ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥
(ਮੁਹੰਮਦ-ਬਿਨ-ਤੁਗ਼ਲਕ) ਬਾਦਸ਼ਾਹ ਪੁੱਛਦਾ ਹੈ—ਹੇ ਨਾਮੇ!
The Sultan said, "Listen, Naam Dayv:
ਦੇਖਉ ਰਾਮ ਤੁਮ੍ਹਾਰੇ ਕਾਮਾ ॥੧॥
ਸੁਣ, ਮੈਂ ਤੇਰੇ ਰਾਮ ਦੇ ਕੰਮ ਵੇਖਣੇ ਚਾਹੁੰਦਾ ਹਾਂ ।੧।
let me see the actions of your Lord."||1||
ਨਾਮਾ ਸੁਲਤਾਨੇ ਬਾਧਿਲਾ ॥
ਬਾਦਸ਼ਾਹ ਨੇ ਮੈਨੂੰ (ਨਾਮੇ ਨੂੰ) ਬੰਨ੍ਹ ਲਿਆ (ਤੇ ਆਖਣ ਲੱਗਾ—) ਮੈਂ ਤੇਰਾ ਹਰੀ,
The Sultan arrested Naam Dayv,
ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥
ਤੇਰਾ ਬੀਠਲੁ, ਵੇਖਣਾ ਚਾਹੁੰਦਾ ਹਾਂ ।੧।ਰਹਾਉ।
and said, "Let me see your Beloved Lord."||1||Pause||
ਬਿਸਮਿਲਿ ਗਊ ਦੇਹੁ ਜੀਵਾਇ ॥
(ਮੇਰੀ ਇਹ) ਮੋਈ ਹੋਈ ਗਾਂ ਜਿਵਾਲ ਦੇਹ,
"Bring this dead cow back to life.
ਨਾਤਰੁ ਗਰਦਨਿ ਮਾਰਉ ਠਾਂਇ ॥੨॥
ਨਹੀਂ ਤਾਂ ਤੈਨੂੰ ਭੀ ਇੱਥੇ ਹੀ (ਹੁਣੇ ਹੀ) ਮਾਰ ਦਿਆਂਗਾ ।੨।
Otherwise, I shall cut off your head here and now."||2||
ਬਾਦਿਸਾਹ ਐਸੀ ਕਿਉ ਹੋਇ ॥
(ਮੈਂ ਆਖਿਆ—) ਬਾਦਸ਼ਾਹ! ਅਜਿਹੀ ਗੱਲ ਕਿਵੇਂ ਹੋ ਸਕਦੀ ਹੈ?
Naam Dayv answered, "O king, how can this happen?
ਬਿਸਮਿਲਿ ਕੀਆ ਨ ਜੀਵੈ ਕੋਇ ॥੩॥
ਕਦੇ ਕੋਈ ਮੋਇਆ ਹੋਇਆ ਮੁੜ ਨਹੀਂ ਜੀਵਿਆ ।੩।
No one can bring the dead back to life. ||3||
ਮੇਰਾ ਕੀਆ ਕਛੂ ਨ ਹੋਇ ॥
(ਤੇ ਇਕ ਹੋਰ ਗੱਲ ਭੀ ਹੈ) ਉਹੀ ਕੁਝ ਹੁੰਦਾ ਹੈ ਜੋ ਪਰਮਾਤਮਾ ਕਰਦਾ ਹੈ,
I cannot do anything by my own actions.
ਕਰਿ ਹੈ ਰਾਮੁ ਹੋਇ ਹੈ ਸੋਇ ॥੪॥
ਮੇਰਾ ਕੀਤਾ ਕੁਝ ਨਹੀਂ ਹੋ ਸਕਦਾ ।੪।
Whatever the Lord does, that alone happens."||4||
ਬਾਦਿਸਾਹੁ ਚੜ੍ਹਿਓ ਅਹੰਕਾਰਿ ॥
ਬਾਦਸ਼ਾਹ (ਇਹ ਉੱਤਰ ਸੁਣ ਕੇ) ਅਹੰਕਾਰ ਵਿਚ ਆਇਆ,
The arrogant king was enraged at this reply.
ਗਜ ਹਸਤੀ ਦੀਨੋ ਚਮਕਾਰਿ ॥੫॥
ਉਸ ਨੇ (ਮੇਰੇ ਉੱਤੇ) ਇਕ ਵੱਡਾ ਹਾਥੀ ਚਮਕਾ ਕੇ ਚਾੜ੍ਹ ਦਿੱਤਾ ।੫।
He incited an elephant to attack. ||5||
ਰੁਦਨੁ ਕਰੈ ਨਾਮੇ ਕੀ ਮਾਇ ॥
(ਮੇਰੀ) ਨਾਮੇ ਦੀ ਮਾਂ ਰੋਣ ਲੱਗ ਪਈ (ਤੇ ਆਖਣ ਲੱਗੀ—ਹੇ ਬੱਚਾ!)
Naam Dayv's mother began to cry,
ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥
ਤੂੰ ਰਾਮ ਛੱਡ ਕੇ ਖ਼ੁਦਾ ਖ਼ੁਦਾ ਕਿਉਂ ਨਹੀਂ ਆਖਣ ਲੱਗ ਪੈਂਦਾ? ।੬।
and she said, "Why don't you abandon your Lord Raam, and worship his Lord Allah?"||6||
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥
(ਮੈਂ ਉੱਤਰ ਦਿੱਤਾ—) ਨਾ ਮੈਂ ਤੇਰਾ ਪੁੱਤਰ ਹਾਂ, ਨਾ ਤੂੰ ਮੇਰੀ ਮਾਂ ਹੈਂ;
Naam Dayv answered, "I am not your son, and you are not my mother.
ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥
ਜੇ ਮੇਰਾ ਸਰੀਰ ਭੀ ਨਾਸ ਹੋ ਜਾਏ, ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ ।੭।
Even if my body dies, I will still sing the Glorious Praises of the Lord."||7||
ਕਰੈ ਗਜਿੰਦੁ ਸੁੰਡ ਕੀ ਚੋਟ ॥
ਹਾਥੀ ਆਪਣੀ ਸੁੰਡ ਦੀ ਚੋਟ ਕਰਦਾ ਹੈ, ਪਰ ਨਾਮਾ ਬਚ ਨਿਕਲਦਾ ਹੈ;
The elephant attacked him with his trunk,
ਨਾਮਾ ਉਬਰੈ ਹਰਿ ਕੀ ਓਟ ॥੮॥
ਨਾਮੇ ਨੂੰ ਪਰਮਾਤਮਾ ਦਾ ਆਸਰਾ ਹੈ ।੮।
but Naam Dayv was saved, protected by the Lord. ||8||
ਕਾਜੀ ਮੁਲਾਂ ਕਰਹਿ ਸਲਾਮੁ ॥
(ਬਾਦਸ਼ਾਹ ਸੋਚਦਾ ਹੈ—) ਮੈਨੂੰ (ਮੇਰੇ ਮਜ਼ਹਬ ਦੇ ਆਗੂ) ਕਾਜ਼ੀ ਤੇ ਮੌਲਵੀ ਤਾਂ ਸਲਾਮ ਕਰਦੇ ਹਨ,
The king said, "The Qazis and the Mullahs bow down to me,
ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥
ਪਰ ਇਸ ਹਿੰਦੂ ਨੇ ਮੇਰਾ ਮਾਣ ਤੋੜ ਦਿੱਤਾ ਹੈ ।੯।
but this Hindu has trampled my honor."||9||
ਬਾਦਿਸਾਹ ਬੇਨਤੀ ਸੁਨੇਹੁ ॥
(ਹਿੰਦੂ ਲੋਕ ਰਲ ਕੇ ਆਏ, ਤੇ ਆਖਣ ਲੱਗੇ,) ਹੇ ਬਾਦਸ਼ਾਹ! ਅਸਾਡੀ ਅਰਜ਼ ਸੁਣ,
The people pleaded with the king, "Hear our prayer, O king.
ਨਾਮੇ ਸਰ ਭਰਿ ਸੋਨਾ ਲੇਹੁ ॥੧੦॥
ਨਾਮਦੇਵ ਨਾਲ ਸਾਵਾਂ ਤੋਲ ਕੇ ਸੋਨਾ ਲੈ ਲੈ (ਤੇ ਇਸ ਨੂੰ ਛੱਡ ਦੇ) ।੧੦।
Here, take Naam Dayv's weight in gold, and release him."||10||
ਮਾਲੁ ਲੇਉ ਤਉ ਦੋਜਕਿ ਪਰਉ ॥
(ਉਸ ਨੇ ਉੱਤਰ ਦਿੱਤਾ) ਜੇ ਮੈਂ ਵੱਢੀ ਲਵਾਂ ਤਾਂ ਦੋਜ਼ਕ ਵਿਚ ਪੈਂਦਾ ਹਾਂ,
The king replied, "If I take the gold, then I will be consigned to hell,
ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥
(ਕਿਉਂਕਿ ਇਸ ਤਰ੍ਹਾਂ ਤਾਂ) ਮੈਂ ਮਜ਼ਹਬ ਛੱਡ ਕੇ ਦੌਲਤ ਇਕੱਠੀ ਕਰਦਾ ਹਾਂ ।੧੧।
by forsaking my faith and gathering worldly wealth."||11||
ਪਾਵਹੁ ਬੇੜੀ ਹਾਥਹੁ ਤਾਲ ॥
ਨਾਮਦੇਵ ਦੇ ਪੈਰਾਂ ਵਿਚ ਬੇੜੀਆਂ ਹਨ,
With his feet in chains, Naam Dayv kept the beat with his hands,
ਨਾਮਾ ਗਾਵੈ ਗੁਨ ਗੋਪਾਲ ॥੧੨॥
ਪਰ ਫਿਰ ਭੀ ਉਹ ਹੱਥਾਂ ਨਾਲ ਤਾਲ ਦੇ ਦੇ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ ।੧੨।
singing the Praises of the Lord. ||12||
ਗੰਗ ਜਮੁਨ ਜਉ ਉਲਟੀ ਬਹੈ ॥
ਜੇ ਗੰਗਾ ਤੇ ਜਮਨਾ ਉਲਟੀਆਂ ਭੀ ਵਗਣ ਲੱਗ ਪੈਣ,
"Even if the Ganges and the Jamunaa rivers flow backwards,
ਤਉ ਨਾਮਾ ਹਰਿ ਕਰਤਾ ਰਹੈ ॥੧੩॥
ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ (ਤੇ ਦਬਾਉ ਵਿਚ ਆ ਕੇ ਖ਼ੁਦਾ ਖ਼ੁਦਾ ਨਹੀਂ ਆਖੇਗਾ) ।੧੩।
I will still continue singing the Praises of the Lord."||13||
ਸਾਤ ਘੜੀ ਜਬ ਬੀਤੀ ਸੁਣੀ ॥
(ਬਾਦਸ਼ਾਹ ਨੇ ਗਾਂ ਜਿਵਾਲਣ ਲਈ ਇਕ ਪਹਿਰ ਮੁਹਲਤ ਦਿੱਤੀ ਹੋਈ ਸੀ) ਜਦੋਂ (ਘੜਿਆਲ ਤੇ) ਸੱਤ ਘੜੀਆਂ ਗੁਜ਼ਰੀਆਂ ਸੁਣੀਆਂ,
Three hours passed,
ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥
ਤਾਂ (ਮੈਂ ਨਾਮੇ ਨੇ ਸੋਚਿਆ ਕਿ) ਅਜੇ ਤਕ ਭੀ ਤ੍ਰਿਲੋਕੀ ਦਾ ਮਾਲਕ ਪ੍ਰਭੂ ਨਹੀਂ ਆਇਆ ।੧੪।
and even then, the Lord of the three worlds had not come. ||14||
ਪਾਖੰਤਣ ਬਾਜ ਬਜਾਇਲਾ ॥
(ਬੱਸ! ਉਸੇ ਵੇਲੇ) ਖੰਭਾਂ ਦੇ ਫੜਕਣ ਦਾ ਖੜਾਕ ਆਇਆ,
Playing on the instrument of the feathered wings,
ਗਰੁੜ ਚੜ੍ਹੇ ਗੋਬਿੰਦ ਆਇਲਾ ॥੧੫॥
ਵਿਸ਼ਨੂੰ ਭਗਵਾਨ ਗਰੁੜ ਤੇ ਚੜ੍ਹ ਕੇ ਆ ਗਿਆ ।੧੫।
the Lord of the Universe came, mounted on the eagle garura. ||15||
ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥
ਪ੍ਰਭੂ ਜੀ ਗਰੁੜ ਤੇ ਚੜ੍ਹ ਕੇ ਆ ਗਏ,
He cherished His devotee,
ਗਰੁੜ ਚੜ੍ਹੇ ਆਏ ਗੋਪਾਲ ॥੧੬॥
ਤੇ ਉਹਨਾਂ ਆਪਣੇ ਭਗਤ ਦੀ ਰੱਖਿਆ ਕਰ ਲਈ ।੧੬।
and the Lord came, mounted on the eagle garura. ||16||
ਕਹਹਿ ਤ ਧਰਣਿ ਇਕੋਡੀ ਕਰਉ ॥
(ਗੋਪਾਲ ਨੇ ਆਖਿਆ—ਹੇ ਨਾਮਦੇਵ!) ਜੇ ਤੂੰ ਆਖੇਂ ਤਾਂ ਮੈਂ ਧਰਤੀ ਟੇਢੀ ਕਰ ਦਿਆਂ,
The Lord said to him, "If you wish, I shall turn the earth sideways.
ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥
ਜੇ ਤੂੰ ਆਖੇਂ ਤਾਂ ਇਸ ਨੂੰ ਫੜ ਕੇ ਉਲਟਾ ਦਿਆਂ ।੧੭
If you wish, I shall turn it upside down. ||17||
ਕਹਹਿ ਤ ਮੁਈ ਗਊ ਦੇਉ ਜੀਆਇ ॥
ਜੇ ਤੂੰ ਆਖੇਂ ਤਾਂ ਮੋਈ ਹੋਈ ਗਾਂ ਜਿਵਾਲ ਦਿਆਂ,
If you wish, I shall bring the dead cow back to life.
ਸਭੁ ਕੋਈ ਦੇਖੈ ਪਤੀਆਇ ॥੧੮॥
ਤੇ ਇੱਥੇ ਹਰੇਕ ਜਣਾ ਤਸੱਲੀ ਨਾਲ ਵੇਖ ਲਏ ੧੮।
Everyone will see and be convinced."||18||
ਨਾਮਾ ਪ੍ਰਣਵੈ ਸੇਲ ਮਸੇਲ ॥
(ਗੋਪਾਲ ਦੀ ਇਸ ਕਿਰਪਾ ਤੇ) ਮੈਂ ਨਾਮੇ ਨੇ (ਉਹਨਾਂ ਲੋਕਾਂ ਨੂੰ) ਬੇਨਤੀ ਕੀਤੀ—(ਗਊ ਨੂੰ) ਨਿਆਣਾ ਪਾ ਦਿਉ ।
Naam Dayv prayed, and milked the cow.
ਗਊ ਦੁਹਾਈ ਬਛਰਾ ਮੇਲਿ ॥੧੯॥
(ਤਾਂ ਉਹਨਾਂ) ਵੱਛਾ ਛੱਡ ਕੇ ਗਾਂ ਚੋ ਲਈ ।੧੯।
He brought the calf to the cow, and milked her. ||19||
ਦੂਧਹਿ ਦੁਹਿ ਜਬ ਮਟੁਕੀ ਭਰੀ ॥
ਦੁੱਧ ਚੋ ਕੇ ਜਦੋਂ ਉਹਨਾਂ ਮਟਕੀ ਭਰ ਲਈ
When the pitcher was filled with milk,
ਲੇ ਬਾਦਿਸਾਹ ਕੇ ਆਗੇ ਧਰੀ ॥੨੦॥
ਤਾਂ ਉਹ ਲੈ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ ।੨੦।
Naam Dayv took it and placed it before the king. ||20||
ਬਾਦਿਸਾਹੁ ਮਹਲ ਮਹਿ ਜਾਇ ॥
ਬਾਦਸ਼ਾਹ ਮਹਲਾਂ ਵਿਚ ਚਲਾ ਗਿਆ
The king went into his palace,
ਅਉਘਟ ਕੀ ਘਟ ਲਾਗੀ ਆਇ ॥੨੧॥
(ਤੇ ਉੱਥੇ ਉਸ ਉੱਤੇ) ਔਖੀ ਘੜੀ ਆ ਗਈ (ਭਾਵ, ਉਹ ਸਹਿਮ ਗਿਆ) ।
and his heart was troubled. ||21||
ਕਾਜੀ ਮੁਲਾਂ ਬਿਨਤੀ ਫੁਰਮਾਇ ॥
ਆਪਣੇ ਕਾਜ਼ੀਆਂ ਤੇ ਮੌਲਵੀਆਂ ਦੀ ਰਾਹੀਂ ਉਸ ਨੇ ਬੇਨਤੀ (ਕਰ ਘੱਲੀ)
Through the Qazis and the Mullahs, the king offered his prayer,
ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥
—ਹੇ ਹਿੰਦੂ! ਮੈਨੂੰ ਹੁਕਮ ਕਰ (ਜੋ ਹੁਕਮ ਤੂੰ ਦੇਵੇਂਗਾ ਮੈਂ ਕਰਾਂਗਾ), ਮੈਨੂੰ ਬਖ਼ਸ਼, ਮੈਂ ਤੇਰੀ ਗਾਂ ਹਾਂ ।੨੧, ੨੨।
Forgive me, please, O Hindu; I am just a cow before you.||22||
ਨਾਮਾ ਕਹੈ ਸੁਨਹੁ ਬਾਦਿਸਾਹ ॥
ਨਾਮਾ ਆਖਦੇ ਹਨ—ਹੇ ਬਾਦਸ਼ਾਹ! ਸੁਣ,
Naam Dayv said, "Listen, O king:
ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥
ਮੈਨੂੰ ਇਕ ਤਸੱਲੀ ਦਿਵਾ ਦੇਹ;
have I done this miracle? ||23||
ਇਸ ਪਤੀਆ ਕਾ ਇਹੈ ਪਰਵਾਨੁ ॥
ਇਸ ਇਕਰਾਰ ਦਾ ਮਾਪ ਇਹ ਹੋਵੇਗਾ ਕਿ ਹੇ ਬਾਦਸ਼ਾਹ!
The purpose of this miracle is
ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥
ਤੂੰ (ਅਗਾਂਹ ਨੂੰ) ਸੱਚ ਵਿਚ ਤੁਰੇਂ, ਚੰਗੇ ਸੁਭਾਉ ਵਿਚ ਰਹੇਂ ।੨੩, ੨੪।
that you, O king, should walk on the path of truth and humility."||24||
ਨਾਮਦੇਉ ਸਭ ਰਹਿਆ ਸਮਾਇ ॥
(ਇਹ ਕੌਤਕ ਸੁਣ ਵੇਖ ਕੇ) ਘਰ ਘਰ ਵਿਚ ਨਾਮਦੇਵ ਦੀਆਂ ਗੱਲਾਂ ਹੋਣ ਲੱਗ ਪਈਆਂ,
Naam Dayv became famous everywhere for this.
ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥
(ਨਗਰ ਦੇ) ਸਾਰੇ ਹਿੰਦੂ ਰਲ ਕੇ ਨਾਮਦੇਵ ਪਾਸ ਆਏ (ਤੇ ਆਖਣ ਲੱਗੇ—)
The Hindus all went together to Naam Dayv. ||25||
ਜਉ ਅਬ ਕੀ ਬਾਰ ਨ ਜੀਵੈ ਗਾਇ ॥
ਜੇ ਐਤਕੀਂ ਗਾਂ ਨਾ ਜੀਊਂਦੀ
If the cow had not been revived,
ਤ ਨਾਮਦੇਵ ਕਾ ਪਤੀਆ ਜਾਇ ॥੨੬॥
ਤਾਂ ਨਾਮਦੇਵ ਦਾ ਇਤਬਾਰ ਜਾਂਦਾ ਰਹਿਣਾ ਸੀ ।੨੫, ੨੬।
people would have lost faith in Naam Dayv. ||26||
ਨਾਮੇ ਕੀ ਕੀਰਤਿ ਰਹੀ ਸੰਸਾਰਿ ॥
ਪਰ ਪ੍ਰਭੂ ਨੇ ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਨੂੰ ਚਰਨੀਂ ਲਾ ਕੇ ਪਾਰ ਕਰ ਦਿੱਤਾ ਹੈ,
The fame of Naam Dayv spread throughout the world.
ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥
ਨਾਮਦੇਵ ਦੀ ਸੋਭਾ ਜਗਤ ਵਿਚ ਬਣੀ ਰਹੀ ਹੈ;
The humble devotees were saved and carried across with him. ||27||
ਸਗਲ ਕਲੇਸ ਨਿੰਦਕ ਭਇਆ ਖੇਦੁ ॥
(ਇਹ ਸੋਭਾ ਸੁਣ ਕੇ) ਨਿੰਦਕਾਂ ਨੂੰ ਬੜੇ ਕਲੇਸ਼ ਤੇ ਬੜਾ ਦੁੱਖ ਹੋਇਆ ਹੈ
All sorts of troubles and pains afflicted the slanderer.
ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥
(ਕਿਉਂਕਿ ਉਹ ਇਹ ਨਹੀਂ ਜਾਣਦੇ ਕਿ) ਨਾਮਦੇਵ ਅਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਗਈ ।੨੭, ੨੮।੧।੧੦।
There is no difference between Naam Dayv and the Lord. ||28||1||10||