ਸਾਰਗ ਮਹਲਾ ੧ ॥
Saarang, First Mehl:
ਹਰਿ ਬਿਨੁ ਕਿਉ ਧੀਰੈ ਮਨੁ ਮੇਰਾ ॥
ਪਰਮਾਤਮਾ ਦੇ ਨਾਮ ਤੋਂ ਵਿਛੁੜ ਕੇ ਮੇਰਾ ਮਨ (ਹੁਣ) ਕਿਸੇ ਤਰ੍ਹਾਂ ਭੀ ਧੀਰਜ ਨਹੀਂ ਫੜਦਾ (ਟਿਕਦਾ ਨਹੀਂ) ਕਿਉਂਕਿ ਇਸ ਨੂੰ ਅਨੇਕਾਂ ਦੁੱਖ ਰੋਗ ਆ ਵਾਪਰਦੇ ਹਨ ।
Without the Lord, how can my mind be comforted?
ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥੧॥ ਰਹਾਉ ॥
ਪਰ ਜੇ ਕੋ੍ਰੜਾਂ ਜੁਗਾਂ ਦੇ ਦੁੱਖ ਨਾਸ ਕਰਨ ਵਾਲੇ ਤੇ ਸਦਾ ਹੀ ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਮਨ ਵਿਚ) ਟਿਕਾ ਲਈਏ ਤਾਂ ਸਾਰੇ ਦੁੱਖਾਂ ਰੋਗਾਂ ਦਾ ਨਾਸ ਹੋ ਜਾਂਦਾ ਹੈ (ਤੇ ਮਨ ਟਿਕਾਣੇ ਆ ਜਾਂਦਾ ਹੈ) ।੧।ਰਹਾਉ।
The guilt and sin of millions of ages is erased, and one is released from the cycle of reincarnation, when the Truth is implanted within. ||1||Pause||
ਕ੍ਰੋਧੁ ਨਿਵਾਰਿ ਜਲੇ ਹਉ ਮਮਤਾ ਪ੍ਰੇਮੁ ਸਦਾ ਨਉ ਰੰਗੀ ॥
ਉਸ ਦੇ ਕੋ੍ਰਧ ਨੂੰ (ਆਪਣੇ ਅੰਦਰੋਂ) ਕੱਢ ਦਿੱਤਾ ਹੈ, ਉਸ ਦੀ ਹਉਮੈ ਤੇ ਅਪਣੱਤ ਸੜ ਜਾਂਦੀ ਹੈ, ਨਿੱਤ ਨਵਾਂ ਰਹਿਣ ਵਾਲਾ ਪ੍ਰੇਮ (ਉਸ ਦੇ ਹਿਰਦੇ ਵਿਚ ਜਾਗ ਪੈਂਦਾ ਹੈ)
Anger is gone, egotism and attachment have been burnt away; I am imbued with His ever-fresh Love.
ਅਨਭਉ ਬਿਸਰਿ ਗਏ ਪ੍ਰਭੁ ਜਾਚਿਆ ਹਰਿ ਨਿਰਮਾਇਲੁ ਸੰਗੀ ॥੧॥
ਜਿਸ ਮਨੁੱਖ ਨੇ ਪ੍ਰਭੂ (ਦੇ ਦਰ ਤੋਂ ਨਾਮ ਦਾ ਦਾਨ) ਮੰਗਿਆ ਹੈ, ਪਵਿੱਤ-ਸਰੂਪ ਪ੍ਰਭੂ ਉਸ ਦਾ (ਸਦਾ ਲਈ) ਸਾਥੀ ਬਣ ਗਿਆ ਹੈ।੧।
Other fears are forgotten, begging at God's Door. The Immaculate Lord is my Companion. ||1||
ਚੰਚਲ ਮਤਿ ਤਿਆਗਿ ਭਉ ਭੰਜਨੁ ਪਾਇਆ ਏਕ ਸਬਦਿ ਲਿਵ ਲਾਗੀ ॥
ਜਿਸ ਮਨੁੱਖ ਨੇ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਸੁਰਤਿ ਜੋੜੀ ਹੈ ਉਸ ਨੇ (ਮਾਇਕ ਪਦਾਰਥਾਂ ਦੇ ਪਿੱਛੇ) ਭਟਕਣ ਵਾਲੀ ਮਤਿ (ਦੀ ਅਗਵਾਈ) ਤਿਆਗ ਕੇ ਡਰ ਨਾਸ ਕਰਨ ਵਾਲਾ ਪਰਮਾਤਮਾ ਲੱਭ ਲਿਆ ਹੈ ।
Forsaking my fickle intellect, I have found God, the Destroyer of fear; I am lovingly attuned to the One Word, the Shabad.
ਹਰਿ ਰਸੁ ਚਾਖਿ ਤ੍ਰਿਖਾ ਨਿਵਾਰੀ ਹਰਿ ਮੇਲਿ ਲਏ ਬਡਭਾਗੀ ॥੨॥
ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਕੇ ਉਸ ਨੇ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਹ ਦੂਰ ਕਰ ਲਈ ਹੈ, ਉਸ ਵਡ-ਭਾਗੀ ਮਨੁੱਖ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ ।੨।
Tasting the sublime essence of the Lord, my thirst is quenched; by great good fortune, the Lord has united me with Himself. ||2||
ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ ॥
ਜਿਸ ਮਨੁੱਖ ਨੇ ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰਸਨ ਕਰ ਲਿਆ, ਪ੍ਰਭੂ ਦਾ ਨਾਮ-ਜਲ ਸਿੰਜ ਕੇ ਉਸ ਦੇ ਉਹ ਗਿਆਨ-ਇੰਦ੍ਰੇ ਨਕਾਨਕ ਭਰ ਗਏ ਜਿਨ੍ਹਾਂ ਦੀ ਤ੍ਰਿਸ਼ਨਾ ਪਹਿਲਾਂ ਕਦੇ ਭੀ ਮੁੱਕਦੀ ਨਹੀਂ ਸੀ ।੩।
The empty tank has been filled to overflowing. Following the Guru's Teachings, I am enraptured with the True Lord.
ਮਨ ਰਤਿ ਨਾਮਿ ਰਤੇ ਨਿਹਕੇਵਲ ਆਦਿ ਜੁਗਾਦਿ ਦਇਆਲਾ ॥੩॥
ਜਿਨ੍ਹਾਂ ਦੇ ਮਨ ਦੀ ਪ੍ਰੀਤਿ ਪ੍ਰਭੂ ਦੇ ਨਾਮ ਵਿਚ ਬਣ ਜਾਂਦੀ ਹੈ ਉਹ ਉਸ ਪਰਮਾਤਮਾ ਦੇ ਪਿਆਰ ਵਿਚ (ਸਦਾ ਲਈ) ਰੰਗੇ ਜਾਂਦੇ ਹਨ ਜੋ ਸੁੱਧ-ਸਰੂਪ ਹੈ ਤੇ ਜੋ ਸਦਾ ਤੋਂ ਹੀ ਦਇਆ ਦਾ ਸੋਮਾ ਹੈ ।੩।
My mind is imbued with love for the Naam. The Immaculate Lord is merciful, from the beginning of time, and througout the ages. ||3||
ਮੋਹਨਿ ਮੋਹਿ ਲੀਆ ਮਨੁ ਮੋਰਾ ਬਡੈ ਭਾਗ ਲਿਵ ਲਾਗੀ ॥
ਮੇਰੇ ਚੰਗੇ ਭਾਗਾਂ (ਗੁਰੂ ਦੀ ਕਿਰਪਾ ਨਾਲ) ਮੇਰੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗ ਗਈ ਹੈ, ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਨੇ ਮੇਰਾ ਮਨ (ਆਪਣੇ ਪੇ੍ਰਮ ਵਿਚ) ਮੋਹ ਲਿਆ ਹੈ ।
My mind is fascinated with the Fascinating Lord. By great good fortune, I am lovingly attuned to Him.
ਸਾਚੁ ਬੀਚਾਰਿ ਕਿਲਵਿਖ ਦੁਖ ਕਾਟੇ ਮਨੁ ਨਿਰਮਲੁ ਅਨਰਾਗੀ ॥੪॥
ਸਦਾ-ਥਿਰ ਪ੍ਰਭੂ (ਦੇ ਗੁਣਾਂ) ਨੂੰ ਸੋਚ-ਮੰਡਲ ਵਿਚ ਲਿਆਉਣ ਕਰ ਕੇ ਮੇਰੇ ਸਾਰੇ ਪਾਪ-ਦੁੱਖ ਕੱਟੇ ਗਏ ਹਨ, ਮੇਰਾ ਮਨ ਪਵਿਤ੍ਰ ਹੋ ਗਿਆ ਹੈ, (ਪ੍ਰਭੂ-ਚਰਨਾਂ ਦਾ) ਪੇੇ੍ਰਮੀ ਹੋ ਗਿਆ ਹੈ ।੪।
Contemplating the True Lord, all the resides of sins and mistakes are wiped away. My mind is pure and immaculate in His Love. ||4||
ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀ ਅਨ ਪੂਜਾ ॥
ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ, ਸਿਰਫ਼ ਉਸ ਨੂੰ ਪੂਜਦਾ ਹਾਂ ਜੋ ਬੜੇ ਡੂੰਘੇ ਤੇ ਵੱਡੇ ਜਿਗਰੇ ਵਾਲਾ ਹੈ, ਜੋ ਬੇਅੰਤ ਰਤਨਾਂ ਦੀ ਖਾਣ ਸਮੁੰਦਰ ਹੈ
God is the Deep and Unfathomable Ocean, the Source of all jewels; no other is worthy of worship.
ਸਬਦੁ ਬੀਚਾਰਿ ਭਰਮ ਭਉ ਭੰਜਨੁ ਅਵਰੁ ਨ ਜਾਨਿਆ ਦੂਜਾ ॥੫॥
ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਮੈਂ ਸਮਝ ਲਿਆ ਹੈ ਕਿ ਸਿਰਫ਼ ਪਰਮਾਤਮਾ ਹੀ ਡਰ-ਸਹਿਮ ਦਾ ਨਾਸ ਕਰਨ ਵਾਲਾ ਹੈ, ਕੋਈ ਹੋਰ (ਦੇਵੀ ਦੇਵਤਾ ਆਦਿਕ) ਦੂਜਾ ਨਹੀਂ ਹੈ ।੫।
I contemplate the Shabad, the Destroyer of doubt and fear; I do not know any other at all. ||5||
ਮਨੂਆ ਮਾਰਿ ਨਿਰਮਲ ਪਦੁ ਚੀਨਿਆ ਹਰਿ ਰਸ ਰਤੇ ਅਧਿਕਾਈ ॥
ਹੁਣ ਮੈਂ ਪ੍ਰਭੂ ਦੇ ਨਾਮ-ਰਸ ਵਿਚ ਬਹੁਤ ਰੰਗਿਆ ਗਿਆ ਹਾਂ, ਮਨ (ਵਿਚੋਂ ਵਿਕਾਰਾਂ ਦੀ ਅੰਸ) ਮਾਰ ਕੇ ਮੈਂ ਪਵਿਤ੍ਰ ਆਤਮਕ ਦਰਜੇ ਨਾਲ ਡੂੰਘੀ ਸਾਂਝ ਪਾ ਲਈ ਹੈ
Subduing my mind, I have realized the pure status; I am totally imbued with the sublime essence of the Lord.
ਏਕਸ ਬਿਨੁ ਮੈ ਅਵਰੁ ਨ ਜਾਨਾਂ ਸਤਿਗੁਰਿ ਬੂਝ ਬੁਝਾਈ ॥੬॥
ਗੁਰੂ ਨੇ ਮੈਨੂੰ ਸਮਝ ਬਖ਼ਸ਼ ਦਿੱਤੀ ਹੈ, (ਹੁਣ) ਇਕ ਪਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ ।੬।
I do not know any other except the Lord. The True Guru has imparted this understanding. ||6||
ਅਗਮ ਅਗੋਚਰੁ ਅਨਾਥੁ ਅਜੋਨੀ ਗੁਰਮਤਿ ਏਕੋ ਜਾਨਿਆ ॥
ਗੁਰੂ ਦੀ ਮਤਿ ਲੈ ਕੇ ਸਿਰਫ਼ ਉਸ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਈ ਹੈ ਜੋ ਅਪਹੁੰਚ ਹੈ, ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ, ਜੋ ਆਪ ਹੀ ਆਪਣਾ ਖਸਮ-ਮਾਲਕ ਹੈ, ਅਤੇ ਜੋ ਜੂਨਾਂ ਵਿਚ ਨਹੀਂ ਆਉਂਦਾ ।
God is Inaccessible and Unfathomable, Unmastered and Unborn; through the Guru's Teachings, I know the One Lord.
ਸੁਭਰ ਭਰੇ ਨਾਹੀ ਚਿਤੁ ਡੋਲੈ ਮਨ ਹੀ ਤੇ ਮਨੁ ਮਾਨਿਆ ॥੭॥
(ਇਸ ਸਾਂਝ ਦੀ ਬਰਕਤਿ ਨਾਲ) ਮੇਰੇ ਗਿਆਨ-ਇੰਦ੍ਰੇ (ਨਾਮ-ਰਸ ਨਾਲ) ਨਕਾ-ਨਕ ਭਰ ਗਏ ਹਨ, ਹੁਣ ਮੇਰਾ ਮਨ (ਮਾਇਆ ਵਾਲੇ ਪਾਸੇ) ਡੋਲਦਾ ਨਹੀਂ ਹੈ, ਆਪਣੇ ਅੰਦਰ ਹੀ ਟਿਕ ਗਿਆ ਹੈ ।੭।
Filled to overflowing, my consciousness does not waver; through the Mind, my mind is pleased and appeased. ||7||
ਗੁਰ ਪਰਸਾਦੀ ਅਕਥਉ ਕਥੀਐ ਕਹਉ ਕਹਾਵੈ ਸੋਈ ॥
ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ । ਗੁਰੂ ਦੀ ਕਿਰਪਾ ਨਾਲ ਹੀ ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ । ਮੈਂ ਤਦੋਂ ਹੀ ਉਸ ਦੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ ਜਦੋਂ ਉਹ ਆਪ ਹੀ ਸਿਫ਼ਤਿ-ਸਾਲਾਹ ਕਰਾਂਦਾ ਹੈ ।
By Guru's Grace, I speak the Unspoken; I speak what He makes me speak.
ਨਾਨਕ ਦੀਨ ਦਇਆਲ ਹਮਾਰੇ ਅਵਰੁ ਨ ਜਾਨਿਆ ਕੋਈ ॥੮॥੨॥
ਹੇ ਨਾਨਕ! (ਆਖ—) ਹੇ ਮੇਰੇ ਦੀਨ ਦਇਆਲ ਪ੍ਰਭੂ! ਮੈਨੂੰ ਤੇਰੇ ਵਰਗਾ ਹੋਰ ਕੋਈ ਨਹੀਂ ਦਿੱਸਦਾ, ਮੈਂ ਤੇਰੇ ਨਾਲ ਹੀ ਸਾਂਝ ਪਾਈ ਹੈ ।੮।੨।
O Nanak, my Lord is Merciful to the meek; I do not know any other at all. ||8||2||