ਮਾਰੂ ਮਹਲਾ ੩ ॥
Maaroo, Third Mehl:
ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ ॥
ਹੇ ਪ੍ਰਭੂ ਜੀ! ਮੇਰੇ ਪਿਛਲੇ ਗੁਨਾਹ ਬਖ਼ਸ਼, ਹੁਣ ਤੂੰ ਮੈਨੂੰ ਸਹੀ ਰਸਤੇ ਉਤੇ ਤੋਰ;
Please forgive my past mistakes, O my Dear Lord; now, please place me on the Path.
ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥੧॥
ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰੀ ਦੇ ਚਰਨਾਂ ਵਿਚ ਟਿਕਿਆ ਰਹਾਂ ।੧।
I remain attached to the Lord's Feet, and eradicate self-conceit from within. ||1||
ਮੇਰੇ ਮਨ ਗੁਰਮੁਖਿ ਨਾਮੁ ਹਰਿ ਧਿਆਇ ॥
ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਹਰੀ ਦਾ ਨਾਮ ਸਿਮਰਿਆ ਕਰ (ਤੇ, ਅਰਦਾਸ ਕਰਿਆ ਕਰ—ਹੇ ਪ੍ਰਭੂ! ਮਿਹਰ ਕਰ) ਮੈਂ ਸਦਾ,
O my mind, as Gurmukh, meditate on the Name of the Lord.
ਸਦਾ ਹਰਿ ਚਰਣੀ ਲਾਗਿ ਰਹਾ ਇਕ ਮਨਿ ਏਕੈ ਭਾਇ ॥੧॥ ਰਹਾਉ ॥
ਹੇ ਹਰੀ! ਇਕਾਗ੍ਰ-ਚਿੱਤ ਹੋ ਕੇ ਇਕ ਤੇਰੇ ਹੀ ਪਿਆਰ ਵਿਚ ਟਿਕ ਕੇ ਤੇਰੇ ਚਰਨਾਂ ਵਿਚ ਜੁੜਿਆ ਰਹਾਂ ।੧।ਰਹਾਉ।
Remain attached forever to the Lord's Feet, single-mindedly, with love for the One Lord. ||1||Pause||
ਨਾ ਮੈ ਜਾਤਿ ਨ ਪਤਿ ਹੈ ਨਾ ਮੈ ਥੇਹੁ ਨ ਥਾਉ ॥
ਹੇ ਭਾਈ! ਨਾਹ ਮੇਰੀ (ਕੋਈ ਉੱਚੀ) ਜਾਤਿ ਹੈ, ਨਾਹ (ਮੇਰੀ ਲੋਕਾਂ ਵਿਚ ਕੋਈ) ਇੱਜ਼ਤ ਹੈ, ਨਾਹ ਮੇਰੀ ਭੁਇੰ ਦੀ ਕੋਈ ਮਾਲਕੀ ਹੈ, ਨਾਹ ਮੇਰਾ ਕੋਈ ਘਰ-ਘਾਟ ਹੈ,
I have no social status or honor; I have no place or home.
ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ ॥੨॥
(ਮੈਨੂੰ ਨਿਮਾਣੇ ਨੂੰ) ਗੁਰੂ ਨੇ (ਆਪਣੇ) ਸ਼ਬਦ ਨਾਲ ਵਿੰਨ੍ਹ ਕੇ ਮੇਰੀ ਭਟਕਣਾ ਕੱਟ ਦਿੱਤੀ ਹੈ, ਮੈਨੂੰ ਆਤਮਕ ਜੀਵਨ ਦੀ ਸੂਝ ਬਖ਼ਸ਼ ਕੇ ਪਰਮਾਤਮਾ ਦਾ ਨਾਮ ਦਿੱਤਾ ਹੈ।੨।
Pierced through by the Word of the Shabad, my doubts have been cut away. The Guru has inspired me to understand the Naam, the Name of the Lord. ||2||
ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥
(ਹੇ ਭਾਈ! ਹਰਿ-ਨਾਮ ਤੋਂ ਖੁੰਝਿਆ ਹੋਇਆ) ਇਹ ਮਨ ਅਨੇਕਾਂ ਲਾਲਚ ਕਰਦਾ ਫਿਰਦਾ ਹੈ, (ਮਾਇਆ ਦੇ) ਲਾਲਚ ਵਿਚ ਲੱਗ ਕੇ ਭਟਕਦਾ ਹੈ ।
This mind wanders around, driven by greed, totally attached to greed.
ਧੰਧੈ ਕੂੜਿ ਵਿਆਪਿਆ ਜਮ ਪੁਰਿ ਚੋਟਾ ਖਾਇ ॥੩॥
(ਮਾਇਆ ਦੇ) ਕੂੜੇ ਧੰਧੇ ਵਿਚ ਫਸਿਆ ਹੋਇਆ ਆਤਮਕ ਮੌਤ ਵਿਚ ਪੈ ਕੇ (ਚਿੰਤਾ-ਫ਼ਿਕਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ ।੩।
He is engrossed in false pursuits; he shall endure beatings in the City of Death. ||3||
ਨਾਨਕ ਸਭੁ ਕਿਛੁ ਆਪੇ ਆਪਿ ਹੈ ਦੂਜਾ ਨਾਹੀ ਕੋਇ ॥
(ਪਰ) ਹੇ ਨਾਨਕ! (ਜੀਆਂ ਦੇ ਕੀਹ ਵੱਸ? ਇਹ ਜੋ ਕੁਝ ਸਾਰਾ ਸੰਸਾਰ ਦਿੱਸ ਰਿਹਾ ਹੈ ਇਹ) ਸਭ ਕੁਝ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਬਿਨਾ (ਕਿਸੇ ਤੇ ਭੀ) ਕੋਈ ਹੋਰ ਨਹੀਂ ਹੈ ।
O Nanak, God Himself Himself is all-in-all. There is no other at all.
ਭਗਤਿ ਖਜਾਨਾ ਬਖਸਿਓਨੁ ਗੁਰਮੁਖਾ ਸੁਖੁ ਹੋਇ ॥੪॥੩॥
ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਆਪਣੀ) ਭਗਤੀ ਦਾ ਖ਼ਜ਼ਾਨਾ ਉਸ ਨੇ ਆਪ ਹੀ ਬਖ਼ਸ਼ਿਆ ਹੈ (ਜਿਸ ਕਰਕੇ ਉਹਨਾਂ ਨੂੰ) ਆਤਮਕ ਆਨੰਦ ਬਣਿਆ ਰਹਿੰਦਾ ਹੈ ।੪।੩।
He bestows the treasure of devotional worship, and the Gurmukhs abide in peace. ||4||3||