ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥
ਚੇਤ (ਦਾ ਮਹੀਨਾ) ਚੰਗਾ ਲੱਗਦਾ ਹੈ, (ਚੇਤ ਵਿਚ) ਬਸੰਤ (ਦਾ ਮੌਸਮ ਭੀ) ਪਿਆਰਾ ਲੱਗਦਾ ਹੈ, (ਇਸ ਮਹੀਨੇ) ਖੁਲ੍ਹੀ ਜੂਹ ਵਿਚ ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ, ਤੇ (ਫੁੱਲਾਂ ਉਤੇ ਬੈਠੇ ਹੋਏ) ਭਵਰ ਸੋਹਣੇ ਲੱਗਦੇ ਹਨ ।
In the month of Chayt, the lovely spring has come, and the bumble bees hum with joy.
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥
(ਮੇਰੇ ਹਿਰਦੇ ਦਾ ਕੌਲ-ਫੁੱਲ ਭੀ ਖਿੜ ਪਏ, ਜੇ) ਮੇਰਾ ਪਤੀ-ਪ੍ਰਭੂ ਹਿਰਦੇ-ਘਰ ਵਿਚ ਆ ਵੱਸੇ ।
The forest is blossoming in front of my door; if only my Beloved would return to my home!
ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥
ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਹਿਰਦੇ-ਘਰ ਵਿਚ ਨਾਹ ਆ ਵੱਸੇ, ਉਸ ਜੀਵ-ਇਸਤ੍ਰੀ ਨੂੰ ਆਤਮਕ ਆਨੰਦ ਨਹੀਂ ਆ ਸਕਦਾ, ਉਸ ਦਾ ਸਰੀਰ (ਪ੍ਰਭੂ ਤੋਂ) ਵਿਛੋੜੇ ਦੇ ਕਾਰਨ (ਕਾਮਾਦਿਕ ਵੈਰੀਆਂ ਦੇ) ਹੱਲਿਆਂ ਨਾਲ ਕਮਜ਼ੋਰ ਹੋ ਜਾਂਦਾ ਹੈ ।
If her Husband Lord does not return home, how can the soul-bride find peace? Her body is wasting away with the sorrow of separation.
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥
(ਚੇਤਰ ਦੇ ਮਹੀਨੇ) ਕੋਇਲ ਅੰਬ ਦੇ ਰੁੱਖ ਉਤੇ ਮਿੱਠੇ ਬੋਲ ਬੋਲਦੀ ਹੈ (ਵਿਜੋਗਣ ਨੂੰ ਇਹ ਬੋਲ ਮਿੱਠੇ ਨਹੀਂ ਲੱਗਦੇ, ਚੋਭਵੇਂ ਦੁਖਦਾਈ ਲੱਗਦੇ ਹਨ, ਤੇ ਵਿਛੋੜੇ ਦਾ) ਦੁੱਖ ਉਸ ਪਾਸੋਂ ਹਿਰਦੇ ਵਿਚ ਸਹਾਰਿਆ ਨਹੀਂ ਜਾਂਦਾ ।
The beautiful song-bird sings, perched on the mango tree; but how can I endure the pain in the depths of my being?
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥
ਹੇ ਮਾਂ! ਮੇਰਾ ਮਨ-ਭੌਰਾ (ਅੰਦਰਲੇ ਖਿੜੇ ਹੋਏ ਹਿਰਦੇ-ਕਮਲ ਨੂੰ ਛੱਡ ਕੇ ਦੁਨੀਆ ਦੇ ਰੰਗ-ਤਮਾਸ਼ਿਆਂ ਦੇ) ਫੁੱਲਾਂ ਤੇ ਡਾਲੀਆਂ ਉਤੇ ਭਟਕਦਾ ਫਿਰਦਾ ਹੈ । ਇਹ ਆਤਮਕ ਜੀਵਨ ਨਹੀਂ ਹੈ, ਇਹ ਤਾਂ ਆਤਮਕ ਮੌਤ ਹੈ ।
The bumble bee is buzzing around the flowering branches; but how can I survive? I am dying, O my mother!
ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥
ਹੇ ਨਾਨਕ! ਚੇਤਰ ਦੇ ਮਹੀਨੇ ਵਿਚ (ਬਸੰਤ ਦੇ ਮੌਸਮ ਵਿਚ) ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਆਤਮਕ ਆਨੰਦ ਮਾਣਦੀ ਹੈ, ਜੇ ਜੀਵ-ਇਸਤ੍ਰੀ (ਆਪਣੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਨੂੰ ਲੱਭ ਲਏ ।
O Nanak, in Chayt, peace is easily obtained, if the soul-bride obtains the Lord as her Husband, within the home of her own heart. ||5||