ਮਾਝ ਮਹਲਾ ੩ ॥
Maajh, Third Mehl:
ਮਨਮੁਖ ਪੜਹਿ ਪੰਡਿਤ ਕਹਾਵਹਿ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਵੇਦ ਆਦਿਕ ਧਰਮ ਪੁਸਤਕਾਂ) ਪੜ੍ਹਦੇ ਹਨ (ਤੇ ਇਸ ਕਾਰਨ ਆਪਣੇ ਆਪ ਨੂੰ) ਪੰਡਿਤ ਵਿਦਵਾਨ ਅਖਵਾਂਦੇ ਹਨ
The self-willed manmukhs read and recite; they are called Pandits-spiritual scholars.
ਦੂਜੈ ਭਾਇ ਮਹਾ ਦੁਖੁ ਪਾਵਹਿ ॥
(ਪਰ ਫਿਰ ਭੀ ਉਹ) ਮਾਇਆ ਦੇ ਪਿਆਰ ਵਿਚ (ਟਿਕੇ ਰਹਿੰਦੇ ਹਨ, ਧਰਮ-ਪੁਸਤਕਾਂ ਪੜ੍ਹਦੇ ਹੋਏ ਭੀ ਹਉਮੈ ਆਦਿਕ ਦਾ) ਵੱਡਾ ਦੁੱਖ ਸਹਿੰਦੇ ਰਹਿੰਦੇ ਹਨ ।
But they are in love with duality, and they suffer in terrible pain.
ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥੧॥
ਮਾਇਆ ਦੇ ਮੋਹ ਵਿਚ ਮਸਤ ਰਹਿਣ ਕਰਕੇ ਉਹਨਾਂ ਨੂੰ (ਆਤਮਕ ਜੀਵਨ ਦੀ) ਕੁਝ ਭੀ ਸਮਝ ਨਹੀਂ ਪੈਂਦੀ, ਉਹ ਮੁੜ ਮੁੜ ਜੂਨਾਂ ਵਿਚ ਪਏ ਰਹਿੰਦੇ ਹਨ ।੧।
Intoxicated with vice, they understand nothing at all. They are reincarnated, over and over again. ||1||
ਹਉ ਵਾਰੀ ਜੀਉ ਵਾਰੀ ਹਉਮੈ ਮਾਰਿ ਮਿਲਾਵਣਿਆ ॥
(ਹੇ ਭਾਈ !) ਮੈਂ ਤਾਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਹਉਮੈ ਦੂਰ ਕਰ ਕੇ (ਗੁਰੂ-ਚਰਨਾਂ ਵਿਚ) ਮਿਲੇ ਰਹਿੰਦੇ ਹਨ ।
I am a sacrifice, my soul is a sacrifice, to those who subdue their ego, and unite with the Lord.
ਗੁਰ ਸੇਵਾ ਤੇ ਹਰਿ ਮਨਿ ਵਸਿਆ ਹਰਿ ਰਸੁ ਸਹਜਿ ਪੀਆਵਣਿਆ ॥੧॥ ਰਹਾਉ ॥
ਗੁਰੂ ਦੀ ਸ਼ਰਨ ਪੈਣ ਦੇ ਕਾਰਨ ਪਰਮਾਤਮਾ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ।੧।ਰਹਾਉ।
They serve the Guru, and the Lord dwells within their minds; they intuitively drink in the sublime essence of the Lord. ||1||Pause||
ਵੇਦੁ ਪੜਹਿ ਹਰਿ ਰਸੁ ਨਹੀ ਆਇਆ ॥
(ਆਪਣੇ ਆਪ ਨੂੰ ਪੰਡਿਤ ਅਖਵਾਣ ਵਾਲੇ ਲੋਕ) ਵੇਦ (ਤਾਂ) ਪੜ੍ਹਦੇ ਹਨ, (ਪਰ) ਉਹਨਾਂ ਨੂੰ ਪਰਮਾਤਮਾ ਦੇ ਮਿਲਾਪ ਦਾ ਆਨੰਦ ਨਹੀਂ ਆਉਂਦਾ ।
The Pandits read the Vedas, but they do not obtain the Lord's essence.
ਵਾਦੁ ਵਖਾਣਹਿ ਮੋਹੇ ਮਾਇਆ ॥
(ਵੇਦ ਆਦਿਕ ਪੜ੍ਹ ਕੇ ਤਾਂ ਉਹ ਸਿਰਫ਼ ਕੋਈ ਨਾ ਕੋਈ) ਧਰਮ-ਚਰਚਾ, ਬਹਸ ਹੀ (ਹੋਰਨਾਂ ਨੂੰ) ਸੁਣਾਂਦੇ ਹਨ (ਆਪ ਉਹ) ਮਾਇਆ ਦੇ ਮੋਹ ਵਿਚ ਹੀ ਟਿਕੇ ਰਹਿੰਦੇ ਹਨ ।
Intoxicated with Maya, they argue and debate.
ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ ॥੨॥
ਉਹਨਾਂ ਦੀ ਆਪਣੀ ਮਤਿ ਬੇਸਮਝੀ ਵਾਲੀ ਹੀ ਰਹਿੰਦੀ ਹੈ, ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਟਿਕਿਆ ਰਹਿੰਦਾ ਹੈ । ਗੁਰੂ ਦੀ ਸਰਨ ਪੈਣ ਵਾਲੇ ਮਨੁੱਖ (ਹੀ ਗੁਰੂ ਪਾਸੋਂ) ਮਤਿ ਲੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਸਕਦੇ ਹਨ ।੨।
The foolish intellectuals are forever in spiritual darkness. The Gurmukhs understand, and sing the Glorious Praises of the Lord. ||2||
ਅਕਥੋ ਕਥੀਐ ਸਬਦਿ ਸੁਹਾਵੈ ॥
(ਜਿਸ ਹਿਰਦੇ ਵਿਚ) ਅਕੱਥ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਰਹੇ, (ਉਸ ਹਿਰਦੇ ਵਿਚ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪਰਮਾਤਮਾ) ਸੋਹਣਾ ਲੱਗਣ ਲੱਗ ਪੈਂਦਾ ਹੈ ।
The Indescribable is described only through the beauteous Word of the Shabad.
ਗੁਰਮਤੀ ਮਨਿ ਸਚੋ ਭਾਵੈ ॥
ਗੁਰੂ ਦੇ ਉਪਦੇਸ਼ ਨਾਲ ਸਦਾ-ਥਿਰ ਪ੍ਰਭੂ (ਮਨੁੱਖ ਦੇ) ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ।
Through the Guru's Teachings, the Truth becomes pleasing to the mind.
ਸਚੋ ਸਚੁ ਰਵਹਿ ਦਿਨੁ ਰਾਤੀ ਇਹੁ ਮਨੁ ਸਚਿ ਰੰਗਾਵਣਿਆ ॥੩॥
(ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ) ਦਿਨ ਰਾਤ ਸਦਾ-ਥਿਰ ਪਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ, (ਉਹਨਾਂ ਦਾ) ਇਹ ਮਨ ਸਦਾ-ਥਿਰ ਪ੍ਰਭੂ (ਦੇ ਪ੍ਰੇਮ ਰੰਗ) ਵਿਚ ਰੰਗਿਆ ਰਹਿੰਦਾ ਹੈ ।੩।
Those who speak of the truest of the true, day and night-their minds are imbued with the Truth. ||3||
ਜੋ ਸਚਿ ਰਤੇ ਤਿਨ ਸਚੋ ਭਾਵੈ ॥
ਜੇਹੜੇ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਪ੍ਰੇਮ ਰੰਗ) ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਿਆਰਾ ਲੱਗਦਾ ਹੈ ।
Those who are attuned to Truth, love the Truth.
ਆਪੇ ਦੇਇ ਨ ਪਛੋਤਾਵੈ ॥
(ਇਹ ਦਾਤਿ ਪਰਮਾਤਮਾ) ਆਪ ਹੀ (ਉਹਨਾਂ ਨੂੰ) ਦੇਂਦਾ ਹੈ, (ਇਹ ਦਾਤਿ ਦੇ ਕੇ ਉਹ) ਪਛੁਤਾਂਦਾ ਨਹੀਂ (ਕਿਉਂਕਿ ਇਸ ਦਾਤਿ ਦੀ ਬਰਕਤਿ ਨਾਲ)
The Lord Himself bestows this gift; He shall not take it back.
ਗੁਰ ਕੈ ਸਬਦਿ ਸਦਾ ਸਚੁ ਜਾਤਾ ਮਿਲਿ ਸਚੇ ਸੁਖੁ ਪਾਵਣਿਆ ॥੪॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਤੇ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਮਿਲ ਕੇ ਆਤਮਕ ਆਨੰਦ ਮਾਣਦੇ ਹਨ ।੪।
Through the Word of the Guru's Shabad, the True Lord is known forever; meeting the True One, peace is found. ||4||
ਕੂੜੁ ਕੁਸਤੁ ਤਿਨਾ ਮੈਲੁ ਨ ਲਾਗੈ ॥ ਗੁਰ ਪਰਸਾਦੀ ਅਨਦਿਨੁ ਜਾਗੈ ॥
(ਅਜੇਹੇ ਮਨੁੱਖਾਂ ਦੇ ਹਿਰਦੇ ਨੂੰ) ਝੂਠ ਪੋਹ ਨਹੀਂ ਸਕਦਾ, ਠੱਗੀ ਪੋਹ ਨਹੀਂ ਸਕਦੀ, ਵਿਕਾਰਾਂ ਦੀ ਮੈਲ ਨਹੀਂ ਲੱਗਦੀ । ਜਿਸ ਮਨੁੱਖ ਦੇ ਹਿਰਦੇ ਵਿਚ ਪਵਿਤ੍ਰ-ਸਰੂਪ ਪਰਮਾਤਮਾ ਦਾ ਨਾਮ ਵੱਸਦਾ ਹੈ,
The filth of fraud and falsehood does not stick to those who, by Guru's Grace, remain awake and aware, night and day.
ਨਿਰਮਲ ਨਾਮੁ ਵਸੈ ਘਟ ਭੀਤਰਿ ਜੋਤੀ ਜੋਤਿ ਮਿਲਾਵਣਿਆ ॥੫॥
ਉਹ ਗੁਰੂ ਦੀ ਕਿਰਪਾ ਨਾਲ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਸ ਦੀ ਸੁਰਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ।੫।
The Immaculate Naam, the Name of the Lord, abides deep within their hearts; their light merges into the Light. ||5||
ਤ੍ਰੈ ਗੁਣ ਪੜਹਿ ਹਰਿ ਤਤੁ ਨ ਜਾਣਹਿ ॥
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ (ਜਗਤ ਦੇ) ਮੂਲ-ਪਰਮਾਤਮਾ (ਦੀ ਯਾਦ) ਤੋਂ ਖੁੰਝੇ ਰਹਿੰਦੇ ਹਨ, ਉਹ ਜਗਤ ਦੇ ਅਸਲੇ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਂਦੇ, ਤੇ ਉਹ ਸਦਾ ਤ੍ਰਿਗੁਣੀ ਮਾਇਆ ਦੇ ਲੇਖੇ ਹੀ ਪੜ੍ਹਦੇ ਰਹਿੰਦੇ ਹਨ ।
They read about the three qualities, but they do not know the essential reality of the Lord.
ਮੂਲਹੁ ਭੁਲੇ ਗੁਰ ਸਬਦੁ ਨ ਪਛਾਣਹਿ ॥
ਮਾਇਆ ਦੇ ਮੋਹ ਵਿਚ ਗ਼ਲਤਾਨ ਉਹਨਾਂ ਮਨੁੱਖਾਂ ਨੂੰ (ਪਰਮਾਤਮਾ ਦੀ ਭਗਤੀ ਕਰਨ ਬਾਰੇ) ਕੁਝ ਭੀ ਨਹੀਂ ਸੱੁਝਦਾ ।
They forget the Primal Lord, the Source of all, and they do not recognize the Word of the Guru's Shabad.
ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰ ਸਬਦੀ ਹਰਿ ਪਾਵਣਿਆ ॥੬॥
(ਹੇ ਭਾਈ !) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ।੬।
They are engrossed in emotional attachment; they do not understand anything at all. Through the Word of the Guru's Shabad, the Lord is found. ||6||
ਵੇਦੁ ਪੁਕਾਰੈ ਤ੍ਰਿਬਿਧਿ ਮਾਇਆ ॥
(ਪੰਡਿਤ) ਵੇਦ (ਆਦਿਕ ਧਰਮ-ਪੁਸਤਕ) ਨੂੰ ਉੱਚੀ ਉੱਚੀ ਪੜ੍ਹਦਾ ਹੈ, (ਪਰ ਉਸ ਦੇ ਅੰਦਰ) ਤ੍ਰਿਗੁਣੀ ਮਾਇਆ (ਦਾ ਪ੍ਰਭਾਵ ਬਣਿਆ ਰਹਿੰਦਾ ਹੈ) ।
The Vedas proclaim that Maya is of three qualities.
ਮਨਮੁਖ ਨ ਬੂਝਹਿ ਦੂਜੈ ਭਾਇਆ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਆਤਮਕ ਜੀਵਨ ਨੂੰ) ਨਹੀਂ ਸਮਝਦੇ (ਉਹਨਾਂ ਦਾ ਮਨ) ਮਾਇਆ ਦੇ ਪਿਆਰ ਵਿਚ ਹੀ (ਟਿਕਿਆ ਰਹਿੰਦਾ ਹੈ) ।
The self-willed manmukhs, in love with duality, do not understand.
ਤ੍ਰੈ ਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੇ ਦੁਖੁ ਪਾਵਣਿਆ ॥੭॥
ਉਹ (ਇਹਨਾਂ ਧਰਮ-ਪੁਸਤਕਾਂ ਨੂੰ) ਤ੍ਰਿਗੁਣੀ ਮਾਇਆ (ਕਮਾਣ) ਦੀ ਖ਼ਾਤਰ ਪੜ੍ਹਦੇ ਹਨ, ਇੱਕ ਪਰਮਾਤਮਾ ਨਾਲ ਸਾਂਝ ਨਹੀਂ ਪਾਂਦੇ (ਧਰਮ-ਪੁਸਤਕਾਂ ਪੜ੍ਹਦੇ ਹੋਏ ਭੀ ਇਸ ਭੇਤ ਨੂੰ) ਸਮਝਣ ਤੋਂ ਬਿਨਾ ਦੁੱਖ (ਹੀ) ਪਾਂਦੇ ਰਹਿੰਦੇ ਹਨ ।੭।
They read of the three qualities, but they do not know the One Lord. Without understanding, they obtain only pain and suffering. ||7||
ਜਾ ਤਿਸੁ ਭਾਵੈ ਤਾ ਆਪਿ ਮਿਲਾਏ ॥
(ਪਰ ਜੀਵਾਂ ਦੇ ਵੀ ਕੀਹ ਵੱਸ ?) ਜਦੋਂ ਪਰਮਾਤਮਾ ਦੀ ਆਪਣੀ ਰਜ਼ਾ ਹੁੰਦੀ ਹੈ, ਤਦੋਂ ਉਹ ਆਪ (ਹੀ ਜੀਵਾਂ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ,
When it pleases the Lord, He unites us with Himself.
ਗੁਰ ਸਬਦੀ ਸਹਸਾ ਦੂਖੁ ਚੁਕਾਏ ॥
ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਸਹਮ ਤੇ ਦੁੱਖ ਦੂਰ ਕਰਦਾ ਹੈ ।
Through the Word of the Guru's Shabad, skepticism and suffering are dispelled.
ਨਾਨਕ ਨਾਵੈ ਕੀ ਸਚੀ ਵਡਿਆਈ ਨਾਮੋ ਮੰਨਿ ਸੁਖੁ ਪਾਵਣਿਆ ॥੮॥੩੦॥੩੧॥
ਹੇ ਨਾਨਕ ! ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਨਾਮ ਸਿਮਰਨ ਦੀ ਸਦਾ-ਥਿਰ ਰਹਿਣ ਵਾਲੀ ਇੱਜ਼ਤ ਦੇਂਦਾ ਹੈ, ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਨ ਨੂੰ ਹੀ (ਜੀਵਨ ਮਨੋਰਥ) ਮੰਨ ਕੇ ਆਤਮਕ ਆਨੰਦ ਮਾਣਦਾ ਹੈ ।੮।੩੦।੩੧।
O Nanak, True is the Greatness of the Name. Believing in the Name, peace is obtained. ||8||30||31||