ਮਾਰੂ ਮਹਲਾ ੩ ॥
Maaroo, Third Mehl:
ਮਾਰੂ ਤੇ ਸੀਤਲੁ ਕਰੇ ਮਨੂਰਹੁ ਕੰਚਨੁ ਹੋਇ ॥
ਹੇ ਮਨ! (ਪਰਮਾਤਮਾ ਦਾ ਸਿਮਰਨ) ਤਪਦੇ ਰੇਤ-ਥਲੇ (ਵਰਗੇ ਸੜਦੇ ਦਿਲ) ਨੂੰ ਸ਼ਾਂਤ ਕਰ ਦੇਂਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨੂਰ (ਵਰਗੇ ਮਨ) ਤੋਂ ਸੋਨਾ (ਸੁੱਧ) ਬਣ ਜਾਂਦਾ ਹੈ ।
He transforms the burning desert into a cool oasis; he transmutes rusted iron into gold.
ਸੋ ਸਾਚਾ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥੧॥
ਹੇ ਮਨ! ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ।੧।
So praise the True Lord; there is none other as great as He is. ||1||
ਮੇਰੇ ਮਨ ਅਨਦਿਨੁ ਧਿਆਇ ਹਰਿ ਨਾਉ ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਦਾ ਰਹੁ ।
O my mind, night and day, meditate on the Lord's Name.
ਸਤਿਗੁਰ ਕੈ ਬਚਨਿ ਅਰਾਧਿ ਤੂ ਅਨਦਿਨੁ ਗੁਣ ਗਾਉ ॥੧॥ ਰਹਾਉ ॥
ਗੁਰੂ ਦੇ ਬਚਨ ਉਤੇ ਤੁਰ ਕੇ ਤੂੰ ਪ੍ਰਭੂ ਦਾ ਆਰਾਧਨ ਕਰਦਾ ਰਹੁ, ਹਰ ਵੇਲੇ ਪਰਮਾਤਮਾ ਦੇ ਗੁਣ ਗਾਇਆ ਕਰ ।੧।ਰਹਾਉ।
Contemplate the Word of the Guru's Teachings, and sing the Glorious Praises of the Lord, night and day. ||1||Pause||
ਗੁਰਮੁਖਿ ਏਕੋ ਜਾਣੀਐ ਜਾ ਸਤਿਗੁਰੁ ਦੇਇ ਬੁਝਾਇ ॥
ਹੇ ਮਨ! ਜਦੋਂ ਗੁਰੂ (ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ (ਤਦੋਂ) ਗੁਰੂ ਦੀ ਰਾਹੀਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ ।
As Gurmukh, one comes to know the One Lord, when the True Guru instructs him.
ਸੋ ਸਤਿਗੁਰੁ ਸਾਲਾਹੀਐ ਜਿਦੂ ਏਹ ਸੋਝੀ ਪਾਇ ॥੨॥
ਹੇ ਮਨ! ਜਿਸ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ ਉਸ ਗੁਰੂ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ ।੨।
Praise the True Guru, who imparts this understanding. ||2||
ਸਤਿਗੁਰੁ ਛੋਡਿ ਦੂਜੈ ਲਗੇ ਕਿਆ ਕਰਨਿ ਅਗੈ ਜਾਇ ॥
ਹੇ ਮਨ! ਜਿਹੜੇ ਬੰਦੇ ਗੁਰੂ ਨੂੰ ਛੱਡ ਕੇ (ਮਾਇਆ ਆਦਿਕ) ਹੋਰ ਹੋਰ (ਮੋਹ) ਵਿਚ ਲੱਗੇ ਰਹਿੰਦੇ ਹਨ ਉਹ ਪਰਲੋਕ ਵਿਚ ਜਾ ਕੇ ਕੀਹ ਕਰਨਗੇ?
Those who forsake the True Guru, and attach themselves to duality - what will they do when they go to the world hereafter?
ਜਮ ਪੁਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੩॥
(ਅਜਿਹੇ ਬੰਦੇ ਤਾਂ) ਜਮਰਾਜ ਦੀ ਕਚਹਿਰੀ ਵਿਚ ਬੱਝੇ ਮਾਰੀਦੇ ਹਨ, ਅਜਿਹਾਂ ਨੂੰ ਤਾਂ ਬੜੀ ਸਜ਼ਾ ਮਿਲਦੀ ਹੈ ।੩।
Bound and gagged in the City of Death, they will be beaten. They will be punished severely. ||3||
ਮੇਰਾ ਪ੍ਰਭੁ ਵੇਪਰਵਾਹੁ ਹੈ ਨਾ ਤਿਸੁ ਤਿਲੁ ਨ ਤਮਾਇ ॥
ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਪਰਮਾਤਮਾ ਨੂੰ ਕੋਈ ਰਤਾ ਜਿਤਨਾ ਭੀ ਲਾਲਚ ਨਹੀਂ (ਜੀਵ ਨੇ ਆਪਣੇ ਭਲੇ ਵਾਸਤੇ ਹੀ ਸਿਮਰਨ ਕਰਨਾ ਹੈ; ਸੋ)
My God is independent and self-sufficient; he does not have even an iota of greed.
ਨਾਨਕ ਤਿਸੁ ਸਰਣਾਈ ਭਜਿ ਪਉ ਆਪੇ ਬਖਸਿ ਮਿਲਾਇ ॥੪॥੫॥
ਉਸ ਪਰਮਾਤਮਾ ਦੀ ਸਰਨ ਹੀ ਛੇਤੀ ਜਾ ਪਉ, (ਸਰਨ ਪਏ ਨੂੰ) ਉਹ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ ।੪।੫।
O Nanak, run to His Sanctuary; granting His forgiveness, He merges us into Himself. ||4||5||