ਸਾਰਗ ਮਹਲਾ ੩ ॥
Saarang, Third Mehl:
ਮਨ ਮੇਰੇ ਹਰਿ ਕੀ ਅਕਥ ਕਹਾਣੀ ॥
ਹੇ ਮੇਰੇ ਮਨ! ਪ੍ਰਭੂ ਦੀ ਕਦੇ ਨਾਹ ਮੁੱਕ ਸਕਣ ਵਾਲੀ ਸਿਫ਼ਤਿ-ਸਾਲਾਹ (ਦੀ ਦਾਤਿ)
O my mind, the Speech of the Lord is unspoken.
ਹਰਿ ਨਦਰਿ ਕਰੇ ਸੋਈ ਜਨੁ ਪਾਏ ਗੁਰਮੁਖਿ ਵਿਰਲੈ ਜਾਣੀ ॥੧॥ ਰਹਾਉ ॥
ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਕਿਰਪਾ ਕਰਦਾ ਹੈ ਉਹੀ ਮਨੁੱਖ ਹਾਸਲ ਕਰਦਾ ਹੈ । ਗੁਰੂ ਦੇ ਸਨਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ (ਇਸ ਦੀ) ਕਦਰ ਸਮਝੀ ਹੈ ।੧।ਰਹਾਉ।
That humble being who is blessed by the Lord's Glance of Grace, obtains it. How rare is that Gurmukh who understands. ||1||Pause||
ਹਰਿ ਗਹਿਰ ਗੰਭੀਰੁ ਗੁਣੀ ਗਹੀਰੁ ਗੁਰ ਕੈ ਸਬਦਿ ਪਛਾਨਿਆ ॥
ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਇਹ ਪਛਾਣ ਆਉਂਦੀ ਹੈ ਕਿ ਪਰਮਾਤਮਾ ਬੜੇ ਹੀ ਡੂੰਘੇ ਜਿਗਰੇ ਵਾਲਾ ਹੈ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ।
The Lord is Deep, Profound and Unfathomable, the Ocean of Excellence; He is realized through the Word of the Guru's Shabad.
ਬਹੁ ਬਿਧਿ ਕਰਮ ਕਰਹਿ ਭਾਇ ਦੂਜੈ ਬਿਨੁ ਸਬਦੈ ਬਉਰਾਨਿਆ ॥੧॥
ਜਿਹੜੇ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਹੋਰ ਪਿਆਰ ਵਿਚ (ਟਿਕੇ ਰਹਿ ਕੇ) ਕਈ ਤਰੀਕਿਆਂ ਦੇ (ਮਿਥੇ ਹੋਏ ਧਾਰਮਿਕ) ਕਰਮ (ਭੀ) ਕਰਦੇ ਹਨ, ਉਹ ਮਨੁੱਖ ਗੁਰੂ ਦੇ ਸ਼ਬਦ ਤੋਂ ਬਿਨਾ ਝੱਲੇ ਹੀ ਰਹਿੰਦੇ ਹਨ ।੧।
Mortals do their deeds in all sorts of ways, in the love of duality; but without the Shabad, they are insane. ||1||
ਹਰਿ ਨਾਮਿ ਨਾਵੈ ਸੋਈ ਜਨੁ ਨਿਰਮਲੁ ਫਿਰਿ ਮੈਲਾ ਮੂਲਿ ਨ ਹੋਈ ॥
ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੇ ਨਾਮ (-ਜਲ) ਵਿਚ (ਆਤਮਕ) ਇਸ਼ਨਾਨ ਕਰਦਾ ਰਹਿੰਦਾ ਹੈ, ਉਹੀ ਮਨੁੱਖ ਪਵਿੱਤਰ (ਜੀਵਨ ਵਾਲਾ) ਹੁੰਦਾ ਹੈ, ਉਹ ਮੁੜ ਕਦੇ ਭੀ (ਵਿਕਾਰਾਂ ਦੀ ਮੈਲ ਨਾਲ) ਮੈਲਾ ਨਹੀਂ ਹੁੰਦਾ ।
That humble being who bathes in the Lord's Name becomes immaculate; he never becomes polluted again.
ਨਾਮ ਬਿਨਾ ਸਭੁ ਜਗੁ ਹੈ ਮੈਲਾ ਦੂਜੈ ਭਰਮਿ ਪਤਿ ਖੋਈ ॥੨॥
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ (ਪਾਪਾਂ ਦੀ ਮੈਲ ਨਾਲ) ਲਿਬੜਿਆ ਰਹਿੰਦਾ ਹੈ, ਹੋਰ ਹੋਰ ਭਟਕਣਾ ਵਿਚ ਪੈ ਕੇ ਆਪਣੀ ਇੱਜ਼ਤ ਗੰਵਾ ਲੈਂਦਾ ਹੈ ।੨।
Without the Name, the whole world is polluted; wandering in duality, it loses its honor. ||2||
ਕਿਆ ਦ੍ਰਿੜਾਂ ਕਿਆ ਸੰਗ੍ਰਹਿ ਤਿਆਗੀ ਮੈ ਤਾ ਬੂਝ ਨ ਪਾਈ ॥
ਹੇ ਪ੍ਰਭੂ! ਮੈਂ ਕਿਹੜੀ ਗੱਲ ਆਪਣੇ ਮਨ ਵਿਚ ਪੱਕੀ ਕਰ ਲਵਾਂ; ਕਿਹੜੇ ਗੁਣ (ਹਿਰਦੇ ਵਿਚ) ਇਕੱਠੇ ਕਰ ਕੇ ਕਿਹੜੇ ਔਗੁਣ ਛੱਡ ਦਿਆਂ?—ਮੈਨੂੰ ਆਪਣੇ ਆਪ ਤਾਂ ਇਹ ਸਮਝ ਨਹੀਂ ਆ ਸਕਦੀ ।
What should I grasp? What should I gather up or leave behind? I do not know.
ਹੋਹਿ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਨਾਮੋ ਹੋਇ ਸਖਾਈ ॥੩॥
ਹੇ ਪ੍ਰਭੂ ਜੀ! ਮਿਹਰ ਕਰ ਕੇ ਜੇ ਤੂੰ (ਆਪ ਮੇਰੇ ਉੱਤੇ) ਦਇਆਵਾਨ ਹੋ ਜਾਏਂ (ਤਾਂ ਹੀ ਮੈਨੂੰ ਸਮਝ ਆਉਂਦੀ ਹੈ ਕਿ ਤੇਰਾ) ਨਾਮ ਹੀ ਅਸਲ ਸਾਥੀ ਬਣਦਾ ਹੈ ।੩।
O Dear Lord, Your Name is the Help and Support of those whom You bless with Your kindness and compassion. ||3||
ਸਚਾ ਸਚੁ ਦਾਤਾ ਕਰਮ ਬਿਧਾਤਾ ਜਿਸੁ ਭਾਵੈ ਤਿਸੁ ਨਾਇ ਲਾਏ ॥
ਹੇ ਭਾਈ! ਜਿਹੜਾ ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਜੋ ਸਭ ਦਾਤਾਂ ਦੇਣ ਵਾਲਾ ਹੈ, ਜੋ (ਜੀਵਾਂ ਦੇ) ਕੀਤੇ ਕਰਮਾਂ ਅਨੁਸਾਰ (ਜੀਵਾਂ) ਨੂੰ ਜਨਮ ਦੇਣ ਵਾਲਾ ਹੈ, ਉਸ ਨੂੰ ਕਿਹੜਾ ਜੀਵ ਪਿਆਰਾ ਲੱਗਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜਦਾ ਹੈ ।
The True Lord is the True Giver, the Architect of Destiny; as He pleases, He links mortals to the Name.
ਗੁਰੂ ਦੁਆਰੈ ਸੋਈ ਬੂਝੈ ਜਿਸ ਨੋ ਆਪਿ ਬੁਝਾਏ ॥੪॥
ਗੁਰੂ ਦੇ ਦਰ ਤੇ ਆ ਕੇ ਉਹੀ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ਦਾ ਹੈ ।੪।
He alone comes to understand, who enters the Guru's Gate, whom the Lord Himself instructs. ||4||
ਦੇਖਿ ਬਿਸਮਾਦੁ ਇਹੁ ਮਨੁ ਨਹੀ ਚੇਤੇ ਆਵਾ ਗਉਣੁ ਸੰਸਾਰਾ ॥
ਹੇ ਭਾਈ! ਜਿਸ ਮਨੁੱਖ ਦਾ ਮਨ ਇਹ ਹੈਰਾਨ ਕਰਨ ਵਾਲਾ ਜਗਤ-ਤਮਾਸ਼ਾ ਵੇਖ ਕੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਉਸ ਦੇ ਵਾਸਤੇ ਜਨਮ ਮਰਨ ਦਾ ਗੇੜ ਸੰਸਾਰ-ਚੱਕਰ ਬਣਿਆ ਰਹਿੰਦਾ ਹੈ ।
Even gazing upon the wonders of the Lord, this mind does not think of Him. The world comes and goes in reincarnation.
ਸਤਿਗੁਰੁ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ ॥੫॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹੀ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ, ਉਹੀ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਲੱਭਦਾ ਹੈ ।੫।
Serving the True Guru, the mortal comes to understand, and finds the Door of Salvation. ||5||
ਜਿਨ੍ਹ ਦਰੁ ਸੂਝੈ ਸੇ ਕਦੇ ਨ ਵਿਗਾੜਹਿ ਸਤਿਗੁਰਿ ਬੂਝ ਬੁਝਾਈ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ, ਤੇ, ਜਿਨ੍ਹਾਂ ਨੂੰ ਪਰਮਾਤਮਾ ਦਾ ਦਰਵਾਜ਼ਾ ਦਿੱਸ ਪਿਆ, ਉਹ ਕਦੇ ਭੀ (ਵਿਕਾਰਾਂ ਵਿਚ ਆਪਣਾ ਜੀਵਨ) ਖ਼ਰਾਬ ਨਹੀਂ ਕਰਦੇ ।
Those who understand the Lord's Court, never suffer separation from him. The True Guru has imparted this understanding.
ਸਚੁ ਸੰਜਮੁ ਕਰਣੀ ਕਿਰਤਿ ਕਮਾਵਹਿ ਆਵਣ ਜਾਣੁ ਰਹਾਈ ॥੬॥
ਉਹ ਮਨੁੱਖ ਹਰਿ-ਨਾਮ ਸਿਮਰਨ ਅਤੇ ਵਿਕਾਰਾਂ ਤੋਂ ਬਚੇ ਰਹਿਣ ਦਾ ਜਤਨ ਆਦਿਕ ਕਰਤੱਬ ਕਰਦੇ ਰਹਿੰਦੇ ਹਨ, (ਇਸ ਤਰ੍ਹਾਂ ਉਹਨਾਂ ਦਾ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।੬।
They practice truth, self-restraint and good deeds; their comings and goings are ended. ||6||
ਸੇ ਦਰਿ ਸਾਚੈ ਸਾਚੁ ਕਮਾਵਹਿ ਜਿਨ ਗੁਰਮੁਖਿ ਸਾਚੁ ਅਧਾਰਾ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਆਸਰਾ ਮਿਲ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ (ਚਰਨਾਂ ਵਿਚ) ਟਿੱਕ ਕੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ ।
In the Court of the True Lord, they practice Truth. The Gurmukhs take the Support of the True Lord.
ਮਨਮੁਖ ਦੂਜੈ ਭਰਮਿ ਭੁਲਾਏ ਨਾ ਬੂਝਹਿ ਵੀਚਾਰਾ ॥੭॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਉਹਨਾਂ ਨੂੰ (ਆਤਮਕ ਜੀਵਨ ਵਾਲੀ ਸਹੀ) ਵਿਚਾਰ ਨਹੀਂ ਸੁੱਝਦੀ ।੭।
The self-willed manmukhs wander, lost in doubt and duality. They do not know how to contemplate the Lord. ||7||
ਆਪੇ ਗੁਰਮੁਖਿ ਆਪੇ ਦੇਵੈ ਆਪੇ ਕਰਿ ਕਰਿ ਵੇਖੈ ॥
ਹੇ ਭਾਈ! ਪ੍ਰਭੂ ਆਪ ਹੀ (ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਆਪ ਹੀ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਆਪ ਹੀ (ਇਹ ਸਾਰਾ ਤਮਾਸ਼ਾ) ਕਰ ਕਰ ਕੇ ਵੇਖਦਾ ਹੈ ।
He Himself is the Gurmukh, and He Himself gives; He Himself creates and beholds.
ਨਾਨਕ ਸੇ ਜਨ ਥਾਇ ਪਏ ਹੈ ਜਿਨ ਕੀ ਪਤਿ ਪਾਵੈ ਲੇਖੈ ॥੮॥੩॥
ਹੇ ਨਾਨਕ! ਉਹ ਬੰਦੇ ਕਬੂਲ ਪੈਂਦੇ ਹਨ, ਜਿਨ੍ਹਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ ।੮।੩।
O Nanak, those humble beings are approved, whose honor the Lord Himself accepts. ||8||3||