ਮਾਰੂ ਮਹਲਾ ੩ ॥
Maaroo, Third Mehl:
ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ ॥
ਹੇ ਭਾਈ! ਸਦਾ-ਥਿਰ ਰਹਿਣ ਵਾਲੇ ਮੇਰੇ ਪ੍ਰਭੂ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ,
My True Lord God has staged a play.
ਕੋਇ ਨ ਕਿਸ ਹੀ ਜੇਹਾ ਉਪਾਇਆ ॥
(ਇਸ ਵਿਚ ਉਸ ਨੇ) ਕੋਈ ਜੀਵ ਕਿਸੇ ਦੂਜੇ ਵਰਗਾ ਨਹੀਂ ਬਣਾਇਆ ।
He has created no one like anyone else.
ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ ॥੧॥
ਆਪ ਹੀ (ਜੀਵਾਂ ਵਿਚ) ਫ਼ਰਕ ਪੈਦਾ ਕਰਦਾ ਹੈ, ਤੇ (ਇਹ ਫ਼ਰਕ) ਵੇਖ ਕੇ ਖ਼ੁਸ਼ ਹੁੰਦਾ ਹੈ । (ਫਿਰ ਉਸ ਨੇ) ਸਰੀਰ ਦੇ ਵਿਚ ਸਾਰੇ ਹੀ ਚਸਕੇ ਪੈਦਾ ਕਰ ਦਿੱਤੇ ਹਨ ।੧।
He made them different, and he gazes upon them with pleasure; he placed all the flavors in the body. ||1||
ਵਾਜੈ ਪਉਣੁ ਤੈ ਆਪਿ ਵਜਾਏ ॥
ਹੇ ਪ੍ਰਭੂ! (ਤੇਰੀ ਆਪਣੀ ਕਲਾ ਨਾਲ ਹਰੇਕ ਸਰੀਰ ਵਿਚ) ਸੁਆਸਾਂ ਦਾ ਵਾਜਾ ਵੱਜ ਰਿਹਾ ਹੈ (ਸੁਆਸ ਚੱਲ ਰਿਹਾ ਹੈ), ਤੂੰ ਆਪ ਹੀ ਇਹ ਸੁਆਸਾਂ ਦੇ ਵਾਜੇ ਵਜਾ ਰਿਹਾ ਹੈਂ ।
You Yourself vibrate the beat of the breath.
ਸਿਵ ਸਕਤੀ ਦੇਹੀ ਮਹਿ ਪਾਏ ॥
ਹੇ ਭਾਈ! ਪਰਮਾਤਮਾ ਨੇ ਸਰੀਰ ਵਿਚ ਜੀਵਾਤਮਾ ਤੇ ਮਾਇਆ (ਦੋਵੇਂ ਹੀ) ਪਾ ਦਿੱਤੇ ਹਨ ।
Shiva and Shakti, energy and matter - You have placed them into the body.
ਗੁਰ ਪਰਸਾਦੀ ਉਲਟੀ ਹੋਵੈ ਗਿਆਨ ਰਤਨੁ ਸਬਦੁ ਤਾਹਾ ਹੇ ॥੨॥
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਸੁਰਤਿ ਮਾਇਆ ਵਲੋਂ ਪਰਤਦੀ ਹੈ, ਉਸ ਨੂੰ ਆਤਮਕ ਜੀਵਨ ਵਾਲਾ ਸ੍ਰੇਸ਼ਟ ਗੁਰ ਸ਼ਬਦ ਪ੍ਰਾਪਤ ਹੋ ਜਾਂਦਾ ਹੈ ।੨।
By Guru's Grace, one turns away from the world, and attains the jewel of spiritual wisdom, and the Word of the Shabad. ||2||
ਅੰਧੇਰਾ ਚਾਨਣੁ ਆਪੇ ਕੀਆ ॥
ਹੇ ਭਾਈ! (ਮਾਇਆ ਦੇ ਮੋਹ ਦਾ) ਹਨੇਰਾ ਅਤੇ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਪ੍ਰਭੂ ਨੇ ਆਪ ਹੀ ਬਣਾਇਆ ਹੈ ।
He Himself created darkness and light.
ਏਕੋ ਵਰਤੈ ਅਵਰੁ ਨ ਬੀਆ ॥
(ਸਾਰੇ ਜਗਤ ਵਿਚ ਪਰਮਾਤਮਾ) ਆਪ ਹੀ ਵਿਆਪਕ ਹੈ, (ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ ।
He alone is pervasive; there is no other at all.
ਗੁਰ ਪਰਸਾਦੀ ਆਪੁ ਪਛਾਣੈ ਕਮਲੁ ਬਿਗਸੈ ਬੁਧਿ ਤਾਹਾ ਹੇ ॥੩॥
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਸ ਦਾ ਹਿਰਦਾ-ਕੌਲ-ਫੁੱਲ ਖਿੜਿਆ ਰਹਿੰਦਾ ਹੈ, ਉਸ ਨੂੰ (ਆਤਮਕ ਜੀਵਨ ਦੀ ਪਰਖ ਕਰਨ ਵਾਲੀ) ਅਕਲ ਪ੍ਰਾਪਤ ਹੋਈ ਰਹਿੰਦੀ ਹੈ ।੩।
One who realizes his own self - by Guru's Grace, the lotus of his mind blossoms forth. ||3||
ਅਪਣੀ ਗਹਣ ਗਤਿ ਆਪੇ ਜਾਣੈ ॥
ਹੇ ਭਾਈ! ਆਪਣੀ ਡੂੰਘੀ ਆਤਮਕ ਅਵਸਥਾ ਪਰਮਾਤਮਾ ਆਪ ਹੀ ਜਾਣਦਾ ਹੈ ।
Only He Himself knows His depth and extent.
ਹੋਰੁ ਲੋਕੁ ਸੁਣਿ ਸੁਣਿ ਆਖਿ ਵਖਾਣੈ ॥
ਜਗਤ ਤਾਂ (ਦੂਜਿਆਂ ਪਾਸੋਂ) ਸੁਣ ਸੁਣ ਕੇ (ਫਿਰ) ਆਖ ਕੇ (ਹੋਰਨਾਂ ਨੂੰ) ਸੁਣਾਂਦਾ ਹੈ ।
Other people can only listen and hear what is spoken and said.
ਗਿਆਨੀ ਹੋਵੈ ਸੁ ਗੁਰਮੁਖਿ ਬੂਝੈ ਸਾਚੀ ਸਿਫਤਿ ਸਲਾਹਾ ਹੇ ॥੪॥
ਜਿਹੜਾ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ, ਉਹ ਗੁਰੂ ਦੇ ਸਨਮੁਖ ਰਹਿ ਕੇ (ਇਸ ਭੇਤ ਨੂੰ) ਸਮਝਦਾ ਹੈ, ਤੇ, ਉਹ ਪ੍ਰਭੂ ਦੀ ਸਦਾ ਕਾਇਮ ਰਹਿਣ ਵਾਲੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ ।੪।
One who is spiritually wise, understands himself as Gurmukh; he praises the True Lord. ||4||
ਦੇਹੀ ਅੰਦਰਿ ਵਸਤੁ ਅਪਾਰਾ ॥
ਹੇ ਭਾਈ! ਮਨੁੱਖ ਦੇ ਸਰੀਰ ਵਿਚ (ਹੀ) ਬੇਅੰਤ ਪਰਮਾਤਮਾ ਦਾ ਨਾਮ-ਪਦਾਰਥ (ਮੌਜੂਦ) ਹੈ (ਪਰ ਮਨੁੱਖ ਦੀ ਮਤਿ ਦੇ ਦੁਆਲੇ ਮਾਇਆ ਦੇ ਮੋਹ ਦੇ ਭਿੱਤ ਵੱਜੇ ਰਹਿੰਦੇ ਹਨ),
Deep within the body is the priceless object.
ਆਪੇ ਕਪਟ ਖੁਲਾਵਣਹਾਰਾ ॥
ਪਰਮਾਤਮਾ ਆਪ ਹੀ ਇਹਨਾਂ ਕਿਵਾੜਾਂ ਨੂੰ ਖੋਲ੍ਹਣ ਦੇ ਸਮਰੱਥ ਹੈ ।
He Himself opens the doors.
ਗੁਰਮੁਖਿ ਸਹਜੇ ਅੰਮ੍ਰਿਤੁ ਪੀਵੈ ਤ੍ਰਿਸਨਾ ਅਗਨਿ ਬੁਝਾਹਾ ਹੇ ॥੫॥
ਜਿਹੜਾ ਮਨੁੱਖ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ ।੫।
The Gurmukh intuitively drings in the Ambrosial Nectar, and the fire of desire is quenched. ||5||
ਸਭਿ ਰਸ ਦੇਹੀ ਅੰਦਰਿ ਪਾਏ ॥
ਹੇ ਭਾਈ! ਪਰਮਾਤਮਾ ਨੇ ਮਨੁੱਖ ਦੇ ਸਰੀਰ ਵਿਚ ਹੀ ਸਾਰੇ ਚਸਕੇ ਭੀ ਪਾ ਦਿੱਤੇ ਹੋਏ ਹਨ (ਨਾਮ-ਵਸਤੂ ਨੂੰ ਇਹ ਕਿਵੇਂ ਲੱਭੇ?) ।
He placed all the flavors within the body.
ਵਿਰਲੇ ਕਉ ਗੁਰੁ ਸਬਦੁ ਬੁਝਾਏ ॥
ਕਿਸੇ ਵਿਰਲੇ ਨੂੰ ਗੁਰੂ (ਆਪਣੇ) ਸ਼ਬਦ ਦੀ ਸੂਝ ਬਖ਼ਸ਼ਦਾ ਹੈ ।
How rare are those who understand, through the Word of the Guru's Shabad.
ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ ॥੬॥
ਉਹ ਮਨੁੱਖ ਆਪਣਾ ਅੰਦਰ ਖੋਜਦਾ ਹੈ, ਸ਼ਬਦ (ਨੂੰ ਹਿਰਦੇ ਵਿਚ ਵਸਾ ਕੇ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਹੈ, ਫਿਰ ਉਹ ਬਾਹਰ ਭਟਕਦਾ ਨਹੀਂ ।੬।
So search within yourself, and praise the Shabad. Why run around outside your self? ||6||
ਵਿਣੁ ਚਾਖੇ ਸਾਦੁ ਕਿਸੈ ਨ ਆਇਆ ॥
ਹੇ ਭਾਈ! (ਨਾਮ-ਅੰਮ੍ਰਿਤ ਮਨੁੱਖ ਦੇ ਅੰਦਰ ਹੀ ਹੈ, ਪਰ) ਚੱਖਣ ਤੋਂ ਬਿਨਾ ਕਿਸੇ ਨੂੰ (ਉਸ ਦਾ) ਸੁਆਦ ਨਹੀਂ ਆਉਂਦਾ ।
Without tasting, no one enjoys the flavor.
ਗੁਰ ਕੈ ਸਬਦਿ ਅੰਮ੍ਰਿਤੁ ਪੀਆਇਆ ॥
ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਪਰਮਾਤਮਾ ਇਹ ਅੰਮ੍ਰਿਤ ਪਿਲਾਂਦਾ ਹੈ।
Through the Word of the Guru's Shabad, one drinks in the Ambrosial Nectar.
ਅੰਮ੍ਰਿਤੁ ਪੀ ਅਮਰਾ ਪਦੁ ਹੋਏ ਗੁਰ ਕੈ ਸਬਦਿ ਰਸੁ ਤਾਹਾ ਹੇ ॥੭॥
ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਉਹ ਨਾਮ-ਜਲ ਪੀ ਕੇ ਉਸ ਅਵਸਥਾ ਤੇ ਪਹੁੰਚ ਜਾਂਦਾ ਹੈ ਜਿਥੇ ਆਤਮਕ ਮੌਤ ਆਪਣਾ ਅਸਰ ਨਹੀਂ ਪਾ ਸਕਦੀ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਨੂੰ (ਨਾਮ-ਅੰਮ੍ਰਿਤ ਦਾ) ਸੁਆਦ ਆ ਜਾਂਦਾ ਹੈ ।੭।
The Ambrosial Nectar is drunk, and the immoral status is obtained, when one obtains the sublime essence of the Guru's Shabad. ||7||
ਆਪੁ ਪਛਾਣੈ ਸੋ ਸਭਿ ਗੁਣ ਜਾਣੈ ॥
ਹੇ ਭਾਈ! ਜਿਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਸਾਰੇ (ਰੱਬੀ) ਗੁਣਾਂ ਨਾਲ ਸਾਂਝ ਪਾਂਦਾ ਹੈ ।
One who realizes himself, knows all virtues.
ਗੁਰ ਕੈ ਸਬਦਿ ਹਰਿ ਨਾਮੁ ਵਖਾਣੈ ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ ।
Through the Word of the Guru's Shabad, he chants the Name of the Lord.
ਅਨਦਿਨੁ ਨਾਮਿ ਰਤਾ ਦਿਨੁ ਰਾਤੀ ਮਾਇਆ ਮੋਹੁ ਚੁਕਾਹਾ ਹੇ ॥੮॥
ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ, (ਤੇ, ਇਸ ਤਰ੍ਹਾਂ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ ।੮।
Night and day, he remains imbued with the Naam, day and night; he is rid of emotional attachment to Maya. ||8||
ਗੁਰ ਸੇਵਾ ਤੇ ਸਭੁ ਕਿਛੁ ਪਾਏ ॥
ਹੇ ਭਾਈ! ਗੁਰੂ ਦੀ ਸਰਨ ਪੈਣ ਨਾਲ ਮਨੁੱਖ ਹਰੇਕ ਚੀਜ਼ ਹਾਸਲ ਕਰ ਲੈਂਦਾ ਹੈ,
Serving the Guru, all things are obtained;
ਹਉਮੈ ਮੇਰਾ ਆਪੁ ਗਵਾਏ ॥
ਉਹ ਮਨੁੱਖ ਹਉਮੈ ਮਮਤਾ ਆਪਾ-ਭਾਵ ਦੂਰ ਕਰ ਲੈਂਦਾ ਹੈ ।
egotism, possessiveness and self-conceit are taken away.
ਆਪੇ ਕ੍ਰਿਪਾ ਕਰੇ ਸੁਖਦਾਤਾ ਗੁਰ ਕੈ ਸਬਦੇ ਸੋਹਾ ਹੇ ॥੯॥
ਹੇ ਭਾਈ! ਜਿਸ ਮਨੁੱਖ ਉੱਤੇ ਸੁਖਾਂ ਦਾ ਦਾਤਾ ਪ੍ਰਭੂ ਕਿਰਪਾ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਆਤਮਕ ਜੀਵਨ ਸੋਹਣਾ ਬਣਾ ਲੈਂਦਾ ਹੈ ।੯।
The Lord, the Giver of peace Himself grants His Grace; He exalts and adorns with the Word of the Guru's Shabad. ||9||
ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥
ਹੇ ਭਾਈ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲੀ ਬਾਣੀ ਹੈ,
The Guru's Shabad is the Ambrosial Bani.
ਅਨਦਿਨੁ ਹਰਿ ਕਾ ਨਾਮੁ ਵਖਾਣੀ ॥
(ਇਸ ਵਿਚ ਜੁੜ ਕੇ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ ।
Night and day, chant the Name of the Lord.
ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ ॥੧੦॥
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਸ ਮਨੁੱਖ ਦਾ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ ।੧੦।
That heart becomes immaculate, which is filled with the True Lord, Har, Har. ||10||
ਸੇਵਕ ਸੇਵਹਿ ਸਬਦਿ ਸਲਾਹਹਿ ॥
ਹੇ ਭਾਈ! (ਪ੍ਰਭੂ ਦੇ) ਸੇਵਕ (ਗੁਰੂ ਦੇ) ਸ਼ਬਦ ਦੀ ਰਾਹੀਂ (ਪ੍ਰਭੂ ਦੀ) ਸੇਵਾ-ਭਗਤੀ ਕਰਦੇ ਹਨ, ਸਿਫ਼ਤਿ-ਸਾਲਾਹ ਕਰਦੇ ਹਨ,
His servants serve, and praise His Shabad.
ਸਦਾ ਰੰਗਿ ਰਾਤੇ ਹਰਿ ਗੁਣ ਗਾਵਹਿ ॥
ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਹੋ ਕੇ ਸਦਾ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ ।
Imbued forever with the color of His Love, they sing the Glorious Praises of the Lord.
ਆਪੇ ਬਖਸੇ ਸਬਦਿ ਮਿਲਾਏ ਪਰਮਲ ਵਾਸੁ ਮਨਿ ਤਾਹਾ ਹੇ ॥੧੧॥
ਹੇ ਭਾਈ! ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਮਿਹਰ ਕਰ ਕੇ (ਗੁਰੂ ਦੇ) ਸ਼ਬਦ ਵਿਚ ਜੋੜਦਾ ਹੈ, ਉਸ ਮਨੁੱਖ ਦੇ ਮਨ ਵਿਚ (ਮਾਨੋ) ਚੰਦਨ ਦੀ ਸੁਗੰਧੀ ਪੈਦਾ ਹੋ ਜਾਂਦੀ ਹੈ ।੧੧।
He Himself forgives, and unites them with the Shabad; the fragrance of sandalwood permeates their minds. ||11||
ਸਬਦੇ ਅਕਥੁ ਕਥੇ ਸਾਲਾਹੇ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਅਕੱਥ ਪ੍ਰਭੂ ਦੇ ਗੁਣ ਬਿਆਨ ਕਰਦਾ ਰਹਿੰਦਾ ਹੈ,
Through the Shabad, they speak the Unspoken, and praise the Lord.
ਮੇਰੇ ਪ੍ਰਭ ਸਾਚੇ ਵੇਪਰਵਾਹੇ ॥
ਸਦਾ-ਥਿਰ ਵੇਪਰਵਾਹ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ,
My True Lord God is self-sufficient.
ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥੧੨॥
ਗੁਣਾਂ ਦੀ ਦਾਤਿ ਕਰਨ ਵਾਲਾ ਪ੍ਰਭੂ ਆਪ ਹੀ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੋੜੀ ਰੱਖਦਾ ਹੈ, ਉਸ ਨੂੰ ਸ਼ਬਦ ਦਾ ਆਨੰਦ ਆਉਣ ਲੱਗ ਪੈਂਦਾ ਹੈ ।੧੨।
The Giver of virtue Himself unites them with the Shabad; they enjoy the sublime essence of the Shabad. ||12||
ਮਨਮੁਖੁ ਭੂਲਾ ਠਉਰ ਨ ਪਾਏ ॥
ਹੇ ਭਾਈ! ਮਨ ਦਾ ਮੁਰੀਦ ਮਨੁੱਖ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦਾ ਹੈ (ਭਟਕਦਾ ਫਿਰਦਾ ਹੈ, ਉਸ ਨੂੰ ਕੋਈ) ਟਿਕਾਣਾ ਨਹੀਂ ਮਿਲਦਾ ।
The confused, self-willed manmukhs find no place of rest.
ਜੋ ਧੁਰਿ ਲਿਖਿਆ ਸੁ ਕਰਮ ਕਮਾਏ ॥
(ਪਰ ਉਸ ਦੇ ਭੀ ਕੀਹ ਵੱਸ? ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਕੁਝ ਧੁਰੋਂ ਉਸ ਦੇ ਮੱਥੇ ਤੇ ਲਿਖਿਆ ਗਿਆ ਹੈ ਉਹ ਕਰਮ ਉਹ ਹੁਣ ਕਰ ਰਿਹਾ ਹੈ ।
They do those deeds which they are pre-destined to do.
ਬਿਖਿਆ ਰਾਤੇ ਬਿਖਿਆ ਖੋਜੈ ਮਰਿ ਜਨਮੈ ਦੁਖੁ ਤਾਹਾ ਹੇ ॥੧੩॥
ਮਾਇਆ (ਦੇ ਰੰਗ ਵਿਚ) ਮਸਤ ਹੋਣ ਕਰਕੇ ਉਹ (ਹੁਣ ਭੀ) ਮਾਇਆ ਦੀ ਭਾਲ ਹੀ ਕਰਦਾ ਫਿਰਦਾ ਹੈ, ਕਦੇ ਮਰਦਾ ਹੈ ਕਦੇ ਜੰਮਦਾ ਹੈ (ਕਦੇ ਹਰਖ ਕਦੇ ਸੋਗ), ਇਹ ਦੁੱਖ ਉਸ ਨੂੰ ਵਾਪਰਿਆ ਰਹਿੰਦਾ ਹੈ ।੧੩।
Imbued with poison, they search out poison, and suffer the pains of death and rebirth. ||13||
ਆਪੇ ਆਪਿ ਆਪਿ ਸਾਲਾਹੇ ॥
ਹੇ ਭਾਈ! (ਜੇ ਕੋਈ ਵਡਭਾਗੀ ਸਿਫ਼ਤਿ-ਸਾਲਾਹ ਕਰ ਰਿਹਾ ਹੈ, ਤਾਂ ਉਸ ਵਿਚ ਬੈਠਾ ਭੀ ਪ੍ਰਭੂ) ਆਪ ਹੀ ਆਪ ਸਿਫ਼ਤਿ-ਸਾਲਾਹ ਕਰ ਰਿਹਾ ਹੈ ।
He Himself praises Himself.
ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ॥
ਹੇ ਪ੍ਰਭੂ! ਤੇਰੇ ਗੁਣ ਤੇਰੇ ਵਿਚ ਹੀ ਹਨ (ਤੇਰੇ ਵਰਗਾ ਹੋਰ ਕੋਈ ਨਹੀਂ);
Your Glorious Virtues are within You alone, God.
ਤੂ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਥਾਹਾ ਹੇ ॥੧੪॥
ਹੇ ਪ੍ਰਭੂ! ਤੂੰ ਆਪ ਅਟੱਲ ਹੈਂ, ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਅਟੱਲ ਹੈ, ਤੂੰ ਆਪ ਹੀ ਅਲੱਖ ਤੇ ਅਥਾਹ ਹੈਂ ।੧੪।
You Yourself are True, and True is the Word of Your Bani. You Yourself are invisible and unknowable. ||14||
ਬਿਨੁ ਗੁਰ ਦਾਤੇ ਕੋਇ ਨ ਪਾਏ ॥
ਹੇ ਭਾਈ! ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਣ ਵਾਲੇ ਗੁਰੂ ਤੋਂ ਬਿਨਾ ਉਹ ਨਾਮ ਦੀ ਦਾਤਿ ਹਾਸਲ ਨਹੀਂ ਕਰ ਸਕਦਾ ।
Without the Guru, the Giver, no one finds the Lord,
ਲਖ ਕੋਟੀ ਜੇ ਕਰਮ ਕਮਾਏ ॥
ਜੇ (ਕੋਈ ਮਨਮੁਖ ਨਾਮ ਤੋਂ ਬਿਨਾ ਹੋਰ ਹੋਰ ਧਾਰਮਿਕ ਮਿਥੇ ਹੋਏ) ਕਰਮ ਕਰਦਾ ਫਿਰੇ,
though one may make hundreds of thousands and millions of attempts.
ਗੁਰ ਕਿਰਪਾ ਤੇ ਘਟ ਅੰਤਰਿ ਵਸਿਆ ਸਬਦੇ ਸਚੁ ਸਾਲਾਹਾ ਹੇ ॥੧੫॥
ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ ।੧੫।
By Guru's Grace, He dwells deep within the heart; through the Shabad, praise the True Lord. ||15||
ਸੇ ਜਨ ਮਿਲੇ ਧੁਰਿ ਆਪਿ ਮਿਲਾਏ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਧੁਰੋਂ ਆਪਣੇ ਹੁਕਮ ਨਾਲ ਪ੍ਰਭੂ ਆਪਣੇ ਚਰਨਾਂ ਵਿਚ ਮਿਲਾਂਦਾ ਹੈ ਉਹੀ ਮਿਲਦੇ ਹਨ ।
They alone meet Him, whom the Lord unites with Himself.
ਸਾਚੀ ਬਾਣੀ ਸਬਦਿ ਸੁਹਾਏ ॥
ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਦੇ ਜੀਵਨ ਸੋਹਣੇ ਬਣ ਜਾਂਦੇ ਹਨ ।
They are adorned and exalted with the True Word of His Bani, and the Shabad.
ਨਾਨਕ ਜਨੁ ਗੁਣ ਗਾਵੈ ਨਿਤ ਸਾਚੇ ਗੁਣ ਗਾਵਹ ਗੁਣੀ ਸਮਾਹਾ ਹੇ ॥੧੬॥੪॥੧੩॥
ਹੇ ਨਾਨਕ! ਪ੍ਰਭੂ ਦਾ ਸੇਵਕ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ । ਆਓ, ਅਸੀ ਭੀ ਗੁਣ ਗਾਵੀਏ । (ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਹ) ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ।੧੬।੪।੧੩।
Servant Nanak continually sings the Glorious Praises of the True Lord; singing His Glories, he is immersed in the Glorious Lord of Virtue. ||16||4||13||