ਮਾਰੂ ਮਹਲਾ ੩ ॥
Maaroo, Third Mehl:
ਆਦਿ ਜੁਗਾਦਿ ਦਇਆਪਤਿ ਦਾਤਾ ॥
ਹੇ ਪ੍ਰਭੂ! ਤੂੰ (ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਦਇਆ ਦਾ ਮਾਲਕ ਹੈਂ (ਸਾਰੇ ਸੁਖ ਪਦਾਰਥ) ਦੇਣ ਵਾਲਾ ਹੈਂ ।
From the very beginning of time, and throughout the ages, the Merciful Lord has been the Great Giver.
ਪੂਰੇ ਗੁਰ ਕੈ ਸਬਦਿ ਪਛਾਤਾ ॥
ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਨਾਲ ਜਾਣ-ਪਛਾਣ ਬਣ ਸਕਦੀ ਹੈ ।
Through the Shabad, the Word of the Perfect Guru, He is realized.
ਤੁਧੁਨੋ ਸੇਵਹਿ ਸੇ ਤੁਝਹਿ ਸਮਾਵਹਿ ਤੂ ਆਪੇ ਮੇਲਿ ਮਿਲਾਇਦਾ ॥੧॥
ਜਿਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰੇ (ਚਰਨਾਂ) ਵਿਚ ਲੀਨ ਰਹਿੰਦੇ ਹਨ । ਤੂੰ ਆਪ ਹੀ (ਉਹਨਾਂ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਮਿਲਾਂਦਾ ਹੈਂ ।੧।
Those who serve You are immersed in You. You unite them in Union with Yourself. ||1||
ਅਗਮ ਅਗੋਚਰੁ ਕੀਮਤਿ ਨਹੀ ਪਾਈ ॥
ਹੇ ਪ੍ਰਭੂ! ਤੂੰ ਅਪਹੰੁਚ ਹੈਂ, ਗਿਆਨ ਇੰਦ੍ਰਿਆਂ ਦੀ ਰਾਹੀਂ ਤੇਰੀ ਸੂਝ ਨਹੀਂ ਪੈ ਸਕਦੀ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ) ।
You are inaccessible and unfathomable; Your limits cannot be found.
ਜੀਅ ਜੰਤ ਤੇਰੀ ਸਰਣਾਈ ॥
ਸਾਰੇ ਜੀਅ ਜੰਤ ਤੇਰੇ ਹੀ ਆਸਰੇ ਹਨ ।
All beings and creatures seek Your Sanctuary.
ਜਿਉ ਤੁਧੁ ਭਾਵੈ ਤਿਵੈ ਚਲਾਵਹਿ ਤੂ ਆਪੇ ਮਾਰਗਿ ਪਾਇਦਾ ॥੨॥
ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤੂੰ ਜੀਵਾਂ ਨੂੰ ਕਾਰੇ ਲਾਂਦਾ ਹੈਂ, ਤੂੰ ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਾਹ ਉਤੇ ਤੋਰਦਾ ਹੈਂ ।੨।
As is pleases Your Will, You guide us along; You Yourself place us on the Path. ||2||
ਹੈ ਭੀ ਸਾਚਾ ਹੋਸੀ ਸੋਈ ॥
ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਇਸ ਵੇਲੇ ਭੀ ਮੌਜੂਦ ਹੈ, ਉਹ ਸਦਾ ਕਾਇਮ ਰਹੇਗਾ ।
The True Lord is, and shall always be.
ਆਪੇ ਸਾਜੇ ਅਵਰੁ ਨ ਕੋਈ ॥
ਉਹ ਆਪ ਹੀ (ਸ੍ਰਿਸ਼ਟੀ) ਪੈਦਾ ਕਰਦਾ ਹੈ, (ਉਸ ਤੋਂ ਬਿਨਾ ਪੈਦਾ ਕਰਨ ਵਾਲਾ) ਕੋਈ ਹੋਰ ਨਹੀਂ ਹੈ ।
He Himself creates - there is no other at all.
ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕੁ ਪਹੁਚਾਇਦਾ ॥੩॥
ਉਹ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਉਹ ਆਪ ਹੀ ਸਭ ਨੂੰ ਰਿਜ਼ਕ ਅਪੜਾਂਦਾ ਹੈ ।੩।
The Giver of peace takes care of all; He Himself sustains them. ||3||
ਅਗਮ ਅਗੋਚਰੁ ਅਲਖ ਅਪਾਰਾ ॥
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਅਗੋਚਰ ਹੈਂ, ਤੂੰ ਅਲੱਖ ਹੈਂ, ਤੂੰ ਬੇਅੰਤ ਹੈਂ ।
You are inaccessible, unfathomable, invisible and infinite;
ਕੋਇ ਨ ਜਾਣੈ ਤੇਰਾ ਪਰਵਾਰਾ ॥
ਕੋਈ ਭੀ ਜਾਣ ਨਹੀਂ ਸਕਦਾ ਕਿ ਤੇਰਾ ਕੇਡਾ ਵੱਡਾ ਪਰਵਾਰ ਹੈ ।
no one knows Your extent.
ਆਪਣਾ ਆਪੁ ਪਛਾਣਹਿ ਆਪੇ ਗੁਰਮਤੀ ਆਪਿ ਬੁਝਾਇਦਾ ॥੪॥
ਆਪਣੇ ਆਪ ਨੂੰ (ਆਪਣੀ ਬਜ਼ੁਰਗੀ ਨੂੰ) ਤੂੰ ਆਪ ਹੀ ਸਮਝਦਾ ਹੈਂ, ਗੁਰੂ ਦੀ ਮਤਿ ਦੇ ਕੇ ਤੂੰ ਆਪ ਹੀ (ਜੀਵਾਂ ਨੂੰ ਸਹੀ ਜੀਵਨ-ਰਸਤਾ) ਸਮਝਾਂਦਾ ਹੈਂ ।੪।
You Yourself realize Yourself. Through the Guru's Teachings, You reveal Yourself. ||4||
ਪਾਤਾਲ ਪੁਰੀਆ ਲੋਅ ਆਕਾਰਾ ॥ ਤਿਸੁ ਵਿਚਿ ਵਰਤੈ ਹੁਕਮੁ ਕਰਾਰਾ ॥
ਹੇ ਭਾਈ! (ਅਨੇਕਾਂ) ਪਾਤਾਲ, (ਅਨੇਕਾਂ) ਪੁਰੀਆਂ, (ਅਨੇਕਾਂ) ਮੰਡਲ—ਇਹ ਸਾਰਾ ਦਿੱਸਦਾ ਜਗਤ (ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ), ਇਸ ਵਿਚ ਪਰਮਾਤਮਾ ਦਾ ਕਰੜਾ ਹੁਕਮ ਜਗਤ ਦੀ ਕਾਰ ਚਲਾ ਰਿਹਾ ਹੈ ।
Your Almighty Command prevails throughout the nether worlds, realms and worlds of form.
ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ ॥੫॥
(ਇਸ ਸਾਰੇ ਜਗਤ ਨੂੰ ਪਰਮਾਤਮਾ ਆਪਣੇ) ਹੁਕਮ ਵਿਚ ਪੈਦਾ ਕਰਦਾ ਹੈ, ਹੁਕਮ ਵਿਚ ਹੀ ਢਾਹੁੰਦਾ ਹੈ । ਹੁਕਮ ਅਨੁਸਾਰ ਹੀ (ਜੀਵਾਂ ਨੂੰ ਗੁਰੂ ਨਾਲ) ਮੇਲ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ ।੫।
By the Hukam of Your Command, You create, and by Your Command, You destroy. By Your Command, You unite in Union. ||5||
ਹੁਕਮੈ ਬੂਝੈ ਸੁ ਹੁਕਮੁ ਸਲਾਹੇ ॥
ਜਿਹੜਾ ਮਨੁੱਖ ਤੇਰੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਉਸ ਹੁਕਮ ਦੀ ਸੋਭਾ ਕਰਦਾ ਹੈ ।
One who realizes Your Command, praises Your Command.
ਅਗਮ ਅਗੋਚਰ ਵੇਪਰਵਾਹੇ ॥
ਹੇ ਅਪਹੁੰਚ! ਹੇ ਅਗੋਚਰ! ਹੇ ਵੇ-ਪਰਵਾਹ! ਪ੍ਰਭੂ!
You are Inaccessible, Unfathomable and Self-Sufficient.
ਜੇਹੀ ਮਤਿ ਦੇਹਿ ਸੋ ਹੋਵੈ ਤੂ ਆਪੇ ਸਬਦਿ ਬੁਝਾਇਦਾ ॥੬॥
ਤੂੰ ਜਿਹੋ ਜਿਹੀ ਮਤਿ (ਕਿਸੇ ਮਨੁੱਖ ਨੂੰ) ਦੇਂਦਾ ਹੈਂ, ਉਹ ਉਹੋ ਜਿਹਾ ਬਣ ਜਾਂਦਾ ਹੈ । ਤੂੰ ਆਪ ਹੀ ਗੁਰੂ ਦੇ ਸ਼ਬਦ ਵਿਚ (ਮਨੁੱਖ ਨੂੰ ਜੋੜ ਕੇ ਉਸ ਨੂੰ ਆਪਣੇ ਹੁਕਮ ਦੀ) ਸੂਝ ਬਖ਼ਸ਼ਦਾ ਹੈਂ ।੬।
As is the understanding You give, so do I become. You Yourself reveal the Shabad. ||6||
ਅਨਦਿਨੁ ਆਰਜਾ ਛਿਜਦੀ ਜਾਏ ॥
ਹੇ ਭਾਈ! ਹਰ ਰੋਜ਼ ਹਰ ਵੇਲੇ ਮਨੁੱਖ ਦੀ ਉਮਰ ਘਟਦੀ ਜਾਂਦੀ ਹੈ,
Night and day, the days of our lives wear away.
ਰੈਣਿ ਦਿਨਸੁ ਦੁਇ ਸਾਖੀ ਆਏ ॥
ਰਾਤ ਅਤੇ ਦਿਨ ਇਹ ਦੋਵੇਂ ਇਸ ਗੱਲ ਦੇ ਗਵਾਹ ਹਨ (ਜਿਹੜਾ ਦਿਨ ਰਾਤ ਲੰਘ ਜਾਂਦਾ ਹੈ, ਉਹ ਵਾਪਸ ਉਮਰ ਵਿਚ ਨਹੀਂ ਆ ਸਕਦਾ) ।
Night and day both bear witness to this loss.
ਮਨਮੁਖੁ ਅੰਧੁ ਨ ਚੇਤੈ ਮੂੜਾ ਸਿਰ ਊਪਰਿ ਕਾਲੁ ਰੂਆਇਦਾ ॥੭॥
ਪਰ ਮਨ ਦਾ ਮੁਰੀਦ ਤੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮੂਰਖ ਮਨੁੱਖ (ਇਸ ਗੱਲ ਨੂੰ) ਚੇਤੇ ਨਹੀਂ ਕਰਦਾ । (ਉਧਰੋਂ) ਮੌਤ (ਦਾ ਨਗਾਰਾ) ਸਿਰ ਉੱਤੇ ਗੱਜਦਾ ਰਹਿੰਦਾ ਹੈ ।੭।
The blind, foolish, self-willed manmukh is not aware of this; death is hovering over his head. ||7||
ਮਨੁ ਤਨੁ ਸੀਤਲੁ ਗੁਰ ਚਰਣੀ ਲਾਗਾ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਉਸ ਦਾ ਮਨ ਸ਼ਾਂਤ ਰਹਿੰਦਾ ਹੈ ਉਸ ਦਾ ਤਨ ਸ਼ਾਂਤ ਰਹਿੰਦਾ ਹੈ ।
The mind and body are cooled and soothed, holding tight to the Guru's Feet.
ਅੰਤਰਿ ਭਰਮੁ ਗਇਆ ਭਉ ਭਾਗਾ ॥
ਉਸ ਦੇ ਅੰਦਰ (ਟਿਕੀ ਹੋਈ) ਭਟਕਣਾ ਦੂਰ ਹੋ ਜਾਂਦੀ ਹੈ, ਉਸ ਦਾ ਹਰੇਕ ਕਿਸਮ ਦਾ ਡਰ ਮੁੱਕ ਜਾਂਦਾ ਹੈ ।
Doubt is eliminated from within, and fear runs away.
ਸਦਾ ਅਨੰਦੁ ਸਚੇ ਗੁਣ ਗਾਵਹਿ ਸਚੁ ਬਾਣੀ ਬੋਲਾਇਦਾ ॥੮॥
ਹੇ ਭਾਈ! ਜਿਹੜੇ ਮਨੁੱਖ (ਗੁਰੂ ਦੀ ਕਿਰਪਾ ਨਾਲ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਨੂੰ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ । (ਪਰ ਜੀਵ ਦੇ ਵੱਸ ਦੀ ਗੱਲ ਨਹੀਂ) ਇਹ ਸਿਫ਼ਤਿ-ਸਾਲਾਹ ਦੀ ਬਾਣੀ ਭੀ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਆਪ ਹੀ) ਉਚਾਰਨ ਲਈ ਪ੍ਰੇਰਦਾ ਹੈ ।੮।
One is in bliss forever, singing the Glorious Praises of the True Lord, and speaking the True Word of His Bani. ||8||
ਜਿਨਿ ਤੂ ਜਾਤਾ ਕਰਮ ਬਿਧਾਤਾ ॥
ਪ੍ਰਭੂ! ਤੂੰ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈਂ । ਜਿਸ (ਮਨੁੱਖ) ਨੇ ਤੇਰੇ ਨਾਲ ਸਾਂਝ ਪਾ ਲਈ,
One who knows You as the Architect of Karma,
ਪੂਰੈ ਭਾਗਿ ਗੁਰ ਸਬਦਿ ਪਛਾਤਾ ॥
ਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੇ ਤੈਨੂੰ (ਹਰ ਥਾਂ ਵੱਸਦਾ) ਪਛਾਣ ਲਿਆ ।
has the good fortune of perfect destiny, and recognizes the Word of the Guru's Shabad.
ਜਤਿ ਪਤਿ ਸਚੁ ਸਚਾ ਸਚੁ ਸੋਈ ਹਉਮੈ ਮਾਰਿ ਮਿਲਾਇਦਾ ॥੯॥
ਹੇ ਭਾਈ! ਜਿਸ ਮਨੁੱਖ ਦੀ ਹਉਮੈ ਮਾਰ ਕੇ ਸਦਾ-ਥਿਰ ਪ੍ਰਭੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਉਸ ਦੀ ਜਾਤਿ ਉਹ ਆਪ ਬਣ ਜਾਂਦਾ ਹੈ, ਉਸ ਦੀ ਕੁਲ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਬਣ ਜਾਂਦਾ ਹੈ ।੯।
The Lord, the Truest of the True, is his social class and honor. Conquering his ego, he is united with the Lord. ||9||
ਮਨੁ ਕਠੋਰੁ ਦੂਜੈ ਭਾਇ ਲਾਗਾ ॥
ਹੇ ਭਾਈ! ਜਿਹੜਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਸ ਦਾ ਮਨ ਕਠੋਰ ਟਿਕਿਆ ਰਹਿੰਦਾ ਹੈ,
The stubborn and insensitive mind is attached to the love of duality.
ਭਰਮੇ ਭੂਲਾ ਫਿਰੈ ਅਭਾਗਾ ॥
ਉਹ ਮੰਦ-ਭਾਗੀ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ।
Deluded by doubt, the unfortunate wander around in confusion.
ਕਰਮੁ ਹੋਵੈ ਤਾ ਸਤਿਗੁਰੁ ਸੇਵੇ ਸਹਜੇ ਹੀ ਸੁਖੁ ਪਾਇਦਾ ॥੧੦॥
ਜਦੋਂ ਉਸ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਤਦੋਂ ਉਹ ਗੁਰੂ ਦੀ ਸਰਨ ਪੈਂਦਾ ਹੈ, ਤੇ, ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਆਤਮਕ ਆਨੰਦ ਮਾਣਦਾ ਹੈ ।੧੦।
But if they are blessed by God's Grace, they serve the True Guru, and easily obtain peace. ||10||
ਲਖ ਚਉਰਾਸੀਹ ਆਪਿ ਉਪਾਏ ॥
ਹੇ ਭਾਈ! ਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੇ) ਆਪ ਪੈਦਾ ਕੀਤੇ ਹਨ,
He Himself created the 8.4 million species of beings.
ਮਾਨਸ ਜਨਮਿ ਗੁਰ ਭਗਤਿ ਦ੍ਰਿੜਾਏ ॥
(ਉਸ ਦੀ ਮਿਹਰ ਨਾਲ ਹੀ) ਮਨੁੱਖਾ ਜਨਮ ਵਿਚ ਗੁਰੂ ਜੀਵ ਦੇ ਅੰਦਰ ਪਰਮਾਤਮਾ ਦੀ ਭਗਤੀ ਪੱਕੀ ਕਰਦਾ ਹੈ ।
Only in this human life, is devotional worship to the Guru implanted within.
ਬਿਨੁ ਭਗਤੀ ਬਿਸਟਾ ਵਿਚਿ ਵਾਸਾ ਬਿਸਟਾ ਵਿਚਿ ਫਿਰਿ ਪਾਇਦਾ ॥੧੧॥
ਭਗਤੀ ਤੋਂ ਬਿਨਾ ਜੀਵ ਦਾ ਨਿਵਾਸ ਵਿਕਾਰਾਂ ਦੇ ਗੰਦ ਵਿਚ ਰਹਿੰਦਾ ਹੈ, ਤੇ, ਮੁੜ ਮੁੜ ਵਿਕਾਰਾਂ ਦੇ ਗੰਦ ਵਿਚ ਹੀ ਪਾਇਆ ਜਾਂਦਾ ਹੈ ।੧੧।
Without devotion, one lives in manure; he falls into manure again and again. ||11||
ਕਰਮੁ ਹੋਵੈ ਗੁਰੁ ਭਗਤਿ ਦ੍ਰਿੜਾਏ ॥
ਹੇ ਭਾਈ! ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ, ਗੁਰੂ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਪੱਕੀ ਕਰਦਾ ਹੈ ।
If one is blessed with His Grace, devotional worship to the Guru is implanted within.
ਵਿਣੁ ਕਰਮਾ ਕਿਉ ਪਾਇਆ ਜਾਏ ॥
ਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ ।
Without God's Grace, how can anyone find Him?
ਆਪੇ ਕਰੇ ਕਰਾਏ ਕਰਤਾ ਜਿਉ ਭਾਵੈ ਤਿਵੈ ਚਲਾਇਦਾ ॥੧੨॥
(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ । ਜਿਵੇਂ ਉਸ ਦੀ ਰਜ਼ਾ ਹੁੰਦੀ ਹੈ, ਤਿਵੇਂ ਜੀਵਾਂ ਨੂੰ ਤੋਰਦਾ ਹੈ ।੧੨।
The Creator Himself acts, and inspires all to act; as He wills, he leads us on. ||12||
ਸਿਮ੍ਰਿਤਿ ਸਾਸਤ ਅੰਤੁ ਨ ਜਾਣੈ ॥
ਹੇ ਭਾਈ! ਸਿੰਮ੍ਰਿਤੀਆਂ ਸ਼ਾਸਤ੍ਰਾਂ (ਦੇ ਦੱਸੇ ਕਰਮ-ਕਾਂਡ) ਦੀ ਰਾਹੀਂ ਮਨੁੱਖ (ਪ੍ਰਭੂ ਦੇ ਮਿਲਾਪ ਦਾ) ਭੇਤ ਨਹੀਂ ਜਾਣ ਸਕਦਾ ।
The Simritees and the Shaastras do not know His limits.
ਮੂਰਖੁ ਅੰਧਾ ਤਤੁ ਨ ਪਛਾਣੈ ॥
(ਕਰਮ-ਕਾਂਡ ਵਿਚ ਹੀ ਫਸਿਆ) ਅੰਨ੍ਹਾ ਮੂਰਖ ਮਨੁੱਖ ਅਸਲੀਅਤ ਨਹੀਂ ਸਮਝ ਸਕਦਾ ।
The blind fool does not recognize the essence of reality.
ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ ॥੧੩॥
(ਪਰ ਇਸ ਦੇ ਭੀ ਕੀਹ ਵੱਸ?) ਕਰਤਾਰ ਆਪ ਹੀ ਸਭ ਕੁਝ ਕਰਦਾ ਕਰਾਂਦਾ ਹੈ, ਆਪ ਹੀ ਭਟਕਣਾ ਵਿਚ ਪਾ ਕੇ ਕੁਰਾਹੇ ਪਾਈ ਰੱਖਦਾ ਹੈ ।੧੩।
The Creator Himself acts, and inspires all to act; He Himself deludes with doubt. ||13||
ਸਭੁ ਕਿਛੁ ਆਪੇ ਆਪਿ ਕਰਾਏ ॥
ਹੇ ਭਾਈ! ਪਰਮਾਤਮਾ ਆਪ ਹੀ ਆਪ (ਜੀਵਾਂ ਪਾਸੋਂ) ਸਭ ਕੁਝ ਕਰਾਂਦਾ ਹੈ,
He Himself causes everything to be done.
ਆਪੇ ਸਿਰਿ ਸਿਰਿ ਧੰਧੈ ਲਾਏ ॥
ਹਰੇਕ ਜੀਵ ਦੇ ਸਿਰ ਉਤੇ ਲਿਖੇ ਲੇਖ ਅਨੁਸਾਰ ਪ੍ਰਭੂ ਆਪ ਹੀ ਹਰੇਕ ਨੂੰ ਮਾਇਆ ਵਾਲੀ ਦੌੜ-ਭੱਜ ਵਿਚ ਲਾਈ ਰੱਖਦਾ ਹੈ ।
He Himself joins each and every person to his tasks.
ਆਪੇ ਥਾਪਿ ਉਥਾਪੇ ਵੇਖੈ ਗੁਰਮੁਖਿ ਆਪਿ ਬੁਝਾਇਦਾ ॥੧੪॥
ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਗੁਰੂ ਦੀ ਸਰਨ ਪਾ ਕੇ ਆਪ ਹੀ (ਸਹੀ ਜੀਵਨ-ਰਾਹ ਦੀ) ਸੋਝੀ ਦੇਂਦਾ ਹੈ ।੧੪।
He Himself establishes and disestablishes, and watches over all; He reveals Himself to the Gurmukh. ||14||
ਸਚਾ ਸਾਹਿਬੁ ਗਹਿਰ ਗੰਭੀਰਾ ॥
ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਅਥਾਹ ਹੈ, ਵੱਡੇ ਜਿਗਰੇ ਵਾਲਾ ਹੈ ।
The True Lord and Master is profoundly deep and unfathomable.
ਸਦਾ ਸਲਾਹੀ ਤਾ ਮਨੁ ਧੀਰਾ ॥
ਜਦੋਂ ਮੈਂ ਸਦਾ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਤਾਂ ਮੇਰਾ ਮਨ ਧੀਰਜ ਵਾਲਾ ਰਹਿੰਦਾ ਹੈ ।
Praising Him forever, the mind is comforted and consoled.
ਅਗਮ ਅਗੋਚਰੁ ਕੀਮਤਿ ਨਹੀ ਪਾਈ ਗੁਰਮੁਖਿ ਮੰਨਿ ਵਸਾਇਦਾ ॥੧੫॥
ਹੇ ਭਾਈ! ਉਸ ਅਪਹੁੰਚ ਤੇ ਅਗੋਚਰ ਪਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਉਹ ਮਿਲ ਨਹੀਂ ਸਕਦਾ) । ਗੁਰੂ ਦੀ ਸਰਨ ਪਾ ਕੇ (ਆਪਣਾ ਨਾਮ ਮਨੁੱਖ ਦੇ) ਮਨ ਵਿਚ ਵਸਾਂਦਾ ਹੈ ।੧੫।
He is inaccessible and unfathomable; His value cannot be estimated. He dwells in the mind of the Gurmukh. ||15||
ਆਪਿ ਨਿਰਾਲਮੁ ਹੋਰ ਧੰਧੈ ਲੋਈ ॥
ਹੇ ਭਾਈ! ਪਰਮਾਤਮਾ ਆਪ ਨਿਰਲੇਪ ਹੈ, ਹੋਰ ਸਾਰੀ ਲੁਕਾਈ ਮਾਇਆ ਦੀ ਦੌੜ-ਭੱਜ ਵਿਚ ਖਚਿਤ ਰਹਿੰਦੀ ਹੈ ।
He Himself is detached; all others are entangled in their affairs.
ਗੁਰ ਪਰਸਾਦੀ ਬੂਝੈ ਕੋਈ ॥
ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਦੀ ਰਾਹੀਂ (ਉਸ ਨਾਲ) ਸਾਂਝ ਪਾਂਦਾ ਹੈ ।
By Guru's Grace, one comes to understand Him.
ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤੀ ਮੇਲਿ ਮਿਲਾਇਦਾ ॥੧੬॥੩॥੧੭॥
ਹੇ ਨਾਨਕ! (ਜਿਸ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ) ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ । ਗੁਰੂ ਦੀ ਮਤਿ ਵਿਚ ਜੋੜ ਕੇ (ਪ੍ਰਭੂ ਮਨੱੁਖ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ।੧੬।੩।੧੭।
O Nanak, the Naam, the Name of the Lord, comes to dwell deep within the heart; through the Guru's Teachings, one is united in His Union. ||16||3||17||