ਪ੍ਰਭਾਤੀ ॥
Prabhaatee:
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥
(ਹੇ ਹਿੰਦੂ ਤੇ ਮੁਸਲਮਾਨ ਵੀਰੋ!) ਵੇਦਾਂ ਜਾਂ ਕੁਰਾਨ ਆਦਿਕ (ਇਕ ਦੂਜੇ ਦੀਆਂ) ਧਰਮ-ਪੁਸਤਕਾਂ ਨੂੰ ਝੂਠੀਆਂ ਨਾਹ ਆਖੋ । ਝੂਠਾ ਤਾਂ ਉਹ ਬੰਦਾ ਹੈ ਜੋ ਇਹਨਾਂ ਧਰਮ-ਪੁਸਤਕਾਂ ਦੀ ਵਿਚਾਰ ਨਹੀਂ ਕਰਦਾ ।
Do not say that the Vedas, the Bible and the Koran are false. Those who do not contemplate them are false.
ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥
(ਭਲਾ, ਹੇ ਮੁੱਲਾਂ!) ਜੇ ਤੂੰ ਇਹ ਆਖਦਾ ਹੈਂ ਕਿ ਖ਼ੁਦਾ ਸਭ ਜੀਵਾਂ ਵਿਚ ਮੌਜੂਦ ਹੈ ਤਾਂ (ਉਸ ਖ਼ੁਦਾ ਅੱਗੇ ਕੁਰਬਾਨੀ ਦੇਣ ਲਈ) ਮੁਰਗ਼ੀ ਕਿਉਂ ਮਾਰਦਾ ਹੈਂ?
You say that the One Lord is in all, so why do you kill chickens? ||1||
ਮੁਲਾਂ ਕਹਹੁ ਨਿਆਉ ਖੁਦਾਈ ॥
(ਕੀ ਉਸ ਮੁਰਗ਼ੀ ਵਿਚ ਉਹ ਆਪ ਨਹੀਂ ਹੈ? ਮੁਰਗ਼ੀ ਵਿਚ ਬੈਠੇ ਖ਼ੁਦਾ ਦੀ ਅੰਸ਼ ਨੂੰ ਮਾਰ ਕੇ ਖ਼ੁਦਾ ਦੇ ਅੱਗੇ ਹੀ ਭੇਟਾ ਕਰਨ ਦਾ ਕੀਹ ਭਾਵ ਹੈ? ।੧।
O Mullah, tell me: is this God's Justice?
ਤੇਰੇ ਮਨ ਕਾ ਭਰਮੁ ਨ ਜਾਈ ॥੧॥ ਰਹਾਉ ॥
ਹੇ ਮੁੱਲਾਂ! ਤੂੰ (ਹੋਰ ਲੋਕਾਂ ਨੂੰ ਤਾਂ) ਖ਼ੁਦਾ ਦਾ ਨਿਆਂ ਸੁਣਾਉਂਦਾ ਹੈਂ, ਪਰ ਤੇਰੇ ਆਪਣੇ ਮਨ ਦਾ ਭੁਲੇਖਾ ਅਜੇ ਦੂਰ ਹੀ ਨਹੀਂ ਹੋਇਆ ।੧।ਰਹਾਉ।
The doubts of your mind have not been dispelled. ||1||Pause||
ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥
ਹੇ ਮੁੱਲਾਂ! (ਮੁਰਗ਼ੀ ਆਦਿਕ) ਜੀਵ ਨੂੰ ਫੜ ਕੇ ਤੂੰ ਲੈ ਆਂਦਾ, ਉਸ ਦਾ ਸਰੀਰ ਤੂੰ ਨਾਸ ਕੀਤਾ, ਉਸ (ਦੇ ਜਿਸਮ) ਦੀ ਮਿੱਟੀ ਨੂੰ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕੀਤਾ (ਭਾਵ, ਖ਼ੁਦਾ ਦੀ ਨਜ਼ਰ-ਭੇਟ ਕੀਤਾ) ।
You seize a living creature, and then bring it home and kill its body; you have killed only the clay.
ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥੨॥
ਪਰ ਹੇ ਮੁੱਲਾਂ! ਜੋ ਖ਼ੁਦਾ ਨਿਰਾ ਨੂਰ ਹੀ ਨੂਰ ਹੈ, ਤੇ ਜੋ ਅਵਿਨਾਸ਼ੀ ਹੈ ਉਸ ਦੀ ਜੋਤ ਤਾਂ ਹਰ ਥਾਂ ਮੌਜੂਦ ਹੈ, (ਉਸ ਮੁਰਗ਼ੀ ਵਿਚ ਭੀ ਹੈ ਜੋ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕਰਦਾ ਹੈਂ) ਤਾਂ ਫਿਰ, ਦੱਸ, ਤੂੰ ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਕਿਹੜੀ ਚੀਜ਼ ਬਣਾਈ? ।੨।
The light of the soul passes into another form. So tell me, what have you killed? ||2||
ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥
ਹੇ ਮੁੱਲਾਂ! ਜੇ ਤੂੰ ਆਪਣੇ ਦਿਲ ਵਿਚ ਕਪਟ ਰੱਖ ਕੇ ਨਿਮਾਜ਼ ਪੜ੍ਹਦਾ ਹੈਂ, ਤਾਂ ਇਹ ਨਿਮਾਜ਼ ਦਾ ਕੀਹ ਫ਼ਾਇਦਾ? ਪੈਰ ਹੱਥ ਆਦਿਕ ਸਾਫ਼ ਕਰਨ ਦੀ ਰਸਮ ਦਾ ਕੀਹ ਲਾਭ?
And what good are your purifications? Why do you bother to wash your face? And why do you bother to bow your head in the mosque?
ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ ॥੩॥
ਮੂੰਹ ਧੋਣ ਦਾ ਕੀਹ ਗੁਣ? ਮਸਜਦ ਵਿਚ ਜਾ ਕੇ ਸਜਦਾ ਕਰਨ ਦੀ ਕੀਹ ਲੋੜ? ਤੇ, ਕਾਹਬੇ ਦੇ ਹੱਜ ਦਾ ਕੀਹ ਫ਼ਾਇਦਾ? ।੩।
Your heart is full of hypocrisy; what good are your prayers or your pilgrimage to Mecca? ||3||
ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥
ਹੇ ਮੁੱਲਾਂ! ਤੂੰ ਅੰਦਰੋਂ ਤਾਂ ਪਲੀਤ ਹੀ ਰਿਹਾ, ਤੈਨੂੰ ਉਸ ਪਵਿੱਤਰ ਪ੍ਰਭੂ ਦੀ ਸਮਝ ਨਹੀਂ ਪਈ, ਤੂੰ ਉਸ ਦਾ ਭੇਤ ਨਹੀਂ ਪਾਇਆ ।
You are impure; you do not understand the Pure Lord. You do not know His Mystery.
ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥੪॥੪॥
ਕਬੀਰ ਜੀ ਆਖਦੇ ਹਨ—(ਇਸ ਭੁਲੇਖੇ ਵਿਚ ਫਸੇ ਰਹਿ ਕੇ) ਤੂੰ ਬਹਿਸ਼ਤ ਤੋਂ ਖੁੰਝ ਗਿਆ ਹੈਂ, ਤੇ ਦੋਜ਼ਕ ਨਾਲ ਤੇਰਾ ਮਨ ਪਤੀਜ ਗਿਆ ਹੈ ।੪।੪।
Says Kabeer, you have missed out on paradise; your mind is set on hell. ||4||4||