ਸਾਰਗ ਮਹਲਾ ੫ ॥
Saarang, Fifth Mehl:
ਠਾਕੁਰ ਤੁਮ੍ਹ ਸਰਣਾਈ ਆਇਆ ॥
ਹੇ (ਮੇਰੇ) ਮਾਲਕ-ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ ।
O my Lord and Master, I have come to Your Sanctuary.
ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥
ਜਦੋਂ ਤੋਂ ਮੈਂ ਤੇਰਾ ਦਰਸਨ ਕੀਤਾ ਹੈ (ਤਦੋਂ ਤੋਂ ਹੀ) ਮੇਰੇ ਮਨ ਤੋਂ (ਹਰੇਕ) ਸਹਿਮ ਲਹਿ ਗਿਆ ਹੈ ।੧।ਰਹਾਉ।
The anxiety of my mind departed, when I gazed upon the Blessed Vision of Your Darshan. ||1||Pause||
ਅਨਬੋਲਤ ਮੇਰੀ ਬਿਰਥਾ ਜਾਨੀ ਅਪਨਾ ਨਾਮੁ ਜਪਾਇਆ ॥
ਹੇ (ਮੇਰੇ) ਮਾਲਕ-ਪ੍ਰਭੂ! ਤੂੰ (ਸਦਾ ਹੀ ਮੇਰੇ) ਬਿਨਾ ਬੋਲਣ ਦੇ ਮੇਰਾ ਦੁੱਖ ਸਮਝ ਲਿਆ ਹੈ, ਤੂੰ ਆਪ ਹੀ ਮੈਥੋਂ ਆਪਣਾ ਨਾਮ ਜਪਾਇਆ ਹੈ ।
You know my condition, without my speaking. You inspire me to chant Your Name.
ਦੁਖ ਨਾਠੇ ਸੁਖ ਸਹਜਿ ਸਮਾਏ ਅਨਦ ਅਨਦ ਗੁਣ ਗਾਇਆ ॥੧॥
ਜਦੋਂ ਤੋਂ ਬੜੇ ਆਨੰਦ ਨਾਲ ਮੈਂ ਤੇਰੇ ਗੁਣ ਗਾਂਦਾ ਹਾਂ, ਮੇਰੇ (ਸਾਰੇ) ਦੁੱਖ ਦੂਰ ਹੋ ਗਏ ਹਨ, ਸੁਖਾਂ ਵਿਚ ਆਤਮਕ ਅਡੋਲਤਾ ਵਿਚ ਮੈਂ ਮਗਨ ਰਹਿੰਦਾ ਹਾਂ ।੧।
My pains are gone, and I am absorbed in peace, poise and bliss, singing Your Glorious Praises. ||1||
ਬਾਹ ਪਕਰਿ ਕਢਿ ਲੀਨੇ ਅਪੁਨੇ ਗ੍ਰਿਹ ਅੰਧ ਕੂਪ ਤੇ ਮਾਇਆ ॥
ਹੇ ਭਾਈ! (ਪਰਮਾਤਮਾ) ਆਪਣੇ (ਸੇਵਕਾਂ) ਦੀ ਬਾਂਹ ਫੜ ਕੇ ਉਹਨਾਂ ਨੂੰ ਮਾਇਆ ਦੇ (ਮੋਹ ਦੇ) ਅੰਨ੍ਹੇ ਖੂਹ ਵਿਚੋਂ ਅੰਨ੍ਹੇ ਘਰ ਵਿਚੋਂ ਕੱਢ ਲੈਂਦਾ ਹੈ ।
Taking me by the arm, You lifted me up, out of the deep dark pit of household and Maya.
ਕਹੁ ਨਾਨਕ ਗੁਰਿ ਬੰਧਨ ਕਾਟੇ ਬਿਛੁਰਤ ਆਨਿ ਮਿਲਾਇਆ ॥੨॥੫੧॥੭੪॥
। ਹੇ ਨਾਨਕ! ਆਖ—ਗੁਰੂ ਨੇ (ਜਿਸ ਮਨੁੱਖ ਦੀਆਂ ਮਾਇਆ ਦੇ ਮੋਹ ਦੀਆਂ) ਫਾਹੀਆਂ ਕੱਟ ਦਿੱਤੀਆਂ, (ਪ੍ਰਭੂ-ਚਰਨਾਂ ਤੋਂ) ਵਿਛੁੜਦੇ ਉਸ ਨੂੰ ਲਿਆ ਕੇ (ਪ੍ਰਭੂ ਦੇ ਚਰਨਾਂ ਵਿਚ) ਮੇਲ ਦਿੱਤਾ ।੨।੫੧।੭੪।
Says Nanak, the Guru has broken my bonds, and ended my separaation; He has united me with God. ||2||51||74||