ਮਾਰੂ ਮਹਲਾ ੩ ॥
Maaroo, Third Mehl:
ਏਕੋ ਸੇਵੀ ਸਦਾ ਥਿਰੁ ਸਾਚਾ ॥
ਹੇ ਭਾਈ! ਮੈਂ ਸਿਰਫ਼ ਉਸ ਪਰਮਾਤਮਾ ਦੀ ਹੀ ਸੇਵਾ-ਭਗਤੀ ਕਰਦਾ ਹਾਂ, ਜੋ ਇਕੋ ਹੀ ਸਦਾ ਕਾਇਮ ਰਹਿਣ ਵਾਲਾ ਹੈ ।
I serve the One Lord, who is eternal, stable and True.
ਦੂਜੈ ਲਾਗਾ ਸਭੁ ਜਗੁ ਕਾਚਾ ॥
ਜਗਤ (ਉਸ ਪ੍ਰਭੂ ਦੀ ਭਗਤੀ ਛੱਡ ਕੇ) ਮਾਇਆ ਦੇ ਮੋਹ ਵਿਚ ਲੱਗਾ ਰਹਿੰਦਾ ਹੈ ਤੇ ਕਮਜ਼ੋਰ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ।
Attached to duality, the whole world is false.
ਗੁਰਮਤੀ ਸਦਾ ਸਚੁ ਸਾਲਾਹੀ ਸਾਚੇ ਹੀ ਸਾਚਿ ਪਤੀਜੈ ਹੇ ॥੧॥
ਹੇ ਭਾਈ! ਮੈਂ ਗੁਰੂ ਦੀ ਮਤਿ ਦੀ ਬਰਕਤਿ ਨਾਲ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, (ਮੇਰਾ ਮਨ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹੀ ਗਿੱਝਿਆ ਰਹਿੰਦਾ ਹੈ ।੧।
Following the Guru's Teachings, I praise the True Lord forever, pleased with the Truest of the True. ||1||
ਤੇਰੇ ਗੁਣ ਬਹੁਤੇ ਮੈ ਏਕੁ ਨ ਜਾਤਾ ॥
ਹੇ ਪ੍ਰਭੂ! ਤੇਰੇ ਅਨੇਕਾਂ ਹੀ ਗੁਣ (ਉਪਕਾਰ) ਹਨ, ਮੈਂ ਤਾਂ ਤੇਰੇ ਇੱਕ ਉਪਕਾਰ ਨੂੰ ਭੀ ਸਮਝ ਨਹੀਂ ਸਕਿਆ (ਕਦਰ ਨਹੀਂ ਪਾਈ) ।
Your Glorious Virtues are so many, Lord; I do not know even one.
ਆਪੇ ਲਾਇ ਲਏ ਜਗਜੀਵਨੁ ਦਾਤਾ ॥
ਹੇ ਭਾਈ! ਜਗਤ ਦਾ ਜੀਵਨ ਦਾਤਾਰ ਪ੍ਰਭੂ ਆਪ ਹੀ (ਮਿਹਰ ਕਰ ਕੇ ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ ।
The Life of the world, the Great Giver, attaches us to himself.
ਆਪੇ ਬਖਸੇ ਦੇ ਵਡਿਆਈ ਗੁਰਮਤਿ ਇਹੁ ਮਨੁ ਭੀਜੈ ਹੇ ॥੨॥
ਜਿਸ ਮਨੁੱਖ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ ਉਸ ਨੂੰ (ਨਾਮ ਦੀ) ਵਡਿਆਈ ਦੇਂਦਾ ਹੈ, ਉਸ ਦਾ ਮਨ ਗੁਰੂ ਦੀ ਸਿੱਖਿਆ ਵਿਚ ਭਿੱਜ ਜਾਂਦਾ ਹੈ ।੨।
He Himself forgives, and bestows glorious greatness. Following the Guru's Teachings, this mind is delighted. ||2||
ਮਾਇਆ ਲਹਰਿ ਸਬਦਿ ਨਿਵਾਰੀ ॥
ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦੀ ਲਹਰ ਦੂਰ ਕਰ ਲਈ,
The Word of the Shabad has subdued the waves of Maya.
ਇਹੁ ਮਨੁ ਨਿਰਮਲੁ ਹਉਮੈ ਮਾਰੀ ॥
ਹਉਮੈ ਨੂੰ ਮਾਰ ਕੇ ਉਸ ਦਾ ਇਹ ਮਨ ਪਵਿੱਤਰ ਹੋ ਜਾਂਦਾ ਹੈ ।
Egotism has been conquered, and this mind has become immaculate.
ਸਹਜੇ ਗੁਣ ਗਾਵੈ ਰੰਗਿ ਰਾਤਾ ਰਸਨਾ ਰਾਮੁ ਰਵੀਜੈ ਹੇ ॥੩॥
ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦੀ ਜੀਭ ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ ।੩।
I intuitively sing His Glorious Praises, imbued with the Lord's Love. My tongue chants and savors the Lord's Name. ||3||
ਮੇਰੀ ਮੇਰੀ ਕਰਤ ਵਿਹਾਣੀ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਬੇ-ਸਮਝ ਜੀਵ-ਇਸਤ੍ਰੀ (ਸਹੀ ਜੀਵਨ-ਰਾਹ ਨੂੰ) ਨਹੀਂ ਸਮਝਦੀ,
Crying out, "Mine, mine!" he spends his life.
ਮਨਮੁਖਿ ਨ ਬੂਝੈ ਫਿਰੈ ਇਆਣੀ ॥
(ਮਾਇਆ ਦੀ ਖ਼ਾਤਰ) ਭਟਕਦੀ ਫਿਰਦੀ ਹੈ, ਉਸ ਦੀ ਸਾਰੀ ਉਮਰ ‘ਮੇਰੀ ਮਾਇਆ’ ‘ਮੇਰੀ ਮਾਇਆ’ ਕਰਦਿਆਂ ਬੀਤ ਜਾਂਦੀ ਹੈ ।
The self-willed manmukh does not understand; he wanders around in ignorance.
ਜਮਕਾਲੁ ਘੜੀ ਮੁਹਤੁ ਨਿਹਾਲੇ ਅਨਦਿਨੁ ਆਰਜਾ ਛੀਜੈ ਹੇ ॥੪॥
ਆਤਮਕ ਮੌਤ ਉਸ ਦੀ ਜ਼ਿੰਦਗੀ ਦੀ ਹਰੇਕ ਘੜੀ ਹਰੇਕ ਪਲ ਨੂੰ ਗਹੁ ਨਾਲ ਤੱਕਦੀ ਰਹਿੰਦੀ ਹੈ (ਭਾਵ, ਅਜਿਹੀ ਜੀਵ-ਇਸਤ੍ਰੀ ਸਦਾ ਆਤਮਕ ਮੌਤੇ ਮਰੀ ਰਹਿੰਦੀ ਹੈ) ਉਸ ਦੀ ਉਮਰ ਇਕ ਇਕ ਦਿਨ ਕਰ ਕੇ (ਵਿਅਰਥ ਹੀ) ਘਟਦੀ ਜਾਂਦੀ ਹੈ ।੪।
The Messenger of Death watches over him every moment, every instant; night and day, his life is wasting away. ||4||
ਅੰਤਰਿ ਲੋਭੁ ਕਰੈ ਨਹੀ ਬੂਝੈ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਆਪਣੇ ਅੰਦਰ ਲੋਭ ਕਰਦੀ ਰਹਿੰਦੀ ਹੈ, ਉਸ ਨੂੰ (ਸਹੀ ਜੀਵਨ-ਰਾਹ) ਨਹੀਂ ਸੁੱਝਦਾ ।
He practices greed within, and does not understand.
ਸਿਰ ਊਪਰਿ ਜਮਕਾਲੁ ਨ ਸੂਝੈ ॥
ਉਸ ਦੇ ਸਿਰ ਉਤੇ ਮੌਤ ਖੜੀ ਰਹਿੰਦੀ ਹੈ, ਪਰ ਉਸ ਨੂੰ ਇਸ ਦੀ ਸਮਝ ਨਹੀਂ ਪੈਂਦੀ ।
He does not see the Messenger of Death hovering over his head.
ਐਥੈ ਕਮਾਣਾ ਸੁ ਅਗੈ ਆਇਆ ਅੰਤਕਾਲਿ ਕਿਆ ਕੀਜੈ ਹੇ ॥੫॥
ਇਸ ਜੀਵਨ ਵਿਚ ਜੀਵ-ਇਸਤ੍ਰੀ ਜੋ ਕੁਝ ਕਰਮ ਕਮਾਂਦੀ ਹੈ (ਉਸ ਦਾ ਫਲ) ਭੁਗਤਣਾ ਪੈਂਦਾ ਹੈ (ਸਾਰੀ ਉਮਰ ਲੋਭ-ਲਾਲਚ ਵਿਚ ਗਵਾਇਆਂ) ਅੰਤ ਸਮੇ ਕੁਝ ਨਹੀਂ ਕੀਤਾ ਜਾ ਸਕਦਾ ।੫।
Whatever one does in this world, will come to face him in the hereafter; what can he do at that very last moment? ||5||
ਜੋ ਸਚਿ ਲਾਗੇ ਤਿਨ ਸਾਚੀ ਸੋਇ ॥
ਹੇ ਭਾਈ! ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਦੇ ਹਨ, ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ ।
Those who are attached to the Truth are true.
ਦੂਜੈ ਲਾਗੇ ਮਨਮੁਖਿ ਰੋਇ ॥
ਪਰ ਮਾਇਆ ਦੇ ਮੋਹ ਵਿਚ ਲੱਗ ਕੇ ਮਨ ਦਾ ਮੁਰੀਦ ਜੀਵ ਦੁੱਖੀ ਰਹਿੰਦਾ ਹੈ ।
The self-willed manmukhs, attached to duality, weep and wail.
ਦੁਹਾ ਸਿਰਿਆ ਕਾ ਖਸਮੁ ਹੈ ਆਪੇ ਆਪੇ ਗੁਣ ਮਹਿ ਭੀਜੈ ਹੇ ॥੬॥
(ਪਰ ਜੀਵਾਂ ਦੇ ਕੀਹ ਵੱਸ? ਕੋਈ ਨਾਮ ਵਿਚ ਜੁੜਦਾ ਹੈ, ਕੋਈ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ—) ਇਹਨਾਂ ਦੋਹਾਂ ਸਿਰਿਆਂ ਦਾ ਮਾਲਕ ਪਰਮਾਤਮਾ ਆਪ ਹੀ ਹੈ । ਉਹ ਆਪ ਹੀ ਆਪਣੇ ਗੁਣਾਂ ਵਿਚ ਪਤੀਜਦਾ ਹੈ ।੬।
He is the Lord and Master of both worlds; He Himself delights in virtue. ||6||
ਗੁਰ ਕੈ ਸਬਦਿ ਸਦਾ ਜਨੁ ਸੋਹੈ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਜੀਵਨ ਸੋਹਣਾ ਬਣਾਂਦਾ ਹੈ,
Through the Word of the Guru's Shabad, His humble servant is exalted forever.
ਨਾਮ ਰਸਾਇਣਿ ਇਹੁ ਮਨੁ ਮੋਹੈ ॥
ਉਸ ਦਾ ਇਹ ਮਨ ਸਭ ਤੋਂ ਸ੍ਰੇਸ਼ਟ ਨਾਮ-ਰਸ ਵਿਚ ਮਸਤ ਰਹਿੰਦਾ ਹੈ,
This mind is enticed by the Naam, the source of nectar.
ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ਗੁਰਮਤੀ ਹਰਿ ਨਾਮਿ ਭੀਜੈ ਹੇ ॥੭॥
ਉਸ ਨੂੰ ਮਾਇਆ ਦੇ ਮੋਹ ਦੀ ਮੈਲ ਰਤਾ ਭੀ ਨਹੀਂ ਲੱਗਦੀ, ਗੁਰੂ ਦੀ ਮਤਿ ਦੀ ਬਰਕਤਿ ਨਾਲ (ਉਸ ਦਾ ਮਨ) ਪਰਮਾਤਮਾ ਦੇ ਨਾਮ ਵਿਚ ਭਿੱਜਿਆ ਰਹਿੰਦਾ ਹੈ ।੭।
It is not stained at all by the dirt of attachment to Maya; through the Guru's Teachings, it is pleased and saturated with the Lord's Name. ||7||
ਸਭਨਾ ਵਿਚਿ ਵਰਤੈ ਇਕੁ ਸੋਈ ॥
ਹੇ ਭਾਈ! ਇਕ ਉਹੀ ਪਰਮਾਤਮਾ ਸਭ ਜੀਵਾਂ ਵਿਚ ਮੌਜੂਦ ਹੈ,
The One Lord is contained within all.
ਗੁਰ ਪਰਸਾਦੀ ਪਰਗਟੁ ਹੋਈ ॥
ਪਰ ਗੁਰੂ ਦੀ ਕਿਰਪਾ ਨਾਲ ਹੀ ਉਹ (ਕਿਸੇ ਵਡਭਾਗੀ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ ।
By Guru's Grace, He is revealed.
ਹਉਮੈ ਮਾਰਿ ਸਦਾ ਸੁਖੁ ਪਾਇਆ ਨਾਇ ਸਾਚੈ ਅੰਮ੍ਰਿਤੁ ਪੀਜੈ ਹੇ ॥੮॥
ਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਸਦਾ ਆਤਮਕ ਆਨੰਦ ਮਾਣਦਾ ਹੈ । ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਜਾ ਸਕਦਾ ਹੈ ।੮।
One who subdues his ego, finds lasting peace; he drinks in the Ambrosial Nectar of the True Name. ||8||
ਕਿਲਬਿਖ ਦੂਖ ਨਿਵਾਰਣਹਾਰਾ ॥
ਹੇ ਭਾਈ! ਜਿਹੜਾ ਪਰਮਾਤਮਾ (ਸਾਰੇ) ਪਾਪ ਅਤੇ ਦੁੱਖ ਦੂਰ ਕਰਨ ਦੇ ਸਮਰੱਥ ਹੈ,
God is the Destroyer of sin and pain.
ਗੁਰਮੁਖਿ ਸੇਵਿਆ ਸਬਦਿ ਵੀਚਾਰਾ ॥
ਉਸ ਦੀ ਸੇਵਾ-ਭਗਤੀ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜ ਕੇ ਹੀ ਕੀਤੀ ਜਾ ਸਕਦੀ ਹੈ ।
The Gurmukh serves Him, and contemplates the Word of the Shabad.
ਸਭੁ ਕਿਛੁ ਆਪੇ ਆਪਿ ਵਰਤੈ ਗੁਰਮੁਖਿ ਤਨੁ ਮਨੁ ਭੀਜੈ ਹੇ ॥੯॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੱੁਖ ਦਾ ਤਨ ਅਤੇ ਮਨ (ਪਰਮਾਤਮਾ ਦੀ ਭਗਤੀ ਵਿਚ) ਰਸਿਆ ਰਹਿੰਦਾ ਹੈ । (ਗੁਰਮੁਖ ਮਨੱੁਖ ਨੂੰ ਹੀ ਇਹ ਨਿਸਚਾ ਆਉਂਦਾ ਹੈ ਕਿ) ਪਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ ਹੈ; ਹਰ ਥਾਂ ਆਪ ਹੀ ਮੌਜੂਦ ਹੈ ।੯।
He Himself is pervading everything. The Gurmukh's body and mind are saturated and pleased. ||9||
ਮਾਇਆ ਅਗਨਿ ਜਲੈ ਸੰਸਾਰੇ ॥
ਹੇ ਭਾਈ! ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਜਗਤ ਵਿਚ ਭੜਕ ਰਹੀ ਹੈ,
The world is burning in the fire of Maya.
ਗੁਰਮੁਖਿ ਨਿਵਾਰੈ ਸਬਦਿ ਵੀਚਾਰੇ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜ ਕੇ (ਇਸ ਤ੍ਰਿਸ਼ਨਾ-ਅੱਗ ਨੂੰ ਆਪਣੇ ਅੰਦਰੋਂ) ਦੂਰ ਕਰ ਲੈਂਦਾ ਹੈ,
The Gurmukh extinguishes this fire, by contemplating the Shabad.
ਅੰਤਰਿ ਸਾਂਤਿ ਸਦਾ ਸੁਖੁ ਪਾਇਆ ਗੁਰਮਤੀ ਨਾਮੁ ਲੀਜੈ ਹੇ ॥੧੦॥
ਉਸ ਦੇ ਅੰਦਰ ਸਦਾ ਠੰਢ ਬਣੀ ਰਹਿੰਦੀ ਹੈ, ਉਹ ਆਤਮਕ ਆਨੰਦ ਮਾਣਦਾ ਹੈ । ਹੇ ਭਾਈ! ਗੁਰੂ ਦੀ ਮਤਿ ਉੱਤੇ ਤੁਰਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ।੧੦।
Deep within are peace and tranquility, and lasting peace is obtained. Following the Guru's Teachings, one is blessed with the Naam, the Name of the Lord. ||10||
ਇੰਦ੍ਰ ਇੰਦ੍ਰਾਸਣਿ ਬੈਠੇ ਜਮ ਕਾ ਭਉ ਪਾਵਹਿ ॥
ਹੇ ਭਾਈ! (ਲੋਕਾਂ ਦੇ ਮਿਥੇ ਹੋਏ ਦੇਵਤਿਆਂ ਦੇ ਰਾਜੇ) ਇੰਦਰ ਵਰਗੇ ਭੀ ਆਪਣੇ ਤਖ਼ਤ ਉੱਤੇ ਬੈਠੇ ਹੋਏ (ਇਸ ਤ੍ਰਿਸ਼ਨਾ ਦੀ ਅੱਗ ਦੇ ਕਾਰਨ) ਆਤਮਕ ਮੌਤ ਦਾ ਸਹਮ ਸਹਾਰ ਰਹੇ ਹਨ ।
Even Indra, seated upon his throne, is caught in the fear of death.
ਜਮੁ ਨ ਛੋਡੈ ਬਹੁ ਕਰਮ ਕਮਾਵਹਿ ॥
(ਜਿਹੜੇ ਲੋਕ ਨਾਮ ਨਹੀਂ ਸਿਮਰਦੇ, ਪਰ ਹੋਰ ਹੋਰ ਮਿਥੇ ਹੋਏ ਅਨੇਕਾਂ ਧਾਰਮਿਕ) ਕਰਮ ਕਰਦੇ ਹਨ, ਆਤਮਕ ਮੌਤ (ਉਹਨਾਂ ਨੂੰ ਭੀ) ਨਹੀਂ ਛੱਡਦੀ ।
The Messenger of Death will not spare them, even though they try all sorts of things.
ਸਤਿਗੁਰੁ ਭੇਟੈ ਤਾ ਮੁਕਤਿ ਪਾਈਐ ਹਰਿ ਹਰਿ ਰਸਨਾ ਪੀਜੈ ਹੇ ॥੧੧॥
ਜਦੋਂ (ਮਨੁੱਖ ਨੂੰ) ਗੁਰੂ ਮਿਲਦਾ ਹੈ, ਤਦੋਂ (ਇਸ ਆਤਮਕ ਮੌਤ ਤੋਂ) ਖ਼ਲਾਸੀ ਮਿਲਦੀ ਹੈ । ਹੇ ਭਾਈ! (ਗੁਰੂ ਦੀ ਰਾਹੀਂ ਹੀ) ਜੀਭ ਨਾਲ ਹਰਿ-ਨਾਮ-ਰਸ ਪੀਤਾ ਜਾ ਸਕਦਾ ਹੈ ।੧੧।
When one meets with the True Guru, one is liberated, drinking in and savoring the sublime essence of the Lord, Har, Har. ||11||
ਮਨਮੁਖਿ ਅੰਤਰਿ ਭਗਤਿ ਨ ਹੋਈ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਪੈਦਾ ਨਹੀਂ ਹੋ ਸਕਦੀ ।
There is no devotion within the self-willed manmukh.
ਗੁਰਮੁਖਿ ਭਗਤਿ ਸਾਂਤਿ ਸੁਖੁ ਹੋਈ ॥
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਦੇ ਅੰਦਰ ਪਰਮਾਤਮਾ ਦੀ ਯਾਦ ਹੈ, ਉਸ ਦੇ ਅੰਦਰ ਠੰਢ ਹੈ, ਉਸ ਦੇ ਅੰਦਰ ਆਤਮਕ ਆਨੰਦ ਹੈ ।
Through devotional worship, the Gurmukh obtains peace and tranquility.
ਪਵਿਤ੍ਰ ਪਾਵਨ ਸਦਾ ਹੈ ਬਾਣੀ ਗੁਰਮਤਿ ਅੰਤਰੁ ਭੀਜੈ ਹੇ ॥੧੨॥
ਹੇ ਭਾਈ! ਗੁਰੂ ਦੀ ਬਾਣੀ ਸਦਾ ਮਨੁੱਖ ਦੇ ਮਨ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ । ਗੁਰੂ ਦੀ ਮਤਿ ਉਤੇ ਤੁਰਿਆਂ ਹੀ ਹਿਰਦਾ ਪਤੀਜਦਾ ਹੈ ।੧੨।
Forever pure and sanctified is the Word of the Guru's Bani; following the Guru's Teachings, one's inner being is drenched in it. ||12||
ਬ੍ਰਹਮਾ ਬਿਸਨੁ ਮਹੇਸੁ ਵੀਚਾਰੀ ॥
ਹੇ ਭਾਈ! ਵਿਚਾਰ ਕੇ ਵੇਖ ਲਵੋ—ਬ੍ਰਹਮਾ ਹੋਵੇ, ਵਿਸ਼ਨੂ ਹੋਵੇ, ਸ਼ਿਵ ਹੋਵੇ (ਕੋਈ ਭੀ ਹੋਵੇ, ਜਿਹੜੇ ਪ੍ਰਾਣੀ)
I have considered Brahma, Vishnu and Shiva.
ਤ੍ਰੈ ਗੁਣ ਬਧਕ ਮੁਕਤਿ ਨਿਰਾਰੀ ॥
ਮਾਇਆ ਦੇ ਤਿੰਨ ਗੁਣਾਂ ਵਿਚ ਬੱਝੇ ਪਏ ਹਨ (ਆਤਮਕ ਮੌਤ ਤੋਂ) ਖ਼ਲਾਸੀ (ਉਹਨਾਂ ਤੋਂ) ਲਾਂਭੇ ਰਹਿ ਜਾਂਦੀ ਹੈ ।
They are bound by the three qualities - the three gunas; they are far away from liberation.
ਗੁਰਮੁਖਿ ਗਿਆਨੁ ਏਕੋ ਹੈ ਜਾਤਾ ਅਨਦਿਨੁ ਨਾਮੁ ਰਵੀਜੈ ਹੇ ॥੧੩॥
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਰਫ਼ ਇਹੀ ਆਤਮਕ ਜੀਵਨ ਦੀ ਸੂਝ ਹਾਸਲ ਕਰਦਾ ਹੈ ਕਿ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ।੧੩।
The Gurmukh knows the spiritual wisdom of the One Lord. Night and day, he chants the Naam, the Name of the Lord. ||13||
ਬੇਦ ਪੜਹਿ ਹਰਿ ਨਾਮੁ ਨ ਬੂਝਹਿ ॥
ਹੇ ਭਾਈ! (ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕ) ਪੜ੍ਹਦੇ ਹਨ, (ਪਰ ਜੇ ਉਹ) ਪਰਮਾਤਮਾ ਦੇ ਨਾਮ ਨੂੰ (ਜੀਵਨ-ਮਨੋਰਥ) ਨਹੀਂ ਸਮਝਦੇ,
He may read the Vedas, but he does not realize the Lord's Name.
ਮਾਇਆ ਕਾਰਣਿ ਪੜਿ ਪੜਿ ਲੂਝਹਿ ॥
ਤਾਂ ਉਹ ਮਾਇਆ (ਕਮਾਣ) ਵਾਸਤੇ ਹੀ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਮਾਇਆ ਦੇ ਘੱਟ ਚੜ੍ਹਾਵੇ ਤੇ ਅੰਦਰੇ ਅੰਦਰ) ਖਿੱਝਦੇ ਹਨ ।
For the sake of Maya, he reads and recites and argues.
ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ ॥੧੪॥
ਹੇ ਭਾਈ! ਜਿਸ ਮਨੁੱਖ ਦੇ ਅੰਦਰ (ਮਾਇਆ ਦੇ ਮੋਹ ਦੀ) ਮੈਲ ਹੈ (ਉਹ ਵੇਦ-ਪਾਠੀ ਪੰਡਿਤ ਭੀ ਹੋਵੇ, ਤਾਂ ਭੀ) ਉਹ ਅੰਨ੍ਹਾ ਬੇ-ਸਮਝ ਹੈ, ਇਸ ਤਰ੍ਹਾਂ ਇਹ ਦੁੱਤਰ ਸੰਸਾਰ-ਸਮੁੰਦਰ ਤਰਿਆ ਨਹੀਂ ਜਾ ਸਕਦਾ ।੧੪।
The ignorant and blind person is filled with filth within. How can he cross over the impassable world-ocean? ||14||
ਬੇਦ ਬਾਦ ਸਭਿ ਆਖਿ ਵਖਾਣਹਿ ॥
ਹੇ ਭਾਈ! ਸਾਰੇ (ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕਾਂ) ਦੀਆਂ ਚਰਚਾ ਉਚਾਰ ਕੇ (ਹੋਰਨਾਂ ਦੇ ਸਾਹਮਣੇ) ਵਿਆਖਿਆ ਕਰਦੇ ਹਨ, (ਇਸ ਤਰ੍ਹਾਂ)
He voices all the controversies of the Vedas,
ਨ ਅੰਤਰੁ ਭੀਜੈ ਨ ਸਬਦੁ ਪਛਾਣਹਿ ॥
ਨਾਹ (ਉਹਨਾਂ ਦਾ ਆਪਣਾ) ਹਿਰਦਾ ਭਿੱਜਦਾ ਹੈ, ਨਾਹ ਉਹ ਸਿਫ਼ਤਿ-ਸਾਲਾਹ ਦੀ ਬਾਣੀ ਦੀ ਕਦਰ ਸਮਝਦੇ ਹਨ ।
but his inner being is not saturated or satisfied, and he does not realize the Word of the Shabad.
ਪੁੰਨੁ ਪਾਪੁ ਸਭੁ ਬੇਦਿ ਦ੍ਰਿੜਾਇਆ ਗੁਰਮੁਖਿ ਅੰਮ੍ਰਿਤੁ ਪੀਜੈ ਹੇ ॥੧੫॥
ਹੇ ਭਾਈ! ਵੇਦ ਨੇ ਤਾਂ ਮੁੜ ਮੁੜ ਇਸ ਗੱਲ ਵਲ ਧਿਆਨ ਦਿਵਾਇਆ ਹੈ ਕਿ ਕਿਹੜਾ ਪੁੰਨ-ਕਰਮ ਹੈ ਤੇ ਕਿਹੜਾ ਪਾਪ-ਕਰਮ ਹੈ । ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਤਾਂ ਗੁਰੂ ਦੀ ਸਰਨ ਪਿਆਂ ਹੀ ਪੀਤਾ ਜਾ ਸਕਦਾ ਹੈ ।੧੫।
The Vedas tell all about virtue and vice, but only the Gurmukh drinks in the Ambrosial Nectar. ||15||
ਆਪੇ ਸਾਚਾ ਏਕੋ ਸੋਈ ॥
ਹੇ ਭਾਈ! (ਆਪਣੇ ਵਰਗਾ) ਸਿਰਫ਼ ਉਹ ਪਰਮਾਤਮਾ ਆਪ ਹੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ,
The One True Lord is all by Himself.
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥
ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ ।
There is no one else except Him.
ਨਾਨਕ ਨਾਮਿ ਰਤੇ ਮਨੁ ਸਾਚਾ ਸਚੋ ਸਚੁ ਰਵੀਜੈ ਹੇ ॥੧੬॥੬॥
ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਗਏ ਹਨ, ਉਹਨਾਂ ਦਾ ਮਨ ਅਡੋਲ ਹੋ ਜਾਂਦਾ ਹੈ । (ਇਸ ਵਾਸਤੇ, ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ ।੧੬।੬।
O Nanak, true is the mind of one who is attuned to the Naam; he speaks Truth, and nothing but Truth. ||16||6||