ਸਾਰਗ ਮਹਲਾ ੫ ॥
Saarang, Fifth Mehl:
ਪੋਥੀ ਪਰਮੇਸਰ ਕਾ ਥਾਨੁ ॥
ਹੇ ਭਾਈ! ਗੁਰਬਾਣੀ (ਹੀ) ਪਰਮਾਤਮਾ ਦੇ ਮਿਲਾਪ ਦੀ ਥਾਂ ਹੈ ।
This Holy Book is the home of the Transcendent Lord God.
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥
ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਮਨੁੱਖ ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ।੧।ਰਹਾਉ।
Whoever sings the Glorious Praises of the Lord of the Universe in the Saadh Sangat, the Company of the Holy, has the perfect knowledge of God. ||1||Pause||
ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ ॥
ਹੇ ਭਾਈ! ਜੋਗ-ਸਾਧਨ ਕਰਨ ਵਾਲੇ ਮਨੁੱਖ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸਾਰੇ ਰਿਸ਼ੀ-ਮੁਨੀ (ਪਰਮਾਤਮਾ ਨਾਲ ਮਿਲਾਪ ਦੀ) ਤਾਂਘ ਕਰਦੇ ਆ ਰਹੇ ਹਨ, ਪਰ ਕਿਸੇ ਵਿਰਲੇ ਦੀ ਸੁਰਤਿ (ਉਸ ਵਿਚ) ਜੁੜਦੀ ਹੈ ।
The Siddhas and seekers and all the silent sages long for the Lord, but those who meditate on Him are rare.
ਜਿਸਹਿ ਕ੍ਰਿਪਾਲੁ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ ॥੧॥
ਜਿਸ ਮਨੁੱਖ ਉਤੇ ਮੇਰਾ ਮਾਲਕ-ਪ੍ਰਭੂ ਆਪ ਦਇਆਵਾਨ ਹੁੰਦਾ ਹੈ, ਉਸ ਦਾ (ਇਹ) ਕੰਮ ਸਿਰੇ ਚੜ੍ਹ ਜਾਂਦਾ ਹੈ ।੧।
That person, unto whom my Lord and Master is merciful - all his tasks are perfectly accomplished. ||1||
ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ ॥
ਹੇ ਭਾਈ! ਸਾਰੇ ਡਰਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿਚ ਆ ਵੱਸਦਾ ਹੈ, ਉਸ ਨੂੰ ਸਾਰਾ ਜਗਤ ਜਾਣ ਲੈਂਦਾ ਹੈ (ਸਾਰੇ ਜਗਤ ਵਿਚ ਉਸ ਦੀ ਸੋਭਾ ਖਿਲਰ ਜਾਂਦੀ ਹੈ) ।
One whose heart is filled with the Lord, the Destroyer of fear, knows the whole world.
ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ ॥੨॥੯੦॥੧੧੩॥
(ਉਸ ਪਰਮਾਤਮਾ ਦੇ ਦਰ ਤੋਂ) ਨਾਨਕ ਇਹ ਦਾਨ ਮੰਗਦਾ ਹੈ (ਕਿ) ਹੇ ਮੇਰੇ ਕਰਤਾਰ! (ਮੇਰੇ ਮਨ ਤੋਂ ਕਦੇ) ਇਕ ਖਿਨ ਵਾਸਤੇ ਇਕ ਪਲ ਵਾਸਤੇ ਭੀ ਨਾਹ ਵਿਸਰ ।੨।੯੦।੧੧੩।
May I never forget You, even for an instant, O my Creator Lord; Nanak begs for this blessing. ||2||90||113||