ਮਾਰੂ ਮਹਲਾ ੫ ॥
Maaroo, Fifth Mehl:
ਕਰਿ ਅਨੁਗ੍ਰਹੁ ਰਾਖਿ ਲੀਨੋ ਭਇਓ ਸਾਧੂ ਸੰਗੁ ॥
ਹੇ ਭਾਈ! ਦਇਆ ਕਰ ਕੇ ਜਿਸ ਮਨੁੱਖ ਦੀ ਰੱਖਿਆ ਪਰਮਾਤਮਾ ਕਰਦਾ ਹੈ, ਉਸ ਨੂੰ ਗੁਰੂ ਦਾ ਮਿਲਾਪ ਹੁੰਦਾ ਹੈ,
Granting His Grace, He has protected me; I have found the Saadh Sangat, the Company of the Holy.
ਹਰਿ ਨਾਮ ਰਸੁ ਰਸਨਾ ਉਚਾਰੈ ਮਿਸਟ ਗੂੜਾ ਰੰਗੁ ॥੧॥
ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ, ਉਹ ਆਪਣੀ ਜੀਭ ਨਾਲ ਪ੍ਰਭੂ ਦਾ ਨਾਮ ਜਪਦਾ ਹੈ, (ਉਸ ਦੇ ਮਨ ਉਤੇ ਪਰਮਾਤਮਾ ਦੇ ਪਿਆਰ ਦਾ) ਮਿੱਠਾ ਗੂੜ੍ਹਾ ਰੰਗ ਚੜ੍ਹਿਆ ਰਹਿੰਦਾ ਹੈ ।੧।
My tongue lovingly chants the Lord's Name; this love is so sweet and intense! ||1||
ਮੇਰੇ ਮਾਨ ਕੋ ਅਸਥਾਨੁ ॥
ਭਾਈ! ਸਭ ਦੇ ਦਿਲ ਦੀ ਜਾਣਨ ਵਾਲਾ ਸੁਜਾਨ ਪਰਮਾਤਮਾ ਹੀ ਸਦਾ ਮੇਰੇ ਮਨ ਦਾ ਸਹਾਰਾ ਹੈ ।
He is the place of rest for my mind,
ਮੀਤ ਸਾਜਨ ਸਖਾ ਬੰਧਪੁ ਅੰਤਰਜਾਮੀ ਜਾਨੁ ॥੧॥ ਰਹਾਉ ॥
ਉਹੀ ਮੇਰਾ ਮਿੱਤਰ ਹੈ, ਉਹੀ ਮੇਰਾ ਸੱਜਣ ਹੈ, ਉਹੀ ਮੇਰਾ ਸਾਥੀ ਹੈ, ਉਹੀ ਮੇਰਾ ਰਿਸ਼ਤੇਦਾਰ ਹੈ ।੧।ਰਹਾਉ।
my friend, companion, associate and relative; He is the Inner-knower, the Searcher of hearts. ||1||Pause||
ਸੰਸਾਰ ਸਾਗਰੁ ਜਿਨਿ ਉਪਾਇਓ ਸਰਣਿ ਪ੍ਰਭ ਕੀ ਗਹੀ ॥
ਹੇ ਭਾਈ! (ਜਿਸ ਮਨੁੱਖ ਨੇ) ਉਸ ਪ੍ਰਭੂ ਦਾ ਆਸਰਾ ਲਿਆ ਹੈ ਜਿਸ ਨੇ ਇਹ ਸੰਸਾਰ-ਸਮੁੰਦਰ ਪੈਦਾ ਕੀਤਾ ਹੈ
He created the world-ocean; I seek the Sanctuary of that God.
ਗੁਰ ਪ੍ਰਸਾਦੀ ਪ੍ਰਭੁ ਅਰਾਧੇ ਜਮਕੰਕਰੁ ਕਿਛੁ ਨ ਕਹੀ ॥੨॥
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ, ਉਸ ਨੂੰ ਜਮਦੂਤ ਭੀ ਕੁਝ ਨਹੀਂ ਆਖਦਾ ।੨।
By Guru's Grace, I worship and adore God; the Messenger of Death can't say anything to me. ||2||
ਮੋਖ ਮੁਕਤਿ ਦੁਆਰਿ ਜਾ ਕੈ ਸੰਤ ਰਿਦਾ ਭੰਡਾਰੁ ॥
ਜਿਸ ਦੇ ਦਰ ਤੇ ਮੁਕਤੀ ਟਿਕੀ ਰਹਿੰਦੀ ਹੈ, ਜਿਸ ਦਾ ਖ਼ਜ਼ਾਨਾ ਸੰਤ ਜਨਾਂ ਦਾ ਹਿਰਦਾ ਹੈ (ਜੋ ਸੰਤ ਜਨਾਂ ਦੇ ਹਿਰਦੇ ਵਿਚ ਸਦਾ ਵੱਸਦਾ ਹੈ)
Emancipation and liberation are at His Door; He is the treasure in the hearts of the Saints.
ਜੀਅ ਜੁਗਤਿ ਸੁਜਾਣੁ ਸੁਆਮੀ ਸਦਾ ਰਾਖਣਹਾਰੁ ॥੩॥
ਹੇ ਭਾਈ! ਮਾਲਕ-ਪ੍ਰਭੂ ਸਦਾ ਰੱਖਿਆ ਕਰਨ ਦੀ ਸਮਰਥਾ ਵਾਲਾ ਹੈ, ਉਹ ਸੁਜਾਨ ਪ੍ਰਭੂ ਹੀ ਆਤਮਕ ਜੀਵਨ ਜੀਊਣ ਦੀ ਜਾਚ ਸਿਖਾਂਦਾ ਹੈ ।੩।
The all-knowing Lord and Master shows us the true way of life; He is our Savior and Protector forever. ||3||
ਦੂਖ ਦਰਦ ਕਲੇਸ ਬਿਨਸਹਿ ਜਿਸੁ ਬਸੈ ਮਨ ਮਾਹਿ ॥
ਹੇ ਭਾਈ! ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ਉਸ ਦੇ ਸਾਰੇ ਦੁੱਖ ਦਰਦ ਤੇ ਕਲੇਸ਼ ਮਿਟ ਜਾਂਦੇ ਹਨ ।
Pain, suffering and troubles are eradicated, when the Lord abides in the mind.
ਮਿਰਤੁ ਨਰਕੁ ਅਸਥਾਨ ਬਿਖੜੇ ਬਿਖੁ ਨ ਪੋਹੈ ਤਾਹਿ ॥੪॥
ਆਤਮਕ ਮੌਤ, ਨਰਕ, ਹੋਰ ਔਖੇ ਥਾਂ, ਆਤਮਕ ਮੌਤ ਲਿਆਉਣ ਵਾਲੀ ਮਾਇਆ—ਇਹਨਾਂ ਵਿਚੋਂ ਕੋਈ ਭੀ ਉਸ ਉਤੇ ਆਪਣਾ ਅਸਰ ਨਹੀਂ ਪਾ ਸਕਦਾ ।੪।
Death, hell and the most horrible dwelling of sin and corruption cannot even touch such a person. ||4||
ਰਿਧਿ ਸਿਧਿ ਨਵ ਨਿਧਿ ਜਾ ਕੈ ਅੰਮ੍ਰਿਤਾ ਪਰਵਾਹ ॥
ਹੇ ਭਾਈ! ਜਿਸ ਪਰਮਾਤਮਾ ਦੇ ਘਰ ਵਿਚ ਸਾਰੀਆਂ ਕਰਾਮਾਤੀ ਤਾਕਤਾਂ ਹਨ, ਤੇ ਸਾਰੇ ਹੀ ਖ਼ਜ਼ਾਨੇ ਹਨ, ਜਿਸ ਦੇ ਘਰ ਵਿਚ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਚਸ਼ਮੇ ਚੱਲ ਰਹੇ ਹਨ,
Wealth, miraculous spiritual powers and the nine treasures come from the Lord, as do the streams of Ambrosial Nectar.
ਆਦਿ ਅੰਤੇ ਮਧਿ ਪੂਰਨ ਊਚ ਅਗਮ ਅਗਾਹ ॥੫॥
ਉਹੀ ਪਰਮਾਤਮਾ ਜਗਤ ਦੇ ਸ਼ੁਰੂ ਵਿਚ, ਅੰਤ ਵਿਚ, ਵਿਚਕਾਰਲੇ ਸਮੇ ਵਿਚ ਹਰ ਵੇਲੇ ਮੌਜੂਦ ਹੈ । ਉਹ ਪਰਮਾਤਮਾ ਸਭ ਤੋਂ ਉੱਚਾ ਹੈ, ਅਪਹੁੰਚ ਹੈ, ਤੇ ਅਥਾਹ ਹੈ ।੫।
In the beginning, in the middle, and in the end, He is perfect, lofty, unapproachable and unfathomable. ||5||
ਸਿਧ ਸਾਧਿਕ ਦੇਵ ਮੁਨਿ ਜਨ ਬੇਦ ਕਰਹਿ ਉਚਾਰੁ ॥
ਹੇ ਭਾਈ! ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਦੇਵਤੇ, ਮੋਨ-ਧਾਰੀ ਸਾਧੂ, (ਉਹ ਪੰਡਿਤ ਜੋ) ਵੇਦਾਂ ਦਾ ਪਾਠ ਕਰਦੇ ਰਹਿੰਦੇ ਹਨ
The Siddhas, seekers, angelic beings, silent sages, and the Vedas speak of Him.
ਸਿਮਰਿ ਸੁਆਮੀ ਸੁਖ ਸਹਜਿ ਭੁੰਚਹਿ ਨਹੀ ਅੰਤੁ ਪਾਰਾਵਾਰੁ ॥੬॥
(ਕੋਈ ਭੀ ਹੋਣ) ਮਾਲਕ-ਪ੍ਰਭੂ (ਦਾ ਨਾਮ) ਸਿਮਰ ਕੇ (ਹੀ) ਆਤਮਕ ਅਡੋਲਤਾ ਵਿਚ ਆਨੰਦ ਮਾਣ ਸਕਦੇ ਹਨ, (ਐਸਾ ਆਨੰਦ ਜਿਸ ਦਾ) ਅੰਤ ਨਹੀਂ (ਜੋ ਕਦੇ ਮੁੱਕਦਾ ਨਹੀਂ) ਜਿਸ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।੬।
Meditating in remembrance on the Lord and Master, celestial peace is enjoyed; He has no end or limitation. ||6||
ਅਨਿਕ ਪ੍ਰਾਛਤ ਮਿਟਹਿ ਖਿਨ ਮਹਿ ਰਿਦੈ ਜਪਿ ਭਗਵਾਨ ॥
ਹੇ ਭਾਈ! ਹਿਰਦੇ ਵਿਚ ਭਗਵਾਨ (ਦਾ ਨਾਮ) ਜਪ ਕੇ ਇਕ ਛਿਨ ਵਿਚ ਹੀ ਅਨੇਕਾਂ ਪਾਪ ਮਿਟ ਜਾਂਦੇ ਹਨ ।
Countless sins are erased in an instant, meditating on the Benevolent Lord within the heart.
ਪਾਵਨਾ ਤੇ ਮਹਾ ਪਾਵਨ ਕੋਟਿ ਦਾਨ ਇਸਨਾਨ ॥੭॥
ਭਗਵਾਨ (ਦਾ ਨਾਮ ਹੀ) ਸਭ ਤੋਂ ਵਧੀਕ ਪਵਿੱਤਰ ਹੈ, ਨਾਮ-ਸਿਮਰਨ ਹੀ ਕੋ੍ਰੜਾਂ ਦਾਨ ਹਨ ਤੇ ਕੋ੍ਰੜਾਂ ਤੀਰਥ-ਇਸ਼ਨਾਨ ਹਨ ।੭।
Such a person becomes the purest of the pure, and is blessed with the merits of millions of donations to charity and cleansing baths. ||7||
ਬਲ ਬੁਧਿ ਸੁਧਿ ਪਰਾਣ ਸਰਬਸੁ ਸੰਤਨਾ ਕੀ ਰਾਸਿ ॥
ਹੇ ਭਾਈ! ਪਰਮਾਤਮਾ ਦਾ ਨਾਮ ਹੀ ਸੰਤ ਜਨਾਂ ਦਾ ਸਰਮਾਇਆ ਹੈ, ਬਲ ਹੈ, ਬੁੱਧੀ ਹੈ, ਸੂਝ-ਬੂਝ ਹੈ, ਜਿੰਦ ਹੈ, ਇਹੀ ਉਹਨਾਂ ਦਾ ਸਭ ਕੁਝ ਹੈ ।
God is power, intellect, understanding, the breath of life, wealth, and everything for the Saints.
ਬਿਸਰੁ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸਿ ॥੮॥੨॥
ਨਾਨਕ ਦੀ ਭੀ ਇਹੀ ਬੇਨਤੀ ਹੈ—ਹੇ ਪ੍ਰਭੂ! ਮੇਰੇ ਮਨ ਤੋਂ ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲ ।੮।੨।
May I never forget Him from my mind, even for an instant - this is Nanak's prayer. ||8||2||