ਭੈਰਉ ਮਹਲਾ ੩ ॥
Bhairao, Third Mehl:
ਹਉਮੈ ਮਾਇਆ ਮੋਹਿ ਖੁਆਇਆ ਦੁਖੁ ਖਟੇ ਦੁਖ ਖਾਇ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਉਮੈ ਦੇ ਕਾਰਨ ਮਾਇਆ ਦੇ ਮੋਹ ਦੇ ਕਾਰਨ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ । ਉਹ ਉਹੀ ਕੁਝ ਕਰਦਾ ਰਹਿੰਦਾ ਹੈ ਜਿਸ ਤੋਂ ਉਹ ਦੁੱਖ ਹੀ ਸਹੇੜਦਾ ਹੈ ਦੁੱਖ ਹੀ ਸਹਾਰਦਾ ਹੈ ।
Lost in egotism, Maya and attachment, the mortal earns pain, and eats pain.
ਅੰਤਰਿ ਲੋਭ ਹਲਕੁ ਦੁਖੁ ਭਾਰੀ ਬਿਨੁ ਬਿਬੇਕ ਭਰਮਾਇ ॥੧॥
ਉਸ ਦੇ ਅੰਦਰ ਲੋਭ (ਟਿਕਿਆ ਰਹਿੰਦਾ ਹੈ ਜਿਵੇਂ ਕੁੱਤੇ ਨੂੰ) ਹਲਕ (ਹੋ ਜਾਂਦਾ) ਹੈ (ਕੁੱਤਾ ਆਪ ਭੀ ਦੁਖੀ ਹੁੰਦਾ ਹੈ ਲੋਕਾਂ ਨੂੰ ਭੀ ਦੁਖੀ ਕਰਦਾ ਹੈ । ਇਸੇ ਤਰ੍ਹਾਂ ਲੋਭੀ ਨੂੰ) ਬਹੁਤ ਦੁੱਖ ਬਣਿਆ ਰਹਿੰਦਾ ਹੈ । ਚੰਗੇ ਮੰਦੇ ਕੰਮ ਦੀ ਪਰਖ ਨਾਹ ਕਰ ਸਕਣ ਕਰਕੇ ਉਹ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ ।੧।
The great disease, the rabid disease of greed, is deep within him; he wanders around indiscriminately. ||1||
ਮਨਮੁਖਿ ਧ੍ਰਿਗੁ ਜੀਵਣੁ ਸੈਸਾਰਿ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜਗਤ ਵਿਚ ਜੀਵਨ (-ਢੰਗ) ਇਹੋ ਜਿਹਾ ਹੀ ਰਹਿੰਦਾ ਹੈ ਕਿ ਉਸ ਨੂੰ ਫਿਟਕਾਰਾਂ ਪੈਂਦੀਆਂ ਰਹਿੰਦੀਆਂ ਹਨ ।
The life of the self-willed manmukh in this world is cursed.
ਰਾਮ ਨਾਮੁ ਸੁਪਨੈ ਨਹੀ ਚੇਤਿਆ ਹਰਿ ਸਿਉ ਕਦੇ ਨ ਲਾਗੈ ਪਿਆਰੁ ॥੧॥ ਰਹਾਉ ॥
ਉਹ ਪਰਮਾਤਮਾ ਦਾ ਨਾਮ ਕਦੇ ਭੀ ਯਾਦ ਨਹੀਂ ਕਰਦਾ, ਪਰਮਾਤਮਾ ਨਾਲ ਉਸ ਦਾ ਕਦੇ ਭੀ ਪਿਆਰ ਨਹੀਂ ਬਣਦਾ ।੧।ਰਹਾਉ।
He does not remember the Lord's Name, even in his dreams. He is never in love with the Lord's Name. ||1||Pause||
ਪਸੂਆ ਕਰਮ ਕਰੈ ਨਹੀ ਬੂਝੈ ਕੂੜੁ ਕਮਾਵੈ ਕੂੜੋ ਹੋਇ ॥
ਹੇ ਭਾਈ! ਮਨ ਦਾ ਮੁਰੀਦ ਮਨੁੱਖ ਪਸ਼ੂਆਂ ਵਾਲੇ ਕੰਮ ਕਰਦਾ ਹੈ, ਉਸ ਨੂੰ ਸਮਝ ਨਹੀਂ ਆਉਂਦੀ (ਕਿ ਇਹ ਜੀਵਨ-ਰਾਹ ਗ਼ਲਤ ਹੈ) । ਨਾਸਵੰਤ ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਾ ਕਰਦਾ ਉਸੇ ਦਾ ਰੂਪ ਹੋਇਆ ਰਹਿੰਦਾ ਹੈ ।
He acts like a beast, and does not understand anything. Practicing falsehood, he becomes false.
ਸਤਿਗੁਰੁ ਮਿਲੈ ਤ ਉਲਟੀ ਹੋਵੈ ਖੋਜਿ ਲਹੈ ਜਨੁ ਕੋਇ ॥੨॥
ਪਰ ਜੇ ਉਸ ਨੂੰ ਗੁਰੂ ਮਿਲ ਪਏ, ਤਾਂ ਉਸ ਦੀ ਸੁਰਤਿ ਮਾਇਆ ਵਲੋਂ ਪਰਤ ਜਾਂਦੀ ਹੈ (ਫਿਰ ਉਹ) ਖੋਜ ਕਰ ਕੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ (ਪਰ ਅਜਿਹਾ ਹੁੰਦਾ) ਕੋਈ ਵਿਰਲਾ ਹੀ ਹੈ ।੨।
But when the mortal meets the True Guru, his way of looking at the world changes. How rare are those humble beings who seek and find the Lord. ||2||
ਹਰਿ ਹਰਿ ਨਾਮੁ ਰਿਦੈ ਸਦ ਵਸਿਆ ਪਾਇਆ ਗੁਣੀ ਨਿਧਾਨੁ ॥
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਿਆ ਰਹਿੰਦਾ ਹੈ, ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਮਿਲ ਪੈਂਦਾ ਹੈ ।
That person, whose heart is forever filled with the Name of the Lord, Har, Har, obtains the Lord, the Treasure of Virtue.
ਗੁਰ ਪਰਸਾਦੀ ਪੂਰਾ ਪਾਇਆ ਚੂਕਾ ਮਨ ਅਭਿਮਾਨੁ ॥੩॥
ਗੁਰੂ ਦੀ ਕਿਰਪਾ ਨਾਲ ਉਸ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਮਨ ਦਾ ਅਹੰਕਾਰ ਦੂਰ ਹੋ ਜਾਂਦਾ ਹੈ ।੩।
By Guru's Grace, he finds the Perfect Lord; the egotistical pride of his mind is eradicated. ||3||
ਆਪੇ ਕਰਤਾ ਕਰੇ ਕਰਾਏ ਆਪੇ ਮਾਰਗਿ ਪਾਏ ॥
(ਪਰ, ਹੇ ਭਾਈ! ਮਨਮੁਖ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਾਹ ਤੇ ਪਾਂਦਾ ਹੈ, ਆਪ ਹੀ ਗੁਰੂ ਦੀ ਰਾਹੀਂ ਇੱਜ਼ਤ ਬਖ਼ਸ਼ਦਾ ਹੈ ।
The Creator Himself acts, and causes all to act. He Himself places us on the path.
ਆਪੇ ਗੁਰਮੁਖਿ ਦੇ ਵਡਿਆਈ ਨਾਨਕ ਨਾਮਿ ਸਮਾਏ ॥੪॥੯॥੧੯॥
ਹੇ ਨਾਨਕ! (ਜਿਸ ਉਤੇ ਪਰਮਾਤਮਾ ਮਿਹਰ ਕਰਦਾ ਹੈ), ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ।੪।੯।੧੯।
He Himself blesses the Gurmukh with glorious greatness; O Nanak, he merges in the Naam. ||4||9||19||