ਕਿਉ ਲੀਜੈ ਗਢੁ ਬੰਕਾ ਭਾਈ ॥
ਹੇ ਭਾਈ! ਇਹ (ਸਰੀਰ-ਰੂਪ) ਪੱਕਾ ਕਿਲ੍ਹਾ ਕਾਬੂ ਕਰਨਾ ਬਹੁਤ ਔਖਾ ਹੈ ।
How can the beautiful fortress be conquered, O Siblings of Destiny?
ਦੋਵਰ ਕੋਟ ਅਰੁ ਤੇਵਰ ਖਾਈ ॥੧॥ ਰਹਾਉ ॥
ਇਸ ਦੇ ਦੁਆਲੇ ਦੈ੍ਵਤ ਦੀ ਦੋਹਰੀ ਫ਼ਸੀਲ ਤੇ ਤਿੰਨ ਗੁਣਾਂ ਦੀ ਤੇਹਰੀ ਖਾਈ ਹੈ ।੧।ਰਹਾਉ।
It has double walls and triple moats. ||1||Pause||
ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ॥
ਬਲ ਵਾਲੀ ਮਾਇਆ ਦਾ ਆਸਰਾ ਲੈ ਕੇ ਪੰਜ ਕਾਮਾਦਿਕ, ਪੰਝੀ ਤੱਤ, ਮੋਹ, ਅਹੰਕਾਰ, ਈਰਖਾ (ਦੀ ਫ਼ੌਜ ਲੜਨ ਨੂੰ ਤਿਆਰ ਹੈ) ।
It is defended by the five elements, the twenty-five categories, attachment, pride, jealousy and the awesomely powerful Maya.
ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ ॥੧॥
ਹੇ ਪ੍ਰਭੂ! ਮੇਰੀ ਗ਼ਰੀਬ ਦੀ ਕੋਈ ਪੇਸ਼ ਨਹੀਂ ਜਾਂਦੀ, (ਦੱਸ,) ਮੈਂ ਕੀਹ ਕਰਾਂ? ।੧।
The poor mortal being does not have the strength to conquer it; what should I do now, O Lord? ||1||
ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ ॥
ਕਾਮ (ਇਸ ਕਿਲ੍ਹੇ ਦੇ) ਬੂਹੇ ਦਾ ਮਾਲਕ ਹੈ, ਦੁਖ ਤੇ ਸੁਖ ਪਹਿਰੇਦਾਰ ਹਨ, ਪਾਪ ਤੇ ਪੁੰਨ (ਕਿਲ੍ਹੇ ਦੇ) ਦਰਵਾਜ਼ੇ ਹਨ,
Sexual desire is the window, pain and pleasure are the gate-keepers, virtue and sin are the gates.
ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ ॥੨॥
ਬੜਾ ਲੜਾਕਾ ਕੋ੍ਰਧ (ਕਿਲ੍ਹੇ ਦਾ) ਚੌਧਰੀ ਹੈ । ਅਜਿਹੇ ਕਿਲ੍ਹੇ ਵਿਚ ਮਨ ਰਾਜਾ ਆਕੀ ਹੋ ਕੇ ਬੈਠਾ ਹੈ ।੨।
Anger is the great supreme commander, full of argument and strife, and the mind is the rebel king there. ||2||
ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ ॥
(ਜੀਭ ਦੇ) ਚਸਕੇ (ਮਨ-ਰਾਜੇ ਨੇ) ਸੰਜੋਅ (ਪਹਿਨੀ ਹੋਈ ਹੈ), ਮਮਤਾ ਦਾ ਟੋਪ (ਪਾਇਆ ਹੋਇਆ ਹੈ), ਭੈੜੀ ਮੱਤ ਦੀ ਕਮਾਨ ਕੱਸੀ ਹੋਈ ਹੈ,
Their armor is the pleasure of tastes and flavors, their helmets are worldly attachments; they take aim with their bows of corrupt intellect.
ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਨ ਜਾਈ ॥੩॥
ਤ੍ਰਿਸ਼ਨਾ ਦੇ ਤੀਰ ਅੰਦਰ ਹੀ ਅੰਦਰ ਕੱਸੇ ਹੋਏ ਹਨ । ਅਜਿਹਾ ਕਿਲ੍ਹਾ (ਮੈਥੋਂ) ਜਿੱਤਿਆ ਨਹੀਂ ਜਾ ਸਕਦਾ ।੩।
The greed that fills their hearts is the arrow; with these things, their fortress is impregnable. ||3||
ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥
(ਪਰ ਜਦੋਂ ਮੈਂ ਪ੍ਰਭੂ-ਚਰਨਾਂ ਦੇ) ਪ੍ਰੇਮ ਦਾ ਪਲੀਤਾ ਲਾਇਆ, (ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਨੂੰ ਹਵਾਈ ਬਣਾਇਆ, (ਗੁਰੂ ਦੇ ਬਖ਼ਸ਼ੇ) ਗਿਆਨ ਦਾ ਗੋਲਾ ਚਲਾਇਆ,
But I have made divine love the fuse, and deep meditation the bomb; I have launched the rocket of spiritual wisdom.
ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥੪॥
ਸਹਿਜ ਅਵਸਥਾ ਵਿਚ ਅੱਪੜ ਕੇ ਅੰਦਰ ਰੱਬੀ-ਜੋਤ ਜਗਾਈ, ਤਾਂ ਇੱਕੋ ਹੀ ਸੱਟ ਨਾਲ ਕਾਮਯਾਬੀ ਹੋ ਗਈ ।੪।
The fire of God is lit by intuition, and with one shot, the fortress is taken. ||4||
ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ ॥
ਸਤ ਤੇ ਸੰਤੋਖ ਲੈ ਕੇ ਮੈਂ (ਉਸ ਫ਼ੌਜ ਦੇ ਟਾਕਰੇ ਤੇ) ਲੜਨ ਲੱਗ ਪਿਆ,
Taking truth and contentment with me, I begin the battle and storm both the gates.
ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ ॥੫॥
ਦੋਵੇਂ ਦਰਵਾਜ਼ੇ ਮੈਂ ਭੰਨ ਲਏ, ਸਤਿਗੁਰੂ ਤੇ ਸਤਸੰਗ ਦੀ ਮਿਹਰ ਨਾਲ ਮੈਂ ਕਿਲ੍ਹੇ ਦਾ (ਆਕੀ) ਰਾਜਾ ਫੜ ਲਿਆ ।੫।
In the Saadh Sangat, the Company of the Holy, and by Guru's Grace, I have captured the king of the fortress. ||5||
ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ ॥
ਸਤਸੰਗ ਤੇ ਸਿਮਰਨ ਦੇ ਬਲ ਨਾਲ ਮੈਂ ਕਾਲ ਦੀ ਫਾਹੀ, ਦੁਨੀਆ ਦੇ ਡਰਾਂ ਦੀ ਫਾਹੀ, ਵੱਢ ਲਈ ਹੈ ।
With the army of God's devotees, and Shakti, the power of meditation, I have snapped the noose of the fear of death.
ਦਾਸੁ ਕਮੀਰੁ ਚੜ੍ਹਿਓ ਗੜ੍ਹ ਊਪਰਿ ਰਾਜੁ ਲੀਓ ਅਬਿਨਾਸੀ ॥੬॥੯॥੧੭॥
ਪ੍ਰਭੂ ਦਾ ਦਾਸ ਕਬੀਰ ਹੁਣ ਕਿਲ੍ਹੇ ਦੇ ਉੱਪਰ ਚੜ੍ਹ ਬੈਠਾ ਹੈ (ਸਰੀਰ ਨੂੰ ਵੱਸ ਕਰ ਚੁਕਿਆ ਹੈ), ਤੇ ਕਦੇ ਨਾਹ ਨਾਸ ਹੋਣ ਵਾਲੀ ਆਤਮਕ ਬਾਦਸ਼ਾਹੀ ਲੈ ਚੁਕਾ ਹੈ ।੬।੯।੧੭।
Slave Kabeer has climbed to the top of the fortress; I have obtained the eternal, imperishable domain. ||6||9||17||