ਮਾਰੂ ਮਹਲਾ ੧ ॥
Maaroo, First Mehl:
ਹੁਕਮੁ ਭਇਆ ਰਹਣਾ ਨਹੀ ਧੁਰਿ ਫਾਟੇ ਚੀਰੈ ॥
ਜਦੋਂ (ਪਰਮਾਤਮਾ ਦਾ) ਹੁਕਮ ਹੋ ਜਾਂਦਾ ਹੈ ਜਦੋਂ (ਕਿਸੇ ਦੀ) ਚਿੱਠੀ ਧੁਰ (ਦਰਗਾਹ) ਤੋਂ ਪਾਟ ਜਾਂਦੀ ਹੈ, ਤਾਂ ਉਹ (ਇਸ ਸੰਸਾਰ ਵਿਚ) ਰਹਿ ਨਹੀਂ ਸਕਦਾ ।
The Order is issued, and he cannot remain; the permit to stay has been torn up.
ਏਹੁ ਮਨੁ ਅਵਗਣਿ ਬਾਧਿਆ ਸਹੁ ਦੇਹ ਸਰੀਰੈ ॥
(ਹੇ ਭਾਈ! ਜਦ ਤਕ ਤੇਰਾ) ਇਹ ਮਨ ਔਗੁਣਾਂ (ਦੀ ਫਾਹੀ) ਵਿਚ ਬੱਝਾ ਹੋਇਆ ਹੈ (ਤਦ ਤਕ ਆਪਣੇ ਇਸ) ਸਰੀਰ ਵਿਚ (ਦੁੱਖ) ਸਹਾਰ ।
This mind is tied to its faults; it suffers terrible pain in its body.
ਪੂਰੈ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ ॥੧॥
ਜੇਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦੇ ਦਰ ਦਾ ਮੰਗਤਾ ਬਣਦਾ ਹੈ ਉਸ ਦੇ ਸਾਰੇ ਗੁਨਾਹ ਬਖ਼ਸ਼ੇ ਜਾਂਦੇ ਹਨ ।੧।
The Perfect Guru forgives all the mistakes of the beggar at His Door. ||1||
ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ ॥
(ਹੇ ਭਾਈ! ਹੁਣੇ ਹੁਣੇ ਵੇਲਾ ਹੈ) ਗੁਰੂ ਦੇ ਸ਼ਬਦ ਦੀ ਵਿਚਾਰ ਸਮਝ, (ਇਥੇ ਸਦਾ) ਟਿਕੇ ਨਹੀਂ ਰਹਿ ਸਕੀਦਾ, (ਜਦੋਂ ਪ੍ਰਭੂ ਦਾ ਹੁਕਮ ਆਇਆ, ਤਦੋਂ) ਇਥੋਂ ਚੱਲਣਾ ਹੀ ਪਏਗਾ ।
How can he stay here? He must get up and depart. Contemplate the Word of the Shabad, and understand this.
ਜਿਸੁ ਤੂ ਮੇਲਹਿ ਸੋ ਮਿਲੈ ਧੁਰਿ ਹੁਕਮੁ ਅਪਾਰਾ ॥੧॥ ਰਹਾਉ ॥
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਹੇ ਬੇਅੰਤ ਪ੍ਰਭੂ! ਤੈਨੂੰ ਉਹੀ ਮਨੁੱਖ ਮਿਲ ਸਕਦਾ ਹੈ ਜਿਸ ਨੂੰ ਤੂੰ ਆਪ ਮਿਲਾਏਂ, ਧੁਰ ਤੋਂ ਤੇਰਾ (ਅਜੇਹਾ ਹੀ) ਹੁਕਮ ਹੈ (ਅਜੇਹੀ ਹੀ ਰਜ਼ਾ ਹੈ) ।੧।ਰਹਾਉ।
He alone is united, whom You, O Lord, unite. Such is the Primal Command of the Infinite Lord. ||1||Pause||
ਜਿਉ ਤੂ ਰਾਖਹਿ ਤਿਉ ਰਹਾ ਜੋ ਦੇਹਿ ਸੁ ਖਾਉ ॥
(ਪਰ ਅਸਾਂ ਜੀਵਾਂ ਦੇ ਵੱਸ ਦੀ ਗੱਲ ਨਹੀਂ) ਹੇ ਪ੍ਰਭੂ! ਜਿਸ ਹਾਲਤ ਵਿਚ ਤੂੰ ਮੈਨੂੰ ਰੱਖਦਾ ਹੈਂ, ਮੈਂ ਉਸੇ ਹਾਲਤ ਵਿਚ ਰਹਿ ਸਕਦਾ ਹਾਂ, ਜੇਹੜੀ (ਆਤਮਕ ਖ਼ੁਰਾਕ) ਤੂੰ ਮੈਨੂੰ ਦੇਂਦਾ ਹੈਂ ਮੈਂ ਉਹੀ ਖਾਂਦਾ ਹਾਂ ।
As You keep me, I remain; whatever You give me, I eat.
ਜਿਉ ਤੂ ਚਲਾਵਹਿ ਤਿਉ ਚਲਾ ਮੁਖਿ ਅੰਮ੍ਰਿਤ ਨਾਉ ॥
(ਆਤਮਕ ਜੀਵਨ ਦੇ ਰਸਤੇ ਤੇ) ਜਿਸ ਤਰ੍ਹਾਂ ਤੂੰ ਮੈਨੂੰ ਤੋਰਦਾ ਹੈਂ ਮੈਂ ਉਸੇ ਤਰ੍ਹਾਂ ਤੁਰਦਾ ਹਾਂ, ਤੇ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਪਾਂਦਾ ਹਾਂ ।
As You lead me, I follow, with the Ambrosial Name in my mouth.
ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ ਮਨਿ ਚਾਉ ॥੨॥
ਹੇ ਮੇਰੇ ਠਾਕੁਰ! ਤੇਰੇ ਆਪਣੇ ਹੱਥ ਵਿਚ ਵਡਿਆਈਆਂ ਹਨ (ਜਿਸ ਨੂੰ ਤੂੰ ਵਡਿਆਈ ਬਖ਼ਸ਼ਦਾ ਹੈਂ ਜਿਸ ਨੂੰ ਤੂੰ ਆਪਣੇ ਚਰਨਾਂ ਵਿਚ) ਜੋੜਦਾ ਹੈਂ ਉਸ ਦੇ ਮਨ ਵਿਚ (ਤੇਰੀ ਭਗਤੀ ਦਾ) ਚਾਉ ਪੈਦਾ ਹੋ ਜਾਂਦਾ ਹੈ ।੨।
All glorious greatness rests in the hands of my Lord and Master; my mind yearns to unite with You. ||2||
ਕੀਤਾ ਕਿਆ ਸਾਲਾਹੀਐ ਕਰਿ ਦੇਖੈ ਸੋਈ ॥
(ਪਰਮਾਤਮਾ ਦੀ ਸਿਫ਼ਤਿ-ਸਾਲਾਹ ਛੱਡ ਕੇ ਪਰਮਾਤਮਾ ਦੇ) ਪੈਦਾ ਕੀਤੇ ਹੋਏ ਦੀ ਵਡਿਆਈ ਕਰਨ ਤੋਂ ਕੋਈ (ਆਤਮਕ) ਲਾਭ ਨਹੀਂ ਹੋਵੇਗਾ (ਵਡਿਆਈਆਂ ਉਸ ਕਰਤਾਰ ਦੀਆਂ ਕਰੋ) ਜੋ (ਜਗਤ-ਰਚਨਾ) ਕਰ ਕੇ ਆਪ ਹੀ (ਉਸ ਦੀ) ਸੰਭਾਲ ਭੀ ਕਰਦਾ ਹੈ ।
Why should anyone praise any other created being? That Lord acts and sees.
ਜਿਨਿ ਕੀਆ ਸੋ ਮਨਿ ਵਸੈ ਮੈ ਅਵਰੁ ਨ ਕੋਈ ॥
ਜਿਸ ਕਰਤਾਰ ਨੇ ਜਗਤ ਰਚਿਆ ਹੈ ਉਹੀ (ਮੇਰੇ) ਮਨ ਵਿਚ ਵੱਸਦਾ ਹੈ । ਮੈਨੂੰ ਉਸ ਵਰਗਾ ਕੋਈ ਹੋਰ ਨਹੀਂ ਦਿੱਸਦਾ ।
The One who created me, abides within my mind; there is no other at all.
ਸੋ ਸਾਚਾ ਸਾਲਾਹੀਐ ਸਾਚੀ ਪਤਿ ਹੋਈ ॥੩॥
ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ (ਜੇਹੜਾ ਕਰਦਾ ਹੈ ਉਸ ਨੂੰ) ਸਦਾ ਦੀ ਇੱਜ਼ਤ ਮਿਲ ਜਾਂਦੀ ਹੈ ।੩।
So praise that True Lord, and you shall be blessed with true honor. ||3||
ਪੰਡਿਤੁ ਪੜਿ ਨ ਪਹੁਚਈ ਬਹੁ ਆਲ ਜੰਜਾਲਾ ॥
ਪੰਡਿਤ (ਸ਼ਾਸਤ੍ਰ ਪੁਰਾਣ ਆਦਿਕ ਧਰਮ-ਪੁਸਤਕਾਂ ਨਿਰੀਆਂ) ਪੜ੍ਹ ਕੇ (ਉਸ ਅਵਸਥਾ ਤੇ) ਨਹੀਂ ਪਹੁੰਚਦਾ (ਜਿਥੇ ਪਰਮਾਤਮਾ ਨਾਲੋਂ ਵਿਛੋੜਾ ਮੁੱਕ ਜਾਏ, ਕਿਉਂਕਿ ਪੜ੍ਹ ਪੜ੍ਹ ਕੇ ਭੀ) ਉਹ ਮਾਇਆ ਦੇ ਜੰਜਾਲਾਂ ਵਿਚ ਬਹੁਤ ਫਸਿਆ ਰਹਿੰਦਾ ਹੈ ।
The Pandit, the religious scholar, reads, but does not reach the Lord; he is totally entangled in worldly affairs.
ਪਾਪ ਪੁੰਨ ਦੁਇ ਸੰਗਮੇ ਖੁਧਿਆ ਜਮਕਾਲਾ ॥
(ਧਰਮ ਸ਼ਾਸਤ੍ਰਾਂ ਅਨੁਸਾਰ) ਪਾਪ ਕੀਹ ਹੈ ਤੇ ਪੁੰਨ ਕੀਹ ਹੈ ਇਹ ਵਿਚਾਰ ਕਰਦਾ ਹੋਇਆ ਭੀ ਉਹ ਦ੍ਵੈਤ ਦੀ ਫਾਹੀ ਵਿਚ ਹੀ ਰਹਿੰਦਾ ਹੈ, ਮਾਇਆ ਦੀ ਭੁੱਖ ਤੇ ਆਤਮਕ ਮੌਤ (ਮੌਤ ਦਾ ਡਰ) ਉਸ ਦੇ ਸਿਰ ਤੇ ਕਾਇਮ ਰਹਿੰਦੇ ਹਨ ।
He keeps the company of both virtue and vice, tormented by hunger and the Messenger of Death.
ਵਿਛੋੜਾ ਭਉ ਵੀਸਰੈ ਪੂਰਾ ਰਖਵਾਲਾ ॥੪॥
ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ ਤੇ ਸਹਿਮ ਉਸ ਮਨੁੱਖ ਦਾ ਹੀ ਮੁੱਕਦਾ ਹੈ ਜਿਸ ਦੇ ਮਨ ਵਿਚ ਹਰ ਤਰ੍ਹਾਂ ਰੱਖਿਆ ਕਰਨ ਵਾਲਾ ਪਰਮਾਤਮਾ ਵੱਸਿਆ ਰਹਿੰਦਾ ਹੈ ।੪।
One who is protected by the Perfect Lord, forgets separation and fear. ||4||
ਜਿਨ ਕੀ ਲੇਖੈ ਪਤਿ ਪਵੈ ਸੇ ਪੂਰੇ ਭਾਈ ॥
ਹੇ ਭਾਈ! ਕੀਤੇ ਕਰਮਾਂ ਦਾ ਹਿਸਾਬ ਹੋਣ ਤੇ ਜਿਨ੍ਹਾਂ ਨੂੰ ਇੱਜ਼ਤ ਮਿਲਦੀ ਹੈ ਉਹ ਪੂਰੇ ਭਾਂਡੇ ਸਮਝੇ ਜਾਂਦੇ ਹਨ ।
They alone are perfect, O Siblings of Destiny, whose honor is certified.
ਪੂਰੇ ਪੂਰੀ ਮਤਿ ਹੈ ਸਚੀ ਵਡਿਆਈ ॥
ਅਜੇਹੇ ਪੂਰਨ ਗੁਣਵਾਨ ਮਨੁੱਖ ਨੂੰ ਪਰਮਾਤਮਾ ਦੇ ਦਰ ਤੋਂ ਮਤਿ ਭੀ ਪੂਰੀ ਹੀ ਮਿਲਦੀ ਹੈ (ਜਿਸ ਕਰਕੇ ਉਹ ਭੁੱਲਣ ਵਾਲੇ ਜੀਵਨ-ਰਾਹ ਤੇ ਨਹੀਂ ਪੈਂਦਾ) ਤੇ ਸਦਾ-ਥਿਰ ਰਹਿਣ ਵਾਲੀ ਇੱਜ਼ਤ ਪ੍ਰਾਪਤ ਹੁੰਦੀ ਹੈ ।
Perfect is the intellect of the Perfect Lord. True is His glorious greatness.
ਦੇਦੇ ਤੋਟਿ ਨ ਆਵਈ ਲੈ ਲੈ ਥਕਿ ਪਾਈ ॥੫॥
(ਉਹ ਪਰਮਾਤਮਾ ਬੇਅੰਤ ਦਾਤਾਂ ਦਾ ਮਾਲਕ ਹੈ, ਜੀਵ ਨੂੰ) ਸਦਾ ਦੇਂਦਾ ਹੈ (ਉਸ ਦੇ ਖ਼ਜ਼ਾਨੇ ਵਿਚ) ਘਾਟਾ ਨਹੀਂ ਪੈਂਦਾ, ਜੀਵ ਦਾਤਾਂ ਲੈ ਲੈ ਕੇ ਥੱਕ ਜਾਂਦਾ ਹੈ ।੫।
His gifts never run short, although those who receive may grow weary of receiving. ||5||
ਖਾਰ ਸਮੁਦ੍ਰੁ ਢੰਢੋਲੀਐ ਇਕੁ ਮਣੀਆ ਪਾਵੈ ॥
(ਇਸ ਗੱਲ ਦੀ ਬੜੀ ਵਡਿਆਈ ਕੀਤੀ ਜਾਂਦੀ ਹੈ ਕਿ ਦੇਵਤਿਆਂ ਨੇ ਸਮੁੰਦਰ ਰਿੜਕਿਆ ਤੇ ਉਸ ਵਿਚੋਂ ਚੌਦਾਂ ਰਤਨ ਨਿਕਲੇ, ਭਲਾ) ਜੇ ਖਾਰਾ ਸਮੁੰਦਰ ਰਿੜਕਿਆ ਜਾਏ, ਉਸ ਵਿਚੋਂ ਕੋਈ ਮਨੁੱਖ ਇਕ ਰਤਨ ਲੱਭ ਲਏ
Searching the salty sea, one finds the pearl.
ਦੁਇ ਦਿਨ ਚਾਰਿ ਸੁਹਾਵਣਾ ਮਾਟੀ ਤਿਸੁ ਖਾਵੈ ॥
(ਤਾਂ ਭੀ ਆਖ਼ਰ ਕੇਹੜੀ ਮੱਲ ਮਾਰ ਲਈ? ਉਹ ਰਤਨ) ਦੋ ਚਾਰ ਦਿਨ ਹੀ ਸੋਹਣਾ ਲੱਗਦਾ ਹੈ (ਅੰਤ) ਉਸ ਰਤਨ ਨੂੰ ਕਦੇ ਮਿੱਟੀ ਹੀ ਖਾ ਜਾਂਦੀ ਹੈ ।
It looks beautiful for a few days, but in the end, it is eaten away by dust.
ਗੁਰੁ ਸਾਗਰੁ ਸਤਿ ਸੇਵੀਐ ਦੇ ਤੋਟਿ ਨ ਆਵੈ ॥੬॥
(ਸਤਿਗੁਰੂ ਅਸਲ ਸਮੁੰਦਰ ਹੈ) ਜੇ ਸਤਿਗੁਰੂ ਸਮੁੰਦਰ ਨੂੰ ਸੇਵਿਆ ਜਾਏ (ਜੇ ਗੁਰੂ-ਸਮੁੰਦਰ ਦੀ ਸਰਨ ਪਈਏ, ਤਾਂ ਗੁਰੂ-ਸਮੁੰਦਰ ਐਸਾ ਨਾਮ-ਰਤਨ) ਦੇਂਦਾ ਹੈ ਜਿਸ ਨੂੰ ਕਦੇ ਘਾਟਾ ਨਹੀਂ ਪੈ ਸਕਦਾ ।੬।
If one serves the Guru, the ocean of Truth, the gifts one receives never run short. ||6||
ਮੇਰੇ ਪ੍ਰਭ ਭਾਵਨਿ ਸੇ ਊਜਲੇ ਸਭ ਮੈਲੁ ਭਰੀਜੈ ॥
ਸਾਰੀ ਲੋਕਾਈ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ, ਸਿਰਫ਼ ਉਹ ਬੰਦੇ ਸਾਫ਼-ਸੁਥਰੇ ਹਨ ਜੇਹੜੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ।
They alone are pure, who are pleasing to my God; all others are soiled with filth.
ਮੈਲਾ ਊਜਲੁ ਤਾ ਥੀਐ ਪਾਰਸ ਸੰਗਿ ਭੀਜੈ ॥
(ਮਾਇਆ ਦੇ ਮੋਹ ਨਾਲ) ਮਲੀਨ-ਮਨ ਹੋਇਆ ਬੰਦਾ ਤਦੋਂ ਹੀ ਪਵਿਤ੍ਰ ਹੋ ਸਕਦਾ ਹੈ ਜਦੋਂ ਉਹ ਗੁਰੂ-ਪਾਰਸ ਦੀ ਸੰਗਤਿ ਵਿਚ ਰਹਿ ਕੇ (ਪਰਮਾਤਮਾ ਦੇ ਨਾਮ-ਅੰਮ੍ਰਿਤ ਨਾਲ) ਭਿੱਜਦਾ ਹੈ ।
The filthy become pure, when they meet with the Guru, the Philosopher's Stone.
ਵੰਨੀ ਸਾਚੇ ਲਾਲ ਕੀ ਕਿਨਿ ਕੀਮਤਿ ਕੀਜੈ ॥੭॥
ਸਦਾ-ਥਿਰ ਪ੍ਰਭੂ-ਲਾਲ ਦਾ ਨਾਮ-ਰੰਗ ਉਸ ਨੂੰ ਐਸਾ ਚੜ੍ਹਦਾ ਹੈ ਕਿ ਕਿਸੇ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ ।੭।
Who can estimate the value of the color of the true jewel? ||7||
ਭੇਖੀ ਹਾਥ ਨ ਲਭਈ ਤੀਰਥਿ ਨਹੀ ਦਾਨੇ ॥
ਪਰ ਉਸ ਨਾਮ-ਰੰਗ ਦੀ ਡੰੂਘਾਈ ਬਾਹਰਲੇ ਧਾਰਮਿਕ ਪਹਿਰਾਵਿਆਂ ਨਾਲ ਨਹੀਂ ਲੱਭ ਸਕਦੀ, ਤੀਰਥ ਤੇ ਇਸ਼ਨਾਨ ਕੀਤਿਆਂ ਤੇ ਦਾਨ-ਪੁੰਨ ਕੀਤਿਆਂ ਭੀ ਨਹੀਂ ਲੱਭਦੀ ।
Wearing religious robes, the Lord is not obtained, nor is He obtained by giving donations at sacred shrines of pilgrimage.
ਪੂਛਉ ਬੇਦ ਪੜੰਤਿਆ ਮੂਠੀ ਵਿਣੁ ਮਾਨੇ ॥
ਮੈਂ ਵੇਦ ਪੜ੍ਹਨ ਵਾਲਿਆਂ ਤੋਂ ਇਹ ਭੇਦ ਪੁੱਛਦਾ ਹਾਂ (ਧਾਰਮਿਕ ਪੁਸਤਕਾਂ ਪੜ੍ਹਨ ਨਾਲ ਭੀ ਨਾਮ-ਰੰਗ ਦੀ ਡੂੰਘਾਈ ਦੀ ਸਮਝ ਨਹੀਂ ਪੈਂਦੀ) । ਜਦ ਤਕ ਨਾਮ-ਰੰਗ ਵਿਚ ਮਨ ਨਹੀਂ ਮੰਨਦਾ (ਮਨ ਨਹੀਂ ਭਿੱਜਦਾ ਤਦ ਤਕ ਸਾਰੀ ਲੋਕਾਈ ਹੀ ਮਾਇਆ-ਮੋਹ ਵਿਚ) ਠੱਗੀ ਜਾ ਰਹੀ ਹੈ ।
Go and ask the readers of the Vedas; without faith, the world is cheated.
ਨਾਨਕ ਕੀਮਤਿ ਸੋ ਕਰੇ ਪੂਰਾ ਗੁਰੁ ਗਿਆਨੇ ॥੮॥੬॥
ਹੇ ਨਾਨਕ! ਨਾਮ-ਰੰਗ ਦੀ ਕਦਰ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਪੂਰਾ ਗੁਰੂ ਮਿਲਦਾ ਹੈ ਤੇ (ਗੁਰੂ ਦੀ ਰਾਹੀਂ ਪਰਮਾਤਮਾ ਨਾਲ) ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ ।੮।੬।
O Nanak, he alone values the jewel, who is blessed with the spiritual wisdom of the Perfect Guru. ||8||6||