ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥
(ਹਾੜ ਦੀ ਅੱਤ ਦਰਜੇ ਦੀ ਤਪਸ਼ ਵਿਚ ਘਾਹ ਆਦਿਕ ਸੁੱਕ ਜਾਂਦੇ ਹਨ । ਉਸ ਤਪਸ਼ ਦੇ ਪਿਛੋਂ ਸਾਵਨ ਮਹੀਨੇ ਵਿਚ ਘਟਾਂ ਚੜ੍ਹਦੀਆਂ ਹਨ । ਪਸ਼ੂ ਪੰਛੀ ਮਨੁੱਖ ਤਾਂ ਕਿਤੇ ਰਹੇ, ਸੁੱਕਾ ਹੋਇਆ ਘਾਹ ਭੀ ਹਰਾ ਹੋ ਜਾਂਦਾ ਹੈ । ਉਸ ਦੀ ਹਰਿਆਵਲ ਵੇਖ ਕੇ ਹਰੇਕ ਪ੍ਰਾਣੀ ਬੋਲ ਉਠਦਾ ਹੈ—) ਹੇ ਮੇਰੇ ਮਨ! ਸਾਵਣ ਮਹੀਨੇ ਵਿਚ (ਵਰਖਾ ਦੀ) ਰੁੱਤ ਆ ਗਈ ਹੈ, ਬੱਦਲ ਵਰ੍ਹ ਰਹੇ ਹਨ, ਹੁਣ ਤੂੰ ਭੀ ਹਰਾ ਹੋ (ਤੂੰ ਭੀ ਉਮਾਹ ਵਿਚ ਆ) ।
In Saawan, be happy, O my mind. The rainy season has come, and the clouds have burst into showers.
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ ॥
(ਪਰਦੇਸ ਗਏ ਪਤੀ ਦੀ ਨਾਰ ਦਾ ਹਿਰਦਾ ਕਾਲੀਆਂ ਘਟਾਂ ਨੂੰ ਵੇਖ ਕੇ ਤੜਪ ਉਠਦਾ ਹੈ । ਉਮਾਹ ਪੈਦਾ ਕਰਨ ਵਾਲੇ ਇਹ ਸਾਮਾਨ ਵਿਛੋੜੇ ਵਿਚ ਉਸ ਨੂੰ ਦੁਖਦਾਈ ਪ੍ਰਤੀਤ ਹੁੰਦੇ ਹਨ । ਬਿਰਹੋਂ ਵਿਚ ਉਹ ਇਉਂ ਆਖਦੀ ਹੈ—) ਹੇ ਮਾਂ! (ਇਹ ਬੱਦਲ ਵੇਖ ਵੇਖ ਕੇ) ਮੈਨੂੰ ਆਪਣਾ ਪਤੀ ਮਨ ਵਿਚ ਰੋਮ ਰੋਮ ਵਿਚ ਪਿਆਰਾ ਲੱਗ ਰਿਹਾ ਹੈ, ਪਰ ਮੇਰੇ ਪਤੀ ਜੀ ਤਾਂ ਪਰਦੇਸ ਗਏ ਹੋਏ ਹਨ ।
My mind and body are pleased by my Lord, but my Beloved has gone away.
ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ ॥
(ਜਿਤਨਾ ਚਿਰ) ਪਤੀ ਘਰ ਵਿਚ ਨਹੀਂ ਆਉਂਦਾ, ਮੈਂ ਹਾਹੁਕਿਆਂ ਨਾਲ ਮਰ ਰਹੀ ਹਾਂ, ਬਿਜਲੀ ਚਮਕ ਕੇ (ਸਗੋਂ) ਮੈਨੂੰ ਡਰਾ ਨਹੀਂ ਹੈ
My Beloved has not come home, and I am dying of the sorrow of separation. The lightning flashes, and I am scared.
ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ ॥
(ਪਤੀ ਦੇ ਵਿਛੋੜੇ ਵਿਚ) ਮੇਰੀ ਸੱਖਣੀ ਸੇਜ ਮੈਨੂੰ ਬਹੁਤ ਦੁਖਦਾਈ ਹੋ ਰਹੀ ਹੈ, (ਪਤੀ ਤੋਂ ਵਿਛੋੜੇ ਦਾ) ਦੁੱਖ ਮੈਨੂੰ ਮੌਤ (ਬਰਾਬਰ) ਹੋ ਗਿਆ ਹੈ ।
My bed is lonely, and I am suffering in agony. I am dying in pain, O my mother!
ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ ॥
(ਜਿਸ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ-ਪਤੀ ਦਾ ਪਿਆਰ ਹੈ, ਬਿਰਹਣੀ ਨਾਰ ਵਾਂਗ) ਉਸ ਨੂੰ ਪ੍ਰਭੂ ਦੇ ਮਿਲਾਪ ਤੋਂ ਬਿਨਾ ਨਾਹ ਨੀਂਦ, ਨਾਹ ਭੁੱਖ । ਉਸ ਨੂੰ ਤਾਂ ਕੱਪੜਾ ਭੀ ਸਰੀਰ ਉਤੇ ਨਹੀਂ ਸੁਖਾਂਦਾ (ਸਰੀਰਕ ਸੁਖਾਂ ਦੇ ਕੋਈ ਭੀ ਸਾਧਨ ਉਸ ਦੇ ਮਨ ਨੂੰ ਧ੍ਰੂਹ ਨਹੀਂ ਪਾ ਸਕਦੇ) ।
Tell me - without the Lord, how can I sleep, or feel hungry? My clothes give no comfort to my body.
ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ ॥੯॥
ਹੇ ਨਾਨਕ! ਉਹੀ ਭਾਗਾਂ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪਿਆਰ ਦੀ ਹੱਕਦਾਰ ਹੋ ਸਕਦੀ ਹੈ, ਜੋ ਸਦਾ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦੀ ਹੈ ।੯।
O Nanak, she alone is a happy soul-bride, who merges in the Being of her Beloved Husband Lord. ||9||