ਗਉੜੀ ਮਹਲਾ ੧ ॥
Gauree, First Mehl:
ਪਉਣੈ ਪਾਣੀ ਅਗਨੀ ਕਾ ਮੇਲੁ ॥
ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ ! (ਗੁਰੂ ਦੀ ਸਰਨ ਪੈ ਕੇ) ਇਹ ਗੱਲ ਸਮਝ ਲੈ (ਕਿ ਜਦੋਂ) ਹਵਾ ਪਾਣੀ ਅੱਗ (ਆਦਿਕ ਤੱਤਾਂ ਦਾ) ਮਿਲਾਪ ਹੁੰਦਾ ਹੈ (ਤਦੋਂ ਇਹ ਸਰੀਰ ਬਣਦਾ ਹੈ, ਤੇ ਇਸ ਵਿਚ)
The union of air, water and fire
ਚੰਚਲ ਚਪਲ ਬੁਧਿ ਕਾ ਖੇਲੁ ॥
ਚੰਚਲ ਅਤੇ ਕਿਤੇ ਇੱਕ ਥਾਂ ਨਾਹ ਟਿਕਣ ਵਾਲੀ ਬੁੱਧੀ ਦੀ ਦੌੜ-ਭੱਜ (ਸ਼ੁਰੂ ਹੋ ਜਾਂਦੀ ਹੈ) ।
- the body is the play-thing of the fickle and unsteady intellect.
ਨਉ ਦਰਵਾਜੇ ਦਸਵਾ ਦੁਆਰੁ ॥
(ਸਰੀਰ ਦੀਆਂ) ਨੌ ਹੀ ਗੋਲਕਾਂ (ਇਸ ਦੌੜ-ਭੱਜ ਵਿਚ ਸ਼ਾਮਿਲ ਰਹਿੰਦੀਆਂ ਹਨ, ਸਿਰਫ਼)
It has nine doors, and then there is the Tenth Gate.
ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥
ਦਿਮਾਗ਼ (ਹੀ ਹੈ ਜਿਸ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਸਕਦੀ ਹੈ) ।੧।
Reflect upon this and understand it, O wise one. ||1||
ਕਥਤਾ ਬਕਤਾ ਸੁਨਤਾ ਸੋਈ ॥
(ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਉਹ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ ਹੈ ਸੁਣਨ ਵਾਲਾ ਹੈ
The Lord is the One who speaks, teaches and listens.
ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ ॥
ਹੇ ਭਾਈ ! ਜਿਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ।੧।ਰਹਾਉ।
One who contemplates his own self is truly wise. ||1||Pause||
ਦੇਹੀ ਮਾਟੀ ਬੋਲੈ ਪਉਣੁ ॥
ਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿਚ ਸੁਆਸ ਚੱਲਦਾ ਹੀ ਰਹਿੰਦਾ ਹੈ ।
The body is dust; the wind speaks through it.
ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥
ਹੇ ਗਿਆਨਵਾਨ ਮਨੁੱਖ ! ਇਸ ਗੱਲ ਨੂੰ ਸਮਝ (ਕਿ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦੇ ਅੰਦਰੋਂ ਸਿਰਫ਼ ਆਪਾ-ਭਾਵ ਦੀ ਮੌਤ ਹੁੰਦੀ ਹੈ, ਉਂਞ) ਹੋਰ ਕੁਝ ਨਹੀਂ ਮਰਦਾ,
Understand, O wise one, who has died.
ਮੂਈ ਸੁਰਤਿ ਬਾਦੁ ਅਹੰਕਾਰੁ ॥
(ਹਾਂ, ਗੁਰੂ ਮਿਲਿਆਂ ਮਨੁੱਖ ਦੇ ਅੰਦਰੋਂ ਮਾਇਆ ਵਾਲੇ ਪਾਸੇ ਦੀ) ਖਿੱਚ ਮਰ ਜਾਂਦੀ ਹੈ, (ਮਾਇਆ ਦੀ ਖ਼ਾਤਰ ਮਨ ਦਾ) ਝਗੜਾ ਮਰ ਜਾਂਦਾ ਹੈ (ਮਨੁੱਖ ਦੇ ਅੰਦਰੋਂ ਮਾਇਆ ਦਾ) ਅਹੰਕਾਰ ਮਰ ਜਾਂਦਾ ਹੈ ।
Awareness, conflict and ego have died,
ਓਹੁ ਨ ਮੂਆ ਜੋ ਦੇਖਣਹਾਰੁ ॥੨॥
ਪਰ ਉਹ (ਆਤਮਾ) ਨਹੀਂ ਮਰਦਾ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ ।੨।
but the One who sees does not die. ||2||
ਜੈ ਕਾਰਣਿ ਤਟਿ ਤੀਰਥ ਜਾਹੀ ॥
ਹੇ ਭਾਈ ! ਜਿਸ (ਨਾਮ-ਰਤਨ) ਦੀ ਖ਼ਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ,
For the sake of it, you journey to sacred shrines and holy rivers;
ਰਤਨ ਪਦਾਰਥ ਘਟ ਹੀ ਮਾਹੀ ॥
ਉਹ ਕੀਮਤੀ ਰਤਨ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ ।
but this priceless jewel is within your own heart.
ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥
(ਵੇਦ ਆਦਿਕ ਪੁਸਤਕਾਂ ਦਾ ਵਿਦਵਾਨ) ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਭੀ) ਚਰਚਾ ਕਰਦਾ ਰਹਿੰਦਾ ਹੈ ।
The Pandits, the religious scholars, read and read endlessly; they stir up arguments and controversies,
ਭੀਤਰਿ ਹੋਦੀ ਵਸਤੁ ਨ ਜਾਣੈ ॥੩॥
ਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ ।੩।
but they do not know the secret deep within. ||3||
ਹਉ ਨ ਮੂਆ ਮੇਰੀ ਮੁਈ ਬਲਾਇ ॥
(ਉਸ ਨੂੰ) ਇਹ ਦਿੱਸ ਪੈਂਦਾ ਹੈ ਕਿ ਜੀਵਾਤਮਾ ਨਹੀਂ ਮਰਦਾ, (ਮਨੁੱਖ ਦੇ ਅੰਦਰੋਂ) ਮਾਇਆ ਦੀ ਮਮਤਾ-ਰੂਪ ਚੁੜੇਲ ਹੀ ਮਰਦੀ ਹੈ ।
I have not died - that evil nature within me has died.
ਓਹੁ ਨ ਮੂਆ ਜੋ ਰਹਿਆ ਸਮਾਇ ॥
ਸਭ ਜੀਵਾਂ ਵਿਚ ਵਿਆਪਕ ਪਰਮਾਤਮਾ ਕਦੇ ਨਹੀਂ ਮਰਦਾ ।
The One who is pervading everywhere does not die.
ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ ॥
ਹੇ ਨਾਨਕ ! ਆਖ—(ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ,
Says Nanak, the Guru has revealed God to me,
ਮਰਤਾ ਜਾਤਾ ਨਦਰਿ ਨ ਆਇਆ ॥੪॥੪॥
ਉਸ ਨੂੰ ਇਹ ਦਿੱਸ ਪੈਂਦਾ ਹੈ ਕਿ ਪ੍ਰਭੂ ਜੰਮਦਾ ਮਰਦਾ ਨਹੀਂ ।੪।੪।
and now I see that there is no such thing as birth or death. ||4||4||