ਸਾਰਗ ਮਹਲਾ ੫ ॥
Saarang, Fifth Mehl:
ਮਾਈ ਧੀਰਿ ਰਹੀ ਪ੍ਰਿਅ ਬਹੁਤੁ ਬਿਰਾਗਿਓ ॥
ਹੇ (ਮੇਰੀ) ਮਾਂ! (ਮੇਰੇ ਅੰਦਰ) ਪਿਆਰੇ ਤੋਂ ਵਿਛੋੜੇ ਦਾ ਦਰਦ ਬਹੁਤ ਤੇਜ਼ ਹੋ ਗਿਆ ਹੈ ਇਸ ਨੂੰ ਸਹਾਰਨ ਦੀ ਤਾਕਤ ਨਹੀਂ ਰਹਿ ਗਈ ।
O mother, my patience is gone. I am in love with my Husband Lord.
ਅਨਿਕ ਭਾਂਤਿ ਆਨੂਪ ਰੰਗ ਰੇ ਤਿਨ੍ਹ ਸਿਉ ਰੁਚੈ ਨ ਲਾਗਿਓ ॥੧॥ ਰਹਾਉ ॥
ਹੇ ਭਾਈ! (ਦੁਨੀਆ ਦੇ) ਅਨੇਕਾਂ ਕਿਸਮਾਂ ਦੇ ਸੋਹਣੇ ਸੋਹਣੇ ਰੰਗ-ਤਮਾਸ਼ੇ ਹਨ, ਪਰ ਮੇਰੇ ਅੰਦਰ ਇਹਨਾਂ ਵਾਸਤੇ ਕੋਈ ਖਿੱਚ ਹੀ ਨਹੀਂ ਪੈਂਦੀ ।੧।ਰਹਾਉ।
There are so many kinds of incomparable pleasures, but I am not interested in any of them. ||1||Pause||
ਨਿਸਿ ਬਾਸੁਰ ਪ੍ਰਿਅ ਪ੍ਰਿਅ ਮੁਖਿ ਟੇਰਉ ਨੀਂਦ ਪਲਕ ਨਹੀ ਜਾਗਿਓ ॥
ਹੇ (ਵੀਰ)! ਰਾਤ ਦਿਨ ਮੈਂ (ਆਪਣੇ) ਮੰੂਹੋਂ ‘ਹੇ ਪਿਆਰੇ! ਹੇ ਪਿਆਰੇ’! ਬੋਲਦੀ ਰਹਿੰਦੀ ਹਾਂ, ਮੈਨੂੰ ਇਕ ਪਲ ਭਰ ਭੀ ਨੀਂਦ ਨਹੀਂ ਆਉਂਦੀ, ਸਦਾ ਜਾਗ ਕੇ (ਸਮਾ ਗੁਜ਼ਾਰ ਰਹੀ ਹਾਂ) ।
Night and day, I utter, "Pri-a, Pri-a - Beloved, Beloved" with my mouth. I cannot sleep, even for an instant; I remain awake and aware.
ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ ਬਿਨੁ ਪਿਰ ਸਭੈ ਬਿਖੁ ਲਾਗਿਓ ॥੧॥
ਹੇ (ਵੀਰ)! ਹਾਰ, ਕੱਜਲ, ਕੱਪੜੇ, ਅਨੇਕਾਂ ਗਹਿਣੇ—ਇਹ ਸਾਰੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਆਤਮਕ ਮੌਤ ਲਿਆਉਣ ਵਾਲੀ ਜ਼ਹਰ ਦਿੱਸ ਰਹੇ ਹਨ ।੧।
Necklaces, eye make-up, fancy clothes and decorations - without my Husband Lord, these are all poison to me. ||1||
ਪੂਛਉ ਪੂਛਉ ਦੀਨ ਭਾਂਤਿ ਕਰਿ ਕੋਊ ਕਹੈ ਪ੍ਰਿਅ ਦੇਸਾਂਗਿਓ ॥
(ਹੇ ਮਾਂ!) ਨਿਮਾਣਿਆਂ ਵਾਂਗ ਮੈਂ ਮੁੜ ਮੁੜ ਪੁੱਛਦੀ ਫਿਰਦੀ ਹਾਂ, ਭਲਾ ਜੇ ਕੋਈ ਮੈਨੂੰ ਪਿਆਰੇ ਦਾ ਦੇਸ ਦੱਸ ਦੇਵੇ ।
I ask and ask, with humility, "Who can tell me which country my Husband Lord lives in?"
ਹੀਂਓੁ ਦੇਂਉ ਸਭੁ ਮਨੁ ਤਨੁ ਅਰਪਉ ਸੀਸੁ ਚਰਣ ਪਰਿ ਰਾਖਿਓ ॥੨॥
(ਪਿਆਰੇ ਦਾ ਦੇਸ ਦੱਸਣ ਵਾਲੇ ਦੇ) ਚਰਨਾਂ ਉਤੇ (ਆਪਣਾ) ਸਿਰ ਰੱਖ ਕੇ ਮੈਂ ਆਪਣਾ ਹਿਰਦਾ, ਆਪਣਾ ਮਨ ਆਪਣਾ ਤਨ ਸਭ ਕੁਝ ਭੇਟਾ ਕਰਨ ਨੂੰ ਤਿਆਰ ਹਾਂ ।੨।
I would dedicate my heart to him, I offer my mind and body and everything; I place my head at his feet. ||2||
ਚਰਣ ਬੰਦਨਾ ਅਮੋਲ ਦਾਸਰੋ ਦੇਂਉ ਸਾਧਸੰਗਤਿ ਅਰਦਾਗਿਓ ॥
ਹੇ ਭਾਈ! ਮੈਂ ਸਾਧ ਸੰਗਤਿ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ, ਮੈਂ ਸਾਧ ਸੰਗਤਿ ਦਾ ਦੰਮਾਂ ਤੋਂ ਬਿਨਾ ਹੀ ਇਕ ਨਿਮਾਣਾ ਜਿਹਾ ਦਾਸ ਹਾਂ, ਮੈਂ ਸਾਧ ਸੰਗਤਿ ਅੱਗੇ ਅਰਦਾਸ ਕਰਦਾ ਹਾਂ
I bow at the feet of the voluntary slave of the Lord; I beg him to bless me with the Saadh Sangat, the Company of the Holy.
ਕਰਹੁ ਕ੍ਰਿਪਾ ਮੋਹਿ ਪ੍ਰਭੂ ਮਿਲਾਵਹੁ ਨਿਮਖ ਦਰਸੁ ਪੇਖਾਗਿਓ ॥੩॥
(ਮੇਰੇ ਉਤੇ) ਮਿਹਰ ਕਰੋ, ਮੈਨੂੰ ਪਰਮਾਤਮਾ ਮਿਲਾ ਦੇਉ, ਮੈਂ (ਉਸ ਦਾ) ਅੱਖ ਝਮਕਣ ਜਿਤਨੇ ਸਮੇ ਲਈ ਹੀ ਦਰਸਨ ਕਰ ਲਵਾਂ ।੩।
Show Mercy to me, that I may meet God, and gaze upon the Blessed Vision of His Darshan every moment. ||3||
ਦ੍ਰਿਸਟਿ ਭਈ ਤਬ ਭੀਤਰਿ ਆਇਓ ਮੇਰਾ ਮਨੁ ਅਨਦਿਨੁ ਸੀਤਲਾਗਿਓ ॥
ਹੇ ਭਾਈ! (ਜਦੋਂ ਪਰਮਾਤਮਾ ਦੀ ਮਿਹਰ ਦੀ) ਨਿਗਾਹ (ਮੇਰੇ ਉਤੇ) ਹੋਈ, ਤਦੋਂ ਉਹ ਮੇਰੇ ਹਿਰਦੇ ਵਿਚ ਆ ਵੱਸਿਆ । ਹੁਣ ਮੇਰਾ ਮਨ ਹਰ ਵੇਲੇ ਠੰਢਾ-ਠਾਰ ਰਹਿੰਦਾ ਹੈ ।
When He is Kind to me, He comes to dwell within my being. Night and day, my mind is calm and peaceful.
ਕਹੁ ਨਾਨਕ ਰਸਿ ਮੰਗਲ ਗਾਏ ਸਬਦੁ ਅਨਾਹਦੁ ਬਾਜਿਓ ॥੪॥੫॥
ਹੇ ਨਾਨਕ! ਆਖ—ਹੁਣ ਮੈਂ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਸੁਆਦ ਨਾਲ ਗਾਂਦਾ ਹਾਂ, (ਮੇਰੇ ਅੰਦਰ) ਗੁਰੂ ਦਾ ਸ਼ਬਦ ਇਕ-ਰਸ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ ।੪।੫।
Says Nanak, I sing the Songs of Joy; the Unstruck Word of the Shabad resounds within me. ||4||5||