ਪ੍ਰਭਾਤੀ ਮਹਲਾ ੪ ॥
Prabhaatee, Fourth Mehl:
ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ ਰਸਕ ਰਸੀਕ ॥
ਹੇ ਭਾਈ! (ਜਿਨ੍ਹਾਂ ਮਨੁੱਖਾਂ ਉਤੇ) ਪ੍ਰਭੂ ਨੇ ਇਕ ਖਿਨ ਭਰ ਭੀ ਮਿਹਰ ਕੀਤੀ, ਉਹਨਾਂ ਨੇ ਨਾਮ-ਰਸ ਦੇ ਰਸੀਏ ਬਣ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ।
The Lord God showered me with His Mercy for an instant; I sing His Glorious Praises with joyous love and delight.
ਗਾਵਤ ਸੁਨਤ ਦੋਊ ਭਏ ਮੁਕਤੇ ਜਿਨਾ ਗੁਰਮੁਖਿ ਖਿਨੁ ਹਰਿ ਪੀਕ ॥੧॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਖਿਨ ਖਿਨ ਹਰਿ-ਨਾਮ ਰਸ ਪੀਣਾ ਸ਼ੁਰੂ ਕਰ ਦਿੱਤਾ, ਉਹ ਹਰਿ-ਗੁਣ ਗਾਣ ਵਾਲੇ ਅਤੇ ਸੁਣਨ ਵਾਲੇ ਦੋਵੇਂ ਹੀ ਵਿਕਾਰਾਂ ਤੋਂ ਬਚ ਗਏ ।੧।
Both the singer and the listener are liberated, when, as Gurmukh, they drink in the Lord's Name, even for an instant. ||1||
ਮੇਰੈ ਮਨਿ ਹਰਿ ਹਰਿ ਰਾਮ ਨਾਮੁ ਰਸੁ ਟੀਕ ॥
ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਟਿਕਿਆ ਰਹਿੰਦਾ ਹੈ ।
The Sublime Essence of the Name of the Lord, Har, Har, is enshrined within my mind.
ਗੁਰਮੁਖਿ ਨਾਮੁ ਸੀਤਲ ਜਲੁ ਪਾਇਆ ਹਰਿ ਹਰਿ ਨਾਮੁ ਪੀਆ ਰਸੁ ਝੀਕ ॥੧॥ ਰਹਾਉ ॥
(ਜਿਸ ਮਨੁੱਖ ਨੂੰ) ਗੁਰੂ ਦੇ ਸਨਮੁਖ ਹੋ ਕੇ (ਆਤਮਕ) ਠੰਢ ਪਾਣ ਵਾਲਾ ਨਾਮ-ਜਲ ਮਿਲ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ-ਰਸ ਡੀਕ ਲਾ ਕੇ ਪੀਂਦਾ ਰਹਿੰਦਾ ਹੈ ।੧।ਰਹਾਉ।
As Gurmukh, I have obtained the cooling, soothing Water of the Naam. I eagerly drink in the sublime essence of the Name of the Lord, Har, Har. ||1||Pause||
ਜਿਨ ਹਰਿ ਹਿਰਦੈ ਪ੍ਰੀਤਿ ਲਗਾਨੀ ਤਿਨਾ ਮਸਤਕਿ ਊਜਲ ਟੀਕ ॥
ਹੇ ਭਾਈ! (ਗੁਰੂ ਨੇ) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ (ਲੋਕ ਪਰਲੋਕ ਵਿਚ) ਉਹਨਾਂ ਦੇ ਮੱਥੇ ਉਤੇ (ਸੋਭਾ ਦਾ) ਰੌਸ਼ਨ ਟਿੱਕਾ ਲੱਗਾ ਰਹਿੰਦਾ ਹੈ ।
Those whose hearts are imbued with the Love of the Lord have the mark of radiant purity upon their foreheads.
ਹਰਿ ਜਨ ਸੋਭਾ ਸਭ ਜਗ ਊਪਰਿ ਜਿਉ ਵਿਚਿ ਉਡਵਾ ਸਸਿ ਕੀਕ ॥੨॥
ਹੇ ਭਾਈ! ਪਰਮਾਤਮਾ ਦੇ ਭਗਤਾਂ ਦੀ ਸੋਭਾ ਸਾਰੇ ਜਹਾਨ ਉਤੇ ਖਿਲਰ ਜਾਂਦੀ ਹੈ; ਜਿਵੇਂ (ਆਕਾਸ਼ ਦੇ) ਤਾਰਿਆਂ ਵਿਚ ਚੰਦ੍ਰਮਾ (ਸੋਹਣਾ) ਬਣਾਇਆ ਹੋਇਆ ਹੈ ।੨।
The Glory of the Lord's humble servant is manifest throughout the world, like the moon among the stars. ||2||
ਜਿਨ ਹਰਿ ਹਿਰਦੈ ਨਾਮੁ ਨ ਵਸਿਓ ਤਿਨ ਸਭਿ ਕਾਰਜ ਫੀਕ ॥
ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੇ (ਦੁਨੀਆ ਵਾਲੇ) ਸਾਰੇ ਹੀ ਕੰਮ ਫਿੱਕੇ ਹੁੰਦੇ ਹਨ (ਉਹਨਾਂ ਦੇ ਜੀਵਨ ਨੂੰ ਰੁੱਖਾ ਬਣਾਈ ਰੱਖਦੇ ਹਨ),
Those whose hearts are not filled with the Lord's Name - all their affairs are worthless and insipid.
ਜੈਸੇ ਸੀਗਾਰੁ ਕਰੈ ਦੇਹ ਮਾਨੁਖ ਨਾਮ ਬਿਨਾ ਨਕਟੇ ਨਕ ਕੀਕ ॥੩॥
ਜਿਵੇਂ (ਕੋਈ ਨਕ-ਵੱਢਾ ਮਨੁੱਖ ਆਪਣੇ) ਮਨੁੱਖਾ ਸਰੀਰ ਦੀ ਸਜਾਵਟ ਕਰਦਾ ਹੈ, ਪਰ ਨੱਕ ਤੋਂ ਬਿਨਾ (‘ਬਿਨਾ ਨਕ’) ਉਹ ਸਜਾਵਟ ਕਿਸ ਅਰਥ? ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਨਕ-ਵੱਢੇ ਹੀ ਹਨ ।੩।
They may adorn and decorate their bodies, but without the Naam, they look like their noses have been cut off. ||3||
ਘਟਿ ਘਟਿ ਰਮਈਆ ਰਮਤ ਰਾਮ ਰਾਇ ਸਭ ਵਰਤੈ ਸਭ ਮਹਿ ਈਕ ॥
ਹੇ ਭਾਈ! (ਉਂਞ ਤਾਂ) ਸੋਹਣਾ ਰਾਮ ਪ੍ਰਭੂ ਪਾਤਿਸ਼ਾਹ ਹਰੇਕ ਸਰੀਰ ਵਿਚ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਸਾਰੇ ਜੀਵਾਂ ਵਿਚ ਉਹ ਆਪ ਹੀ ਮੌਜੂਦ ਹੈ, (ਪਰ,)
The Sovereign Lord permeates each and every heart; the One Lord is all-pervading everywhere.
ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰ ਬਚਨ ਧਿਆਇਓ ਘਰੀ ਮੀਕ ॥੪॥੩॥
ਹੇ ਨਾਨਕ! ਜਿਨ੍ਹਾਂ ਸੇਵਕਾਂ ਉਤੇ ਉਸ ਨੇ ਮਿਹਰ ਕੀਤੀ, ਉਹ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਘੜੀ ਘੜੀ (ਹਰ ਵੇਲੇ) ਉਸ ਦਾ ਨਾਮ ਸਿਮਰਨ ਲੱਗ ਪਏ ।੪।੩।
The Lord has showered His Mercy upon servant Nanak; through the Word of the Guru's Teachings, I have meditated on the Lord in an instant. ||4||3||