ਮਾਰੂ ਮਹਲਾ ੧ ॥
Maaroo, First Mehl:
ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥
ਮਾਂ ਤੇ ਪਿਉ ਦੇ (ਸਰੀਰਕ) ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ, ਮਾਂ ਦਾ ਲਹੂ ਤੇ ਪਿਉ ਦਾ ਵੀਰਜ ਮਿਲਣ ਤੇ ਪਰਮਾਤਮਾ (ਜੀਵ ਦਾ) ਸਰੀਰ ਬਣਾਂਦਾ ਹੈ ।
Through the union of mother and father, the fetus is formed. The egg and sperm join together to make the body.
ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥੧॥
ਮਾਂ ਦੇ ਪੇਟ ਵਿਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ । ਉਹ ਪਰਮਾਤਮਾ ਇਸ ਦੀ ਹਰ ਤਰ੍ਹਾਂ ਸੰਭਾਲ ਕਰਦਾ ਹੈ (ਤੇ ਲੋੜ ਅਨੁਸਾਰ ਪਦਾਰਥ) ਦੇਂਦਾ ਹੈ ।੧।
Upside-down within the womb, it lovingly dwells on the Lord; God provides for it, and gives it nourishment there. ||1||
ਸੰਸਾਰੁ ਭਵਜਲੁ ਕਿਉ ਤਰੈ ॥
(ਪਰਮਾਤਮਾ ਦੇ ਨਾਮ ਤੋਂ ਬਿਨਾ) ਸੰਸਾਰੀ ਜੀਵ ਸੰਸਾਰ-ਸਮੁੰਦਰ ਤੋਂ ਕਿਸੇ ਹਾਲਤ ਵਿਚ ਪਾਰ ਨਹੀਂ ਲੰਘ ਸਕਦਾ ਕਿਉਂਕਿ ਜੀਵ ਮਾਇਆ ਆਦਿਕ ਦੇ ਅਹੰਕਾਰ ਨਾਲ ਆਫਰਿਆ ਰਹਿੰਦਾ ਹੈ ।
How can he cross over the terrifying world-ocean?
ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥੧॥ ਰਹਾਉ ॥
ਪਰਮਾਤਮਾ ਦਾ ਨਾਮ, ਜਿਸ ਉਤੇ ਮਾਇਆ-ਕਾਲਖ ਦਾ ਪ੍ਰਭਾਵ ਨਹੀਂ ਪੈ ਸਕਦਾ, ਗੁਰੂ ਦੀ ਸਰਨ ਪਿਆਂ ਮਿਲਦਾ ਹੈ, (ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੁੰਦਾ ਹੈ) ਉਸ ਦਾ (ਅਹੰਕਾਰ ਆਦਿਕ ਦਾ) ਅਸਹਿ ਭਾਰ ਦੂਰ ਹੋ ਜਾਂਦਾ ਹੈ (ਇਹ ਅਹੰਕਾਰ ਆਦਿਕ ਹੀ ਭਾਰ ਬਣ ਕੇ ਜੀਵ ਨੂੰ ਸੰਸਾਰ-ਸਮੁੰਦਰ ਵਿਚ ਡੋਬਿਆ ਕਰਦਾ ਹੈ) ।੧।ਰਹਾਉ।
The Gurmukh obtains the Immaculate Naam, the Name of the Lord; the unbearable load of sins is removed. ||1||Pause||
ਤੇ ਗੁਣ ਵਿਸਰਿ ਗਏ ਅਪਰਾਧੀ ਮੈ ਬਉਰਾ ਕਿਆ ਕਰਉ ਹਰੇ ॥
ਹੇ ਹਰੀ! ਮੈਨੂੰ ਗੁਨਹਗਾਰ ਨੂੰ ਤੇਰੇ ਉਹ ਉਪਕਾਰ ਭੁੱਲ ਗਏ ਹਨ, ਮੈਂ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਪਿਆ ਹਾਂ (ਤੇਰਾ ਸਿਮਰਨ ਕਰਨ ਤੋਂ) ਬੇ-ਵੱਸ ਹਾਂ ।
I have forgotten Your Virtues, Lord; I am insane - what can I do now?
ਤੂ ਦਾਤਾ ਦਇਆਲੁ ਸਭੈ ਸਿਰਿ ਅਹਿਨਿਸਿ ਦਾਤਿ ਸਮਾਰਿ ਕਰੇ ॥੨॥
ਪਰ ਤੂੰ ਦਇਆ ਦਾ ਸੋਮਾ ਹੈਂ, ਹਰੇਕ ਜੀਵ ਦੇ ਸਿਰ ਤੇ (ਰਾਖਾ) ਹੈਂ, ਤੇ ਸਭ ਨੂੰ ਦਾਤਾਂ ਦੇਂਦਾ ਹੈਂ । (ਹੇ ਭਾਈ!) ਦਇਆਲ ਪ੍ਰਭੂ ਦਿਨ ਰਾਤ (ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਦਾਤਾਂ ਦੇਂਦਾ ਹੈ ।੨।
You are the Merciful Giver, above the heads of all. Day and night, You give gifts, and take care of all. ||2||
ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ ॥
(ਜੀਵ ਪਰਮਾਤਮਾ ਪਾਸੋਂ) ਚਾਰੇ ਹੀ ਪਦਾਰਥ ਲੈ ਕੇ ਜਗਤ ਵਿਚ ਜੰਮਿਆ ਹੈ (ਫਿਰ ਭੀ ਪ੍ਰਭੂ ਦੀ ਬਖ਼ਸ਼ਸ਼ ਭੁਲਾ ਕੇ ਸਦਾ) ਪਰਮਾਤਮਾ ਦੀ ਪੈਦਾ ਕੀਤੀ ਮਾਇਆ ਦੇ ਘਰ ਵਿਚ ਨਿਵਾਸ ਰੱਖਦਾ ਹੈ ।
One is born to achieve the four great objectives of life. The spirit has taken up its home in the material world.
ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ ॥੩॥
ਸਦਾ ਇਸ ਨੂੰ ਮਾਇਆ ਦੀ ਭੱੁਖ ਹੀ ਚੰਬੜੀ ਰਹਿੰਦੀ ਹੈ, ਸਦਾ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਮਾਇਆ ਦੇ ਮੋਹ ਵਿਚ (ਫਸ ਕੇ ਚੌਹਾਂ ਪਦਾਰਥਾਂ ਵਿਚੋਂ) ਮੁਕਤਿ-ਪਦਾਰਥ ਗਵਾ ਲੈਂਦਾ ਹੈ ।੩।
Driven by hunger, it sees the path of Maya's riches; this emotional attachment takes away the treasure of liberation. ||3||
ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਥਾਕਿ ਪਰੇ ॥
(ਸਾਰੀ ਉਮਰ ਜੀਵ ਮਾਇਆ ਦੀ ਖ਼ਾਤਰ ਹੀ) ਤਰਲੇ ਲੈਂਦਾ ਰਹਿੰਦਾ ਹੈ (ਮਨ ਦੀ ਤਸੱਲੀ ਜੋਗੀ ਮਾਇਆ) ਪ੍ਰਾਪਤ ਨਹੀਂ ਹੁੰਦੀ, ਹਰ ਪਾਸੇ ਮਾਇਆ ਦੀ ਢੂੰਢ-ਭਾਲ ਕਰਦਾ ਕਰਦਾ ਥੱਕ ਜਾਂਦਾ ਹੈ ।
Weeping and wailing, he does not receive them; he searches here and there, and grows weary.
ਕਾਮਿ ਕ੍ਰੋਧਿ ਅਹੰਕਾਰਿ ਵਿਆਪੇ ਕੂੜ ਕੁਟੰਬ ਸਿਉ ਪ੍ਰੀਤਿ ਕਰੇ ॥੪॥
ਕਾਮ ਵਿਚ, ਕੋ੍ਰਧ ਵਿਚ, ਅਹੰਕਾਰ ਵਿਚ ਨੱਪਿਆ ਹੋਇਆ ਜੀਵ ਸਦਾ ਨਾਸਵੰਤ ਪਦਾਰਥ ਨਾਲ ਹੀ ਪ੍ਰੀਤਿ ਕਰਦਾ ਹੈ, ਸਦਾ ਆਪਣੇ ਪਰਵਾਰ ਨਾਲ ਹੀ ਮੋਹ ਜੋੜੀ ਰੱਖਦਾ ਹੈ ।੪।
Engrossed in sexual desire, anger and egotism, he falls in love with his false relatives. ||4||
ਖਾਵੈ ਭੋਗੈ ਸੁਣਿ ਸੁਣਿ ਦੇਖੈ ਪਹਿਰਿ ਦਿਖਾਵੈ ਕਾਲ ਘਰੇ ॥
(ਦੁਨੀਆ ਦੇ ਚੰਗੇ ਚੰਗੇ ਪਦਾਰਥ) ਖਾਂਦਾ ਹੈ (ਵਿਸ਼ੇ) ਭੋਗਦਾ ਹੈ, (ਸੋਭਾ ਨਿੰਦਾ ਆਦਿਕ ਦੇ ਬਚਨ) ਮੁੜ ਮੁੜ ਸੁਣਦਾ ਹੈ, (ਦੁਨੀਆ ਦੇ ਰੰਗ ਤਮਾਸ਼ੇ) ਵੇਖਦਾ ਹੈ, (ਸੋਹਣੇ ਸੋਹਣੇ ਕੱਪੜੇ ਆਦਿਕ) ਪਹਿਨ ਕੇ (ਲੋਕਾਂ ਨੂੰ) ਵਿਖਾਂਦਾ ਹੈ—(ਬੱਸ! ਇਹਨਾਂ ਹੀ ਆਹਰਾਂ ਵਿਚ ਮਸਤ ਹੋ ਕੇ) ਆਤਮਕ ਮੌਤ ਦੇ ਘਰ ਵਿਚ ਟਿਕਿਆ ਰਹਿੰਦਾ ਹੈ (ਆਤਮਕ ਮੌਤ ਸਹੇੜੀ ਰੱਖਦਾ ਹੈ) ।
He eats and enjoys, listens and watches, and dresses up to show off in this house of death.
ਬਿਨੁ ਗੁਰ ਸਬਦ ਨ ਆਪੁ ਪਛਾਣੈ ਬਿਨੁ ਹਰਿ ਨਾਮ ਨ ਕਾਲੁ ਟਰੇ ॥੫॥
ਗੁਰੂ ਦੇ ਸ਼ਬਦ ਤੋਂ ਵਾਂਜਿਆ ਹੋਇਆ ਆਪਣੇ ਆਤਮਕ ਜੀਵਨ ਨੂੰ ਪਛਾਣ ਨਹੀਂ ਸਕਦਾ । ਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਣ ਕਰਕੇ ਆਤਮਕ ਮੌਤ (ਇਸ ਦੇ ਸਿਰ ਤੋਂ) ਨਹੀਂ ਟਲਦੀ ।੫।
Without the Word of the Guru's Shabad, he does not undersand himself. Without the Lord's Name, death cannot be avoided. ||5||
ਜੇਤਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੇ ॥
ਜਿਤਨਾ ਹੀ ਮੋਹ ਤੇ ਹਉਮੈ ਕਰ ਕੇ ਜੀਵ ਸਹੀ ਜੀਵਨ-ਰਾਹ ਤੋਂ ਭੁੱਲਦਾ ਹੈ, ਜਿਤਨਾ ਹੀ ਵਧੀਕ ‘ਮੇਰੀ (ਮਾਇਆ) ਮੇਰੀ (ਮਾਇਆ)’ ਕਰਦਾ ਹੈ, ਉਤਨਾ ਹੀ ਇਹ ਹਉਮੈ ਮਮਤਾ ਇਸ ਦੇ ਆਤਮਕ ਜੀਵਨ ਨੂੰ ਖੋਹ ਕੇ ਲੈ ਜਾਂਦੇ ਹਨ ।
The more attachment and egotism delude and confuse him, the more he cries out, "Mine, mine!", and the more he loses out.
ਤਨੁ ਧਨੁ ਬਿਨਸੈ ਸਹਸੈ ਸਹਸਾ ਫਿਰਿ ਪਛੁਤਾਵੈ ਮੁਖਿ ਧੂਰਿ ਪਰੇ ॥੬॥
ਆਖ਼ਰ ਇਹ ਸਰੀਰ ਤੇ ਇਹ ਧਨ, (ਜਿਨ੍ਹਾਂ ਦੀ ਖ਼ਾਤਰ ਹਰ ਵੇਲੇ ਸਹਿਮ ਵਿਚ ਰਹਿੰਦਾ ਸੀ, ਨਾਸ ਹੋ ਜਾਂਦਾ ਹੈ । ਤਦੋਂ ਜੀਵ ਪਛੁਤਾਂਦਾ ਹੈ, (ਪਰ ਉਸ ਵੇਲੇ ਪਛੁਤਾਇਆਂ ਕੁਝ ਨਹੀਂ ਬਣਦਾ) ਇਸ ਦੇ ਮੂੰਹ ਉਤੇ ਫਿਟਕਾਰ ਹੀ ਪੈਂਦੀ ਹੈ ।੬।
His body and wealth pass away, and he is torn by skepticism and cynicism; in the end, he regrets and repents, when the dust falls on his face. ||6||
ਬਿਰਧਿ ਭਇਆ ਜੋਬਨੁ ਤਨੁ ਖਿਸਿਆ ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ ॥
ਮਨੁੱਖ ਬੁੱਢਾ ਹੋ ਜਾਂਦਾ ਹੈ, ਜਵਾਨੀ ਖਿਸਕ ਜਾਂਦੀ ਹੈ ਸਰੀਰ ਕਮਜ਼ੋਰ ਹੋ ਜਾਂਦਾ ਹੈ, ਸੰਘ ਬਲਗ਼ਮ ਨਾਲ ਰੁਕਿਆ ਰਹਿੰਦਾ ਹੈ, ਅੱਖਾਂ ਤੋਂ ਪਾਣੀ ਵਗਦਾ ਰਹਿੰਦਾ ਹੈ, ਪੈਰ (ਤੁਰਨੋਂ) ਰਹਿ ਜਾਂਦੇ ਹਨ,
He grows old, his body and youth waste away, and his throat is plugged with mucous; water flows from his eyes.
ਚਰਣ ਰਹੇ ਕਰ ਕੰਪਣ ਲਾਗੇ ਸਾਕਤ ਰਾਮੁ ਨ ਰਿਦੈ ਹਰੇ ॥੭॥
ਹੱਥ ਕੰਬਣ ਲੱਗ ਪੈਂਦੇ ਹਨ, (ਫਿਰ ਭੀ) ਮਾਇਆ-ਵੇੜ੍ਹੇ ਜੀਵ ਦੇ ਹਿਰਦੇ ਵਿਚ ਹਰੀ ਪਰਮਾਤਮਾ (ਦਾ ਨਾਮ) ਨਹੀਂ (ਵੱਸਦਾ) ।੭।
He feet fail him, and his hands shake and tremble; the faithless cynic does not enshrine the Lord in his heart. ||7||
ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਵੈ ਰਖਿਓ ਘਰੇ ॥
(ਬੁੱਢਾ ਹੋ ਜਾਣ ਤੇ) ਅਕਲ ਟਿਕਾਣੇ ਨਹੀਂ ਰਹਿੰਦੀ, ਕੇਸ ਕਾਲੇ ਤੋਂ ਚਿੱਟੇ ਹੋ ਜਾਂਦੇ ਹਨ, ਘਰ ਵਿਚ ਰੱਖਿਆ ਹੋਇਆ ਕਿਸੇ ਨੂੰ ਚੰਗਾ ਨਹੀਂ ਲੱਗਦਾ (ਫਿਰ ਭੀ ਪਰਮਾਤਮਾ ਦੇ ਨਾਮ ਨੂੰ ਭੁਲਾਈ ਰੱਖਦਾ ਹੈ)
His intellect fails him, his black hair turns white, and no one wants to keep him in their home.
ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ ॥੮॥
ਪਰਮਾਤਮਾ ਦਾ ਨਾਮ ਵਿਸਾਰੀ ਰੱਖਣ ਤੇ ਅਜੇਹੇ ਭੈੜ ਇਸ ਨੂੰ ਚੰਬੜੇ ਰਹਿੰਦੇ ਹਨ ਜਿਨ੍ਹਾਂ ਕਰ ਕੇ ਜਮਰਾਜ ਇਸ ਨੂੰ ਮਾਰ ਕੇ ਨਰਕ ਵਿਚ ਲੈ ਜਾਂਦਾ ਹੈ ।੮।
Forgetting the Naam, these are the stigmas which stick to him; the Messenger of Death beats him, and drags him to hell. ||8||
ਪੂਰਬ ਜਨਮ ਕੋ ਲੇਖੁ ਨ ਮਿਟਈ ਜਨਮਿ ਮਰੈ ਕਾ ਕਉ ਦੋਸੁ ਧਰੇ ॥
(ਪਰ ਜੀਵ ਦੇ ਭੀ ਵੱਸ ਦੀ ਗੱਲ ਨਹੀਂ) ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖਾ ਮਿਟਦਾ ਨਹੀਂ (ਜਿਤਨਾ ਚਿਰ ਉਹ ਲੇਖਾ ਮੌਜੂਦ ਹੈ, ਉਹਨਾਂ ਦੇ ਪ੍ਰਭਾਵ ਹੇਠ ਕੁਕਰਮ ਕਰ ਕਰ ਕੇ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।
The record of one's past actions cannot be erased; who else is to blame for one's birth and death?
ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ ਬਿਨੁ ਗੁਰ ਸਬਦੈ ਜਨਮੁ ਜਰੇ ॥੯॥
ਜੀਵ ਵਿਚਾਰਾ ਹੋਰ ਕਿਸ ਨੂੰ ਦੋਸ ਦੇਵੇ? (ਅਸਲ ਗੱਲ ਇਹ ਹੈ ਕਿ) ਗੁਰੂ ਦੀ ਸਰਨ ਤੋਂ ਬਿਨਾ ਜ਼ਿੰਦਗੀ ਵਿਅਰਥ ਜਾਂਦੀ ਹੈ (ਵਿਕਾਰਾਂ ਵਿਚ ਪੈ ਕੇ ਮਨੁੱਖ) ਹੋਰ ਆਤਮਕ ਮੌਤ ਹੋਰ ਆਤਮਕ ਮੌਤ ਸਹੇੜਦਾ ਜਾਂਦਾ ਹੈ । ਗੁਰੂ ਦੇ ਸ਼ਬਦ ਤੋਂ ਖੁੰਝਣ ਕਰਕੇ ਜ਼ਿੰਦਗੀ (ਵਿਕਾਰਾਂ ਵਿਚ) ਸੜ ਜਾਂਦੀ ਹੈ ।੯।
Without the Guru, life and death are pointless; without the Word of the Guru's Shabad, life just burns away. ||9||
ਖੁਸੀ ਖੁਆਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ॥
ਜੀਵ ਦੁਨੀਆ ਦੀਆਂ ਖ਼ੁਸ਼ੀਆਂ ਮਾਣਨ ਵਿਚ, ਰਸ ਭੋਗਣ ਵਿਚ, ਤੇ ਹੋਰ ਫੋਕੇ ਤੇ ਮੰਦੇ ਕਰਮ ਕਰਨ ਵਿਚ ਪੈ ਕੇ ਖ਼ੁਆਰ ਹੁੰਦਾ ਹੈ ।
The pleasures enjoyed in happiness bring ruin; acting in corruption is useless indulgence.
ਨਾਮੁ ਬਿਸਾਰਿ ਲੋਭਿ ਮੂਲੁ ਖੋਇਓ ਸਿਰਿ ਧਰਮ ਰਾਇ ਕਾ ਡੰਡੁ ਪਰੇ ॥੧੦॥
ਪਰਮਾਤਮਾ ਦਾ ਨਾਮ ਭੁਲਾ ਕੇ, ਲੋਭ ਵਿਚ ਫਸ ਕੇ ਮੂਲ ਭੀ ਗਵਾ ਲੈਂਦਾ ਹੈ, ਆਖ਼ਰ ਇਸ ਦੇ ਸਿਰ ਉਤੇ ਧਰਮਰਾਜ ਦਾ ਡੰਡਾ ਪੈਂਦਾ ਹੈ ।੧੦।
Forgetting the Naam, and caught by greed, he betrays his own source; the club of the Righteous Judge of Dharma will strike him over the head. ||10||
ਗੁਰਮੁਖਿ ਰਾਮ ਨਾਮ ਗੁਣ ਗਾਵਹਿ ਜਾ ਕਉ ਹਰਿ ਪ੍ਰਭੁ ਨਦਰਿ ਕਰੇ ॥
ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਦੇ ਗੁਣ ਗਾਂਦੇ ਹਨ ।
The Gurmukhs sing the Glorious Praises of the Lord's Name; the Lord God blesses them with His Glance of Grace.
ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮਹਿ ਗੁਰ ਗੋਵਿੰਦ ਹਰੇ ॥੧੧॥
ਜਿਨ੍ਹਾਂ ਉਤੇ ਹਰੀ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਹ ਜਗਤ ਵਿਚ ਹਰੀ ਗੋਬਿੰਦ ਬੇਅੰਤ ਪੂਰਨ ਸਰਬ-ਵਿਆਪਕ ਨੂੰ ਸਿਮਰ ਕੇ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ।੧੧।
Those beings are pure, perfect unlimited and infinite; in this world, they are the embodiment of the Guru, the Lord of the Universe. ||11||
ਹਰਿ ਸਿਮਰਹੁ ਗੁਰ ਬਚਨ ਸਮਾਰਹੁ ਸੰਗਤਿ ਹਰਿ ਜਨ ਭਾਉ ਕਰੇ ॥
ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਪ੍ਰੇਮ ਜੋੜ ਕੇ ਪਰਮਾਤਮਾ ਦਾ ਨਾਮ ਸਿਮਰੋ, ਗੁਰੂ ਦੇ ਬਚਨ (ਹਿਰਦੇ ਵਿਚ) ਸੰਭਾਲ ਰੱਖੋ । ਪਰਮਾਤਮਾ ਦੇ ਦਰ ਤੇ ਗੁਰੂ (ਦਾ ਬਚਨ) ਹੀ ਆਦਰ ਪਾਂਦਾ ਹੈ, ਸੰਤ ਜਨਾਂ ਦੀ ਸੰਗਤਿ ਹੀ ਕਬੂਲ ਪੈਂਦੀ ਹੈ ।
Meditate in remembrance on the Lord; meditate and contemplate the Guru's Word, and love to associate with the humble servants of the Lord.
ਹਰਿ ਜਨ ਗੁਰੁ ਪਰਧਾਨੁ ਦੁਆਰੈ ਨਾਨਕ ਤਿਨ ਜਨ ਕੀ ਰੇਣੁ ਹਰੇ ॥੧੨॥੮॥
ਹੇ ਨਾਨਕ! (ਅਰਦਾਸ ਕਰ—) ਹੇ ਹਰੀ! (ਮੈਨੂੰ) ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਦੇਹ) ।੧੨।੮।
The Lord's humble servants are the embodiment of the Guru; they are supreme and respected in the Court of the Lord. Nanak seeks the dust of the feet of those humble servants of the Lord. ||12||8||