ਪ੍ਰਭਾਤੀ ਮਹਲਾ ੧ ॥
Prabhaatee, First Mehl:
ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥
(ਗੁਰੂ ਤੋਂ ਮਿਲਣ ਵਾਲਾ) ਪ੍ਰਭੂ-ਨਾਮ (ਗੁਰੂ-ਤੀਰਥ ਦਾ) ਜਲ ਹੈ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ ਮਨ ਦੀ ਚੁੱਭੀ (ਉਸ ਗੁਰ-ਤੀਰਥ ਦਾ) ਇਸ਼ਨਾਨ ਹੈ, (ਗੁਰੂ-ਤੀਰਥ ਦੇ) ਨਾਲ ਹੀ ਅਠਾਹਠ ਤੀਰਥ (ਦੇ ਇਸ਼ਨਾਨ) ਮਿਲ ਜਾਂਦੇ ਹਨ ।
One who bathes in the Ambrosial Water of spiritual wisdom takes with him the virtues of the sixty-eight sacred shrines of pilgrimage.
ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੋੁ ਖੋਜਿ ਲਹੈ ॥੧॥
ਗੁਰੂ ਦੇ ਉਪਦੇਸ਼ (-ਰੂਪ ਡੂੰਘੇ ਪਾਣੀਆਂ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਮੋਤੀ ਤੇ ਜਵਾਹਰ ਹਨ । ਜੇਹੜਾ ਸਿੱਖ (ਗੁਰੂ-ਤੀਰਥ ਨੂੰ) ਸੇਂਵਦਾ ਹੈ (ਸਰਧਾ ਨਾਲ ਆਉਂਦਾ ਹੈ) ਉਹ ਭਾਲ ਕਰ ਕੇ ਲੱਭ ਲੈਂਦਾ ਹੈ ।੧।
The Guru's Teachings are the gems and jewels; the Sikh who serves Him searches and finds them. ||1||
ਗੁਰ ਸਮਾਨਿ ਤੀਰਥੁ ਨਹੀ ਕੋਇ ॥
ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ ।
There is no sacred shrine equal to the Guru.
ਸਰੁ ਸੰਤੋਖੁ ਤਾਸੁ ਗੁਰੁ ਹੋਇ ॥੧॥ ਰਹਾਉ ॥
ਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ ।੧।ਰਹਾਉ।
The Guru encompasses the ocean of contentment. ||1||Pause||
ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ ॥
ਗੁਰੂ ਇਕ (ਐਸਾ) ਦਰਿਆ ਹੈ ਜਿਸ ਪਾਸੋਂ ਮਿਲਦਾ ਨਾਮ-ਅੰਮ੍ਰਿਤ ਉਸ ਦਰਿਆ ਵਿਚ (ਐਸਾ) ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ, ਜਿਸ ਮਨੁੱਖ ਨੂੰ ਉਹ ਜਲ ਮਿਲਦਾ ਹੈ ਉਸ ਦੀ ਖੋਟੀ ਮਤਿ ਦੀ ਮੈਲ ਦੂਰ ਕਰ ਦੇਂਦਾ ਹੈ ।
The Guru is the River, from which the Pure Water is obtained forever; it washes away the filth and pollution of evil-mindedness.
ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ ॥੨॥
ਜੇ ਗੁਰੂ ਮਿਲ ਪਏ ਤਾਂ (ਉਸ ਗੁਰੂ-ਦਰਿਆ ਵਿਚ ਕੀਤਾ ਇਸ਼ਨਾਨ) ਸਫਲ ਇਸ਼ਨਾਨ ਹੁੰਦਾ ਹੈ, ਗੁਰੂ ਪਸ਼ੂਆਂ ਤੋਂ ਪਰੇਤਾਂ ਤੋਂ ਦੇਵਤੇ ਬਣਾ ਦੇਂਦਾ ਹੈ ।੨।
Finding the True Guru, the perfect cleansing bath is obtained, which transforms even beasts and ghosts into gods. ||2||
ਰਤਾ ਸਚਿ ਨਾਮਿ ਤਲ ਹੀਅਲੁ ਸੋ ਗੁਰੁ ਪਰਮਲੁ ਕਹੀਐ ॥
ਜਿਸ ਗੁਰੂ ਦੇ ਗਿਆਨ-ਇੰਦ੍ਰੇ ਜਿਸ ਗੁਰੂ ਦਾ ਹਿਰਦਾ (ਸਦਾ) ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਗੁਰੂ ਨੂੰ ਚੰਦਨ ਆਖਣਾ ਚਾਹੀਦਾ ਹੈ,
He is said to be the Guru, with the scent of sandalwood, who is imbued with the True Name to the bottom of His Heart.
ਜਾ ਕੀ ਵਾਸੁ ਬਨਾਸਪਤਿ ਸਉਰੈ ਤਾਸੁ ਚਰਣ ਲਿਵ ਰਹੀਐ ॥੩॥
ਚੰਦਨ ਦੀ ਸੁਗੰਧੀ (ਨੇੜੇ ਉੱਗੀ) ਬਨਸਪਤੀ ਨੂੰ ਸੁਗੰਧਿਤ ਕਰ ਦੇਂਦੀ ਹੈ (ਗੁਰੂ ਦਾ ਉਪਦੇਸ਼ ਸਰਨ ਆਏ ਬੰਦਿਆਂ ਦੇ ਜੀਵਨ ਸੰਵਾਰ ਦੇਂਦਾ ਹੈ), ਉਸ ਗੁਰੂ ਦੇ ਚਰਨਾਂ ਵਿਚ ਸੁਰਤਿ ਜੋੜ ਰੱਖਣੀ ਚਾਹੀਦੀ ਹੈ ।੩।
By His Fragrance, the world of vegetation is perfumed. Lovingly focus yourself on His Feet. ||3||
ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ ॥
ਗੁਰੂ ਦੀ ਸਰਨ ਪਿਆਂ ਜੀਵਾਂ ਦੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦੇ ਹਨ, ਗੁਰੂ ਦੀ ਰਾਹੀਂ ਉਸ ਪ੍ਰਭੂ ਦੇ ਦਰ ਤੇ ਪਹੁੰਚ ਜਾਈਦਾ ਹੈ ਜੋ ਸਦਾ ਆਨੰਦ-ਸਰੂਪ ਹੈ ।
The life of the soul wells up for the Gurmukh; the Gurmukh goes to the House of God.
ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ ॥੪॥੬॥
ਹੇ ਨਾਨਕ! ਗੁਰੂ ਦੀ ਸਰਨ ਪਿਆਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ, ਗੁਰੂ ਦੀ ਰਾਹੀਂ ਉੱਚਾ ਆਤਮਕ ਦਰਜਾ ਮਿਲ ਜਾਂਦਾ ਹੈ ਜੋ ਸਦਾ ਹੀ ਆਪਣਾ ਬਣਿਆ ਰਹਿੰਦਾ ਹੈ (ਅਟੱਲ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ) ।੪।੬।
The Gurmukh, O Nanak, merges in the True One; the Gurmukh attains the exalted state of the self. ||4||6||