ਮਲਾਰ ਮਹਲਾ ੧ ॥
Malaar, First Mehl:
ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ਵਰੁ ਆਣਿ ਮਿਲਾਵੈ ॥
ਮੈਂ ਆਪਣੇ ਗੁਰੂ ਪ੍ਰੀਤਮ ਅੱਗੇ ਬੇਨਤੀ ਕਰਦੀ ਹਾਂ, (ਗੁਰੂ ਹੀ) ਪਤੀ-ਪ੍ਰਭੂ ਨੂੰ ਲਿਆ ਕੇ ਮਿਲਾ ਸਕਦਾ ਹੈ
I offer prayers to my Beloved Guru, that He may unite me with my Husband Lord.
ਸੁਣਿ ਘਨ ਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ ॥੧॥
(ਜਿਵੇਂ ਵਰਖਾ ਰੁੱਤੇ ਬੱਦਲਾਂ ਦੀ ਗਰਜ ਸੁਣ ਕੇ ਮੋਰ ਪੈਲਾਂ ਪਾਂਦਾ ਹੈ, ਤਿਵੇਂ) ਗੁਰੂ ਦੇ ਸ਼ਬਦ-ਬੱਦਲਾਂ ਦੀ ਗਰਜ ਸੁਣ ਕੇ ਮੇਰਾ ਮਨ ਠੰਢਾ-ਠਾਰ ਹੁੰਦਾ ਹੈ (ਮਨ ਦੀ ਵਿਕਾਰਾਂ ਦੀ ਤਪਸ਼ ਬੁੱਝ ਜਾਂਦੀ ਹੈ, ਮੇਰੀ ਜਿੰਦ) ਪ੍ਰੀਤਮ-ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦੀ ਸਿਫ਼ਤਿ-ਸਾਲਾਹ ਕਰਦੀ ਹੈ ।੧।
I hear the thunder in the clouds, and my mind is cooled and soothed; imbued with the Love of my Dear Beloved, I sing His Glorious Praises. ||1||
ਬਰਸੁ ਘਨਾ ਮੇਰਾ ਮਨੁ ਭੀਨਾ ॥
ਹੇ ਬੱਦਲ! ਵਰਖਾ ਕਰ (ਹੇ ਗੁਰੂ! ਨਾਮ ਦੀ ਵਰਖਾ ਕਰ, ਤਾ ਕਿ) ਮੇਰਾ ਮਨ ਉਸ ਵਿਚ ਭਿੱਜ ਜਾਏ
The rain pours down, and my mind is drenched with His Love.
ਅੰਮ੍ਰਿਤ ਬੂੰਦ ਸੁਹਾਨੀ ਹੀਅਰੈ ਗੁਰਿ ਮੋਹੀ ਮਨੁ ਹਰਿ ਰਸਿ ਲੀਨਾ ॥੧॥ ਰਹਾਉ ॥
(ਜਿਸ ਸੁਭਾਗ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣੇ ਪਿਆਰ-ਵੱਸ ਕਰ ਲਿਆ; ਉਸ ਦਾ ਮਨ ਪਰਮਾਤਮਾ ਦੇ ਰਸ ਵਿਚ ਲੀਨ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਨਾਮ-ਅੰਮ੍ਰਿਤ ਦੀ ਬੂੰਦ ਠੰਢ ਪਾਂਦੀ ਹੈ (ਸੁਖ ਦੇਂਦੀ ਹੈ) ।੧।ਰਹਾਉ।
The drop of Ambrosial Nectar pleases my heart; the Guru has fascinated my mind, which is drenched in the sublime essence of the Lord. ||1||Pause||
ਸਹਜਿ ਸੁਖੀ ਵਰ ਕਾਮਣਿ ਪਿਆਰੀ ਜਿਸੁ ਗੁਰ ਬਚਨੀ ਮਨੁ ਮਾਨਿਆ ॥
ਜਿਸ (ਜੀਵ-ਇਸਤ੍ਰੀ) ਦਾ ਮਨ ਗੁਰੂ ਦੇ ਬਚਨਾਂ ਵਿਚ (ਗੁਰੂ ਦੀ ਬਾਣੀ ਵਿਚ) ਗਿੱਝ ਜਾਂਦਾ ਹੈ, ਖਸਮ-ਪ੍ਰਭੂ ਦੀ ਉਹ ਪਿਆਰੀ ਇਸਤ੍ਰੀ ਅਡੋਲ ਅਵਸਥਾ ਵਿਚ ਆਤਮਕ ਸੁਖ ਮਾਣਦੀ ਹੈ ।
With intuitive peace and poise, the soul-bride is loved by her Husband Lord; her mind is pleased and appeased by the Guru's Teachings.
ਹਰਿ ਵਰਿ ਨਾਰਿ ਭਈ ਸੋਹਾਗਣਿ ਮਨਿ ਤਨਿ ਪ੍ਰੇਮੁ ਸੁਖਾਨਿਆ ॥੨॥
ਪ੍ਰਭੂ ਨੂੰ ਆਪਣਾ ਖਸਮ ਬਣਾ ਕੇ ਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਪ੍ਰਭੂ ਦਾ ਪਿਆਰ ਆਤਮਕ ਸੁਖ ਪੈਦਾ ਕਰਦਾ ਹੈ ।੨।
She is the happy soul-bride of her Husband Lord; her mind and body are filled with joy by His Love. ||2||
ਅਵਗਣ ਤਿਆਗਿ ਭਈ ਬੈਰਾਗਨਿ ਅਸਥਿਰੁ ਵਰੁ ਸੋਹਾਗੁ ਹਰੀ ॥
ਉਹ ਇਸਤ੍ਰੀ ਔਗੁਣ ਤਿਆਗ ਕੇ ਪ੍ਰਭੂ-ਚਰਨਾਂ ਦੀ ਵੈਰਾਗਣ ਹੋ ਜਾਂਦੀ ਹੈ, ਸਦਾ ਕਾਇਮ ਰਹਿਣ ਵਾਲਾ ਹਰੀ ਉਸ ਦਾ ਸੋਹਾਗ ਬਣ ਜਾਂਦਾ ਹੈ, ਉਸ ਦਾ ਖਸਮ ਬਣ ਜਾਂਦਾ ਹੈ
Discarding her demerits, she becomes detached; with the Lord as her Husband, her marriage is eternal.
ਸੋਗੁ ਵਿਜੋਗੁ ਤਿਸੁ ਕਦੇ ਨ ਵਿਆਪੈ ਹਰਿ ਪ੍ਰਭਿ ਅਪਣੀ ਕਿਰਪਾ ਕਰੀ ॥੩॥
ਜਿਸ ਜੀਵ-ਇਸਤ੍ਰੀ ਉਤੇ ਹਰੀ ਪ੍ਰਭੂ ਨੇ ਆਪਣੀ ਕਿਰਪਾ (ਦੀ ਦ੍ਰਿਸ਼ਟੀ) ਕੀਤੀ, ਉਸ ਉਤੇ ਮੋਹ ਆਦਿਕ ਦੀ ਚਿੰਤਾ ਜਾਂ ਪ੍ਰਭੂ-ਚਰਨਾਂ ਤੋਂ ਵਿਛੋੜਾ ਕਦੇ ਜ਼ੋਰ ਨਹੀਂ ਪਾ ਸਕਦਾ ।੩।
She never suffers separation or sorrow; her Lord God showers her with His Grace. ||3||
ਆਵਣ ਜਾਣੁ ਨਹੀ ਮਨੁ ਨਿਹਚਲੁ ਪੂਰੇ ਗੁਰ ਕੀ ਓਟ ਗਹੀ ॥
ਜਿਸ ਜੀਵ-ਇਸਤ੍ਰੀ ਨੇ ਪੂਰੇ ਗੁਰੂ ਦਾ ਪੱਲਾ ਫੜਿਆ ਹੈ, ਉਸ ਦਾ ਮਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ (ਭਾਵ, ਵਿਕਾਰਾਂ ਵਲ ਨਹੀਂ ਡੋਲਦਾ), ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।
Her mind is steady and stable; she does not come and go in reincarnation.
ਨਾਨਕ ਰਾਮ ਨਾਮੁ ਜਪਿ ਗੁਰਮੁਖਿ ਧਨੁ ਸੋਹਾਗਣਿ ਸਚੁ ਸਹੀ ॥੪॥੨॥
ਹੇ ਨਾਨਕ! ਉਹੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਜਪ ਕੇ ਭਾਗਾਂ ਵਾਲੀ ਹੋ ਜਾਂਦੀ ਹੈ, ਉਹ ਠੀਕ ਅਰਥਾਂ ਵਿਚ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੀ ਹੈ ।੪।੨।
She takes the Shelter of the Perfect Guru. O Nanak, as Gurmukh, chant the Naam; you shall be accepted as the true soul-bride of the Lord. ||4||2||