ਮਾਰੂ ਮਹਲਾ ੩ ॥
Maaroo, Third Mehl:
ਜੋ ਤੁਧੁ ਕਰਣਾ ਸੋ ਕਰਿ ਪਾਇਆ ॥
ਹੇ ਪ੍ਰਭੂ! ਜਿਹੜਾ ਕੰਮ ਤੂੰ ਕਰਨਾ (ਚਾਹੁੰਦਾ) ਹੈਂ, ਉਹ ਕੰਮ ਤੂੰ ਜ਼ਰੂਰ ਕਰ ਦੇਂਦਾ ਹੈਂ,
Whatever You do, is done.
ਭਾਣੇ ਵਿਚਿ ਕੋ ਵਿਰਲਾ ਆਇਆ ॥
(ਇਹ ਪਤਾ ਹੁੰਦਿਆਂ ਭੀ) ਕੋਈ ਵਿਰਲਾ ਮਨੁੱਖ ਤੇਰੀ ਰਜ਼ਾ ਨੂੰ ਮਿੱਠਾ ਕਰ ਕੇ ਮੰਨਦਾ ਹੈ ।
How rare are those who walk in harmony with the Lord's Will.
ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ ॥੧॥
ਜਿਹੜਾ ਮਨੁੱਖ ਤੇਰੀ ਰਜ਼ਾ ਨੂੰ ਸਿਰ-ਮੱਥੇ ਤੇ ਮੰਨਦਾ ਹੈ, ਉਹ ਆਤਮਕ ਸੁਖ ਹਾਸਲ ਕਰਦਾ ਹੈ, ਤੇਰੀ ਰਜ਼ਾ ਵਿਚ ਵਿਚ ਰਹਿ ਕੇ ਆਤਮਕ ਆਨੰਦ ਮਾਣਦਾ ਹੈ ।੧।
One who surrenders to the Lord's Will finds peace; he finds peace in the Lord's Will. ||1||
ਗੁਰਮੁਖਿ ਤੇਰਾ ਭਾਣਾ ਭਾਵੈ ॥
ਹੇ ਪ੍ਰਭੂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਤੇਰੀ ਰਜ਼ਾ ਚੰਗੀ ਲੱਗਦੀ ਹੈ ।
Your Will is pleasing to the Gurmukh.
ਸਹਜੇ ਹੀ ਸੁਖੁ ਸਚੁ ਕਮਾਵੈ ॥
ਉਹ ਆਤਮਕ ਅਡੋਲਤਾ ਵਿਚ ਰਹਿ ਕੇ ਸੁਖ ਪਾਂਦਾ ਹੈ, ਉਹ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਰਹਿੰਦਾ ਹੈ ।
Practicing Truth, he intuitively finds peace.
ਭਾਣੇ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ ॥੨॥
ਹੇ ਭਾਈ! ਪ੍ਰਭੂ ਦੇ ਕੀਤੇ ਨੂੰ ਮਿੱਠਾ ਮੰਨਣ ਦੀ ਤਾਂਘ ਬਥੇਰੀ ਲੁਕਾਈ ਕਰਦੀ ਹੈ, ਪਰ ਆਪਣੀ ਰਜ਼ਾ ਉਹ ਆਪ ਹੀ (ਕਿਸੇ ਵਿਰਲੇ ਤੋਂ) ਮਨਾਂਦਾ ਹੈ ।੨।
Many long to walk in harmony with the Lord's Will; He Himself inspires us to surrender to His Will. ||2||
ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ॥
ਹੇ ਪ੍ਰਭੂ! ਜਿਹੜਾ ਮਨੁੱਖ ਤੇਰੀ ਰਜ਼ਾ ਨੂੰ ਮੰਨਦਾ ਹੈ, ਉਹ ਤੈਨੂੰ ਆ ਮਿਲਦਾ ਹੈ ।
One who surrenders to Your Will, meets with You, Lord.
ਜਿਸੁ ਭਾਣਾ ਭਾਵੈ ਸੋ ਤੁਝਹਿ ਸਮਾਏ ॥
ਜਿਸ ਮਨੁੱਖ ਨੂੰ ਤੇਰਾ ਭਾਣਾ ਭਾ ਜਾਂਦਾ ਹੈ, ਉਹ ਤੇਰੇ (ਚਰਨਾਂ) ਵਿਚ ਲੀਨ ਹੋ ਜਾਂਦਾ ਹੈ ।
One who is pleased with Your Will is immersed in You.
ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ ॥੩॥
ਹੇ ਭਾਈ! ਪਰਮਾਤਮਾ ਦੀ ਰਜ਼ਾ ਵਿਚ ਰਿਹਾਂ ਬੜੀ ਇੱਜ਼ਤ ਮਿਲਦੀ ਹੈ । ਪਰ ਕਿਸੇ ਵਿਰਲੇ ਨੂੰ ਰਜ਼ਾ ਵਿਚ ਤੋਰਦਾ ਹੈ ।੩।
Glorious greatness rests in God's Will; rare are those who accept it. ||3||
ਜਾ ਤਿਸੁ ਭਾਵੈ ਤਾ ਗੁਰੂ ਮਿਲਾਏ ॥
ਹੇ ਭਾਈ! ਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਦੋਂ ਉਹ (ਕਿਸੇ ਵਡਭਾਗੀ ਨੂੰ) ਗੁਰੂ ਮਿਲਾਂਦਾ ਹੈ ।
When it pleases His Will, He leads us to meet the Guru.
ਗੁਰਮੁਖਿ ਨਾਮੁ ਪਦਾਰਥੁ ਪਾਏ ॥
ਤੇ, ਗੁਰੂ ਦੇ ਸਨਮੁਖ ਹੋਇਆ ਮਨੁੱਖ ਪਰਮਾਤਮਾ ਦਾ ਸੇ੍ਰਸ਼ਟ ਨਾਮ ਪ੍ਰਾਪਤ ਕਰ ਲੈਂਦਾ ਹੈ ।
The Gurmukh finds the treasure of the Naam, the Name of the Lord.
ਤੁਧੁ ਆਪਣੈ ਭਾਣੈ ਸਭ ਸ੍ਰਿਸਟਿ ਉਪਾਈ ਜਿਸ ਨੋ ਭਾਣਾ ਦੇਹਿ ਤਿਸੁ ਭਾਇਦਾ ॥੪॥
ਹੇ ਭਾਈ! ਇਹ ਸਾਰੀ ਸ੍ਰਿਸ਼ਟੀ ਤੂੰ ਆਪਣੀ ਰਜ਼ਾ ਵਿਚ ਪੈਦਾ ਕੀਤੀ ਹੈ । ਜਿਸ ਮਨੁੱਖ ਨੂੰ ਤੂੰ ਆਪਣੀ ਰਜ਼ਾ ਮੰਨਣ ਦੀ ਤਾਕਤ ਦੇਂਦਾ ਹੈਂ, ਉਸ ਨੂੰ ਤੇਰੀ ਰਜ਼ਾ ਪਿਆਰੀ ਲੱਗਦੀ ਹੈ ।੪।
By Your Will, You created the whole Universe; those whom You bless with Your favor are pleased with Your Will. ||4||
ਮਨਮੁਖੁ ਅੰਧੁ ਕਰੇ ਚਤੁਰਾਈ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਤੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਚੁਕਾ ਮਨੁੱਖ (ਆਪਣੇ ਵਲੋਂ ਬਥੇਰੀ) ਸਿਆਣਪ ਕਰਦਾ ਹੈ,
The blind, self-willed manmukhs practice cleverness.
ਭਾਣਾ ਨ ਮੰਨੇ ਬਹੁਤੁ ਦੁਖੁ ਪਾਈ ॥
(ਪਰ ਜਦ ਤਕ ਉਹ ਪਰਮਾਤਮਾ ਦੇ) ਕੀਤੇ ਨੂੰ ਮਿੱਠਾ ਕਰ ਕੇ ਨਹੀਂ ਮੰਨਦਾ (ਉਤਨਾ ਚਿਰ ਉਹ) ਬਹੁਤ ਦੁੱਖ ਪਾਂਦਾ ਹੈ ।
They do not surrender to the Lord's Will, and suffer terrible pain.
ਭਰਮੇ ਭੂਲਾ ਆਵੈ ਜਾਏ ਘਰੁ ਮਹਲੁ ਨ ਕਬਹੂ ਪਾਇਦਾ ॥੫॥
ਮਨ ਦਾ ਮੁਰੀਦ ਮਨੁੱਖ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ, ਉਹ ਕਦੇ ਭੀ (ਇਸ ਤਰ੍ਹਾਂ) ਪਰਮਾਤਮਾ ਦੇ ਚਰਨਾਂ ਵਿਚ ਥਾਂ ਨਹੀਂ ਲੱਭ ਸਕਦਾ ।੫।
Deluded by doubt, they come and go in reincarnation; they never find the Mansion of the Lord's Presence. ||5||
ਸਤਿਗੁਰੁ ਮੇਲੇ ਦੇ ਵਡਿਆਈ ॥
ਹੇ ਭਾਈ! (ਜਿਸ ਮਨੁੱਖ ਨੂੰ ਪਰਮਾਤਮਾ) ਗੁਰੂ ਮਿਲਾਂਦਾ ਹੈ, (ਉਸ ਨੂੰ ਲੋਕ ਪਰਲੋਕ ਦੀ) ਇੱਜ਼ਤ ਬਖ਼ਸ਼ਦਾ ਹੈ ।
The True Guru brings Union, and grants glorious greatness.
ਸਤਿਗੁਰ ਕੀ ਸੇਵਾ ਧੁਰਿ ਫੁਰਮਾਈ ॥
ਗੁਰੂ ਦੀ ਦੱਸੀ ਕਾਰ ਕਰਨ ਦਾ ਹੁਕਮ ਧੁਰੋਂ ਹੀ ਪ੍ਰਭੂ ਨੇ ਦਿੱਤਾ ਹੋਇਆ ਹੈ ।
The Primal Lord ordained service to the True Guru.
ਸਤਿਗੁਰ ਸੇਵੇ ਤਾ ਨਾਮੁ ਪਾਏ ਨਾਮੇ ਹੀ ਸੁਖੁ ਪਾਇਦਾ ॥੬॥
ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ, ਤੇ, ਨਾਮ ਵਿਚ ਜੁੜ ਕੇ ਹੀ ਆਤਮਕ ਆਨੰਦ ਪਾਂਦਾ ਹੈ ।੬।
Serving the True Guru, the Naam is obtained. Through the Naam, one finds peace. ||6||
ਸਭ ਨਾਵਹੁ ਉਪਜੈ ਨਾਵਹੁ ਛੀਜੈ ॥
ਹੇ ਭਾਈ! ਨਾਮ (ਸਿਮਰਨ) ਤੋਂ ਹਰੇਕ (ਗੁਣ ਮਨੁੱਖ ਦੇ ਅੰਦਰ) ਪੈਦਾ ਹੋ ਜਾਂਦਾ ਹੈ, ਨਾਮ (ਸਿਮਰਨ) ਤੋਂ (ਹਰੇਕ ਔਗੁਣ ਮਨੱੁਖ ਦੇ ਅੰਦਰੋਂ) ਨਾਸ ਹੋ ਜਾਂਦਾ ਹੈ ।
Everything wells up from the Naam, and through the Naam, perishes.
ਗੁਰ ਕਿਰਪਾ ਤੇ ਮਨੁ ਤਨੁ ਭੀਜੈ ॥
ਹੇ ਭਾਈ! ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦਾ) ਮਨ (ਮਨੁੱਖ ਦਾ) ਤਨ (ਨਾਮ-ਰਸ ਵਿਚ) ਭਿੱਜਦਾ ਹੈ ।
By Guru's Grace, the mind and body are pleased with the Naam.
ਰਸਨਾ ਨਾਮੁ ਧਿਆਏ ਰਸਿ ਭੀਜੈ ਰਸ ਹੀ ਤੇ ਰਸੁ ਪਾਇਦਾ ॥੭॥
(ਜਦੋਂ ਮਨੁੱਖ ਆਪਣੀ) ਜੀਭ ਨਾਲ ਹਰਿ-ਨਾਮ ਸਿਮਰਦਾ ਹੈ, ਉਹ ਅਨੰਦ ਵਿਚ ਭਿੱਜ ਜਾਂਦਾ ਹੈ, ਉਸ ਆਨੰਦ ਤੋਂ ਹੀ ਮਨੁੱਖ ਹੋਰ ਆਤਮਕ ਆਨੰਦ ਪ੍ਰਾਪਤ ਕਰਦਾ ਹੈ ।੭।
Meditating on the Naam, the tongue is drenched with the Lord's sublime essence. Through this essence, the Essence is obtained. ||7||
ਮਹਲੈ ਅੰਦਰਿ ਮਹਲੁ ਕੋ ਪਾਏ ॥
ਹੇ ਭਾਈ! ਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ) ਸਰੀਰ ਵਿਚ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ,
Rare are those who find the Mansion of the Lord's Presence within the mansion of their own body.
ਗੁਰ ਕੈ ਸਬਦਿ ਸਚਿ ਚਿਤੁ ਲਾਏ ॥
ਉਹ ਸਦਾ-ਥਿਰ ਹਰਿ-ਨਾਮ ਵਿਚ ਚਿੱਤ ਜੋੜੀ ਰੱਖਦਾ ਹੈ ।
Through the Word of the Guru's Shabad, they lovingly focus their consciousness on the True Lord.
ਜਿਸ ਨੋ ਸਚੁ ਦੇਇ ਸੋਈ ਸਚੁ ਪਾਏ ਸਚੇ ਸਚਿ ਮਿਲਾਇਦਾ ॥੮॥
ਪਰ, ਹੇ ਭਾਈ! ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਆਪਣਾ ਸਦਾ-ਥਿਰ ਹਰਿ-ਨਾਮ ਦੇਂਦਾ ਹੈ, ਉਹੀ ਇਹ ਹਰਿ-ਨਾਮ ਹਾਸਲ ਕਰਦਾ ਹੈ, ਤੇ, ਉਹ ਹਰ ਵੇਲੇ ਇਸ ਸਦਾ-ਥਿਰ ਹਰਿ-ਨਾਮ ਵਿਚ ਇਕ-ਮਿਕ ਹੋਇਆ ਰਹਿੰਦਾ ਹੈ ।੮।
Whoever the Lord blesses with Truth obtains Truth; he merges in Truth, and only Truth. ||8||
ਨਾਮੁ ਵਿਸਾਰਿ ਮਨਿ ਤਨਿ ਦੁਖੁ ਪਾਇਆ ॥
ਹੇ ਭਾਈ! (ਜਿਸ ਮਨੁੱਖ ਦੇ ਮਨ ਵਿਚ ਹਰ ਵੇਲੇ) ਮਾਇਆ ਦਾ ਮੋਹ (ਪ੍ਰਬਲ ਹੈ; ਉਸ ਨੇ) ਨਿਰਾ (ਆਤਮਕ) ਰੋਗ ਹੀ ਖੱਟਿਆ ਹੈ ।
Forgetting the Naam, the Name of the Lord, the mind and body suffer in pain.
ਮਾਇਆ ਮੋਹੁ ਸਭੁ ਰੋਗੁ ਕਮਾਇਆ ॥
ਪਰਮਾਤਮਾ ਦਾ ਨਾਮ ਭੁਲਾ ਕੇ ਉਸ ਆਪਣੇ ਮਨ ਵਿਚ ਤਨ ਵਿਚ ਦੁਖ ਹੀ ਪਾਇਆ ਹੈ ।
Attached to the love of Maya, he earns nothing but disease.
ਬਿਨੁ ਨਾਵੈ ਮਨੁ ਤਨੁ ਹੈ ਕੁਸਟੀ ਨਰਕੇ ਵਾਸਾ ਪਾਇਦਾ ॥੯॥
ਪ੍ਰਭੂ ਦੇ ਨਾਮ ਤੋਂ ਬਿਨਾ (ਮਨੁੱਖ ਦਾ) ਮਨ ਭੀ ਰੋਗੀ, ਤਨ (ਭਾਵ, ਗਿਆਨ-ਇੰਦੇ੍ਰ) ਭੀ ਰੋਗੀ (ਵਿਕਾਰੀ), ਉਹ ਨਰਕ ਵਿਚ ਹੀ ਪਿਆ ਰਹਿੰਦਾ ਹੈ ।੯।
Without the Name, his mind and body are afflicted with leprosy, and he obtains his home in hell. ||9||
ਨਾਮਿ ਰਤੇ ਤਿਨ ਨਿਰਮਲ ਦੇਹਾ ॥
ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਸਰੀਰ ਵਿਕਾਰਾਂ ਤੋਂ ਬਚੇ ਰਹਿੰਦੇ ਹਨ,
Those who are imbued with the Naam - their bodies are immaculate and pure.
ਨਿਰਮਲ ਹੰਸਾ ਸਦਾ ਸੁਖੁ ਨੇਹਾ ॥
ਉਹਨਾਂ ਦਾ ਆਤਮਾ ਪਵਿੱਤਰ ਰਹਿੰਦਾ ਹੈ, ਉਹ (ਪ੍ਰਭੂ-ਚਰਨਾਂ ਨਾਲ) ਪਿਆਰ (ਜੋੜ ਕੇ) ਸਦਾ ਆਤਮਕ ਆਨੰਦ ਮਾਣਦੇ ਹਨ ।
Their soul-swan is immaculate, and in the Lord's Love, they find eternal peace.
ਨਾਮੁ ਸਲਾਹਿ ਸਦਾ ਸੁਖੁ ਪਾਇਆ ਨਿਜ ਘਰਿ ਵਾਸਾ ਪਾਇਦਾ ॥੧੦॥
ਹੇ ਭਾਈ! ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰ ਕੇ ਮਨੁੱਖ ਸਦਾ ਸੁਖ ਪਾਂਦਾ ਹੈ, ਪ੍ਰਭੂ-ਚਰਨਾਂ ਵਿਚ ਉਸ ਦਾ ਨਿਵਾਸ ਬਣਿਆ ਰਹਿੰਦਾ ਹੈ ।੧੦।
Praising the Naam, they find eternal peace, and dwell in the home of their own inner being. ||10||
ਸਭੁ ਕੋ ਵਣਜੁ ਕਰੇ ਵਾਪਾਰਾ ॥
ਹੇ ਭਾਈ! (ਜਗਤ ਵਿਚ ਆ ਕੇ) ਹਰੇਕ ਜੀਵ ਵਣਜ ਵਾਪਾਰ (ਆਦਿਕ ਕੋਈ ਨਾ ਕੋਈ ਕਾਰ-ਵਿਹਾਰ) ਕਰਦਾ ਹੈ,
Everyone deals and trades.
ਵਿਣੁ ਨਾਵੈ ਸਭੁ ਤੋਟਾ ਸੰਸਾਰਾ ॥
ਪਰ ਪ੍ਰਭੂ ਦੇ ਨਾਮ ਤੋਂ ਸੱਖਣੇ ਰਹਿ ਕੇ ਜਗਤ ਵਿਚ ਨਿਰਾ ਘਾਟਾ (ਹੀ ਘਾਟਾ) ਹੈ,
Without the Name, all the world loses.
ਨਾਗੋ ਆਇਆ ਨਾਗੋ ਜਾਸੀ ਵਿਣੁ ਨਾਵੈ ਦੁਖੁ ਪਾਇਦਾ ॥੧੧॥
(ਕਿਉਂਕਿ ਜਗਤ ਵਿਚ ਜੀਵ) ਨੰਗਾ ਹੀ ਆਉਂਦਾ ਹੈ (ਤੇ ਇਥੋਂ) ਨੰਗਾ ਹੀ ਤੁਰ ਜਾਇਗਾ (ਦੁਨੀਆ ਵਾਲੀ ਕਮਾਈ ਇਥੇ ਹੀ ਰਹਿ ਜਾਇਗੀ) । ਪ੍ਰਭੂ ਦੇ ਨਾਮ ਤੋਂ ਵਾਂਝਿਆ ਹੋਇਆ ਦੁੱਖ ਹੀ ਸਹਾਰਦਾ ਹੈ ।੧੧।
Naked they come, and naked they go; without the Name, they suffer in pain. ||11||
ਜਿਸ ਨੋ ਨਾਮੁ ਦੇਇ ਸੋ ਪਾਏ ॥
ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਨਾਮ ਦੇਂਦਾ ਹੈ ਉਹ (ਹੀ ਇਹ ਦਾਤਿ) ਹਾਸਲ ਕਰਦਾ ਹੈ ।
He alone obtains the Naam, unto whom the Lord gives it.
ਗੁਰ ਕੈ ਸਬਦਿ ਹਰਿ ਮੰਨਿ ਵਸਾਏ ॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ ।
Through the Word of the Guru's Shabad, the Lord comes to dwell in the mind.
ਗੁਰ ਕਿਰਪਾ ਤੇ ਨਾਮੁ ਵਸਿਆ ਘਟ ਅੰਤਰਿ ਨਾਮੋ ਨਾਮੁ ਧਿਆਇਦਾ ॥੧੨॥
ਗੁਰੂ ਦੀ ਕਿਰਪਾ ਨਾਲ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਰਹਿੰਦਾ ਹੈ ।੧੨।
By Guru's Grace, the Naam dwells deep within the heart, and one meditates upon the Naam, the Name of the Lord. ||12||
ਨਾਵੈ ਨੋ ਲੋਚੈ ਜੇਤੀ ਸਭ ਆਈ ॥
ਹੇ ਭਾਈ! ਜਿਤਨੀ ਭੀ ਲੁਕਾਈ (ਜਗਤ ਵਿਚ) ਪੈਦਾ ਹੁੰਦੀ ਹੈ (ਉਹ ਸਾਰੀ) ਪਰਮਾਤਮਾ ਦਾ ਨਾਮ ਪ੍ਰਾਪਤ ਕਰਨ ਦੀ ਤਾਂਘ ਕਰਦੀ ਹੈ,
Everyone who comes into the world, longs for the Name.
ਨਾਉ ਤਿਨਾ ਮਿਲੈ ਧੁਰਿ ਪੁਰਬਿ ਕਮਾਈ ॥
ਪਰ ਪਰਮਾਤਮਾ ਦਾ ਨਾਮ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੇ ਪ੍ਰਭੂ ਦੀ ਰਜ਼ਾ ਅਨੁਸਾਰ ਪਹਿਲੇ ਜਨਮ ਵਿਚ (ਨਾਮ ਜਪਣ ਦੀ) ਕਮਾਈ ਕੀਤੀ ਹੁੰਦੀ ਹੈ ।
They alone are blessed with the Name, whose past actions were so ordained by the Primal Lord.
ਜਿਨੀ ਨਾਉ ਪਾਇਆ ਸੇ ਵਡਭਾਗੀ ਗੁਰ ਕੈ ਸਬਦਿ ਮਿਲਾਇਦਾ ॥੧੩॥
ਹੇ ਭਾਈ! ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ । (ਅਜਿਹੇ ਵਡਭਾਗੀਆਂ ਨੂੰ ਪਰਮਾਤਮਾ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਨਾਲ) ਮਿਲਾ ਲੈਂਦਾ ਹੈ ।੧੩।
Those who obtain the Name are very fortunate. Through the Word of the Guru's Shabad, they are united with God. ||13||
ਕਾਇਆ ਕੋਟੁ ਅਤਿ ਅਪਾਰਾ ॥
ਹੇ ਭਾਈ! (ਮਨੁੱਖ ਦਾ ਇਹ) ਸਰੀਰ ਉਸ ਬਹੁਤ ਬੇਅੰਤ ਪਰਮਾਤਮਾ (ਦੇ ਰਹਿਣ) ਲਈ ਕਿਲ੍ਹਾ ਹੈ ।
Utterly incomparable is the fortress of the body.
ਤਿਸੁ ਵਿਚਿ ਬਹਿ ਪ੍ਰਭੁ ਕਰੇ ਵੀਚਾਰਾ ॥
ਇਸ ਕਿਲੇ੍ਹ ਵਿਚ ਬੈਠ ਕੇ ਪਰਮਾਤਮਾ (ਕਈ ਕਿਸਮ ਦੇ) ਵਿਚਾਰ ਕਰਦਾ ਰਹਿੰਦਾ ਹੈ ।
Within it, God sits in contemplation.
ਸਚਾ ਨਿਆਉ ਸਚੋ ਵਾਪਾਰਾ ਨਿਹਚਲੁ ਵਾਸਾ ਪਾਇਦਾ ॥੧੪॥
ਉਸ ਪਰਮਾਤਮਾ ਦਾ ਨਿਆਂ ਸਦਾ ਕਾਇਮ ਰਹਿਣ ਵਾਲਾ ਹੈ । ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦਾ ਵਾਪਾਰ ਕਰਦਾ ਹੈ, ਉਹ (ਇਸ ਕਿਲ੍ਹੇ ਵਿਚ) ਭਟਕਣਾ ਤੋਂ ਰਹਿਤ ਨਿਵਾਸ ਪ੍ਰਾਪਤ ਕਰੀ ਰੱਖਦਾ ਹੈ ।੧੪।
He administers true justice, and trades in Truth; through Him, one finds the eternal, unchanging dwelling. ||14||
ਅੰਤਰ ਘਰ ਬੰਕੇ ਥਾਨੁ ਸੁਹਾਇਆ ॥
ਹੇ ਭਾਈ! (ਨਾਮ ਸਿਮਰਨ ਦੀ ਬਰਕਤਿ ਨਾਲ ਸਰੀਰ ਦੇ ਮਨ ਬੁੱਧੀ ਆਦਿਕ) ਅੰਦਰਲੇ ਘਰ ਸੋਹਣੇ ਬਣੇ ਰਹਿੰਦੇ ਹਨ, ਹਿਰਦਾ-ਥਾਂ ਭੀ ਸੋਹਣਾ ਬਣਿਆ ਰਹਿੰਦਾ ਹੈ ।
Deep within the inner self are glorious homes and beautiful places.
ਗੁਰਮੁਖਿ ਵਿਰਲੈ ਕਿਨੈ ਥਾਨੁ ਪਾਇਆ ॥
ਕਿਸੇ ਉਸ ਵਿਰਲੇ ਮਨੁੱਖ ਨੂੰ ਇਹ ਥਾਂ ਪ੍ਰਾਪਤ ਹੁੰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ।
But rare is that person who, as Gurmukh, finds these places.
ਇਤੁ ਸਾਥਿ ਨਿਬਹੈ ਸਾਲਾਹੇ ਸਚੇ ਹਰਿ ਸਚਾ ਮੰਨਿ ਵਸਾਇਦਾ ॥੧੫॥
ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ ਤੇ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਸ ਮਨੁੱਖ ਦੀ ਪ੍ਰਭੂ ਨਾਲ ਪ੍ਰੀਤ ਇਸ (ਮਨ ਬੁੱਧੀ ਆਦਿਕ ਵਾਲੇ) ਸਾਥ ਵਿਚ ਤੋੜ ਪੂਰੀ ਉਤਰਦੀ ਹੈ ।੧੫।
If one stays in these places, and praises the True Lord, the True Lord comes to dwell in the mind. ||15||
ਮੇਰੈ ਕਰਤੈ ਇਕ ਬਣਤ ਬਣਾਈ ॥
ਹੇ ਭਾਈ! ਮੇਰੇ ਕਰਤਾਰ ਨੇ ਇਹ ਇਕ (ਅਜੀਬ) ਵਿਓਂਤ ਬਣਾ ਦਿੱਤੀ ਹੈ
My Creator Lord has formed this formation.
ਇਸੁ ਦੇਹੀ ਵਿਚਿ ਸਭ ਵਥੁ ਪਾਈ ॥
ਕਿ ਉਸ ਨੇ ਮਨੁੱਖ ਦੇ ਸਰੀਰ ਵਿਚ (ਹੀ ਉਸ ਦੇ ਆਤਮਕ ਜੀਵਨ ਦੀ) ਸਾਰੀ ਰਾਸਿ-ਪੂੰਜੀ ਪਾ ਰੱਖੀ ਹੈ ।
He has placed everything within this body.
ਨਾਨਕ ਨਾਮੁ ਵਣਜਹਿ ਰੰਗਿ ਰਾਤੇ ਗੁਰਮੁਖਿ ਕੋ ਨਾਮੁ ਪਾਇਦਾ ॥੧੬॥੬॥੨੦॥
ਹੇ ਨਾਨਕ! ਜਿਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਰਹਿੰਦੇ ਹਨ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ । ਹੇ ਭਾਈ! ਕੋਈ ਉਹ ਮਨੁੱਖ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ।੧੬।੬।੨੦।
O Nanak, those who deal in the Naam are imbued with His Love. The Gurmukh obtains the Naam, the Name of the Lord. ||16||6||20||