ਗਉੜੀ ਬੈਰਾਗਣਿ ਮਹਲਾ ੧
Gauree Bairaagan, First Mehl:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥ ਅਹਿਨਿਸਿ ਪਾਲਹਿ ਰਾਖਿ ਲੇਹਿ ਆਤਮ ਸੁਖੁ ਧਾਰਾ ॥੧॥
ਜਿਵੇਂ ਗੁਆਲਾ ਗਾਈਆਂ ਦੀ ਰਾਖੀ ਕਰਦਾ ਹੈ, ਤਿਵੇਂ ਤੂੰ ਸੰਭਾਲ ਕਰ ਕੇ (ਜੀਵਾਂ ਦੀ) ਰਾਖੀ ਕਰਦਾ ਹੈਂ, ਤੂੰ ਦਿਨ ਰਾਤ ਜੀਵਾਂ ਨੂੰ ਪਾਲਦਾ ਹੈਂ, ਰਾਖੀ ਕਰਦਾ ਹੈਂ ਤੇ, ਆਤਮਕ ਸੁਖ ਬਖ਼ਸ਼ਦਾ ਹੈਂ ।੧।
As the dairy farmer watches over and protects his cows, so does the Lord cherish and protect us, night and day. He blesses the soul with peace. ||1||
ਇਤ ਉਤ ਰਾਖਹੁ ਦੀਨ ਦਇਆਲਾ ॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਲੋਕ ਪਰਲੋਕ ਵਿਚ (ਮੇਰੀ) ਰੱਖਿਆ ਕਰ ।
Please protect me here and hereafter, O Lord, Merciful to the meek.
ਤਉ ਸਰਣਾਗਤਿ ਨਦਰਿ ਨਿਹਾਲਾ ॥੧॥ ਰਹਾਉ ॥
(ਮੈਂ) ਤੇਰੀ ਸਰਨ ਆਇਆ ਹਾਂ, ਮਿਹਰ ਦੀ ਨਿਗਾਹ ਨਾਲ (ਮੇਰੇ ਵਲ) ਵੇਖ! ।੧।ਰਹਾਉ।
I seek Your Sanctuary; please bless me with Your Glance of Grace. ||1||Pause||
ਜਹ ਦੇਖਉ ਤਹ ਰਵਿ ਰਹੇ ਰਖੁ ਰਾਖਨਹਾਰਾ ॥
ਹੇ ਰੱਖਣਹਾਰ ਪ੍ਰਭੂ! ਮੈਂ ਜਿਧਰ ਤੱਕਦਾ ਹਾਂ ਉਧਰ ਹੀ (ਹਰ ਥਾਂ) ਤੂੰ ਮੌਜੂਦ ਹੈਂ, ਤੇ ਸਭ ਦਾ ਰਾਖਾ ਹੈਂ,
Wherever I look, there You are. Save me, O Savior Lord!
ਤੂੰ ਦਾਤਾ ਭੁਗਤਾ ਤੂੰਹੈ ਤੂੰ ਪ੍ਰਾਣ ਅਧਾਰਾ ॥੨॥
ਤੂੰ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ ਤੇ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਭੋਗਣ ਵਾਲਾ ਹੈਂ, ਤੂੰ ਹੀ ਸਭ ਦੀ ਜ਼ਿੰਦਗੀ ਦਾ ਆਸਰਾ ਹੈਂ ।੨।
You are the Giver, and You are the Enjoyer; You are the Support of the breath of life. ||2||
ਕਿਰਤੁ ਪਇਆ ਅਧ ਊਰਧੀ ਬਿਨੁ ਗਿਆਨ ਬੀਚਾਰਾ ॥
(ਇਸ) ਗਿਆਨ ਤੋਂ ਬਿਨਾ, ਵਿਚਾਰ ਤੋਂ ਬਿਨਾ, ਜੀਵ ਆਪਣੇ ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰਾਂ ਦੇ ਅਧੀਨ ਕਦੇ ਪਾਤਾਲ ਵਿਚ ਡਿੱਗਦਾ ਹੈ ਕਦੇ ਆਕਾਸ਼ ਵਲ ਚੜ੍ਹਦਾ ਹੈ (ਕਦੇ ਦੁਖੀ ਕਦੇ ਸੁਖੀ) ।
According to the karma of past actions, people descend to the depths or rise to the heights, unless they contemplate spiritual wisdom.
ਬਿਨੁ ਉਪਮਾ ਜਗਦੀਸ ਕੀ ਬਿਨਸੈ ਨ ਅੰਧਿਆਰਾ ॥੩॥
ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਤੋਂ ਬਿਨਾ ਜੀਵ ਦੀ ਅਗਿਆਨਤਾ ਮਿਟਦੀ ਨਹੀਂ ।੩।
Without the Praises of the Lord of the Universe, the darkness is not dispelled. ||3||
ਜਗੁ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ ॥
ਨਿੱਤ ਦੇਖੀਦਾ ਹੈ ਕਿ ਜਗਤ ਲੋਭ ਤੇ ਅਹੰਕਾਰ ਦੇ ਵੱਸ ਹੋ ਕੇ ਆਤਮਕ ਮੌਤੇ ਮਰਦਾ ਰਹਿੰਦਾ ਹੈ ।
I have seen the world being destroyed by greed and egotism.
ਗੁਰ ਸੇਵਾ ਪ੍ਰਭੁ ਪਾਇਆ ਸਚੁ ਮੁਕਤਿ ਦੁਆਰਾ ॥੪॥
ਗੁਰੂ ਦੀ ਦੱਸੀ ਸੇਵਾ ਕੀਤਿਆਂ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਤੇ (ਲੋਭ ਅਹੰਕਾਰ ਤੋਂ) ਖ਼ਲਾਸੀ ਦਾ ਰਸਤਾ ਲੱਭ ਪੈਂਦਾ ਹੈ ।੪।
Only by serving the Guru is God obtained, and the true gate of liberation found. ||4||
ਨਿਜ ਘਰਿ ਮਹਲੁ ਅਪਾਰ ਕੋ ਅਪਰੰਪਰੁ ਸੋਈ ॥
ਬੇਅੰਤ ਪਰਮਾਤਮਾ ਦਾ ਟਿਕਾਣਾ ਆਪਣੇ ਆਪੇ ਵਿਚ ਹੈ, ਉਹ ਪ੍ਰਭੂ (ਲੋਭ ਅਹੰਕਾਰ ਆਦਿਕ ਦੇ ਪ੍ਰਭਾਵ ਤੋਂ) ਪਰੇ ਤੋਂ ਪਰੇ ਹੈ ।
The Mansion of the Infinite Lord's Presence is within the home of one's own being. He is beyond any boundaries.
ਬਿਨੁ ਸਬਦੈ ਥਿਰੁ ਕੋ ਨਹੀ ਬੂਝੈ ਸੁਖੁ ਹੋਈ ॥੫॥
ਕੋਈ ਭੀ ਜੀਵ ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ (ਉਸ ਸਰੂਪ ਵਿਚ) ਸਦਾ-ਟਿਕਵਾਂ ਨਹੀਂ ਹੋ ਸਕਦਾ । ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਉਸ ਨੂੰ ਆਤਮਕ ਆਨੰਦ ਮਿਲਦਾ ਹੈ ।੫।
Without the Word of the Shabad, nothing shall endure. Through understanding, peace is obtained. ||5||
ਕਿਆ ਲੈ ਆਇਆ ਲੇ ਜਾਇ ਕਿਆ ਫਾਸਹਿ ਜਮ ਜਾਲਾ ॥
ਹੇ ਜੀਵ! ਨਾਹ ਤੂੰ ਕੋਈ ਧਨ-ਪਦਾਰਥ ਆਪਣੇ ਨਾਲ ਲੈ ਕੇ (ਜਗਤ ਵਿਚ) ਆਇਆ ਸੀ, ਤੇ ਨਾਹ ਹੀ (ਇਥੋਂ ਕੋਈ ਮਾਲ-ਧਨ) ਲੈ ਕੇ ਜਾਵੇਂਗਾ । (ਵਿਅਰਥ ਹੀ ਮਾਇਆ-ਮੋਹ ਦੇ ਕਾਰਨ) ਜਮ ਦੇ ਜਾਲ ਵਿਚ ਫਸ ਰਿਹਾ ਹੈਂ ।
What have you brought, and what will you take away, when you are caught by the noose of Death?
ਡੋਲੁ ਬਧਾ ਕਸਿ ਜੇਵਰੀ ਆਕਾਸਿ ਪਤਾਲਾ ॥੬॥
ਜਿਵੇਂ ਰੱਸੀ ਨਾਲ ਬੱਧਾ ਹੋਇਆ ਡੋਲ (ਕਦੇ ਖੂਹ ਦੇ ਵਿਚ ਜਾਂਦਾ ਹੈ ਕਦੇ ਬਾਹਰ ਆ ਜਾਂਦਾ ਹੈ, ਤਿਵੇਂ ਤੂੰ ਕਦੇ) ਆਕਾਸ਼ ਵਿਚ ਚੜ੍ਹਦਾ ਹੈਂ ਕਦੇ ਪਾਤਾਲ ਵਿਚ ਡਿੱਗਦਾ ਹੈਂ ।੬।
Like the bucket tied to the rope in the well, you are pulled up to the Akaashic Ethers, and then lowered down to the nether regions of the underworld. ||6||
ਗੁਰਮਤਿ ਨਾਮੁ ਨ ਵੀਸਰੈ ਸਹਜੇ ਪਤਿ ਪਾਈਐ ॥
(ਹੇ ਜੀਵ!) ਜੇ ਗੁਰੂ ਦੀ ਮਤਿ ਲੈ ਕੇ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ, ਤਾਂ (ਨਾਮ ਦੀ ਬਰਕਤਿ ਨਾਲ) ਅਡੋਲ ਅਵਸਥਾ ਵਿਚ ਟਿਕ ਕੇ (ਪ੍ਰਭੂ ਦੇ ਦਰ ਤੇ) ਇੱਜ਼ਤ ਪ੍ਰਾਪਤ ਕਰ ਲਈਦੀ ਹੈ ।
Follow the Guru's Teachings, and do not forget the Naam, the Name of the Lord; you shall automatically obtain honor.
ਅੰਤਰਿ ਸਬਦੁ ਨਿਧਾਨੁ ਹੈ ਮਿਲਿ ਆਪੁ ਗਵਾਈਐ ॥੭॥
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ-ਰੂਪ ਖ਼ਜ਼ਾਨਾ ਹੈ (ਉਹ ਪ੍ਰਭੂ ਨੂੰ ਮਿਲ ਪੈਂਦਾ ਹੈ) । (ਪ੍ਰਭੂ ਨੂੰ) ਮਿਲ ਕੇ ਆਪਾ-ਭਾਵ ਗਵਾ ਸਕੀਦਾ ਹੈ ।੭।
Deep within the self is the treasure of the Shabad; it is obtained only by eradicating selfishness and conceit. ||7||
ਨਦਰਿ ਕਰੇ ਪ੍ਰਭੁ ਆਪਣੀ ਗੁਣ ਅੰਕਿ ਸਮਾਵੈ ॥
ਜਿਸ ਜੀਵ ਉਤੇ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ (ਉਸ ਨੂੰ ਆਪਣੇ) ਗੁਣ (ਬਖ਼ਸ਼ਦਾ ਹੈ, ਤੇ ਗੁਣਾਂ ਦੀ ਬਰਕਤਿ ਨਾਲ ਉਹ ਪ੍ਰਭੂ ਦੇ) ਅੰਕ ਵਿਚ ਲੀਨ ਹੋ ਜਾਂਦਾ ਹੈ ।
When God bestows His Glance of Grace, people settle in the Lap of the Virtuous Lord.
ਨਾਨਕ ਮੇਲੁ ਨ ਚੂਕਈ ਲਾਹਾ ਸਚੁ ਪਾਵੈ ॥੮॥੧॥੧੭॥
ਹੇ ਨਾਨਕ! ਉਸ ਜੀਵ ਦਾ ਪਰਮਾਤਮਾ ਨਾਲ ਬਣਿਆ ਮਿਲਾਪ ਕਦੇ ਟੁੱਟਦਾ ਨਹੀਂ, ਉਹ ਜੀਵ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਲਾਭ ਖੱਟ ਲੈਂਦਾ ਹੈ ।੮।੧।੧੭।
O Nanak, this Union cannot be broken; the true profit is obtained. ||8||1||17||