਹੀ ਨਾਲ ਨਿਭਣ ਵਾਲਾ ਸਾਥੀ ਹੈ) ।
I have made many friends, but I am a sacrifice to the One alone.
ਸਭ ਗੁਣ ਕਿਸ ਹੀ ਨਾਹਿ ਹਰਿ ਪੂਰ ਭੰਡਾਰੀਆ ॥੪॥
ਸਾਰੇ ਗੁਣ (ਭੀ) ਹੋਰ ਕਿਸੇ ਵਿਚ ਨਹੀਂ ਹਨ, ਇਕ ਪਰਮਾਤਮਾ ਹੀ ਭਰੇ ਖ਼ਜ਼ਾਨਿਆਂ ਵਾਲਾ ਹੈ ।੪।
No one has all virtues; the Lord alone is filled to overflowing with them. ||4||
ਚਹੁ ਦਿਸਿ ਜਪੀਐ ਨਾਉ ਸੂਖਿ ਸਵਾਰੀਆ ॥
ਹੇ ਨਾਨਕ! (ਆਖ—ਹੇ ਪ੍ਰਭੂ!) ਚੌਹੀਂ ਪਾਸੀਂ ਤੇਰਾ ਹੀ ਨਾਮ ਜਪਿਆ ਜਾ ਰਿਹਾ ਹੈ, (ਜੇਹੜਾ ਮਨੁੱਖ ਜਪਦਾ ਹੈ ਉਹ) ਸੁਖ-ਆਨੰਦ ਵਿਚ (ਰਹਿੰਦਾ ਹੈ ਉਸ ਦਾ ਜੀਵਨ) ਸੰਵਰ ਜਾਂਦਾ ਹੈ ।
His Name is chanted in the four directions; those who chant it are embellished with peace.
ਮੈ ਆਹੀ ਓੜਿ ਤੁਹਾਰਿ ਨਾਨਕ ਬਲਿਹਾਰੀਆ ॥੫॥
ਹੇ ਪ੍ਰਭੂ!) ਮੈਂ ਤੇਰਾ ਆਸਰਾ ਤੱਕਿਆ ਹੈ, ਮੈਂ ਤੈਥੋਂ ਸਦਕੇ ਹਾਂ ।੫।
I seek Your Protection; Nanak is a sacrifice to You. ||5||
ਗੁਰਿ ਕਾਢਿਓ ਭੁਜਾ ਪਸਾਰਿ ਮੋਹ ਕੂਪਾਰੀਆ ॥
(ਹੇ ਭਾਈ!) ਗੁਰੂ ਨੇ ਮੈਨੂੰ ਬਾਂਹ ਖਿਲਾਰ ਕੇ ਮੋਹ ਦੇ ਖੂਹ ਵਿਚੋਂ ਕੱਢ ਲਿਆ ਹੈ,
The Guru reached out to me, and gave me His Arm; He lifted me up, out of the pit of emotional attachment.
ਮੈ ਜੀਤਿਓ ਜਨਮੁ ਅਪਾਰੁ ਬਹੁਰਿ ਨ ਹਾਰੀਆ ॥੬॥
(ਉਸ ਦੀ ਬਰਕਤਿ ਨਾਲ) ਮੈਂ ਕੀਮਤੀ ਮਨੁੱਖਾ ਜਨਮ (ਦੀ ਬਾਜ਼ੀ) ਜਿੱਤ ਲਈ ਹੈ, ਮੁੜ ਮੈਂ (ਮੋਹ ਦੇ ਟਾਕਰੇ ਤੇ) ਬਾਜ਼ੀ ਨਹੀਂ ਹਾਰਾਂਗਾ ।੬।
I have won the incomparable life, and I shall not lose it again. ||6||
ਮੈ ਪਾਇਓ ਸਰਬ ਨਿਧਾਨੁ ਅਕਥੁ ਕਥਾਰੀਆ ॥
(ਗੁਰੂ ਦੀ ਕਿਰਪਾ ਨਾਲ) ਮੈਂ ਸਾਰੇ ਗੁਣਾਂ ਦਾ ਖ਼ਜ਼ਾਨਾ ਉਹ ਪਰਮਾਤਮਾ ਲੱਭ ਲਿਆ ਹੈ, ਜਿਸ ਦੀਆਂ ਸਿਫ਼ਤਿ-ਸਾਲਾਹ ਦੀਆਂ ਕਹਾਣੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ।
I have obtained the treasure of all; His Speech is unspoken and subtle.
ਹਰਿ ਦਰਗਹ ਸੋਭਾਵੰਤ ਬਾਹ ਲੁਡਾਰੀਆ ॥੭॥
(ਜੇਹੜੇ ਮਨੁੱਖ ਸਰਬ-ਨਿਧਾਨ ਪ੍ਰਭੂ ਨੂੰ ਮਿਲ ਪੈਂਦੇ ਹਨ) ਉਹ ਉਸ ਦੀ ਦਰਗਾਹ ਵਿਚ ਸੋਭਾ ਹਾਸਲ ਕਰ ਲੈਂਦੇ ਹਨ, ਉਹ ਉਥੇ ਬਾਂਹ ਹੁਲਾਰ ਕੇ ਤੁਰਦੇ ਹਨ (ਮੌਜ-ਆਨੰਦ ਵਿਚ ਰਹਿੰਦੇ ਹਨ) ।੭।
In the Court of the Lord, I am honored and glorified; I swing my arms in joy. ||7||
ਜਨ ਨਾਨਕ ਲਧਾ ਰਤਨੁ ਅਮੋਲੁ ਅਪਾਰੀਆ ॥
ਹੇ ਦਾਸ ਨਾਨਕ! (ਆਖ—ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜਿਆ ਉਹਨਾਂ ਨੇ) ਪਰਮਾਤਮਾ ਦਾ ਬੇਅੰਤ ਕੀਮਤੀ ਨਾਮ-ਰਤਨ ਹਾਸਲ ਕਰ ਲਿਆ ।
Servant Nanak has received the invaluable and incomparable jewel.
ਗੁਰ ਸੇਵਾ ਭਉਜਲੁ ਤਰੀਐ ਕਹਉ ਪੁਕਾਰੀਆ ॥੮॥੧੨॥
(ਹੇ ਭਾਈ!) ਮੈਂ ਪੁਕਾਰ ਕੇ ਆਖਦਾ ਹਾਂ ਕਿ ਗੁਰੂ ਦੀ ਸਰਨ ਪਿਆਂ ਸੰਸਾਰ-ਸਮੁੰਦਰ ਤੋਂ (ਬੇ-ਦਾਗ਼ ਰਹਿ ਕੇ) ਪਾਰ ਲੰਘ ਜਾਈਦਾ ਹੈ ।੮।੧੨।
Serving the Guru, I cross over the terrifying world-ocean; I proclaim this loudly to all. ||8||12||