ਪ੍ਰਭਾਤੀ ਮਹਲਾ ੩ ॥
Prabhaatee, Third Mehl:
ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ ਉਪਾਇ ਪ੍ਰਭਿ ਖੇਲੁ ਕੀਆ ॥
ਹੇ ਭਾਈ! ਪ੍ਰਭੂ ਆਪ ਹੀ ਕਈ ਕਿਸਮਾਂ ਦੀ ਕਈ ਰੰਗਾਂ ਦੀ ਸ੍ਰਿਸ਼ਟੀ ਰਚਦਾ ਹੈ । ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪ ਹੀ ਇਹ ਜਗਤ-ਤਮਾਸ਼ਾ ਬਣਾਇਆ ਹੈ ।
God Himself fashioned the many forms and colors; He created the Universe and staged the play.
ਕਰਿ ਕਰਿ ਵੇਖੈ ਕਰੇ ਕਰਾਏ ਸਰਬ ਜੀਆ ਨੋ ਰਿਜਕੁ ਦੀਆ ॥੧॥
(ਇਹ ਜਗਤ-ਤਮਾਸ਼ਾ) ਰਚ ਰਚ ਕੇ (ਆਪ ਹੀ ਇਸ ਦੀ) ਸੰਭਾਲ ਕਰਦਾ ਹੈ, (ਸਭ ਕੁਝ ਆਪ ਹੀ) ਕਰ ਰਿਹਾ ਹੈ (ਜੀਵਾਂ ਪਾਸੋਂ) ਕਰਾ ਰਿਹਾ ਹੈ । ਸਭ ਜੀਵਾਂ ਨੂੰ ਆਪ ਹੀ ਰਿਜ਼ਕ ਦੇਂਦਾ ਆ ਰਿਹਾ ਹੈ ।੧।
Creating the creation, He watches over it. He acts, and causes all to act; He gives sustenance to all beings. ||1||
ਕਲੀ ਕਾਲ ਮਹਿ ਰਵਿਆ ਰਾਮੁ ॥
ਹੇ ਭਾਈ! ਸਿਰਫ਼ ਪਰਮਾਤਮਾ ਹੀ ਹਰੇਕ ਘਟ ਵਿਚ ਵਿਆਪਕ ਹੈ,
In this Dark Age of Kali Yuga, the Lord is All-pervading.
ਘਟਿ ਘਟਿ ਪੂਰਿ ਰਹਿਆ ਪ੍ਰਭੁ ਏਕੋ ਗੁਰਮੁਖਿ ਪਰਗਟੁ ਹਰਿ ਹਰਿ ਨਾਮੁ ॥੧॥ ਰਹਾਉ ॥
ਪਰ ਜਿਸ ਮਨੁੱਖ ਨੇ ਇਸ ਬਖੇੜਿਆਂ-ਭਰੇ ਜੀਵਨ-ਸਮੇ ਵਿਚ ਗੁਰੂ ਦੀ ਸਰਨ ਪੈ ਕੇ ਉਸ ਰਾਮ ਨੂੰ ਸਿਮਰਿਆ ਹੈ, ਉਸ ਦੇ ਅੰਦਰ ਉਸ ਦਾ ਨਾਮ ਪਰਗਟ ਹੋ ਜਾਂਦਾ ਹੈ (ਅਤੇ ਝਗੜੇ-ਬਖੇੜੇ ਉਸ ਉੱਤੇ ਜ਼ੋਰ ਨਹੀਂ ਪਾ ਸਕਦੇ) ।੧।ਰਹਾਉ।
The One God is pervading and permeating each and every heart; the Name of the Lord, Har, Har, is revealed to the Gurmukh. ||1||Pause||
ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ ॥
ਹੇ ਭਾਈ! (ਹਰੇਕ ਸਰੀਰ ਵਿਚ) ਪਰਮਾਤਮਾ ਦਾ ਨਾਮ ਗੁਪਤ ਮੌਜੂਦ ਹੈ, ਬਖੇੜਿਆਂ-ਭਰੇ ਜੀਵਨ-ਸਮੇ ਵਿਚ (ਉਹ ਆਪ ਹੀ ਸਭ ਦੇ ਅੰਦਰ ਲੁਕਿਆ ਪਿਆ ਹੈ) ।
The Naam, the Name of the Lord, is hidden, but it is pervasive in the Dark Age. The Lord is totally pervading and permeating each and every heart.
ਨਾਮੁ ਰਤਨੁ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜਿ ਪਇਆ ॥੨॥
ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ । (ਫਿਰ ਭੀ ਉਸ ਦਾ) ਸ੍ਰੇਸ਼ਟ ਨਾਮ ਉਹਨਾਂ ਮਨੁੱਖਾਂ ਦੇ ਹਿਰਦੇ ਵਿਚ (ਹੀ) ਪਰਗਟ ਹੁੰਦਾ ਹੈ, ਜਿਹੜੇ ਗੁਰੂ ਦੀ ਸਰਨ ਜਾ ਪੈਂਦੇ ਹਨ ।੨।
The Jewel of the Naam is revealed within the hearts of those who hurry to the Sanctuary of the Guru. ||2||
ਇੰਦ੍ਰੀ ਪੰਚ ਪੰਚੇ ਵਸਿ ਆਣੈ ਖਿਮਾ ਸੰਤੋਖੁ ਗੁਰਮਤਿ ਪਾਵੈ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਮਤਿ ਦੀ ਰਾਹੀਂ ਖਿਮਾ ਸੰਤੋਖ (ਆਦਿਕ ਗੁਣ) ਹਾਸਲ ਕਰ ਲੈਂਦਾ ਹੈ,
Whoever overpowers the five sense organs, is blessed with forgiveness, patience and contentment, through the Guru's Teachings.
ਸੋ ਧਨੁ ਧਨੁ ਹਰਿ ਜਨੁ ਵਡ ਪੂਰਾ ਜੋ ਭੈ ਬੈਰਾਗਿ ਹਰਿ ਗੁਣ ਗਾਵੈ ॥੩॥
ਜਿਹੜਾ ਮਨੁੱਖ ਡਰ-ਅਦਬ ਵਿਚ ਰਹਿ ਕੇ ਵੈਰਾਗ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਮਨੁੱਖ ਭਾਗਾਂ ਵਾਲਾ ਹੈ, ਉਹ ਮਨੁੱਖ ਵੱਡਾ ਹੈ ਗੁਣਾਂ ਵਿਚ ਪੂਰਨ ਹੈ (ਇਹ ਜੋ ਬਲਵਾਨ) ਪੰਜ ਇੰਦ੍ਰੇ ਹਨ ਇਹਨਾਂ ਪੰਜਾਂ ਨੂੰ ਆਪਣੇ ਵੱਸ ਵਿਚ ਲੈ ਆਉਂਦਾ ਹੈ ।੩।
Blessed, blessed, perfect and great is that humble servant of the Lord, who is inspired by the Fear of God and detached love, to sing the Glorious Praises of the Lord. ||3||
ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ ॥
ਪਰ, ਹੇ ਭਾਈ! ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਪਰਤਾਈ ਰੱਖਦਾ ਹੈ, ਗੁਰੂ ਦਾ ਬਚਨ ਆਪਣੇ ਮਨ ਵਿਚ ਨਹੀਂ ਵਸਾਂਦਾ,
If someone turns his face away from the Guru, and does not enshrine the Guru's Words in his consciousness
ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ ॥੪॥
(ਉਂਞ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਧਾਰਮਿਕ ਕਰਮ ਕਰ ਕੇ ਬਹੁਤ ਧਨ ਭੀ ਇਕੱਠਾ ਕਰ ਲੈਂਦਾ ਹੈ, (ਫਿਰ ਭੀ) ਉਹ ਜੋ ਕੁਝ ਕਰਦਾ ਹੈ (ਉਹ ਕਰਦਿਆਂ) ਨਰਕ ਵਿਚ ਹੀ ਪਿਆ ਰਹਿੰਦਾ ਹੈ (ਸਦਾ ਦੁੱਖੀ ਹੀ ਰਹਿੰਦਾ ਹੈ) ।੪।
- he may perform all sorts of rituals and accumulate wealth, but in the end, he will fall into hell. ||4||
ਏਕੋ ਸਬਦੁ ਏਕੋ ਪ੍ਰਭੁ ਵਰਤੈ ਸਭ ਏਕਸੁ ਤੇ ਉਤਪਤਿ ਚਲੈ ॥
ਹੇ ਭਾਈ! (ਜੀਵਾਂ ਦੇ ਭੀ ਕੀਹ ਵੱਸ?) ਇਕ ਪਰਮਾਤਮਾ ਹੀ (ਸਾਰੇ ਜਗਤ ਵਿਚ) ਮੌਜੂਦ ਹੈ, (ਪਰਮਾਤਮਾ ਦਾ ਹੀ) ਹੁਕਮ ਚੱਲ ਰਿਹਾ ਹੈ । ਇਕ ਪਰਮਾਤਮਾ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਕਾਰ ਚੱਲ ਰਹੀ ਹੈ ।
The One Shabad, the Word of the One God, is prevailing everywhere. All the creation came from the One Lord.
ਨਾਨਕ ਗੁਰਮੁਖਿ ਮੇਲਿ ਮਿਲਾਏ ਗੁਰਮੁਖਿ ਹਰਿ ਹਰਿ ਜਾਇ ਰਲੈ ॥੫॥੬॥
ਹੇ ਨਾਨਕ! ਗੁਰੂ ਦੀ ਸਰਨ ਪਾ ਕੇ ਪ੍ਰਭੂ ਆਪ ਹੀ ਜਿਸ ਜੀਵ ਨੂੰ ਆਪਣੇ ਨਾਲ ਮਿਲਾਂਦਾ ਹੈ, ਉਹ ਜੀਵ ਗੁਰੂ ਦੀ ਰਾਹੀਂ ਪਰਮਾਤਮਾ ਵਿਚ ਜਾ ਮਿਲਦਾ ਹੈ ।੫।੬।
O Nanak, the Gurmukh is united in union. When the Gurmukh goes, he blends into the Lord, Har, Har. ||5||6||