ਮਾਰੂ ਮਹਲਾ ੧ ॥
Maaroo, First Mehl:
ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ ॥
(ਜਦੋਂ ਮਨੁੱਖ ਗੁਰੂ ਦੇ) ਸ਼ਬਦ ਵਿਚ (ਜੁੜ ਕੇ) ਆਪਾ-ਭਾਵ ਤੋਂ ਮਰਦਾ ਹੈ ਤਦੋਂ ਉਹ ਮੌਤ ਦੇ ਡਰ ਨੂੰ ਮਾਰ ਲੈਂਦਾ ਹੈ
One who dies in the Word of the Shabad conquers death; otherwise, where can you run?
ਜਿਸ ਕੈ ਡਰਿ ਭੈ ਭਾਗੀਐ ਅੰਮ੍ਰਿਤੁ ਤਾ ਕੋ ਨਾਉ ॥
(ਉਂਞ ਮੌਤ ਤੋਂ) ਭੱਜ ਕੇ ਮੈਂ ਕਿਸ ਦੇ ਪਾਸ ਜਾ ਸਕਦਾ ਹਾਂ? ਜਿਸ ਪਰਮਾਤਮਾ ਦੇ ਡਰ ਵਿਚ ਰਿਹਾਂ ਅਦਬ ਵਿਚ ਰਿਹਾਂ (ਮੌਤ ਦੇ ਡਰ ਤੋਂ) ਬਚ ਸਕੀਦਾ ਹੈ (ਉਸ ਦਾ ਨਾਮ ਜਪਣਾ ਚਾਹੀਦਾ ਹੈ), ਉਸ ਦਾ ਨਾਮ ਅਟੱਲ ਆਤਮਕ ਜੀਵਨ ਦੇਣ ਵਾਲਾ ਹੈ ।
Through the Fear of God, fear runs away; His Name is Ambrosial Nectar.
ਮਾਰਹਿ ਰਾਖਹਿ ਏਕੁ ਤੂ ਬੀਜਉ ਨਾਹੀ ਥਾਉ ॥੧॥
ਹੇ ਪ੍ਰਭੂ! ਤੂੰ ਆਪ ਹੀ ਮਾਰਦਾ ਹੈਂ ਤੂੰ ਆਪ ਹੀ ਰੱਖਿਆ ਕਰਦਾ ਹੈਂ । ਤੈਥੋਂ ਬਿਨਾ ਹੋਰ ਕੋਈ ਥਾਂ ਨਹੀਂ (ਜੋ ਮਾਰ ਸਕੇ ਜਾਂ ਮੌਤ ਤੋਂ ਬਚਾ ਸਕੇ) ।੧।
You alone kill and protect; except for You, there is no place at all. ||1||
ਬਾਬਾ ਮੈ ਕੁਚੀਲੁ ਕਾਚਉ ਮਤਿਹੀਨ ॥
ਹੇ ਪ੍ਰਭੂ! (ਤੇਰੇ ਨਾਮ ਤੋਂ ਬਿਨਾ) ਮੈਂ ਗੰਦਾ ਹਾਂ, ਕਮਜ਼ੋਰ-ਦਿਲ ਹਾਂ, ਅਕਲ ਤੋਂ ਸੱਖਣਾ ਹਾਂ ।
O Baba, I am filthy, shallow and totally without understanding.
ਨਾਮ ਬਿਨਾ ਕੋ ਕਛੁ ਨਹੀ ਗੁਰਿ ਪੂਰੈ ਪੂਰੀ ਮਤਿ ਕੀਨ ॥੧॥ ਰਹਾਉ ॥
ਤੇਰੇ ਨਾਮ ਤੋਂ ਬਿਨਾ ਕੋਈ ਭੀ ਜੀਵ ਕਾਸੇ ਜੋਗਾ ਨਹੀਂ ਹੈ (ਅਕਲੋਂ ਖ਼ਾਲੀ ਹੈ) । (ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ) ਪੂਰੇ ਗੁਰੂ ਨੇ ਉਸ ਨੂੰ ਉਹ ਮਤਿ ਦੇ ਦਿੱਤੀ ਜਿਸ ਨਾਲ ਉਹ ਜੀਵਨ-ਸਫ਼ਰ ਵਿਚ ਉਕਾਈ ਨਾਹ ਖਾਏ ।੧।ਰਹਾਉ।
Without the Naam, no one is anything; the Perfect Guru has made my intellect perfect. ||1||Pause||
ਅਵਗਣਿ ਸੁਭਰ ਗੁਣ ਨਹੀ ਬਿਨੁ ਗੁਣ ਕਿਉ ਘਰਿ ਜਾਉ ॥
(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਮੈਂ ਔਗੁਣ ਨਾਲ ਨਕਾ-ਨਕ ਭਰ ਜਾਂਦਾ ਹਾਂ, ਮੇਰੇ ਵਿਚ ਗੁਣ ਨਹੀਂ ਪੈਦਾ ਹੁੰਦੇ, ਤੇ ਗੁਣਾਂ ਤੋਂ ਬਿਨਾ ਮੈਂ (ਪਰਮਾਤਮਾ ਦੇ) ਦੇਸ ਵਿਚ ਕਿਵੇਂ ਪਹੁੰਚ ਸਕਦਾ ਹਾਂ?
I am full of faults, and I have no virtue at all. Without virtues, how can I go home?
ਸਹਜਿ ਸਬਦਿ ਸੁਖੁ ਊਪਜੈ ਬਿਨੁ ਭਾਗਾ ਧਨੁ ਨਾਹਿ ॥
ਜੇਹੜਾ ਮਨੁੱਖ ਅਡੋਲ ਆਤਮਕ ਅਵਸਥਾ ਵਿਚ ਟਿਕਦਾ ਹੈ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਪਰ ਇਹ ਨਾਮ-ਧਨ ਕਿਸਮਤ ਤੋਂ ਬਿਨਾ ਨਹੀਂ ਮਿਲਦਾ ।
Through the Word of the Shabad, intuitive peace wells up; without good destiny, the wealth is not obtained.
ਜਿਨ ਕੈ ਨਾਮੁ ਨ ਮਨਿ ਵਸੈ ਸੇ ਬਾਧੇ ਦੂਖ ਸਹਾਹਿ ॥੨॥
ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹ ਔਗੁਣਾਂ ਦੇ ਬੱਧੇ ਹੋਏ ਦੁੱਖ ਸਹਾਰਦੇ ਹਨ ।੨।
Those whose minds are not filled with the Naam are bound and gagged, and suffer in pain. ||2||
ਜਿਨੀ ਨਾਮੁ ਵਿਸਾਰਿਆ ਸੇ ਕਿਤੁ ਆਏ ਸੰਸਾਰਿ ॥
ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਉਹ ਸੰਸਾਰ ਵਿਚ ਕਾਹਦੇ ਲਈ ਆਏ?
Those who have forgotten the Naam - why have they even come into the world?
ਆਗੈ ਪਾਛੈ ਸੁਖੁ ਨਹੀ ਗਾਡੇ ਲਾਦੇ ਛਾਰੁ ॥
ਉਹਨਾਂ ਨੂੰ ਨਾਹ ਪਰਲੋਕ ਵਿਚ ਸੁਖ, ਨਾਹ ਇਸ ਲੋਕ ਵਿਚ ਸੁਖ, ਉਹ ਤਾਂ ਸੁਆਹ ਦੇ ਲੱਦੇ ਹੋਏ ਗੱਡੇ ਹਨ (ਉਹਨਾਂ ਦੇ ਸਰੀਰ ਵਿਕਾਰਾਂ ਨਾਲ ਭਰੇ ਹੋਏ ਹਨ) ।
Here and hereafter, they do not find any peace; they have loaded their carts with ashes.
ਵਿਛੁੜਿਆ ਮੇਲਾ ਨਹੀ ਦੂਖੁ ਘਣੋ ਜਮ ਦੁਆਰਿ ॥੩॥
ਉਹ ਪਰਮਾਤਮਾ ਤੋਂ ਵਿਛੁੜੇ ਹੋਏ ਹਨ, ਪਰਮਾਤਮਾ ਨਾਲ ਉਹਨਾਂ ਨੂੰ ਮਿਲਾਪ ਨਸੀਬ ਨਹੀਂ ਹੁੰਦਾ, ਉਹ ਜਮਰਾਜ ਦੇ ਡਰ ਤੇ ਡਾਢਾ ਦੁੱਖ ਸਹਾਰਦੇ ਹਨ ।੩।
Those who are separated, do not meet with the Lord; they suffer in terrible pain at Death's Door. ||3||
ਅਗੈ ਕਿਆ ਜਾਣਾ ਨਾਹਿ ਮੈ ਭੂਲੇ ਤੂ ਸਮਝਾਇ ॥
ਹੇ ਪ੍ਰਭੂ! ਮੈਨੂੰ ਇਹ ਸਮਝ ਨਹੀਂ ਕਿ ਤੇਰੇ ਨਾਮ ਤੋਂ ਖੁੰਝ ਕੇ ਜੀਵਨ-ਸਫ਼ਰ ਵਿਚ ਮੇਰੇ ਨਾਲ ਕਿਹੀ ਵਾਪਰੇਗੀ । ਮੈਨੂੰ ਭੁੱਲੇ ਹੋਏ ਨੂੰ, ਹੇ ਪ੍ਰਭੂ! ਤੂੰ ਆਪ ਅਕਲ ਦੇਹ ।
I do not know what will happen in the world hereafter; I am so confused - please teach me, Lord!
ਭੂਲੇ ਮਾਰਗੁ ਜੋ ਦਸੇ ਤਿਸ ਕੈ ਲਾਗਉ ਪਾਇ ॥
ਮੈਨੂੰ ਕੁਰਾਹੇ ਪਏ ਹੋਏ ਨੂੰ ਜੇਹੜਾ ਕੋਈ ਰਸਤਾ ਦੱਸੇਗਾ, ਮੈਂ ਉਸ ਦੇ ਪੈਰੀਂ ਲੱਗਾਂਗਾ ।
I am confused; I would fall at the feet of one who shows me the Way.
ਗੁਰ ਬਿਨੁ ਦਾਤਾ ਕੋ ਨਹੀ ਕੀਮਤਿ ਕਹਣੁ ਨ ਜਾਇ ॥੪॥
(ਸਹੀ ਰਸਤੇ ਦੀ) ਦਾਤਿ ਦੇਣ ਵਾਲਾ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ, ਗੁਰੂ ਦੀ ਬਖ਼ਸ਼ੀ ਇਸ ਦਾਤਿ ਦਾ ਮੁੱਲ ਪਾਇਆ ਨਹੀਂ ਜਾ ਸਕਦਾ ।੪।
Without the Guru, there is no giver at all; His value cannot be described. ||4||
ਸਾਜਨੁ ਦੇਖਾ ਤਾ ਗਲਿ ਮਿਲਾ ਸਾਚੁ ਪਠਾਇਓ ਲੇਖੁ ॥
(ਗੁਰੂ ਦੀ ਸਰਨ ਪੈ ਕੇ) ਮੈਂ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰ ਰਹੀ ਹਾਂ, ਇਹ ਸਿਮਰਨ-ਰੂਪ ਚਿੱਠੀ ਮੈਂ (ਪ੍ਰਭੂ-ਪਤੀ ਨੂੰ) ਭੇਜੀ ਹੈ, ਜਦੋਂ ਉਸ ਸੱਜਣ-ਪ੍ਰਭੂ ਦਾ ਮੈਂ ਦਰਸਨ ਕਰਾਂਗੀ ਤਾਂ ਮੈਂ ਉਸ ਦੇ ਗਲ ਨਾਲ ਲੱਗ ਜਾਵਾਂਗੀ ।
If I see my friend, then I will embrace Him; I have sent Him the letter of Truth.
ਮੁਖਿ ਧਿਮਾਣੈ ਧਨ ਖੜੀ ਗੁਰਮੁਖਿ ਆਖੀ ਦੇਖੁ ॥
(ਪ੍ਰਭੂ ਦੀ ਯਾਦ ਤੋਂ ਖੁੰਝ ਕੇ) ਹੇ ਨਿਮੋ-ਝੂਣ ਖਲੋਤੀ ਜੀਵ-ਇਸਤ੍ਰੀ! ਤੂੰ ਭੀ ਗੁਰੂ ਦੀ ਸਰਨ ਪਉ, ਤੇ ਆਪਣੀ ਅੱਖੀਂ ਉਸ ਦਾ ਦਰਸ਼ਨ ਕਰ ਲੈ ।
His soul-bride stands waiting expectantly; as Gurmukh, I see Him with my eyes.
ਤੁਧੁ ਭਾਵੈ ਤੂ ਮਨਿ ਵਸਹਿ ਨਦਰੀ ਕਰਮਿ ਵਿਸੇਖੁ ॥੫॥
(ਪਰ, ਹੇ ਪ੍ਰਭੂ! ਸਾਡੇ ਜੀਵਾਂ ਦੇ ਕੀਹ ਵੱਸ?) ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਜੀਵਾਂ ਦੇ ਮਨ ਵਿਚ ਆ ਪਰਗਟਦਾ ਹੈਂ, ਤੇਰੀ ਮੇਹਰ ਦੀ ਨਿਗਾਹ ਨਾਲ ਤੇਰੀ ਬਖ਼ਸ਼ਸ਼ ਨਾਲ ਤੇਰੇ ਦਰਸਨ ਦੀ ਵਡਿਆਈ ਮਿਲਦੀ ਹੈ ।੫।
By the Pleasure of Your Will, You abide in my mind, and bless me with Your Glance of Grace. ||5||
ਭੂਖ ਪਿਆਸੋ ਜੇ ਭਵੈ ਕਿਆ ਤਿਸੁ ਮਾਗਉ ਦੇਇ ॥
ਜੇ ਕੋਈ ਮਨੁੱਖ ਆਪ ਹੀ (ਮਾਇਆ ਦੇ ਮੋਹ ਵਿਚ) ਭੁੱਖਾ ਤਿਹਾਇਆ ਭਟਕ ਰਿਹਾ ਹੋਵੇ, ਮੈਂ ਉਸ ਪਾਸੋਂ ਕੀਹ (ਨਾਮ ਦੀ ਦਾਤਿ) ਮੰਗ ਸਕਦਾ ਹਾਂ? ਉਹ ਮੈਨੂੰ ਕੀਹ ਦੇ ਸਕਦਾ ਹੈ?
One who is wandering hungry and thirsty - what can he give, and what can anyone ask from him?
ਬੀਜਉ ਸੂਝੈ ਕੋ ਨਹੀ ਮਨਿ ਤਨਿ ਪੂਰਨੁ ਦੇਇ ॥
ਤਾਂ ਹੋਰ ਕੋਈ (ਦਾਤਾ) ਨਹੀਂ ਸੁੱਝਦਾ, (ਹਾਂ,) ਉਹੀ ਪਰਮਾਤਮਾ ਦੇ ਸਕਦਾ ਹੈ ਜੋ ਜੀਵਾਂ ਦੇ ਮਨ ਵਿਚ ਤਨ ਵਿਚ ਭਰਪੂਰ ਹੈ ।
I cannot conceive of any other, who can bless my mind and body with perfection.
ਜਿਨਿ ਕੀਆ ਤਿਨਿ ਦੇਖਿਆ ਆਪਿ ਵਡਾਈ ਦੇਇ ॥੬॥
ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ ਉਸ ਨੇ ਆਪ ਹੀ ਇਸ ਦੀ ਸੰਭਾਲ ਭੀ ਕਰਨੀ ਹੈ । ਉਹ ਆਪ ਹੀ ਆਪਣੇ (ਨਾਮ ਦੀ ਦਾਤਿ ਦੀ) ਵਡਿਆਈ ਦੇਂਦਾ ਹੈ ।੬।
The One who created me takes care of me; He Himself blesses me with glory. ||6||
ਨਗਰੀ ਨਾਇਕੁ ਨਵਤਨੋ ਬਾਲਕੁ ਲੀਲ ਅਨੂਪੁ ॥
ਪਰਮਾਤਮਾ ਇਹਨਾਂ ਸਰੀਰਾਂ ਦਾ ਮਾਲਕ ਹੈ, (ਜੀਵਾਂ ਨੂੰ ਪਿਆਰ ਕਰਨ ਵਿਚ ਉਹ ਹਰ ਵੇਲੇ) ਨਵਾਂ ਹੈ, ਬਾਲਕ (ਵਾਂਗ ਉਹ ਨਿਰਵੈਰ) ਹੈ, ਉਹ ਅਨੋਖੇ ਕੌਤਕ ਕਰਨਹਾਰ ਹੈ ।
In the body-village is my Lord and Master, whose body is ever-new, Innocent and child-like, incomparably playful.
ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ ॥
ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਅਕਲ ਦਾ ਪੁੰਜ ਹੈ, (ਇਸਤ੍ਰੀ ਮਰਦ ਪੰਛੀ ਆਦਿਕ ਸਭਨਾਂ ਵਿਚ ਮੌਜੂਦ ਹੈ) ਪਰ ਉਹ ਕੋਈ ਖ਼ਾਸ ਇਸਤ੍ਰੀ ਨਹੀਂ, ਕੋਈ ਖ਼ਾਸ ਮਰਦ ਨਹੀਂ, ਕੋਈ ਖ਼ਾਸ ਪੰਛੀ ਨਹੀਂ । ਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਉਸ ਨੂੰ ਭਾਉਂਦਾ ਹੈ ।
He is neither a woman, nor a man, nor a bird; the True Lord is so wise and beautiful.
ਜੋ ਤਿਸੁ ਭਾਵੈ ਸੋ ਥੀਐ ਤੂ ਦੀਪਕੁ ਤੂ ਧੂਪੁ ॥੭॥
ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਚਾਨਣ (ਗਿਆਨ) ਦੇਣ ਵਾਲਾ ਹੈਂ, ਤੂੰ ਸਭ ਨੂੰ ਸੁਗੰਧੀ (ਮਿੱਠਾ ਸੁਭਾਉ) ਦੇਣ ਵਾਲਾ ਹੈਂ ।੭।
Whatever pleases Him, happens; You are the lamp, and You are the incense. ||7||
ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ ॥
ਦੁਨੀਆ ਦੇ ਗੀਤ ਸੁਣ ਵੇਖੇ ਹਨ, ਸੁਆਦ ਚੱਖ ਵੇਖੇ ਹਨ; ਇਹ ਗੀਤ ਤੇ ਸੁਆਦ ਸਰੀਰ ਵਿਚ ਰੋਗ ਹੀ ਪੈਦਾ ਕਰਦੇ ਹਨ ।
He hears the songs and tastes the flavors, but these flavors are useless and insipid, and bring only disease to the body.
ਸਚੁ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗੁ ॥
ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਪਿਆਰਾ ਲੱਗਦਾ ਹੈ ਜੋ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਦਾ (ਪ੍ਰਭੂ ਨਾਲੋਂ) ਵਿਛੋੜਾ ਮੁੱਕ ਜਾਂਦਾ ਹੈ, ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ ।
One who loves the Truth and speaks the Truth, escapes from the sorrow of separation.
ਨਾਨਕ ਨਾਮੁ ਨ ਵੀਸਰੈ ਜੋ ਤਿਸੁ ਭਾਵੈ ਸੁ ਹੋਗੁ ॥੮॥੩॥
ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਨਹੀਂ ਭੁੱਲਦਾ, ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ ।੮।੩।
Nanak does not forget the Naam; whatever happens is by the Lord's Will. ||8||3||