ਰਾਗੁ ਭੈਰਉ ਮਹਲਾ ੫ ਚਉਪਦੇ ਘਰੁ ੨
Raag Bhairao, Fifth Mehl, Chaupadas, Second House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਸ੍ਰੀਧਰ ਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ॥
ਹੇ ਮਨ! ਜਿਹੜਾ ਸੋਹਣਾ ਪ੍ਰਭੂ ਲੱਛਮੀ ਦਾ ਆਸਰਾ ਹੈ, ਜਿਹੜਾ ਆਕਾਰ-ਰਹਿਤ ਪ੍ਰਭੂ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ, ਜਿਹੜਾ ਸਾਰੇ ਸੁਖ ਦੇਣ ਵਾਲਾ ਹੈ,
The Fascinating Lord, the Creator of all, the Formless Lord, is the Giver of Peace.
ਐਸਾ ਪ੍ਰਭੁ ਛੋਡਿ ਕਰਹਿ ਅਨ ਸੇਵਾ ਕਵਨ ਬਿਖਿਆ ਰਸ ਮਾਤਾ ॥੧॥
ਉਸ ਨੂੰ ਛੱਡ ਕੇ ਤੂੰ ਹੋਰ ਹੋਰ ਦੀ ਸੇਵਾ-ਪੂਜਾ ਕਰਦਾ ਹੈਂ, ਤੂੰ ਮਾਇਆ ਦੇ ਕੋਝੇ ਸੁਆਦਾਂ ਵਿਚ ਮਸਤ ਹੈਂ ।੧।
You have abandoned this Lord, and you serve another. Why are you intoxicated with the pleasures of corruption? ||1||
ਰੇ ਮਨ ਮੇਰੇ ਤੂ ਗੋਵਿਦ ਭਾਜੁ ॥
ਹੇ ਮੇਰੇ ਮਨ! ਤੂੰ (ਸਦਾ) ਪਰਮਾਤਮਾ ਦਾ ਨਾਮ ਜਪਿਆ ਕਰ ।
O my mind, meditate on the Lord of the Universe.
ਅਵਰ ਉਪਾਵ ਸਗਲ ਮੈ ਦੇਖੇ ਜੋ ਚਿਤਵੀਐ ਤਿਤੁ ਬਿਗਰਸਿ ਕਾਜੁ ॥੧॥ ਰਹਾਉ ॥
(ਸਿਮਰਨ ਤੋਂ ਬਿਨਾ) ਹੋਰ ਸਾਰੇ ਹੀਲੇ (ਕਰਦੇ ਲੋਕ) ਮੈਂ ਵੇਖੇ ਹਨ (ਇਹੀ) ਨਤੀਜਾ ਨਿਕਲਦਾ ਵੇਖਿਆ ਹੈ ਕਿ) ਹੋਰ ਜਿਹੜਾ ਭੀ ਹੀਲਾ ਸੋਚਿਆ ਜਾਂਦਾ ਹੈ ਉਸ (ਹੀਲੇ) ਨਾਲ (ਆਤਮਕ ਜੀਵਨ ਦਾ) ਕੰਮ (ਸਗੋਂ) ਵਿਗੜਦਾ (ਹੀ) ਹੈ ।੧।ਰਹਾਉ।
I have seen all other sorts of efforts; whatever you can think of, will only bring failure. ||1||Pause||
ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ, ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਮਨੁੱਖ ਮਾਲਕ-ਪ੍ਰਭੂ ਨੂੰ ਛੱਡ ਕੇ ਉਸ ਦੀ ਦਾਸੀ (ਮਾਇਆ) ਨੂੰ ਹੀ ਹਰ ਵੇਲੇ ਚੇਤੇ ਰੱਖਦੇ ਹਨ ।
The blind, ignorant, self-willed manmukhs forsake their Lord and Master, and dwell on His slave Maya.
ਹਰਿ ਕੀ ਭਗਤਿ ਕਰਹਿ ਤਿਨ ਨਿੰਦਹਿ ਨਿਗੁਰੇ ਪਸੂ ਸਮਾਨਾ ॥੨॥
ਅਜਿਹੇ ਨਿਗੁਰੇ ਮਨੁੱਖ, ਪਸ਼ੂਆਂ ਵਰਗੇ ਜੀਵਨ ਵਾਲੇ ਮਨੁੱਖ ਉਹਨਾਂ ਬੰਦਿਆਂ ਨੂੰ ਨਿੰਦਦੇ ਹਨ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਹਨ ।੨।
They slander those who worship their Lord; they are like beasts, without a Guru. ||2||
ਜੀਉ ਪਿੰਡੁ ਤਨੁ ਧਨੁ ਸਭੁ ਪ੍ਰਭ ਕਾ ਸਾਕਤ ਕਹਤੇ ਮੇਰਾ ॥
ਹੇ ਭਾਈ! ਇਹ ਜਿੰਦ ਇਹ ਸਰੀਰ ਇਹ ਧਨ—ਇਹ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ, ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਖਦੇ ਰਹਿੰਦੇ ਹਨ ਕਿ ਇਹ ਹਰੇਕ ਚੀਜ਼ ਸਾਡੀ ਹੈ ।
Soul, life, body and wealth all belong to God, but the faithless cynics claim that they own them.
ਅਹੰਬੁਧਿ ਦੁਰਮਤਿ ਹੈ ਮੈਲੀ ਬਿਨੁ ਗੁਰ ਭਵਜਲਿ ਫੇਰਾ ॥੩॥
ਹਉਮੈ ਵਾਲੀ ਬੁੱਧੀ ਦੇ ਕਾਰਨ ਉਹਨਾਂ ਦੀ ਅਕਲ ਖੋਟੀ ਹੋਈ ਰਹਿੰਦੀ ਹੈ ਮੈਲੀ ਹੋਈ ਰਹਿੰਦੀ ਹੈ, ਗੁਰੂ ਦੀ ਸਰਨ ਤੋਂ ਬਿਨਾ ਸੰਸਾਰ-ਸਮੁੰਦਰ ਵਿਚ ਉਹਨਾਂ ਦਾ ਗੇੜ ਬਣਿਆ ਰਹਿੰਦਾ ਹੈ ।੩।
They are proud and arrogant, evil-minded and filthy; without the Guru, they are reincarnated into the terrifying world-ocean. ||3||
ਹੋਮ ਜਗ ਜਪ ਤਪ ਸਭਿ ਸੰਜਮ ਤਟਿ ਤੀਰਥਿ ਨਹੀ ਪਾਇਆ ॥
ਹੇ ਨਾਨਕ! ਹੋਮ, ਜੱਗ, ਜਪ-ਤਪ ਸਾਧਨਾਂ ਨਾਲ, ਇੰਦ੍ਰਿਆਂ ਨੂੰ ਵੱਸ ਵਿਚ ਕਰਨ ਵਾਲੇ ਸਾਰੇ ਸਾਧਨਾਂ ਨਾਲ, ਕਿਸੇ ਪਵਿੱਤਰ ਨਦੀ ਦੇ ਕੰਢੇ ਉਤੇ ਕਿਸੇ ਤੀਰਥ ਉਤੇ (ਇਸ਼ਨਾਨ ਕੀਤਿਆਂ) ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ ।
Through burnt offerings, charitable feasts, ritualistic chants, penance, all sorts of austere self-discipline and pilgrimages to sacred shrines and rivers, they do not find God.
ਮਿਟਿਆ ਆਪੁ ਪਏ ਸਰਣਾਈ ਗੁਰਮੁਖਿ ਨਾਨਕ ਜਗਤੁ ਤਰਾਇਆ ॥੪॥੧॥੧੪॥
ਜਿਹੜੇ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ ਉਹਨਾਂ ਦੇ ਅੰਦਰੋਂ ਆਪਾ-ਭਾਵ ਮਿਟ ਜਾਂਦਾ ਹੈ । ਹੇ ਨਾਨਕ! (ਪਰਮਾਤਮਾ) ਗੁਰੂ ਦੀ ਸਰਨ ਪਾ ਕੇ ਜਗਤ (ਜਗਤ ਦੇ ਜੀਵਾਂ) ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ।੪।੧।੧੪
Self-conceit is only erased when one seeks the Lord's Sanctuary and becomes Gurmukh; O Nanak, he crosses over the world-ocean. ||4||1||14||