ਰਾਮਕਲੀ ਮਹਲਾ ੩ ਅਸਟਪਦੀਆ
Raamkalee, Third Mehl, Ashtapadees:
 
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
 
ਸਰਮੈ ਦੀਆ ਮੁੰਦ੍ਰਾ ਕੰਨੀ ਪਾਇ ਜੋਗੀ ਖਿੰਥਾ ਕਰਿ ਤੂ ਦਇਆ ॥
ਹੇ ਜੋਗੀ! (ਇਹਨਾਂ ਕੱਚ ਦੀਆਂ ਮੁੰਦ੍ਰਾਂ ਦੇ ਥਾਂ) ਤੂੰ ਆਪਣੇ ਕੰਨਾਂ ਵਿਚ (ਉੱਚਾ ਆਤਮਕ ਜੀਵਨ ਬਣਾਣ ਲਈ) ਮਿਹਨਤ ਦੀਆਂ ਮੁੰਦ੍ਰਾਂ ਪਾ ਲੈ, ਅਤੇ ਦਇਆ ਨੂੰ ਤੂੰ ਆਪਣੀ ਕਫ਼ਨੀ ਬਣਾ ।
Make humility your ear-rings, Yogi, and compassion your patched coat.
 
ਆਵਣੁ ਜਾਣੁ ਬਿਭੂਤਿ ਲਾਇ ਜੋਗੀ ਤਾ ਤੀਨਿ ਭਵਣ ਜਿਣਿ ਲਇਆ ॥੧॥
ਹੇ ਜੋਗੀ! ਜਨਮ ਮਰਨ ਦੇ ਗੇੜ ਦਾ ਡਰ ਚੇਤੇ ਰੱਖ—ਇਹ ਸੁਆਹ ਤੂੰ ਆਪਣੇ ਪਿੰਡੇ ਉਤੇ ਮਲ । (ਜੇ ਤੂੰ ਇਹ ਉੱਦਮ ਕਰੇਂਗਾ, ਤਾਂ ਸਮਝ ਲਈਂ ਕਿ) ਤੂੰ ਜਗਤ ਦਾ ਮੋਹ ਜਿੱਤ ਲਿਆ ।੧।
Let coming and going be the ashes you apply to your body, Yogi, and then you shall conquer the three worlds. ||1||
 
ਐਸੀ ਕਿੰਗੁਰੀ ਵਜਾਇ ਜੋਗੀ ॥
ਹੇ ਜੋਗੀ! ਤੂੰ ਅਜਿਹੀ ਵੀਣਾ ਵਜਾਇਆ ਕਰ,
Play that harp, Yogi,
 
ਜਿਤੁ ਕਿੰਗੁਰੀ ਅਨਹਦੁ ਵਾਜੈ ਹਰਿ ਸਿਉ ਰਹੈ ਲਿਵ ਲਾਇ ॥੧॥ ਰਹਾਉ ॥
ਜਿਸ ਵੀਣਾ ਦੇ ਵਜਾਣ ਨਾਲ (ਮਨੁੱਖ ਦੇ ਅੰਦਰ) ਉੱਚੇ ਆਤਮਕ ਜੀਵਨ ਦਾ ਇੱਕ-ਰਸ ਆਨੰਦ ਪੈਦਾ ਹੋ ਜਾਂਦਾ ਹੈ, ਅਤੇ ਮਨੁੱਖ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ।੧।ਰਹਾਉ।
which vibrates the unstruck sound current, and remain lovingly absorbed in the Lord. ||1||Pause||
 
ਸਤੁ ਸੰਤੋਖੁ ਪਤੁ ਕਰਿ ਝੋਲੀ ਜੋਗੀ ਅੰਮ੍ਰਿਤ ਨਾਮੁ ਭੁਗਤਿ ਪਾਈ ॥
ਹੇ ਜੋਗੀ! (ਦੂਜਿਆਂ ਦੀ) ਸੇਵਾ (ਕਰਿਆ ਕਰ, ਅਤੇ ਆਪਣੇ ਅੰਦਰ) ਸੰਤੋਖ (ਧਾਰਨ ਕਰ, ਇਹਨਾਂ ਦੋਹਾਂ) ਨੂੰ ਖੱਪਰ ਅਤੇ ਝੋਲੀ ਬਣਾ । ਆਤਮਕ ਜੀਵਨ ਦੇਣ ਵਾਲਾ ਨਾਮ (ਆਪਣੇ ਹਿਰਦੇ ਵਿਚ ਵਸਾਈ ਰੱਖੋ) ਇਹ ਚੂਰਮਾ ਪਾ (ਤੂੰ ਆਪਣੇ ਖੱਪਰ ਵਿਚ) ।
Make truth and contentment your plate and pouch, Yogi; take the Ambrosial Naam as your food.
 
ਧਿਆਨ ਕਾ ਕਰਿ ਡੰਡਾ ਜੋਗੀ ਸਿੰਙੀ ਸੁਰਤਿ ਵਜਾਈ ॥੨॥
ਹੇ ਜੋਗੀ! ਪ੍ਰਭੂ-ਚਰਨਾਂ ਵਿਚ ਚਿੱਤ ਜੋੜੀ ਰੱਖਣ ਨੂੰ ਤੂੰ (ਆਪਣੇ ਹੱਥ ਦਾ) ਡੰਡਾ ਬਣਾ; ਪ੍ਰਭੂ ਵਿਚ ਸੁਰਤਿ ਟਿਕਾਈ ਰੱਖ—ਇਹ ਸਿੰਙੀ ਵਜਾਇਆ ਕਰ ।੨।
Make meditation your walking stick, Yogi, and make higher consciousness the horn you blow. ||2||
 
ਮਨੁ ਦ੍ਰਿੜੁ ਕਰਿ ਆਸਣਿ ਬੈਸੁ ਜੋਗੀ ਤਾ ਤੇਰੀ ਕਲਪਣਾ ਜਾਈ ॥
ਹੇ ਜੋਗੀ! (ਪ੍ਰਭੂ ਦੀ ਯਾਦ ਵਿਚ) ਆਪਣੇ ਮਨ ਨੂੰ ਪੱਕਾ ਕਰ—(ਇਸ) ਆਸਣ ਉਤੇ ਬੈਠਿਆ ਕਰ, (ਇਸ ਅੱਭਿਆਸ ਨਾਲ) ਤੇਰੇ ਮਨ ਦੀ ਖਿੱਝ ਦੂਰ ਹੋ ਜਾਇਗੀ ।
Make your stable mind the Yogic posture you sit in, Yogi, and then you shall be rid of your tormenting desires.
 
ਕਾਇਆ ਨਗਰੀ ਮਹਿ ਮੰਗਣਿ ਚੜਹਿ ਜੋਗੀ ਤਾ ਨਾਮੁ ਪਲੈ ਪਾਈ ॥੩॥
(ਤੂੰ ਆਟਾ ਮੰਗਣ ਲਈ ਨਗਰ ਵਲ ਤੁਰ ਪੈਂਦਾ ਹੈਂ, ਇਸ ਦੇ ਥਾਂ) ਜੇ ਤੂੰ ਆਪਣੇ ਸਰੀਰ-ਨਗਰ ਦੇ ਅੰਦਰ ਹੀ (ਟਿਕ ਕੇ ਪਰਮਾਤਮਾ ਦੇ ਦਰ ਤੋਂ ਉਸ ਦੇ ਨਾਮ ਦਾ ਦਾਨ) ਮੰਗਣਾ ਸ਼ੁਰੂ ਕਰ ਦੇਵੇਂ, ਤਾਂ, ਹੇ ਜੋਗੀ! ਤੈਨੂੰ (ਪਰਮਾਤਮਾ ਦਾ) ਨਾਮ ਪ੍ਰਾਪਤ ਹੋ ਜਾਇਗਾ ।੩।
Go begging in the village of the body, Yogi, and then, you shall obtain the Naam in your lap. ||3||
 
ਇਤੁ ਕਿੰਗੁਰੀ ਧਿਆਨੁ ਨ ਲਾਗੈ ਜੋਗੀ ਨਾ ਸਚੁ ਪਲੈ ਪਾਇ ॥
ਹੇ ਜੋਗੀ! (ਜਿਹੜੀ ਕਿੰਗੁਰੀ ਤੂੰ ਵਜਾ ਰਿਹਾ ਹੈਂ) ਇਸ ਕਿੰਗੁਰੀ ਦੀ ਰਾਹੀਂ ਪ੍ਰਭੂ ਚਰਨਾਂ ਵਿਚ ਧਿਆਨ ਨਹੀਂ ਜੁੜ ਸਕਦਾ, ਨਾਹ ਹੀ ਇਸ ਤਰ੍ਹਾਂ ਸਦਾ-ਥਿਰ ਪ੍ਰਭੂ ਦਾ ਮਿਲਾਪ ਹੋ ਸਕਦਾ ਹੈ ।
This harp does not center you in meditation, Yogi, nor does it bring the True Name into your lap.
 
ਇਤੁ ਕਿੰਗੁਰੀ ਸਾਂਤਿ ਨ ਆਵੈ ਜੋਗੀ ਅਭਿਮਾਨੁ ਨ ਵਿਚਹੁ ਜਾਇ ॥੪॥
ਹੇ ਜੋਗੀ! (ਤੇਰੀ) ਇਸ ਕਿੰਗੁਰੀ ਦੀ ਰਾਹੀਂ ਮਨ ਵਿਚ ਸ਼ਾਂਤੀ ਪੈਦਾ ਨਹੀਂ ਹੋ ਸਕਦੀ, ਨਾਹ ਹੀ ਮਨ ਵਿਚੋਂ ਅਹੰਕਾਰ ਦੂਰ ਹੋ ਸਕਦਾ ਹੈ ।੪।
This harp does not bring you peace, Yogi, nor eliminate egotism from within you. ||4||
 
ਭਉ ਭਾਉ ਦੁਇ ਪਤ ਲਾਇ ਜੋਗੀ ਇਹੁ ਸਰੀਰੁ ਕਰਿ ਡੰਡੀ ॥
ਹੇ ਜੋਗੀ! ਤੂੰ ਆਪਣੇ ਇਸ ਸਰੀਰ ਨੂੰ (ਕਿੰਗੁਰੀ ਦੀ) ਡੰਡੀ ਬਣਾ ਅਤੇ (ਇਸ ਸਰੀਰ-ਡੰਡੀ ਨੂੰ) ਡਰ ਅਤੇ ਪਿਆਰ ਦੇ ਦੋ ਤੂੰਬੇ ਜੋੜ (ਭਾਵ, ਆਪਣੇ ਅੰਦਰ ਪ੍ਰਭੂ ਦਾ ਡਰ ਅਤੇ ਪਿਆਰ ਪੈਦਾ ਕਰ) ।
Make the Fear of God, and the Love of God, the two gourds of your lute, Yogi, and make this body its neck.
 
ਗੁਰਮੁਖਿ ਹੋਵਹਿ ਤਾ ਤੰਤੀ ਵਾਜੈ ਇਨ ਬਿਧਿ ਤ੍ਰਿਸਨਾ ਖੰਡੀ ॥੫॥
ਹੇ ਜੋਗੀ! ਜੇ ਤੂੰ ਹਰ ਵੇਲੇ ਗੁਰੂ ਦੇ ਸਨਮੁਖ ਹੋਇਆ ਰਹੇਂ ਤਾਂ (ਹਿਰਦੇ ਦੀ ਪ੍ਰੇਮ-) ਤਾਰ ਵੱਜ ਪਏਗੀ, ਇਸ ਤਰ੍ਹਾਂ (ਤੇਰੇ ਅੰਦਰੋਂ) ਤ੍ਰਿਸ਼ਨਾ ਮੁੱਕ ਜਾਇਗੀ ।੫।
Become Gurmukh, and then vibrate the strings; in this way, your desires shall depart. ||5||
 
ਹੁਕਮੁ ਬੁਝੈ ਸੋ ਜੋਗੀ ਕਹੀਐ ਏਕਸ ਸਿਉ ਚਿਤੁ ਲਾਏ ॥
ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਤੁਰਦਾ ਹੈ ਅਤੇ ਇਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ਉਹ ਮਨੁੱਖ (ਅਸਲ) ਜੋਗੀ ਅਖਵਾਂਦਾ ਹੈ,
One who understands the Hukam of the Lord's Command is called a Yogi; he links his consciousness to the One Lord.
 
ਸਹਸਾ ਤੂਟੈ ਨਿਰਮਲੁ ਹੋਵੈ ਜੋਗ ਜੁਗਤਿ ਇਵ ਪਾਏ ॥੬॥
(ਉਸ ਦੇ ਅੰਦਰੋਂ) ਸਹਿਮ ਦੂਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ, ਇਸ ਤਰ੍ਹਾਂ ਉਹ ਮਨੁੱਖ ਪਰਮਾਤਮਾ ਨਾਲ ਮਿਲਾਪ ਦਾ ਢੰਗ ਲੱਭ ਲੈਂਦਾ ਹੈ ।੬।
His cynicism is dispelled, and he becomes immaculately pure; this is how he finds the Way of Yoga. ||6||
 
ਨਦਰੀ ਆਵਦਾ ਸਭੁ ਕਿਛੁ ਬਿਨਸੈ ਹਰਿ ਸੇਤੀ ਚਿਤੁ ਲਾਇ ॥
(ਹੇ ਜੋਗੀ! ਜਗਤ ਵਿਚ ਜੋ ਕੁਝ) ਅੱਖੀਂ ਦਿੱਸ ਰਿਹਾ ਹੈ (ਇਹ) ਸਭ ਕੁਝ ਨਾਸਵੰਤ ਹੈ (ਇਸ ਦਾ ਮੋਹ ਛੱਡ ਕੇ) ਤੂੰ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖ ।
Everything that comes into view shall be destroyed; focus your consciousness on the Lord.
 
ਸਤਿਗੁਰ ਨਾਲਿ ਤੇਰੀ ਭਾਵਨੀ ਲਾਗੈ ਤਾ ਇਹ ਸੋਝੀ ਪਾਇ ॥੭॥
(ਪਰ, ਹੇ ਜੋਗੀ!) ਇਹ ਸਮਝ ਤਦੋਂ ਹੀ ਪਏਗੀ ਜਦੋਂ ਗੁਰੂ ਨਾਲ ਤੇਰੀ ਸਰਧਾ ਬਣੇਗੀ ।੭।
Enshrine love for the True Guru, and then you shall obtain this understanding. ||7||
 
ਏਹੁ ਜੋਗੁ ਨ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ ਕਰਹਿ ॥
ਹੇ ਜੋਗੀ! ਤੂੰ ਇਹ ਜਿਹੜਾ ਆਪਣਾ ਪਰਵਾਰ ਛੱਡ ਕੇ ਦੇਸ-ਰਟਨ ਕਰਦਾ ਫਿਰਦਾ ਹੈਂ, ਇਸ ਨੂੰ ਜੋਗ ਨਹੀਂ ਆਖੀਦਾ ।
This is not Yoga, O Yogi, to abandon your family and wander around.
 
ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ ਗੁਰ ਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ ॥੮॥
ਇਸ ਸਰੀਰ-ਘਰ ਵਿਚ ਹੀ ਪਰਮਾਤਮਾ ਦਾ ਨਾਮ (ਵੱਸ ਰਿਹਾ ਹੈ । ਹੇ ਜੋਗੀ! ਆਪਣੇ ਅੰਦਰੋਂ ਹੀ) ਗੁਰੂ ਦੀ ਕਿਰਪਾ ਨਾਲ ਤੂੰ ਆਪਣੇ ਪਰਮਾਤਮਾ ਨੂੰ ਲੱਭ ਸਕੇਂਗਾ ।੮।
The Name of the Lord, Har, Har, is within the household of the body. By Guru's Grace, you shall find your Lord God. ||8||
 
ਇਹੁ ਜਗਤੁ ਮਿਟੀ ਕਾ ਪੁਤਲਾ ਜੋਗੀ ਇਸੁ ਮਹਿ ਰੋਗੁ ਵਡਾ ਤ੍ਰਿਸਨਾ ਮਾਇਆ ॥
ਹੇ ਜੋਗੀ! ਇਹ ਸੰਸਾਰ (ਮਾਨੋ) ਮਿੱਟੀ ਦਾ ਬੁੱਤ ਹੈ, ਇਸ ਵਿਚ ਮਾਇਆ ਦੀ ਤ੍ਰਿਸ਼ਨਾ ਦਾ ਵੱਡਾ ਰੋਗ ਲੱਗਾ ਹੋਇਆ ਹੈ ।
This world is a puppet of clay, Yogi; the terrible disease, the desire for Maya is in it.
 
ਅਨੇਕ ਜਤਨ ਭੇਖ ਕਰੇ ਜੋਗੀ ਰੋਗੁ ਨ ਜਾਇ ਗਵਾਇਆ ॥੯॥
ਹੇ ਜੋਗੀ! ਜੇ ਕੋਈ ਮਨੁੱਖ (ਤਿਆਗੀਆਂ ਵਾਲੇ) ਭੇਖ ਆਦਿਕਾਂ ਦੇ ਅਨੇਕਾਂ ਜਤਨ ਕਰਦਾ ਰਹੇ, ਤਾਂ ਭੀ ਇਹ ਰੋਗ ਦੂਰ ਨਹੀਂ ਕੀਤਾ ਜਾ ਸਕਦਾ ।੯।
Making all sorts of efforts, and wearing religious robes, Yogi, this disease cannot be cured. ||9||
 
ਹਰਿ ਕਾ ਨਾਮੁ ਅਉਖਧੁ ਹੈ ਜੋਗੀ ਜਿਸ ਨੋ ਮੰਨਿ ਵਸਾਏ ॥
ਹੇ ਜੋਗੀ! (ਇਸ ਰੋਗ ਨੂੰ ਦੂਰ ਕਰਨ ਲਈ) ਪਰਮਾਤਮਾ ਦਾ ਨਾਮ (ਹੀ) ਦਵਾਈ ਹੈ (ਪਰ ਇਹ ਦਵਾਈ ਉਹੀ ਮਨੁੱਖ ਵਰਤਦਾ ਹੈ) ਜਿਸ ਉਤੇ (ਮਿਹਰ ਕਰ ਕੇ ਉਸ ਦੇ) ਮਨ ਵਿਚ (ਇਹ ਦਵਾਈ) ਵਸਾਂਦਾ ਹੈ ।
The Name of the Lord is the medicine, Yogi; the Lord enshrines it in the mind.
 
ਗੁਰਮੁਖਿ ਹੋਵੈ ਸੋਈ ਬੂਝੈ ਜੋਗ ਜੁਗਤਿ ਸੋ ਪਾਏ ॥੧੦॥
(ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹੀ ਮਨੁੱਖ ਪ੍ਰਭੂ-ਮਿਲਾਪ ਦਾ ਢੰਗ ਸਿੱਖਦਾ ਹੈ ।੧੦।
One who becomes Gurmukh understands this; he alone finds the Way of Yoga. ||10||
 
ਜੋਗੈ ਕਾ ਮਾਰਗੁ ਬਿਖਮੁ ਹੈ ਜੋਗੀ ਜਿਸ ਨੋ ਨਦਰਿ ਕਰੇ ਸੋ ਪਾਏ ॥
ਹੇ ਜੋਗੀ! (ਜਿਸ ਜੋਗ ਦਾ ਅਸੀ ਜ਼ਿਕਰ ਕਰ ਰਹੇ ਹਾਂ ਉਸ) ਜੋਗ ਦਾ ਰਸਤਾ ਔਖਾ ਹੈ, ਇਹ ਰਸਤਾ ਉਸ ਮਨੁੱਖ ਨੂੰ ਲੱਭਦਾ ਹੈ ਜਿਸ ਉਤੇ (ਪ੍ਰਭੂ) ਮਿਹਰ ਦੀ ਨਿਗਾਹ ਕਰਦਾ ਹੈ ।
The Path of Yoga is very difficult, Yogi; he alone finds it, whom God blesses with His Grace.
 
ਅੰਤਰਿ ਬਾਹਰਿ ਏਕੋ ਵੇਖੈ ਵਿਚਹੁ ਭਰਮੁ ਚੁਕਾਏ ॥੧੧॥
ਉਹ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਦੂਰ ਕਰ ਲੈਂਦਾ ਹੈ, ਆਪਣੇ ਅੰਦਰ ਅਤੇ ਸਾਰੇ ਸੰਸਾਰ ਵਿਚ ਸਿਰਫ਼ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ ।੧੧।
Inside and outside, he sees the One Lord; he eliminates doubt from within himself. ||11||
 
ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ ॥
ਹੇ ਜੋਗੀ! ਤੂੰ (ਅੰਮ੍ਰਿਤ ਨਾਮ ਦੀ) ਉਹ ਵੀਣਾ ਵਜਾਇਆ ਕਰ ਜੋ (ਅੰਤਰ ਆਤਮੇ) ਬਿਨਾ ਵਜਾਇਆਂ ਵੱਜਦੀ ਹੈ ।
So play the harp which vibrates without being played, Yogi.
 
ਕਹੈ ਨਾਨਕੁ ਮੁਕਤਿ ਹੋਵਹਿ ਜੋਗੀ ਸਾਚੇ ਰਹਹਿ ਸਮਾਇ ॥੧੨॥੧॥੧੦॥
ਨਾਨਕ ਆਖਦੇ ਹਨ—ਹੇ ਜੋਗੀ! (ਜੇ ਤੂੰ ਹਰਿ-ਨਾਮ ਸਿਮਰਨ ਦੀ ਵੀਣਾ ਵਜਾਏਂਗਾ, ਤਾਂ) ਤੂੰ ਵਿਕਾਰਾਂ ਤੋਂ ਖ਼ਲਾਸੀ (ਦਾ ਮਾਲਕ) ਹੋ ਜਾਹਿਂਗਾ, ਅਤੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕਿਆ ਰਹੇਂਗਾ ।੧੨।੧।
Says Nanak, thus you shall be liberated, Yogi, and remain merged in the True Lord. ||12||1||10||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by